For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੀ ਸ਼ੁਰੂਆਤ

05:39 AM Nov 20, 2024 IST
ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੀ ਸ਼ੁਰੂਆਤ
ਪੁਸਤਕ ਮੇਲੇ ’ਚ ਇੱਕ ਸਟਾਲ ’ਤੇ ਕਿਤਾਬਾਂ ਦੇਖਦੇ ਹੋਏ ਲੋਕ। ਫੋਟੋ: ਵਿਸ਼ਾਲ ਕੁਮਾਰ
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 19 ਨਵੰਬਰ
ਖ਼ਾਲਸਾ ਕਾਲਜ ਵਿੱਚ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਅੱਜ ਆਗਾਜ਼ ਹੋ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਇਹ ਮੇਲਾ ਪੰਜਾਬ ਤੋਂ ਬਾਹਰ ਦੇ ਇਲਾਕਿਆਂ ਵਿਚ ਵੀ ਆਪਣੀ ਪਛਾਣ ਕਾਇਮ ਕਰ ਚੁੱਕਾ ਹੈ। ਇਹ ਮੇਲਾ ਸੰਨ 1947 ਦੀ ਵੰਡ ਨੂੰ ਸਮਰਪਿਤ ਹੈ ਜਿਸ ਦਾ ਉਦੇਸ਼ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨਾ ਹੈ। ਚਿੰਤਕ ਅਤੇ ਵਿਦਵਾਨ ਅਮਰਜੀਤ ਸਿੰਘ ਗਰੇਵਾਲ ਨੇ ਤਕਨੀਕੀ ਵਿਕਾਸ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿੱਖਿਆ ਦੇ ਬੀਜ ਗੁਰੂ ਸਾਹਿਬਾਨ ਦੀ ਬਾਣੀ ਨਾਲ ਜੁੜੇ ਹੋਏ ਹਨ। ਆਰਟੀਫ਼ੀਸ਼ੀਅਲ ਟੈਕਨਾਲੋਜੀ ਦੀ ਭੂਮਿਕਾ ਬਾਰੇ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਗਿਆਨ ਵਿੱਚ ਵਾਧਾ ਕਰਨਾ ਅਤੇ ਪਾਠਕ ਦੇ ਹਰ ਪ੍ਰਸ਼ਨ ਦਾ ਉੱਤਰ ਦੇਣਾ ਹੈ। ਅਦਾਕਾਰ ਗੁਰਪ੍ਰੀਤ ਘੁੱਗੀ ਨੇ ਦਰਸ਼ਕਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਸਾਡਾ ਸੱਭਿਆਚਾਰ ਸ਼ਬਦ ਗੁਰੂ ਦੀ ਧਾਰਨਾ ’ਤੇ ਟਿਕਿਆ ਹੋਇਆ ਹੈ ਤੇ ਇਸ ਵਾਰ ਦਾ ਇਹ ਪੁਸਤਕ ਮੇਲਾ ਨੌਜਵਾਨ ਪੀੜ੍ਹੀ ਦੇ ਰੁਝਾਨ ਨੂੰ ਸੁਚਾਰੂ ਪਾਸੇ ਲਾਉਣ ਵਿੱਚ ਵਿਸ਼ੇਸ਼ ਮਹੱਤਤਾ ਨਿਭਾਵੇਗਾ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੁਸਤਕਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਡਾ. ਮਹਿਲ ਸਿੰਘ ਵਾਈਸ ਚਾਂਸਲਰ, ਖ਼ਾਲਸਾ ਯੂਨੀਵਰਸਿਟੀ ਨੇ ਕਿਹਾ ਕਿ ਮਨੁੱਖ ਨੂੰ ਆਪਣੀ ਸ਼ਖ਼ਸੀਅਤ ਅਤੇ ਜੀਵਨ ਸ਼ੈਲੀ ਨੂੰ ਨਿਖਾਰਨ ਲਈ ਕਿਤਾਬੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਗੁਰਦੀਪ ਧੀਮਾਨ ਅਤੇ ਉਪ-ਪ੍ਰਧਾਨ ਸੁਮੀਤ ਦੁਆ ਨੇ ਵਿਰਾਸਤੀ ਅਤੇ ਕਲਾਤਮਕ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ। ਇਸ ਦੌਰਾਨ ਆਰੀਆ ਬੱਬਰ, ਹਰਦੀਪ ਗਿੱਲ ਤੇ ਅਨੀਤਾ ਦੇਵਗਨ ਆਪਣੀ ਆਉਣ ਵਾਲੀ ਫ਼ਿਲਮ ‘ਹਾਏ ਸੀਰੀ ਵੇ ਸੀਰੀ’ ਫ਼ਿਲਮ ਦੀ ਪ੍ਰਮੋਸ਼ਨ ਲਈ ਦਰਸ਼ਕਾਂ ਨਾਲ ਰੂਬਰੂ ਹੋਏ। ਮਹਾਨ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ‘ਸੁਖਨ ਦੇ ਸੂਰਜ’ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ਾਂ ਵਿੱਚੋਂ ਆਏ ਪ੍ਰਸਿੱਧ ਕਵੀਆਂ- ਡਾ. ਕੁਲਜੀਤ ਸਿੰਘ ਜੰਜੂਆ ਕੈਨੇਡਾ, ਪਰਮਿੰਦਰ ਸੋਢੀ ਜਾਪਾਨ, ਸੁਰਿੰਦਰ ਗੀਤ ਕੈਨੇਡਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਅਤੇ ਵਿਜੇ ਵਿਵੇਕ, ਅੰਬਰੀਸ਼, ਨੀਤੂ ਅਰੋੜ, ਹਰਮੀਤ ਵਿਦਿਆਰਥੀ, ਜਗਦੀਪ ਸਿੱਧੂ, ਵਿਸ਼ਾਲ, ਰਵਿੰਦਰ ਰਵੀ, ਪ੍ਰਭਜੀਤ ਸੋਹੀ, ਸੇਵਾ ਸਿੰਘ ਭਾਸ਼ੋ, ਬਲਵਿੰਦਰ ਚਹਿਲ, ਜਸਪ੍ਰੀਤ ਲੁਧਿਆਣਾ, ਤਰਸੇਮ, ਰੂਪ ਕੌਰ ਕੂੰਨਰ, ਹਰਪ੍ਰੀਤ ਕੌਰ ਸੰਧੂ ਤੇ ਕੁਲਜੀਤ ਕੌਰ ਮੰਡ ਨੇ ਆਪਣੀ ਸ਼ਾਇਰੀ ਦਾ ਕਲਾਮ ਪੇਸ਼ ਕੀਤਾ। ਗਾਇਕ ਹਰਿੰਦਰ ਸਿੰਘ ਸੋਹਲ ਨੇ ਆਪੋ-ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਝੂਮਣ ਲਾਇਆ।

Advertisement

Advertisement
Advertisement
Author Image

sukhwinder singh

View all posts

Advertisement