ਕਾਮਰੇਡ ਜਗਜੀਤ ਸਿੰਘ ਸੋਹਲ ਨਮਿਤ ਸ਼ਰਧਾਂਜਲੀ ਸਮਾਗਮ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਅਕਤੂਬਰ
ਕਾਮਰੇਡ ਜਗਜੀਤ ਸਿੰਘ ਸੋਹਲ ਭਾਰਤ ’ਚ ਲੋਕਾਂ ਦਾ ਜਮਹੂਰੀ ਰਾਜ ਲਿਆਉਣ ਨੂੰ ਪ੍ਰਣਾਏ ਸਿਦਕ ਤੇ ਸਿਰੜ ਦੀ ਮਿਸਾਲ ਸਨ, ਜਿਨ੍ਹਾਂ ਨੇ 96 ਸਾਲ ਲੰਮੀ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜਿਕ ਤਬਦੀਲੀ ਲਈ ਇਨਕਲਾਬੀ ਸੰਘਰਸ਼ ਦੇ ਲੇਖੇ ਲਾਇਆ। ਇਹ ਵਿਚਾਰ ਅੱਜ ਇੱਥੇ ਨਕਸਲਬਾੜੀ ਅੰਦੋਲਨ ਦੇ ਮੋਢੀ ਕਾਮਰੇਡ ਚਾਰੂ ਮਜ਼ੂਮਦਾਰ ਦੇ ਸਾਥੀ ਰਹੇ ਕਾਮਰੇਡ ਜਗਜੀਤ ਸਿੰਘ ਸੋਹਲ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਬੁਲਾਰਿਆਂ ਨੇ ਸਾਂਝੇ ਕੀਤੇ। ਇਸ ਸਮਾਗਮ ’ਚ ਜਿੱਥੇ ਪੰਜਾਬ ਤੋਂ ਇਲਾਵਾ ਦਿੱਲੀ ਤੇ ਹਰਿਆਣਾ ਤੋਂ ਇਨਕਲਾਬੀ ਜਮਹੂਰੀ ਕਾਰਕੁਨ ਸ਼ਾਮਲ ਹੋਏ, ਉਥੇ ਦੇਸ਼-ਵਿਦੇਸ਼ ਤੋਂ ਸ਼ੋਕ ਸੁਨੇਹੇ ਭੇਜੇ ਗਏ।
ਸ਼ਰਧਾਂਜਲੀ ਸਮਾਗਮ ਨੂੰ ਦਰਸ਼ਨ ਖਟਕੜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ, ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ, ਪੰਜਾਬ ਜਮਹੂਰੀ ਮੋਰਚਾ ਦੇ ਆਗੂ ਬੂਟਾ ਸਿੰਘ ਮਹਿਮੂਦਪੁਰ, ਲਾਲ ਪਰਚਮ ਦੇ ਸੰਪਾਦਕ ਮੁਖ਼ਤਿਆਰ ਪੂਹਲਾ, ਇਨਕਲਾਬੀ ਜਮਹੂਰੀ ਮੋਰਚਾ ਦੇ ਮਨਿੰਦਰ ਬੀਹਲਾ, ਸਤੀਸ਼ ਅਜ਼ਾਦ ਹਰਿਆਣਾ ਤੇ ਕਾਮਰੇਡ ਸੋਹਲ ਦੇ ਪੁੱਤਰ ਉਦੇਸ਼ ਨੇ ਕਿਹਾ ਕਿ ਕਾਮਰੇਡ ਸੋਹਲ ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਸਿਰਮੌਰ ਆਗੂ ਅਤੇ ਪੰਜਾਬ ਵਿਚ ਨਕਸਲੀ ਲਹਿਰ ਤੇ ਸੀਪੀਆਈ (ਐੱਮਐੱਲ) ਦੇ ਮੋਢੀ ਆਗੂਆਂ ’ਚੋਂ ਇੱਕ ਸਨ। ਇਸ ਦੌਰਾਨ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਇੰਗਲੈਂਡ), ਸੀਪੀਆਰਸੀਆਈ (ਐੱਮਐੱਲ), ਭਾਰਤੀ ਕਮਿਊਨਿਸਟ ਲੀਗ, ਜਮਹੁੂਰੀ ਅਧਿਕਾਰ ਸਭਾ ਪੰਜਾਬ, ਇਨਕਲਾਬੀ ਕੇਂਦਰ ਪੰਜਾਬ ਮਾਸਿਕ ਸਰੋਕਾਰਾਂ ਦੀ ਆਵਾਜ਼, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਇੰਡੀਅਨ ਪ੍ਰੋਗਰੈਸਿਵ ਸਟੱਡੀ ਐਂਡ ਰਿਸਰਚ ਗਰੁੱਪ ਵੈਨਕੂਵਰ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ ਗਏ।