ਸਕੂਨ ਅਤੇ ਸੇਧ
ਕਰਨੈਲ ਸਿੰਘ ਸੋਮਲ
ਉਹ ਗੁਜ਼ਰ ਗਈ, ਨੱਬੇ ਨੂੰ ਢੁਕਣ ਵਾਲੀ ਸੀ। ਘਰ ਵਿੱਚ ਇਕੱਲੀ ਰਹਿੰਦੀ ਸੀ। ਘਰਵਾਲੇ ਦਾ ਦੇਹਾਂਤ ਬਹੁਤ ਸਾਲ ਪਹਿਲਾਂ ਹੋ ਗਿਆ ਸੀ। ਉਹ ਫ਼ੌਜ ਤੋਂ ਰਿਟਾਇਰ ਹੋਇਆ ਸੀ। ਉਸ ਦੀ ਪੈਨਸ਼ਨ ਫਿਰ ਉਸ ਦੀ ਪਤਨੀ ਨੂੰ ਲੱਗ ਗਈ ਸੀ। ਬਾਲ-ਬੱਚਾ ਕੋਈ ਨਹੀਂ ਸੀ। ਪਿਛਲੇ ਕੁਝ ਸਾਲਾਂ ਤੋਂ ਉਹ ਵਧਦੀ ਉਮਰ ਦੀਆਂ ਕਈ ਬਿਮਾਰੀਆਂ ਤੋਂ ਪੀੜਤ ਸੀ। ਪਹਿਲਾਂ ਨੇਮ ਨਾਲ ਗੁਰਦੁਆਰੇ ਜਾਂਦੀ ਸੀ। ਜਦ ਤੋਂ ਤੁਰਨਾ-ਫਿਰਨਾ ਮੁਸ਼ਕਿਲ ਹੋ ਗਿਆ, ਉਹ ਬਹੁਤਾ ਸਮਾਂ ਘਰੇ ਰਹਿੰਦੀ ਸੀ। ਪਿੰਡ ਵਿੱਚ ਆਮ ਘਰਾਂ ਦੇ ਦਰਵਾਜ਼ੇ ਹੁਣ ਬੰਦ ਹੀ ਰਹਿੰਦੇ ਹਨ। ਪਹਿਲਾਂ ਕੁੱਤੇ-ਬਿੱਲੀ ਤੋਂ ਸਿਰਫ਼ ਫਟਕਣੀ ਜਿਹੀ ਲਾਈ ਹੁੰਦੀ ਸੀ। ਹੁਣ ਵੱਡੇ ਤੇ ਉੱਚੇ ਫਾਟਕ ਹਨ। ਉਸ ਬਜ਼ੁਰਗ ਔਰਤ ਦਾ ਬੂਹਾ ਪਰ ਅਕਸਰ ਖੁੱਲ੍ਹਾ ਰਹਿੰਦਾ। ਇਸ ਕਾਰਨ ਗਲ਼ੀ ਵਿੱਚੋਂ ਲੰਘਦੀ ਕੋਈ ਆਂਢਣ-ਗੁਆਂਢਣ ਉਸ ਨੂੰ ਦੇਖ ਕੇ ਅੰਦਰ ਆ ਜਾਂਦੀ। ਜੇ ਇੱਕ ਜਾਂਦੀ ਤਾਂ ਕੋਈ ਹੋਰ ਆ ਬੈਠਦੀ। ਕਈ ਵਾਰੀ ਤਿੰਨ-ਚਾਰ ਔਰਤਾਂ ਵੀ ਬੈਠੀਆਂ ਹੁੰਦੀਆਂ। ਹਾਸਾ ਠੱਠਾ ਹੁੰਦਾ ਰਹਿੰਦਾ। ਉਹ ਆਪਣੀਆਂ ਇਨ੍ਹਾਂ ਸਹੇਲੀਆਂ ਨੂੰ ਚਾਹ ਆਦਿ ਵੀ ਪਿਲਾ ਦਿੰਦੀ। ਇਵੇਂ ਉਸ ਔਰਤ ਦਾ ਵਕਤ ਸੋਹਣਾ ਲੰਘ ਜਾਂਦਾ। ਬਾਹਰ ਦੀ ਖ਼ਬਰ-ਸਾਰ ਉਸ ਨੂੰ ਘਰੇ ਹੀ ਮਿਲੀ ਜਾਂਦੀ। ਪੈਨਸ਼ਨ ਦੇ ਪੈਸਿਆਂ ਨਾਲ ਉਸ ਦਾ ਗ਼ੁਜ਼ਾਰਾ ਖੁੱਲ੍ਹਾ ਹੋਈ ਜਾਂਦਾ। ਉਹ ਤਾਂ ਸਗੋਂ ਕਈ ਲੋੜਵੰਦਾਂ ਦੀਆਂ ਬੁੱਤੀਆਂ ਵੀ ਸਾਰ ਦਿੰਦੀ।
ਅਜਿਹੇ ਕਈ ਮੌਕੇ ਆਏ ਕਿ ਜਦੋਂ ਉਸ ਨੂੰ ਸਿਹਤ ਵਿਗਾੜ ਕਰ ਕੇ ਕਿਸੇ ਹਸਪਤਾਲ ਜਾਣ ਬਾਰੇ ਸੋਚਣਾ ਪਿਆ। ਇੱਥੇ ਉਸ ਨੂੰ ਦੋ ਗੱਲਾਂ ਬੜੀਆਂ ਸਹਾਈ ਹੋਈਆਂ। ਪਹਿਲੀ ਇਹ ਕਿ ਫ਼ੌਜੀ ਦੀ ਪਤਨੀ ਹੋਣ ਕਾਰਨ ਉਸ ਦਾ ਇਲਾਜ ਕਿਸੇ ਵੀ ਨਾਮੀ ਪ੍ਰਾਈਵੇਟ ਹਸਪਤਾਲ ਵਿੱਚ ਮੁਫ਼ਤ ਹੋ ਜਾਂਦਾ ਸੀ। ਬਿਲ ਦੀ ਅਦਾਇਗੀ ਸਰਕਾਰ ਕਰਦੀ ਸੀ। ਉਹ ਤਾਂ ਸਿਰਫ਼ ਆਪਣਾ ਕਾਰਡ ਹੀ ਦਿਖਾਉਂਦੀ ਸੀ। ਦੂਜਾ, ਉਹ ਜਿਹੜੇ ਪਿੰਡ ਰਹਿੰਦੀ ਸੀ, ਉਹ ਕਾਫ਼ੀ ਵੱਡਾ ਸੀ। ਉੱਥੇ ਕਈ ਇਹੋ ਜਿਹੇ ਬੰਦੇ ਵੀ ਸਨ ਜਿਹੜੇ ਕਿਸੇ ਦੀ ਲੋੜ ਪਤਾ ਲੱਗਣ ’ਤੇ ਝੱਟ ਅਗਲੇ ਦੇ ਘਰ ਮਦਦ ਲਈ ਪਹੁੰਚ ਜਾਂਦੇ। ਇੰਝ ਉਹ ਤਤਕਾਲ ਗੱਡੀ ਕਰ ਕੇ ਉਸ ਨੂੰ ਹਸਪਤਾਲ ਜਾ ਦਾਖ਼ਲ ਕਰਾ ਦਿੰਦੇ ਸਨ। ਫਿਰ ਪਰਿਵਾਰ ਦੇ ਜੀਆਂ ਵਾਂਗ ਸਵੇਰੇ ਸ਼ਾਮ ਉਸ ਦੀ ਖ਼ਬਰ-ਸਾਰ ਵੀ ਲੈਂਦੇ। ਉਸ ਬਜ਼ੁਰਗ ਦੇ ਰਿਸ਼ਤੇਦਾਰ ਵੀ ਗੇੜਾ ਮਾਰਦੇ ਪਰ ਪਿੰਡ ਦੇ ਭਲੇ ਬੰਦਿਆਂ ਦੇ ਸਿਰ ਪੁਰ ਉਨ੍ਹਾਂ ਨੂੰ ਕੋਈ ਚਿੰਤਾ ਨਾ ਰਹਿੰਦੀ। ਸੋ, ਬਿਮਾਰੀ-ਠਮਾਰੀ ਸਮੇਂ ਸਾਂਭ-ਸੰਭਾਲ ਦਾ ਕੋਈ ਮਸਲਾ ਨਾ ਰਹਿੰਦਾ।
ਇੰਨਾ ਹੀ ਨਹੀਂ, ਪਿੰਡ ਦੇ ਇਸ ਭਾਂਤ ਦੀ ਸੇਵਾ ਵਿੱਚ ਲੱਗੇ ਨੌਜਵਾਨ ਬਿਮਾਰ ਬਜ਼ੁਰਗਾਂ ਦੀ ਖ਼ਬਰ-ਸਾਰ ਲੈਂਦੇ ਰਹਿੰਦੇ ਸਨ। ਕੋਈ ਦਵਾਈ-ਬੂਟੀ ਚਾਹੀਦੀ ਹੁੰਦੀ, ਝੱਟ ਲਿਆ ਦਿੰਦੇ। ਇਸ ਭਾਂਤ ਦੇ ਸਹਾਰਿਆਂ ਕਾਰਨ ਉਸ ਬਜ਼ੁਰਗ ਔਰਤ ਨੂੰ ਲੱਗਦਾ ਹੀ ਨਾ ਕਿ ਉਹ ਇਕੱਲੀ ਜਾਂ ਬੇਸਹਾਰਾ ਹੈ। ਫਿਰ ਅਜਿਹਾ ਸਮਾਂ ਆਇਆ ਕਿ ਉਹ ਆਪਣਾ ਰੋਟੀ-ਟੁੱਕ, ਘਰ ਦੀ ਸਫ਼ਾਈ ਅਤੇ ਕੱਪੜੇ-ਲੀੜੇ ਧੋਣ ਜੋਗੀ ਨਾ ਰਹੀ। ਐਪਰ ਛੇਤੀ ਹੀ ਢੋਅ ਢੁਕ ਗਿਆ। ਹੋਇਆ ਇਹ ਕਿ ਪਿੰਡ ਦੇ ਬਹੁਤੇ ਕਿਰਸਾਨਾਂ ਨੇ ਆਪਣੇ ਖੇਤਾਂ ਵਿੱਚ ਖੁੱਲ੍ਹੇ ਘਰ ਜਾ ਪਾ ਲਏ। ਉਨ੍ਹਾਂ ਦੇ ਪਿੰਡ ਵਿਚਲੇ ਘਰ ਖ਼ਾਲੀ ਰਹਿਣ ਲੱਗੇ। ਇਨ੍ਹਾਂ ਘਰਾਂ ਵਿੱਚ ਤਦ ਕਿਰਤੀ ਪਰਿਵਾਰ ਜਿਹੜੇ ਕਿਰਸਾਣੀ ਦੇ ਕੰਮਾਂ-ਧੰਦਿਆਂ ਵਿੱਚ ਸਹਾਈ ਹੁੰਦੇ ਸਨ, ਆ ਵੱਸ ਗਏ। ਇਸ ਬਜ਼ੁਰਗ ਔਰਤ ਦੇ ਗੁਆਂਢ ਵਿੱਚ ਇੱਕ ਸਾਊ ਪਰਿਵਾਰ ਆ ਵੱਸਿਆ। ਸ਼ੁਰੂ ਵਿੱਚ ਉਸ ਘਰ ਦੀ ਅਧਖੜ੍ਹ ਔਰਤ ਉਸ ਘਰ ਵਿੱਚ ਸਫ਼ਾਈ ਦਾ ਕੰਮ ਕਰਨ ਲੱਗ ਪਈ, ਨਾਲ ਕੱਪੜੇ ਵਗੈਰਾ ਵੀ ਧੋਣ ਲੱਗ ਪਈ। ਹੌਲ਼ੀ-ਹੌਲ਼ੀ ਉਹ ਉਸ ਬਜ਼ੁਰਗ ਔਰਤ ਦੀ ਰਸੋਈ ਵਿੱਚ ਜਾ ਕੇ ਚਾਹ-ਪਾਣੀ ਅਤੇ ਰੋਟੀ ਤਿਆਰ ਕਰਨ ਲੱਗ ਪਈ।
ਹੁਣ ਅਗਲਾ ਪੜਾਅ ਸੀ ਉਸ ਬਜ਼ੁਰਗ਼ ਔਰਤ ਦੀ ਪੂਰੇ ਸਮੇਂ ਲਈ ਦੇਖ-ਭਾਲ ਕਰਨ ਦਾ। ਤਦ ਉਹ ਅਧਖੜ੍ਹ ਔਰਤ ਰਾਤ ਨੂੰ ਉਸ ਦੇ ਕੋਲ ਹੀ ਸੌਣ ਲੱਗ ਪਈ। ਉਸ ਦੀ ਨੂੰਹ ਨੇ ਸੁਝਾਇਆ ਕਿ ਇਸ ਮਾਤਾ ਨੇ ਮਸਾਂ ਇੱਕ-ਦੋ ਫੁਲਕੀਆਂ ਹੀ ਖਾਣੀਆਂ ਹੁੰਦੀਆਂ, ਸੋ ਉਸ ਲਈ ਲੋੜੀਂਦਾ ਖਾਣਾ ਉਹ ਆਪਣੇ ਟੱਬਰ ਦੇ ਨਾਲ ਹੀ ਆਪਣੇ ਘਰ ਵਿੱਚ ਬਣਾ ਕੇ ਦੇ ਦਿਆ ਕਰੇਗੀ। ਗਲ਼ੀ ਤੋਂ ਪਾਰ ਸਾਹਮਣੇ ਹੀ ਉਹ ਰਹਿੰਦੇ ਸਨ। ਸਾਫ਼-ਸੁਥਰਾ ਅਤੇ ਚੰਗੇ ਚੱਜ-ਅਚਾਰ ਵਾਲਾ ਪਰਿਵਾਰ ਸੀ ਉਹ। ਬਜ਼ੁਰਗ਼ ਔਰਤ ਇਸ ਗੱਲੋਂ ਸਿਆਣੀ ਸੀ। ਉਹ ਆਪਣੀ ਪੈਨਸ਼ਨ ਵਿੱਚੋਂ ਇਸ ਪਰਿਵਾਰ ਦੀ ਸਹਾਇਤਾ ਨਾਲੋ-ਨਾਲ ਕਰੀ ਜਾਂਦੀ ਸੀ। ਨਾਲੇ ਉਸ ਦੀ ਬੋਲ-ਚਾਲ ਸਾਊਆਂ ਵਾਲੀ ਸੀ। ਇਸ ਬਜ਼ੁਰਗ਼ ਔਰਤ ਦੇ ਸਾਰੇ ਸਬੰਧੀ ਖ਼ੁਸ਼ ਸਨ। ਹਰ ਇੱਕ ਦੇ ਆਪਣੇ ਘਰਾਂ ਦੇ ਝਮੇਲੇ ਸਨ। ਹਾਂ, ਕਦੇ-ਕਦਾਈਂ ਉਹ ਆ ਕੇ ਮਿਲ ਜਾਂਦੇ ਸਨ।
ਜਿਸ ਰਾਤ ਉਸ ਬਜ਼ੁਰਗ਼ ਔਰਤ ਦਾ ਅੰਤਿਮ ਸਮਾਂ ਆਇਆ, ਸਹਾਇਤਾ ਕਰਨ ਵਾਲਾ ਇਹ ਪਰਿਵਾਰ ਉਸ ਦੇ ਕੋਲ਼ ਸੀ। ਝੱਟ ਸਮਾਜ ਸੇਵਾ ਕਰਨ ਵਾਲੇ ਇੱਕ ਨੌਜਵਾਨ ਨੂੰ ਜਾ ਜਗਾਇਆ। ਉਹ ਤਤਕਾਲ ਉਸ ਮਾਤਾ ਨੂੰ ਗੱਡੀ ਵਿੱਚ ਪਾ ਕੇ ਤੁਰ ਪਿਆ। ਨਾਲ ਦੇਖ-ਭਾਲ ਕਰਨ ਵਾਲੀ ਸੱਸ ਨੂੰਹ ਵੀ ਬੈਠ ਗਈਆਂ। ਸੱਸ ਨੇ ਉਸ ਬਜ਼ੁਰਗ ਔਰਤ ਦਾ ਸਿਰ ਆਪਣੇ ਪੱਟਾਂ ਉੱਤੇ ਰੱਖਿਆ ਹੋਇਆ ਸੀ। ਜਦੋਂ ਉਸ ਨੂੰ ਸਿਰ ਦਾ ਭਾਰ ਅਚਾਨਕ ਵਧੇਰੇ ਮਹਿਸੂਸ ਹੋਇਆ ਤਾਂ ਉਸ ਨੇ ਜਾਣ ਲਿਆ ਕਿ ਪ੍ਰਾਣੀ ਦੇ ਪੰਖੇਰੂ ਉੱਡ ਗਏ ਹਨ। ਫਿਰ ਵੀ ਉਹ ਉਸ ਨੂੰ ਇਸ ਆਸ ਨਾਲ ਹਸਪਤਾਲ ਲੈ ਗਏ ਕਿ ਸ਼ਾਇਦ ਉਸ ਦੀ ਜਾਨ ਬਚ ਜਾਵੇ। ਇਹ ਭਲੇ ਲੋਕ ਸਾਰੀ ਰਾਤ ਨੱਸ-ਭੱਜ ਵਿੱਚ ਹੀ ਫਿਰਦੇ ਰਹੇ। ਸਵੇਰੇ ਹਸਪਤਾਲ ਵਾਲਿਆਂ ਨੇ ਉਸ ਔਰਤ ਨੂੰ ‘ਮ੍ਰਿਤਕ ਲਿਆਂਦੀ’ ਐਲਾਨ ਕੇ ਵਾਪਸ ਭੇਜ ਦਿੱਤਾ।
ਅਗਲੇ ਦਿਨ ਸਸਕਾਰ ਸੀ। ਸਭ ਤੋਂ ਵੱਧ ਉਹ ਸੱਸ ਅਤੇ ਨੂੰਹ ਰੋ ਰਹੀਆਂ ਸਨ। ਮੈਂ ਹੈਰਾਨ ਸਾਂ ਕਿ ਉਹ ਕਥਿਤ ਦਲਿਤ ਪਰਿਵਾਰ, ਉਸ ਬਜ਼ੁਰਗ਼ ਔਰਤ ਦਾ ਕਿੰਨਾ ਆਪਣਾ ਸੀ। ਭੱਠ ਪੈਣ ਇਹ ਜਾਤ-ਪਾਤ ਦੇ ਵਿਤਕਰੇ। ਅਸਲੀ ਸਬੰਧ ਮਨੁੱਖ ਦਾ ਮਨੁੱਖ ਨਾਲ ਭਰਪੂਰ ਹਮਦਰਦੀ ਸਦਕਾ ਹੈ।
ਸੰਪਰਕ: 98141-57137