For the best experience, open
https://m.punjabitribuneonline.com
on your mobile browser.
Advertisement

ਚੱਲ ਮੀਆਂ! ਬੰਦੇ ਨੂੰ ਲੱਭੀਏ

07:52 AM Mar 20, 2024 IST
ਚੱਲ ਮੀਆਂ  ਬੰਦੇ ਨੂੰ ਲੱਭੀਏ
Advertisement

ਡਾ. ਗੁਰਬਖ਼ਸ਼ ਸਿੰਘ ਭੰਡਾਲ

Advertisement

ਅੱਜਕੱਲ੍ਹ ਬੰਦਾ ਗਵਾਚ ਗਿਆ ਹੈ। ਕਿਧਰੇ ਨਹੀਂ ਥਿਆਉਂਦਾ। ਪਤਾ ਨਹੀਂ ਕਿਹੜੇ ਖੂਹ-ਖਾਤੇ ’ਚ ਡਿੱਗ ਪਿਆ ਜਾਂ ਕਿਸੇ ਜੰਗਲ ਬੇਲੀਂ ਖ਼ੁਦ ਨੂੰ ਤਲਾਸ਼ਦਾ, ਬੌਂਦਲਿਆ ਫਿਰਦਾ ਹੈ। ਬੜੀ ਕੋਸ਼ਿਸ਼ ਕਰਦਾ ਹਾਂ ਕਿ ਕੋਈ ਤਾਂ ਬੰਦਾ ਮਿਲੇ ਜਿਸ ਨਾਲ ਬੰਦਿਆਂ ਵਰਗੀ ਗੁਫ਼ਤਗੂ ਕਰੀਏ। ਬੰਦਿਆਈ ਦੀਆਂ ਬਾਤਾਂ ਪਾਈਏ। ਪਤਾ ਕਰੀਏ ਕਿ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਅਤੇ ਉਹ ਕਿਹੜੀਆਂ ਗਿਣਤੀਆਂ ਮਿਣਤੀਆਂ ਵਿੱਚ ਉਲਝਿਆ, ਭੁੱਲ-ਭੁਲੱਈਆਂ ਦਾ ਸ਼ਿਕਾਰ ਏ? ਕੀ ਬੰਦੇ ਨੂੰ ਇਹ ਵੀ ਪਤਾ ਹੈ ਕਿ ਉਹ ਸੱਚੀਂ ਗਵਾਚ ਚੁੱਕਾ ਹੈ ਅਤੇ ਉਸ ਦੀ ਗੁੰਮਸ਼ੁਦਗੀ ਦਾ ਚਾਰੇ ਪਾਸੇ ਢੰਢੋਰਾ ਹੈ? ਪਰ ਇਹ ਢੰਡੋਰਾ ਕੁਝ ਕੁ ਵਿਰਲਿਆਂ ਨੂੰ ਹੀ ਸੁਣਾਈ ਦਿੰਦਾ ਹੈ।
ਸਾਡੇ ਸਮਿਆਂ ਦਾ ਇਹ ਕਿਸ ਤਰ੍ਹਾਂ ਦਾ ਵਿਕਰਾਲ ਰੂਪ ਹੈ ਕਿ ਬੰਦਾ ਹੀ ਬੰਦੇ ਵਿੱਚੋਂ ਗੁੰਮ ਜਾਵੇ। ਇਕੱਲਾ ਬੰਦਾ ਨਹੀਂ ਗਵਾਚਦਾ, ਉਸ ਨਾਲ ਬਹੁਤ ਕੁਝ ਬੀਤੇ ਦਾ ਹਿੱਸਾ ਬਣ ਕੇ ਦਫ਼ਨ ਹੋ ਜਾਂਦਾ ਹੈ। ਫਿਰ ਦਫ਼ਨ ਹੋਇਆਂ ਨੂੰ ਕਿਹਨੇ ਭਾਲਣਾ ਜੇਕਰ ਅਸੀਂ ਜਿਊਂਦੇ ਜੀਅ ਹੀ ਗਵਾਚੇ ਬੰਦੇ ਦੀ ਭਾਲ ਨਾ ਕਰ ਸਕੇ? ਕਦੇ ਆਲੇ-ਦੁਆਲੇ ਨਜ਼ਰ ਮਾਰਨਾ। ਦੱਸਣਾ ਕਿ ਅਜੋਕੇ ਸੰਸਾਰਕ ਵਰਤਾਰਿਆਂ ਵਿੱਚ ਤੁਹਾਨੂੰ ਬੰਦਾ ਦਿਖਾਈ ਦਿੰਦਾ ਹੈ? ਭਾਵੇਂ ਇਹ ਪਰਿਵਾਰਕ ਜੀਵਨ ਵਿੱਚ ਦਰਪੇਸ਼ ਮੁਸ਼ਕਲਾਂ ਤੇ ਔਕੜਾਂ ਅਤੇ ਇਨ੍ਹਾਂ ਨੂੰ ਸੁਹਜਮਈ ਤਰੀਕੇ ਨਾਲ ਨਜਿੱਠਣਾ ਹੋਵੇ, ਆਪਣੇ ਕਿੱਤੇ ਵਿੱਚ ਆਪਣੀ ਕੀਰਤੀ ਅਤੇ ਨੀਅਤ ਵਿੱਚ ਸੰਤੁਲਨ ਬਣਾਉਣਾ ਹੋਵੇ, ਆਪਣੇ ਈਮਾਨ ਨੂੰ ਈਮਾਨਦਾਰੀ ਦੀ ਤੱਕੜੀ ਵਿੱਚ ਤੋਲਣਾ ਹੋਵੇ, ਆਪਣੇ ਆਪ ਨੂੰ ਆਪਣੇ ਬਿੰਬ ਦੇ ਹਾਣ ਦਾ ਕਰਨਾ ਹੋਵੇ, ਆਪਣੇ ਸਫ਼ਰ ਨੂੰ ਸਿਰਨਾਵੇਂ ਦੀ ਸੇਧ ਅਨੁਸਾਰ ਸਿਰਜਣਾ ਹੋਵੇ ਜਾਂ ਸਬੰਧਾਂ ਵਿਚਲੀ ਪਾਕੀਜ਼ਗੀ ਅਤੇ ਪਲੀਤੀ ਵਿਚਲੇ ਫ਼ਰਕ ਨੂੰ ਸਮਝਣਾ ਹੋਵੇ?
ਜ਼ਿੰਦਗੀ ਦੇ ਕਿਸੇ ਵੀ ਰੰਗ ਨੂੰ ਦੇਖਣਾ ਭਾਵੇਂ ਇਹ ਸੰਦਲੀ ਸਮਿਆਂ ਦਾ ਦਸਤਾਵੇਜ਼ੀ ਵਰਣਨ ਹੋਵੇ, ਪੱਤਝੜਾਂ ਨੂੰ ਪਿੰਡੇ ’ਤੇ ਹੰਢਾਉਣ ਦੀ ਦਾਸਤਾਨ ਹੋਵੇ, ਪਿਆਰ-ਮੁਹੱਬਤ ਜਾਂ ਨਫ਼ਰਤ ਦੀਆਂ ਕਲਮਾਂ ਲਾਉਣੀਆਂ ਹੋਣ। ਕਿਸੇ ਧਰਤ ਦੇ ਨਾਵੇਂ ਫ਼ਸਲਾਂ ਦੇ ਬੋਹਲ ਕਰਨੇ ਹੋਣ ਜਾਂ ਖੇਤਾਂ ਵਿੱਚ ਖ਼ੁਦਕੁਸ਼ੀਆਂ ਉਗਾਉਣੀਆਂ ਹੋਣ, ਤੁਹਾਨੂੰ ਬੰਦਾ ਨਹੀਂ ਸਗੋਂ ਬਹਿਰੂਪੀਆ ਨਜ਼ਰ ਆਵੇਗਾ। ਅੱਜਕੱਲ੍ਹ ਬੰਦਾ ਨਹੀਂ ਸਗੋਂ ਬੰਦੇ ਦਾ ਰੋਬੋਟੀ ਰੂਪ ਹਰ ਥਾਂ ਅਤੇ ਗਰਾਂ ਹਾਜ਼ਰ-ਨਾਜ਼ਰ ਹੈ। ਭਲਾਂ! ਰੋਬੋਟ ਵਿੱਚੋਂ ਤੁਸੀਂ ਮਨੁੱਖੀ ਭਾਵਨਾਵਾਂ ਦਾ ਅਹਿਸਾਸ ਕਿਵੇਂ ਮਹਿਸੂਸ ਕਰ ਸਕਦੇ ਹੋ? ਮਨੁੱਖ ਨੂੰ ਮਨੁੱਖ ਸਮਝ ਕੇ ਉਸ ਦੀਆਂ ਤਮੰਨਾਵਾਂ ਅਤੇ ਤਰਜ਼ੀਹਾਂ ਦਾ ਅਦਬ ਕਰਨਾ ਅਤੇ ਆਪਣੇ ਵਰਤਾਰੇ ਨਾਲ ਕਿਸੇ ਨੂੰ ਮਾਨਸਿਕ ਚੋਟ ਤੋਂ ਬਚਾਈ ਰੱਖਣ ਵਾਲੇ ਬੰਦੇ ਤਾਂ ਕਿਧਰੇ ਵੀ ਨਹੀਂ ਲੱਭਦੇ?
ਜਦ ਸਾਡੇ ਅਦਾਰਿਆਂ ’ਤੇ ਕਲੋਨਜ਼ ਕਾਬਜ਼ ਹੋ ਜਾਂਦੇ ਹਨ ਤਾਂ ਬੰਦੇ ਦਾ ਗਾਇਬ ਹੋ ਜਾਣਾ ਨਿਸ਼ਚਿਤ ਹੈ। ਕਲੋਨਜ਼ ਨੂੰ ਕਿਸੇ ਖ਼ਾਸ ਮਕਸਦ ਲਈ ਇੱਕ ਵੱਖਰੇ ਰੂਪ ਵਿੱਚ ਪ੍ਰੋਗਰਾਮ ਕੀਤਾ ਜਾਂਦਾ ਹੈ। ਇਹੀ ਪ੍ਰੋਗਰਾਮਿੰਗ ਮਨੁੱਖਤਾ ਦੇ ਨਾਸ਼ ਦਾ ਸਬੱਬ ਜ਼ਰੂਰ ਸਿਰਜੇਗੀ। ਇਹ ਕਲੋਨਜ਼ ਅੱਜਕੱਲ੍ਹ ਸਾਡੇ ਜੀਵਨ ਦੇ ਹਰ ਪਲ ਨੂੰ ਵਿਨਾਸ਼ ਵੱਲ ਲਿਜਾ ਰਹੇ ਹਨ। ਜਦੋਂ ਬੰਦਾ ਕਿਸੇ ਵਿਅਕਤੀ ਨੂੰ ਆਪਣੇ ਨਿੱਜੀ ਮੁਫ਼ਾਦ ਲਈ ਵਰਤਣਾ ਸ਼ੁਰੂ ਕਰ ਦੇਵੇ, ਕਿਸੇ ਨੂੰ ਵਿਸਾਖੀਆਂ ਬਣਾ ਕੇ ਟੀਸੀ ’ਤੇ ਪਹੁੰਚਣ ਦਾ ਹੀਲਾ ਕਰੇ, ਆਪਣੇ ਮਹਿਲ-ਮੁਨਾਰਿਆਂ ਲਈ ਕਿਸੇ ਦੀ ਕੁੱਲੀ ਦੇ ਕੱਖ ਵੀ ਉਡਾ ਦੇਵੇ, ਆਪਣੇ ਖੇਤਾਂ ਨੂੰ ਫਾਰਮ ਬਣਾਉਣ ਲਈ ਕਿਸੇ ਗ਼ਰੀਬ ਜੱਟ ਦੀਆਂ ਵੱਟਾਂ ਵੀ ਵਾਹ ਲਵੇ ਜਾਂ ਮਾਇਕ ਮੁਫ਼ਾਦ ਲਈ ਉਹ ਆਪਣੇ ਗੁਆਢੀਆਂ ਦੇ ਬੱਚਿਆਂ ਨੂੰ ਨਸ਼ਿਆਂ ’ਤੇ ਲਾਵੇ ਅਤੇ ਫਿਰ ਉਸ ਦੀ ਸਮੁੱਚੀ ਜਾਇਦਾਦ ਨੂੰ ਹਥਿਆਉਣ ਦਾ ਕੋਝਾ ਯਤਨ ਕਰੇ ਤਾਂ ਬੰਦੇ ਦੇ ਗਵਾਚਣ ਦੀ ਸ਼ਾਹਦੀ ਭਰਨ ਦੀ ਵੀ ਲੋੜ ਨਹੀਂ ਰਹਿੰਦੀ।
ਇਹ ਬੰਦੇ ਦੇ ਗੁੰਮ ਹੋਣ ਦਾ ਕੇਹਾ ਆਲਮ ਕਿ ਬੰਦਾ ਖ਼ੁਦ ਹੀ ਵਿਕਾਉ ਹੋ ਗਿਆ। ਜਦ ਬੰਦਾ ਵਿਕਣ ਲੱਗ ਪਵੇ ਤਾਂ ਉਸ ਦੀ ਮੰਡੀ ਲੱਗਦੀ ਹੈ। ਫਿਰ ਇਹ ਵਪਾਰੀ ’ਤੇ ਨਿਰਭਰ ਕਰਦਾ ਹੈ ਕਿ ਉਸ ਨੇ ਇਸ ਨੂੰ ਕਿੰਨਾ ਜ਼ਲ਼ੀਲ ਕਰਕੇ ਆਪਣੇ ਮਨਮਰਜ਼ੀ ਦੇ ਭਾਅ ਖ਼ਰੀਦਣਾ ਹੈ। ਖ਼ਰੀਦੇ ਹੋਏ ਬੰਦੇ ਗੁਲਾਮ ਤਾਂ ਹੋ ਸਕਦੇ ਪਰ ਇਹ ਬੰਦੇ ਨਹੀਂ ਹੁੰਦੇ। ਬੰਦਾ ਗਵਾਚਦਾ ਤਾਂ ਨੈਤਿਕਤਾ ਗੁੰਮ ਹੋ ਜਾਂਦੀ ਹੈ। ਕਦਰਾਂ-ਕੀਮਤਾਂ ਸੂਲੀ ’ਤੇ ਲਟਕਾਈਆਂ ਜਾਂਦੀਆਂ ਹਨ। ਸਬੰਧਾਂ ਵਿਚਲੀ ਪ੍ਰਪੱਕਤਾ ਅਤੇ ਪਾਕੀਜ਼ਗੀ ਗੰਧਲੀ ਹੁੰਦੀ ਹੈ। ਫਿਰ ਰਿਸ਼ਤਿਆਂ ਵਿੱਚ ਤਰੇੜਾਂ ਉੱਗਦੀਆਂ ਹਨ, ਆਪਸੀ ਮੁਹੱਬਤ ਵਿੱਚ ਵਿੱਥਾਂ ਪੈਦਾ ਹੋ ਜਾਂਦੀਆਂ ਹਨ। ਇਹ ਵਿੱਥਾਂ ਹੀ ਹੁੰਦੀਆਂ ਹਨ ਜੋ ਨੇੜੇ ਹੁੰਦਿਆਂ ਵੀ ਸੱਤ ਸਮੁੰਦਰਾਂ ਦੀ ਦੂਰੀ ਉਪਜਾਉਂਦੀਆਂ ਹਨ।
ਬੰਦੇ ’ਚੋਂ ਬੰਦਾ ਕਿੰਝ ਭਾਲਾਂ
ਬੰਦਿਆਂ ਦੇ ਰੂਪ ਹਜ਼ਾਰਾਂ।
ਕੁਝ ਉੱਜੜੀਆਂ ਬਸਤੀਆਂ ਵਰਗੇ
ਕੁਝ ਮਹਿਕਦੀਆਂ ਗੁਲਜ਼ਾਰਾਂ।
ਬੰਦਾ, ਬੰਦੇ ਦਾ ਦੋਖੀ ਵੀ ਏ
ਤੇ ਬੰਦਾ, ਬੰਦੇ ਦਾ ਦਾਰੂ
ਬੰਦਾ, ਬੰਦੇ ਲਈ ਕਬਰ ਵੀ ਪੁੱਟੇ
ਤੇ ਬੰਦਾ, ਡਿੱਗੇ ਲਈ ਠਾਹਰਾਂ।
ਬੰਦਾ, ਬੰਦੇ ਲਈ ਬਰਖ਼ੁਰਦਾਰੀ
ਤੇ ਬੰਦਾ ਬਦਤਮੀਜ਼ੀ
ਪਰ ਬੰਦੇ ਦੀ ਭਲਿਆਈ ਉਤੋਂ
ਮੈਂ ਲੱਖ ਬਹਿਸ਼ਤਾਂ ਵਾਰਾਂ।
ਬੰਦਾ ਆਪਣਾ ਤੇ ਬੰਦਾ ਬਿਗਾਨਾ
ਕੁਝ ਪਿੰਡੇ ਦੀ ਲੋਈ
ਬੰਦੇ, ਬੰਦੇ ’ਚ ਫ਼ਰਕ ਹੈ ਹੁੰਦਾ
ਤੇ ਕੁਝ ਬਣਦੈ ਦਸਤਾਰਾਂ।
ਬੰਦੇ ਦੀ ਫ਼ਿਤਰਤ ਬੰਦਿਆਂ ਵਿੱਚੋਂ
ਰੂਪ ਵਟਾਵੇ ਲੱਖਾਂ
ਪਰ ਬੰਦਿਆਈ ਨਾ ਕਿਧਰੇ ਦਿੱਸਦੀ
ਨਾ ਗ਼ੈਰਾਂ ਨਾ ਯਾਰਾਂ।
ਬੰਦਾ, ਬੰਦੇ ਦੇ ਚਾਅ ਚੁਰਾਏ
ਤੇ ਸੁਪਨ-ਸੋਚ ਨੂੰ ਨੋਚੇ
ਕੋਈ ਨਾ ਸੱਖਣੀ ਤਲੀ ਟਿਕਾਏ
ਸੱਜਣਾਂ ਜਿਹੀਆਂ ਬਹਾਰਾਂ।
ਇੱਕ ਬੰਦਾ ਸਿਰਨਾਵਾਂ ਖੋਹਵੇ
ਤੇ ਦੂਸਰਾ ਸਫ਼ਰ ਚੁਰਾਵੇ
’ਕੱਲਾ ਜੀਅ ਬਲਾਵੀਂ ਘਿਰਿਆ
ਕਿੰਝ ਸਭ ਨੂੰ ਛਿੱਛਕਾਰਾਂ।
ਬੰਦਿਆਂ ਬਾਝੋਂ ਘੁੱਪ ਹਨੇਰਾ
ਤੇ ਦਰਗਾਹੇ ਬੁੱਝਿਆ ਦੀਵਾ
ਕੋਈ ਨਾ ਸੁੰਨੇ ਬਨੇਰਿਆਂ ਉਤੇ
ਧਰੇ ਚਿਰਾਗਾਂ ਦੀਆਂ ਡਾਰਾਂ।
ਕੁਝ ਕੁ ਅੰਦਰਲਾ ਬੰਦਾ ਲੱਭ ਕੇ
ਮਿੱਥਦੇ ਖ਼ੁਦ ਤਰਜ਼ੀਹਾਂ
ਤਾਂ ਹੀ ਉਨ੍ਹਾਂ ਦੇ ਅੰਬਰ ਲਿਸ਼ਕਣ
ਸੂਰਜ ਚੰਨ ਹਜ਼ਾਰਾਂ।
ਅੰਦਰਲੇ ਬੰਦੇ ਦਾ ਕੋਰਾ ਵਰਕਾ
ਸ਼ਬਦ ਸ਼ਬਦ ਜਦ ਹੋਵੇ
ਤਾਂ ਬਹਿ ਖ਼ੁਦ ਦੀ ਬੁੱਕਲੇ
ਲਿਖਦਾ ਰੂਹ-ਪੁਕਾਰਾਂ।
ਆਪਣੇ ਪੈਰੀਂ ਸਫ਼ਰ ਉਗਾਉਣਾ
ਬੰਦਿਆਂ ਦੀ ਦਿਲਦਾਰੀ
ਕਿਸੇ ਦੀ ਆਸ ਤੇ ਚਾਨਣ-ਲੋਚਾ
ਬੰਦੇ ਲਈ ਦੁਰਕਾਰਾਂ।
ਇੰਜ ਸੀ ਹੋਇਆ, ਉਂਝ ਸੀ ਹੋਣਾ
ਲੋਕਾਂ ਨੇ ਤਾਂ ਕਹਿਣਾ
ਜੋ ਹੋਇਆ ਇਹ ਆਪ ਹੀ ਕੀਤਾ
ਬੰਦੇ ਦੀਆਂ ਵਿਚਾਰਾਂ।
ਬੰਦੇ ਤਾਂ ਆਮ ਹੀ ਮਿਲਦੇ ਹਨ ਪਰ ਬੰਦੇ ਦੇ ਅੰਦਰ ਵੱਸਦਾ ਬੰਦਾ ਬਹੁਤ ਹੀ ਵਿਰਲਿਆਂ ਨੂੰ ਥਿਆਉਂਦਾ ਹੈ ਕਿਉਂਕਿ ਅਸੀਂ ਆਪਣੇ ਅੰਦਰ ਵੱਸਦੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਜਦ ਬੰਦੇ ’ਚੋਂ ਬੰਦਾ ਗੁੰਮਦਾ ਹੈ ਤਾਂ ਬਹੁਤ ਕੁਝ ਅਣਕਿਆਸਿਆ ਅਤੇ ਅਣਹੋਇਆ ਵਾਪਰਦਾ ਹੈ। ਇਹ ਬੰਦੇ ਦੇ ਗਵਾਚਣ ਦਾ ਹੀ ਆਲਮ ਹੈ ਕਿ ਸੰਸਾਰ ਕਤਲੋ-ਗਾਰਤ ਦੀ ਧਰਾਤਲ ਬਣ ਗਿਆ ਹੈ। ਨਫ਼ਰਤ ਨੇ ਸਾਨੂੰ, ਸਾਡੇ ਘਰ-ਪਰਿਵਾਰ ਅਤੇ ਸਮਾਜ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਧਰਮ ਨੇ ਪਿਆਰ ਸਿਖਾਉਣਾ ਸੀ ਪਰ ਧਾਰਮਿਕ ਆਗੂਆਂ ਵਿੱਚੋਂ ਵੀ ਬੰਦਾ ਗ਼ੈਰਹਾਜ਼ਰ ਹੋ ਜਾਵੇ ਤਾਂ ਧਰਮ ਦੇ ਨਾਮ ’ਤੇ ਜਾਤਾਂ ਸਿਰਜੀਆਂ ਜਾਂਦੀਆਂ ਹਨ। ਆਪਣੇ ਧਰਮ ਨੂੰ ਉੱਚਾ ਤੇ ਵੱਡਾ ਸਿੱਧ ਕਰਨ ਲਈ ਦੂਸਰੇ ਧਰਮ ਨੂੰ ਨਿੰਦਿਆ ਜਾਂਦਾ ਹੈ। ਇਹ ਕੇਹੀ ਅਵੱਗਿਆ ਕਿ ਹੁਣ ਤਾਂ ਮਨੁੱਖ, ਕਿਸੇ ਹੋਰ ਧਰਮ ਦੇ ਧਾਰਮਿਕ ਅਸਥਾਨ ਦੇ ਮਲਬੇ ’ਤੇ ਆਪਣਾ ਧਾਰਮਿਕ ਅਸਥਾਨ ਬਣਾ ਕੇ, ਆਪਣੇ ਧਰਮ ਦਾ ਝੰਡਾ ਬੁਲੰਦ ਕਰਨ ਦੀ ਕੋਝੀ ਹਰਕਤ ਨੂੰ ਆਪਣਾ ਸਨਮਾਨ ਸਮਝਣ ਲੱਗ ਗਿਆ।
ਬੰਦਾ ਸਿਰਫ਼ ਬਾਹਰੀ ਰੂਪ ਵਿੱਚ ਹੀ ਨਹੀਂ ਗੁੰਮਿਆ ਸਗੋਂ ਬੰਦੇ ਅੰਦਰੋਂ ਗੁੰਮ ਗਏ ਬੰਦੇ ਕਾਰਨ ਹੀ ਮਨੁੱਖੀ ਮਨ ਵਿੱਚ ਕਰੂਰਤਾ ਪੈਦਾ ਹੁੰਦੀ ਹੈ। ਜਦ ਉਹ ਨਿੱਕੀਆਂ ਨਿੱਕੀਆਂ ਬੱਚੀਆਂ ਦੀ ਪੱਤ ਲੁੱਟਦਾ ਹੈ ਤਾਂ ਕਦਰਾਂ-ਕੀਮਤਾਂ ਤਾਰ ਤਾਰ ਹੁੰਦੀਆਂ ਹਨ। ਸਮਾਜਿਕ ਤੰਦਾਂ ਦੀ ਕੋਮਲਤਾ ਨੂੰ ਆਪਣੀ ਧੌਂਸ ਨਾਲ ਮਿੱਧਣ ਲਈ ਬੰਦਾ ਹੀ ਕਸੂਰਵਾਰ ਹੈ? ਨਹੀਂ! ਇਹ ਬੰਦੇ ਦੇ ਅੰਦਰੋਂ ਗ਼ੈਰਹਾਜ਼ਰ ਹੋਏ ਬੰਦੇ ਦੀ ਗਵਾਹੀ ਹੈ।
ਬੰਦੇ ਦੀ ਗੁੰਮਸ਼ੁਦਗੀ ਕਾਰਨ ਹੀ ਅਸੀਂ ਕੁਦਰਤ ਦੀ ਬੇਰੁਹਮਤੀ ਕਰਨ, ਕੁਦਰਤੀ ਦਾਤਾਂ ਦੀ ਬੇਥਵੀ ਅਤੇ ਬੋਲੋੜੀ ਵਰਤੋਂ, ਇਸ ਦੇ ਪਲੀਤਪੁਣੇ ਅਤੇ ਤਬਾਹੀ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਾਂ। ਇਹ ਬੰਦੇ ਦੀ ਸੋਝੀ ਵਿਚਲਾ ਵਿਗਾੜ ਹੀ ਹੈ ਕਿ ਗ਼ੈਰਹਾਜ਼ਰ ਵਿਅਕਤੀ ਕੁਦਰਤ ਤੋਂ ਦੂਰ ਜਾਂਦਾ ਸਿਰਫ਼ ਆਪਣੀ ਕਬਰ ਦੀ ਖੁਦਾਈ ਹੀ ਕਰ ਰਿਹਾ ਹੈ। ਜਿੰਨਾ ਚਿਰ ਬੰਦੇ ਵਿੱਚ ਬੰਦਾ ਵੱਸਦਾ ਸੀ, ਉਹ ਸੀਮਤ ਸਾਧਨਾਂ ਨਾਲ ਸੁਖਨ ਅਤੇ ਸਹਿਜ ਦਾ ਸਿਰਨਾਵਾਂ ਸੀ। ਉਸ ਦੇ ਮਨ ਵਿੱਚ ਕਦੇ ਖ਼ੁਦਕੁਸ਼ੀ ਦਾ ਵਿਚਾਰ ਨਹੀਂ ਸੀ ਆਇਆ ਕਿਉਂਕਿ ਉਹ ਕੁਦਰਤ ਦੀ ਆਗਿਆ ਦਾ ਪਾਲਣ ਕਰਦਾ, ਆਪਣੀ ਜੀਵਨ-ਜਾਚ ਨੂੰ ਬਦਲਦੇ ਹਾਲਾਤ ਅਤੇ ਲੋੜਾਂ ਅਨੁਸਾਰ ਢਾਲ ਕੇ ਜੀਵਨ ਨੂੰ ਭਰਪੂਰ ਜਿਊਂਦਾ ਸੀ। ਪਰ ਜਦੋਂ ਦਾ ਬੰਦੇ ਵਿੱਚੋਂ ਬੰਦਾ ਗੁੰਮਿਆ ਹੈ ਉਸ ਨੇ ਆਪਣੀਆਂ ਇੱਛਾਵਾਂ ਨੂੰ ਇੰਨਾ ਬੇਲਗਾਮ ਕਰ ਲਿਆ ਕਿ ਉਹ ਬਹੁਤਾਤ ਵਿੱਚੋਂ ਹੀ ਸੁੱਖ ਨੂੰ ਭਾਲਦਾ ਹੈ, ਸਿਰਫ਼ ਦੁੱਖਾਂ ਨਾਲ ਪੀੜਤ ਹੁੰਦਿਆਂ ਆਪਣੇ ਜੀਵਨ ਨੂੰ ਵਿਅਰਥ ਹੀ ਗਵਾ ਦਿੰਦਾ ਹੈ।
ਕੀ ਬੰਦੇ ਵਿੱਚੋਂ ਗੁੰਮ ਹੋਏ ਬੰਦੇ ਕਾਰਨ ਬੰਦਾ ਜ਼ਿਆਦਾ ਸੁਖੀ ਏ? ਕੀ ਉਸ ਨੂੰ ਜੀਵਨ ਦੇ ਸੱਚ ਦੀ ਸਮਝ ਆਈ? ਕੀ ਉਸ ਨੂੰ ਮਹੱਲ ਰੂਪੀ ਘਰ ਵਿੱਚੋਂ ਉਹ ਸਕੂਨ ਮਿਲਿਆ ਜਿਹੜਾ ਉਸ ਨੂੰ ਪਿੰਡ ਦੇ ਨਿੱਕੇ ਜਿਹੇ ਘਰ ਵਿੱਚ ਮਿਲਦਾ ਸੀ। ਹਾਜ਼ਮੇ ਦਾ ਚੂਰਨ ਖਾਣ ਵਾਲੇ, ਨੀਂਦ ਦੀਆਂ ਗੋਲੀਆਂ ਨਾਲ ਸੌਣ ਵਾਲੇ ਅਤੇ ਨਿੱਕੇ ਨਿੱਕੇ ਦਾਇਰਿਆਂ ਵਿੱਚ ਸੁੰਗੜੇ ਹੋਏ ਮਨੁੱਖ ਨੇ ਕਦੇ ਸੋਚਿਆ ਵੀ ਹੈ ਕਿ ਚੁੱਲ੍ਹੇ ਅੱਗੇ ਬੈਠ ਕੇ ਆਪਣੀ ਰੋਟੀ ਦੀ ਉਡੀਕ ਕਰਨਾ, ਫਿਰ ਥਾਲੀ ਵਿੱਚ ਗਰਮ-ਗਰਮ ਫੁਲਕੇ ਅਤੇ ਮਾਂ ਦੇ ਲੱਪ ਨਾਲ ਪਾਏ ਸਾਗ ਨਾਲ ਰੋਟੀ ਖਾਣ ਨਾਲ ਮਿਲਦੀ ਲੱਜ਼ਤ, ਕਦੇ ਸੱਤ-ਸਟਾਰੀ ਹੋਟਲਾਂ ਵਿੱਚ ਖਾਣਾ ਖਾਣ ਸਮੇਂ ਮਿਲੀ ਹੈ?
ਬੰਦੇ ਦਾ ਗੁੰਮ ਹੋਣਾ ਹੀ ਹੈ ਕਿ ਦੁਨੀਆ ਅੱਜ ਅੱਗ ਦੇ ਅੰਬਾਰ ’ਤੇ ਬੈਠੀ ਹੈ। ਪਤਾ ਨਹੀਂ ਕਿਹੜੇ ਵੇਲੇ ਕਿਸ ਨੇ ਪਲੀਤੀ ਲਾ ਦਿੱਤੀ ਤਾਂ ਮਨੁੱਖ ਦੀ ਸਿਰਜੀ ਹੋਈ ਦੁਨਿਆਵੀ ਸਲਤਨਤ ਨੇ ਪਲਾਂ ਵਿੱਚ ਹੀ ਫਨਾਹ ਹੋ ਜਾਣਾ। ਫਿਰ ਮਿੱਟੀ ਵਿੱਚ ਮਿੱਟੀ ਹੋਏ ਮਨੁੱਖ ਨੂੰ ਇਹ ਵੀ ਅਹਿਸਾਸ ਨਹੀਂ ਹੋਣਾ ਕਿ ਇੰਜ ਕਿਉਂ ਹੋਇਆ ਕਿਉਂਕਿ ਮਨੁੱਖ ਨੇ ਤਾਂ ਆਪ ਵੀ ਨਹੀਂ ਬਚਣਾ। ਇਹ ਜੰਗਾਂ, ਨਫ਼ਰਤੀ ਅੱਗਾਂ, ਲਹੂ ਭਿੱਜੀਆਂ ਤਲਵਾਰਾਂ ਤੇ ਤ੍ਰਿਸ਼ੂਲਾਂ ਨੂੰ ਲਿਸ਼ਕਾਉਣਾ, ਭਗਵੇਂ, ਨੀਲੇ, ਪੀਲੇ ਜਾਂ ਹਰੇ ਰੰਗਾਂ ਨੂੰ ਅਸੀਂ ਕੇਹਾ ਵਰਤਿਆ ਕਿ ਰੰਗਾਂ ਦੀ ਦੁਨੀਆ ਵੀ ਸ਼ਰਮਸ਼ਾਰ ਹੋਈ ਗਵਾਚੇ ਬੰਦੇ ਨੂੰ ਲੱਭ ਰਹੀ ਹੈ। ਕੀ ਚਿੱਟੀ ਧੁੱਪ ਵਿੱਚ ਸਮੇਟੇ ਸੱਤੇ ਰੰਗ ਵੀ ਕਦੇ ਆਪਸ ਵਿੱਚ ਉਲਝੇ ਨੇ ਕਿ ਫਲਾਣੇ ਰੰਗ ਦੀ ਜ਼ਿਆਦਾ ਅਹਿਮੀਅਤ ਅਤੇ ਬਾਕੀਆਂ ਦੀ ਘੱਟ ਹੈ?
ਬੰਦਾ ਜਦ ਘਰ ਵਿੱਚੋਂ ਗੁੰਮ ਹੋ ਜਾਵੇ ਤਾਂ ਘਰ ਵਿੱਚ ਉੱਗੀਆਂ ਕੰਧਾਂ ਫਿਰ ਘਰ ਨੂੰ ਘਰ ਨਹੀਂ ਰਹਿਣ ਦਿੰਦੀਆਂ। ਸਗੋਂ ਇਹ ਨਿੱਕੇ ਨਿੱਕੇ ਖਾਨਿਆਂ ਵਿੱਚ ਵੰਡਿਆ, ਆਪਣੇ ਹਿੱਸੇ ਦੀਆਂ ਹਿਚਕੀਆਂ ਨਾਲ ਹੌਲੀ ਹੌਲੀ ਗਲ਼ ਜਾਂਦਾ ਹੈ। ਤਾਂ ਹੀ ਅਜੋਕੇ ਘਰ, ਘਰ ਨਹੀਂ ਸਗੋਂ ਅਘਰ ਹੋ ਗਏ ਹਨ। ਬੰਦਾ ਜਦ ਪਰਿਵਾਰ ਵਿੱਚੋਂ ਗਾਇਬ ਹੁੰਦਾ ਹੈ ਤਾਂ ਫਿਰ ਤਿੜਕਦੇ ਰਿਸ਼ਤੇ, ਸਬੰਧਾਂ ਦੀਆਂ ਰੇਸ਼ਮੀ ਤੰਦਾਂ ਵਿੱਚ ਪੈਦਾ ਹੋਈ ਖਿੱਚੋਤਾਣ ਹੌਲੀ ਹੌਲੀ ਰਿਸ਼ਤਿਆਂ ਨੂੰ ਹੀ ਖਾ ਜਾਂਦੀ ਹੈ। ਫਿਰ ਅਸੀਂ ਰਿਸ਼ਤੇ ਨਹੀਂ ਨਿਭਾਉਂਦੇ ਸਿਰਫ਼ ਰਿਸ਼ਤਿਆਂ ਨੂੰ ਨਿਭਾਉਣ ਦਾ ਢੌਂਗ ਹੀ ਰਚਾਉਂਦੇ ਹਾਂ। ਦੁਨੀਆ ਨੂੰ ਭਾਵੇਂ ਪਤਾ ਨਾ ਲੱਗੇ ਪਰ ਬੰਦੇ ਦੇ ਅੰਦਰ ਜੇਕਰ ਬੰਦਾ ਜਿਊਂਦਾ ਹੋਵੇ ਤਾਂ ਉਸ ਨੂੰ ਜ਼ਰੂਰ ਪਤਾ ਹੁੰਦਾ ਹੈ ਕਿ ਉਹ ਕੀ ਕਰ ਰਿਹਾ ਹੈ ਅਤੇ ਇਸ ਦੇ ਕੀ ਅਰਥ ਹਨ?
ਬੰਦਾ ਜਦ ਆਪਣੇ ਕਿੱਤੇ ਵਿੱਚ ਹੁੰਦਿਆਂ ਵੀ ਨਾ ਹੋਵੇ ਤਾਂ ਉਸ ਦੀ ਕੀਰਤੀ ਅਤੇ ਕਰਮ ਵਿੱਚ ਅਸਾਵਾਂਪਣ ਪੈਦਾ ਹੁੰਦਾ ਹੈ। ਇਹੀ ਅਸਾਵਾਂਪਣ ਫਿਰ ਸਮਾਜਿਕ ਅਧੋਗਤੀ ਦਾ ਆਧਾਰ ਹੁੰਦਾ ਹੈ ਜਿਸ ਕਾਰਨ ਪੈਦਾ ਹੋਇਆ ਵਿਗਾੜ ਅੱਜਕੱਲ੍ਹ ਸਾਡੇ ਰਾਜਸੀ, ਧਾਰਮਿਕ ਤੇ ਸਮਾਜਿਕ ਵਰਤਾਰਿਆਂ ਵਿੱਚ ਪ੍ਰਤੱਖ ਹੈ। ਇਹ ਵਿਗਾੜ ਕਦੇ ਨਹੀਂ ਰੁਕਦਾ ਕਿਉਂਕਿ ਇਸ ਨੂੰ ਸਮਝਣ ਅਤੇ ਰੋਕਣ ਵਾਲਾ ਅੰਤਰੀਵੀ ਬੰਦਾ ਤਾਂ ਹੈ ਹੀ ਨਹੀਂ। ਪਰ ਸਭ ਤੋਂ ਮਾਰੂ ਹੁੰਦਾ ਹੈ ਬੰਦੇ ਦਾ ਆਪਣੇ ਵਿੱਚੋਂ ਜਾਣਬੁੱਝ ਕੇ ਗ਼ੈਰ-ਹਾਜ਼ਰ ਹੋ ਜਾਣਾ ਅਤੇ ਖ਼ੁਦ ਨੂੰ ਅਜਿਹੀਆਂ ਅਲਾਮਤਾਂ ਵਿੱਚ ਲਬੇੜ ਲੈਣਾ ਕਿ ਉਹ ਖ਼ੁਦ ਦੀ ਸ਼ਰਮਸ਼ਾਰੀ ਨੂੰ ਸਮਝਣ ਤੋਂ ਇਨਕਾਰੀ ਹੋ ਜਾਂਦਾ ਹੈ। ਆਪਣੀ ਕਮੀਨਗੀ ਤੇ ਕੁਕਰਮੀ ਵਰਤਾਰੇ ਨੂੰ ਸਹੀ ਅਤੇ ਸੱਚਾ ਸਾਬਤ ਕਰਨ ਲਈ ਹਰ ਹੀਲਾ ਵਰਤਦਾ ਹੈ ਅਤੇ ਇਹੀ ਆਦਤ ਉਸ ਦੀ ਜੀਵਨ-ਤੋਰ ਨੂੰ ਰਸਾਤਲ ਵੱਲ ਲੈ ਜਾਂਦੀ ਹੈ ਅਤੇ ਫਿਰ ਉਹ ਇਸ ਗਰਕਣ ਵਿੱਚੋਂ ਕਦੇ ਨਹੀਂ ਨਿਕਲਦਾ।
ਬੰਦੇ ਵਿੱਚ ਗ਼ੈਰ-ਹਾਜ਼ਰ ਬੰਦੇ ਦੀ ਕੇਹੀ ਮਨੋਸਥਿਤੀ ਹੈ ਕਿ ਉਹ ਕਈ ਵਾਰ ਖ਼ੁਦ ਨੂੰ ਸੌੜੇ ਦਾਇਰਿਆਂ ਦਾ ਕੈਦੀ ਬਣਾ ਲੈਂਦਾ ਹੈ। ਵਰਨਾ ਉਹ ਤਾਂ ਅੰਬਰ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ। ਕਈ ਵਾਰ ਅੰਦਰਲਾ ਬੰਦਾ, ਇਕੱਲ ਦੇ ਆਲਮ ਵਿੱਚ ਰਾਤ ਵੇਲੇ ਰੂਹ ਦੀ ਤਖ਼ਤੀ ’ਤੇ ਲਿਖਦਾ ਇੰਜ ਰੋਂਦੇ ਕਿ ਜ਼ਜ਼ਬਾਤਾਂ ਨੂੰ ਕਿ ਉਹ ਰੱਜ ਕੇ ਰੋ ਵੀ ਲੈਂਦਾ ਪਰ ਫਿਰ ਵੀ ਪਤਾ ਨਹੀਂ ਲੱਗਣ ਦਿੰਦਾ। ਬੰਦੇ ਅੰਦਰ ਰਹਿੰਦੇ ਬੰਦੇ ਨੂੰ ਕਦੇ ਦੇਖਣਾ ਹੋਵੇ ਤਾਂ ਪਿੰਡ ਵਾਲਿਆਂ ਦੀ ਤਹਿਜ਼ੀਬ ਨੂੰ ਦੇਖਣਾ ਕਿ ਉਹ ਤੁਹਾਡੇ ਨਾਲ ਗੁੱਸੇ ਹੋ ਜਾਂਦੇ ਨੇ ਜੇ ਤੁਸੀਂ ਪਿੰਡ ਜਾ ਕੇ ਉਨ੍ਹਾਂ ਨੂੰ ਮਿਲ ਕੇ ਨਾ ਆਓ। ਬੰਦੇ ਵਿੱਚੋਂ ਬੰਦੇ ਦੀ ਗੈਰ-ਹਾਜ਼ਰੀ ਵੀ ਕੇਹੀ ਕਿ ਘਰ ਅੰਦਰੋਂ ਟੁੱਟ ਜਾਂਦੇ ਪਰ ਖੜ੍ਹੇ ਰਹਿ ਜਾਂਦੇ ਹਨ ਮਕਾਨ ਬੇਸ਼ਰਮਾਂ ਵਾਂਗ। ਬੰਦੇ ਵਿੱਚ ਜਦ ਬੰਦਾ ਗੁੰਮ ਜਾਂਦਾ ਹੈ ਤਾਂ ਉਸ ਨੂੰ ਜਿਸਮ ਨੋਚਣ ਦਾ ਕੇਹਾ ਜਨੂੰਨ ਹੋ ਜਾਂਦਾ ਹੈ ਕਿ ਨਾਬਾਲਗ ਅਤੇ ਲਾਚਾਰ ਬੱਚੀਆਂ ਦੀ ਇਜ਼ਤ ਲੁੱਟਣਾ ਅਜਿਹੇ ਬੇਗ਼ੈਰਤਾਂ ਲਈ ਕਾਨੂੰਨ ਹੋ ਜਾਂਦਾ ਹੈ।
ਸਭ ਤੋਂ ਅਹਿਮ ਹੈ ਕਿ ਬੰਦੇ ਨੂੰ ਇਹ ਅਹਿਸਾਸ ਹੋਵੇ ਕਿ ਕੀ ਉਸ ਦੇ ਅੰਦਰਲਾ ਬੰਦਾ ਗੁੰਮ ਹੈ? ਕਿਉਂ ਗੁੰਮ ਹੋਇਆ? ਕਿਵੇਂ ਇਸ ਨੂੰ ਆਪਣੇ ਕੋਲ ਬੁਲਾਉਣਾ, ਸੀਨੇ ਨਾਲ ਲਾਉਣਾ, ਇਸ ਅੰਦਰਲੇ ਬੰਦੇ ਦੀ ਰਹਬਿਰੀ ਵਿੱਚੋਂ ਆਪਣੀ ਜੀਵਨ-ਜਾਚ ਨੂੰ ਕਮਾਉਣਾ ਅਤੇ ਸਮਾਜ ਨੂੰ ਸਿਹਤਮੰਦ ਅਤੇ ਸੇਧਮਈ ਵਰਤਾਰਿਆਂ ਦਾ ਜਾਗ ਲਾਉਣਾ ਹੈ। ਸਹੀ ਇਹੀ ਹੈ ਕਿ ਆਪਣੇ ਅੰਦਰਲੇ ਬੰਦੇ ਨੂੰ ਭਾਲੋ। ਆਪਣੀ ਰੂਹਾਂ ਨੂੰ ਹੰਘਾਲੋ। ਆਪਣੇ ਮਸਤਕ ਵਿੱਚ ਦੀਵਾ ਬਾਲੋ। ਜੀਵਨ-ਰਾਹਾਂ ਨੂੰ ਰੁਸ਼ਨਾਓ। ਆਪਣਾ ਗਵਾਚਿਆ ਖ਼ੁਦ ਹੀ ਪਾਓ ਤਾਂ ਕਿ ਤੁਹਾਡਾ ਆਪਣਾ, ਤੁਹਾਡੀਆਂ ਖ਼ੈਰਾਂ ਮੰਗਦਾ, ਤੁਹਾਡੀਆਂ ਬੁਲਾਵਾਂ ਉਤਾਰੇ ਅਤੇ ਤੁਹਾਡੀਆਂ ਮਾਣਮੱਤੀਆਂ ਪ੍ਰਾਪਤੀਆਂ ਤੇ ਘਰ ਆਉਣ ’ਤੇ ਪਾਣੀ ਵਾਰੇ। ਘਰ ਨੂੰ ਘਰ ਹੋਣ ’ਤੇ ਮਾਣ ਹੋਵੇ। ਜਦ ਘਰ, ਘਰ ਬਣ ਗਿਆ ਤਾਂ ਗਵਾਚੇ ਬੰਦੇ ਦਾ ਲਕਬ ਮੱਥੇ ਤੋਂ ਲਹਿ ਜਾਂਦਾ ਹੈ। ਫਿਰ ਬੰਦਾ ਸੱਚੀਂ ਆਪਣੇ ਅੰਦਰਲੇ ਬੰਦੇ ਨਾਲ ਇਕਸੁਰ ਅਤੇ ਇੱਕ ਸੋਚ ਹੁੰਦਾ ਹੈ। ਇਹੀ ਇਕਸੁਰਤਾ ਉਸ ਦੇ ਜੀਵਨ ਦਾ ਸਭ ਤੋਂ ਵੱਡਾ ਅਤੇ ਅਹਿਮ ਸੱਚ ਹੁੰਦਾ ਹੈ। ਕੀ ਤੁਸੀਂ ਕਦੇ ਇਸ ਸੱਚ ਨੂੰ ਸਮਝਣ ਅਤੇ ਕਮਾਉਣ ਦੀ ਲੋਚਾ ਪੈਦਾ ਕੀਤੀ ਹੈ? ਜੇ ਇਸ ਸੱਚ ਨੂੰ ਪਾਉਣਾ ਹੈ ਤਾਂ ਆਪਣੇ ਅੰਦਰਲੇ ਬੰਦੇ ਦੀ ਭਾਲ ਵਿੱਚ ਆਪਣੀ ਯਾਤਰਾ ਸ਼ੁਰੂ ਕਰੋ ਪਰ ਇਹ ਯਾਤਰਾ ਸਿਰਫ਼ ਆਪਣੇ ਅੰਦਰੋਂ ਹੀ ਸ਼ੁਰੂ ਕਰਨੀ ਪਵੇਗੀ।
ਸੰਪਰਕ: 216-556-2080

Advertisement

Advertisement
Author Image

joginder kumar

View all posts

Advertisement