For the best experience, open
https://m.punjabitribuneonline.com
on your mobile browser.
Advertisement

ਜ਼ਰਾ ਬਚਕੇ... ਜ਼ਿੰਦਗੀ ਅਨਮੋਲ ਹੈ

08:53 AM Jul 13, 2024 IST
ਜ਼ਰਾ ਬਚਕੇ    ਜ਼ਿੰਦਗੀ ਅਨਮੋਲ ਹੈ
Advertisement

ਬਰਜਿੰਦਰ ਕੌਰ ਬਿਸਰਾਓ

Advertisement

ਮਨੁੱਖੀ ਸੁਭਾਅ ਵਿੱਚ ਕੁਦਰਤੀ ਤੌਰ ’ਤੇ ਹਰ ਰੰਗ ਮਾਣਨ ਦਾ ਚਾਅ ਛੁਪਿਆ ਹੋਇਆ ਹੁੰਦਾ ਹੈ। ਹੋਵੇ ਵੀ ਕਿਉਂ ਨਾ... ? ਰੱਬ ਨੇ ਜਿੰਨੀ ਜ਼ਿੰਦਗੀ ਵੀ ਦਿੱਤੀ ਹੈ ਉਸ ਨੂੰ ਖੁੱਲ੍ਹ ਕੇ ਜਿਊਣਾ ਚਾਹੀਦਾ ਹੈ। ਜ਼ਿੰਦਗੀ ਜਿਊਣਾ ਤੇ ਜ਼ਿੰਦਗੀ ਦੇ ਰੰਗ ਮਾਣਨਾ ਆਪਣੇ ਆਪ ਵਿੱਚ ਦੋ ਅਲੱਗ ਵਿਸ਼ੇ ਵੀ ਹੋ ਸਕਦੇ ਹਨ ਜਾਂ ਫਿਰ ਇਨ੍ਹਾਂ ਨੂੰ ਇੱਕ ਕਰਕੇ ਵੀ ਦੇਖਿਆ ਜਾ ਸਕਦਾ ਹੈ। ਇਹ ਹਰ ਵਿਅਕਤੀ ਦੇ ਆਪਣੇ ਆਪਣੇ ਸੁਭਾਅ ਉੱਤੇ ਨਿਰਭਰ ਕਰਦਾ ਹੈ। ਕਈ ਲੋਕ ਜ਼ਿੰਦਗੀ ਵਿੱਚ ਸਿਰਫ਼ ਦਿਨ ਕਟੀ ਕਰ ਰਹੇ ਹੁੰਦੇ ਹਨ। ਕੋਈ ਕੋਈ ਦੁਨੀਆ ਦਾ ਹਰ ਰੰਗ ਖੁੱਲ੍ਹ ਕੇ ਮਾਣਨਾ ਚਾਹੁੰਦੇ ਹਨ। ਦਿਨ ਕਟੀ ਵੀ ਜੇ ਖ਼ੁਸ਼ੀ ਖ਼ੁਸ਼ੀ ਕੀਤੀ ਜਾਵੇ ਤਾਂ ਉਸ ਵਰਗਾ ਅਨੰਦ ਵੀ ਕਿਧਰੇ ਹੋਰ ਜਾ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੇ ਦੂਜੇ ਪਾਸੇ ਗੱਲ ਕਰੀਏ ਦੁਨੀਆ ਦੇ ਰੰਗ ਮਾਣਨ ਦੀ ਤਾਂ ਕਈ ਲੋਕ ਰੰਗ ਮਾਣਦੇ ਮਾਣਦੇ ਜ਼ਿੰਦਗੀ ਤੋਂ ਵੀ ਹੱਥ ਧੋ ਬੈਠਦੇ ਹਨ।
ਜ਼ਮਾਨੇ ਦੇ ਬਦਲਣ ਨਾਲ ਲੋਕਾਂ ਦੇ ਰਹਿਣ ਸਹਿਣ ਵਿੱਚ ਤਬਦੀਲੀ ਆਉਣੀ ਤਾਂ ਕੁਦਰਤੀ ਗੱਲ ਹੈ ਪਰ ਮਨੁੱਖ ਜਦੋਂ ਉਸ ਨੂੰ ਹੱਦੋਂ ਵੱਧ ਬਦਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਕੁਝ ਇਸੇ ਤਰ੍ਹਾਂ ਨਾਲ ਹੀ ਲੋਕਾਂ ਵਿੱਚ ਖ਼ਾਸ ਕਰਕੇ ਪੰਜਾਬੀਆਂ ਵਿੱਚ ਘੁੰਮਣ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਣ ਲੱਗਿਆ ਹੈ ਕਿ ਇੱਕ ਦੋ ਛੁੱਟੀਆਂ ਆਈਆਂ ਤਾਂ ਪਹਾੜਾਂ ਵਿੱਚ ਘੁੰਮਣ ਨਿਕਲ ਗਏ। ਘੁੰਮਣਾ ਚੰਗੀ ਗੱਲ ਹੈ ਪਰ ਅੱਜ ਦੀ ਤੇਜ਼ ਰਫ਼ਤਾਰੀ ਵਿੱਚ ਅਣਜਾਣ ਥਾਵਾਂ ’ਤੇ ਜਾ ਕੇ ਮਨਮਰਜ਼ੀਆਂ ਕਰਨੀਆਂ ਹਾਨੀਕਾਰਕ ਸਿੱਧ ਹੋ ਰਹੀਆਂ ਹਨ। ਗਰਮੀਆਂ ਦੇ ਦਿਨਾਂ ਵਿੱਚ ਨੌਜਵਾਨ ਵਰਗ ਜਾਂ ਜਿਹਦੇ ਪੱਲੇ ਚਾਰ ਪੈਸੇ ਹਨ ਉਹ ਤਾਂ ਬਸ ਘੁੰਮਣ ਜਾਣ ਲਈ ਛੁੱਟੀ ਦਾ ਇੰਤਜ਼ਾਰ ਕਰਦੇ ਹਨ। ਜਦ ਕਿ ਹੁਣ ਤੋਂ ਦੋ ਕੁ ਦਹਾਕੇ ਪਹਿਲਾਂ ਇਹੋ ਜਿਹਾ ਕੋਈ ਸ਼ੌਕ ਆਮ ਲੋਕਾਂ ਦੇ ਦਿਮਾਗ਼ ’ਤੇ ਭਾਰੂ ਨਹੀਂ ਸੀ ਹੁੰਦਾ ਸਗੋਂ ਉਹ ਛੁੱਟੀ ਵਾਲੇ ਦਿਨ ਘਰ ਦਾ ਕੋਈ ਨਾ ਕੋਈ ਕੰਮ ਸੰਵਾਰਨ ਦੀ ਸੋਚ ਲੈ ਕੇ ਚੱਲਦੇ ਸਨ।
ਸਾਡੇ ਅਜੋਕੇ ਸਮਾਜ ਵਿੱਚ ਲੋਕਾਂ ਅੰਦਰ ਵਿਖਾਵਾ ਕਰਨ ਦਾ ਰੁਝਾਨ ਉੱਭਰ ਰਿਹਾ ਹੈ। ਸੋਸ਼ਲ ਮੀਡੀਆ ਦੇ ਪ੍ਰਚਲਨ ਕਾਰਨ ਇਸ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਲੋਕਾਂ ਵਿੱਚ ਆਪਣੇ ਪੈਸੇ ਦਾ ਵਿਖਾਵਾ ਕਰਨ, ਵੱਖ ਵੱਖ ਅਤੇ ਮਹਿੰਗੀਆਂ ਥਾਵਾਂ ’ਤੇ ਘੁੰਮਣ ਜਾਣ ਦਾ ਵਿਖਾਵਾ ਕਰਨ, ਆਪਣੀਆਂ ਮਹਿੰਗੀਆਂ ਕਾਰਾਂ ਦਾ ਵਿਖਾਵਾ ਕਰਨ ਕਾਰਨ ਬਹੁਤੇ ਲੋਕ ਘੁੰਮਣ ਨਿਕਲਦੇ ਹਨ। ਰਸਤਿਆਂ ਦੀਆਂ, ਆਪਣੀਆਂ, ਆਪਣੀਆਂ ਕਾਰਾਂ ਦੀਆਂ ਜਾਂ ਮਹਿੰਗੇ ਆਲੀਸ਼ਾਨ ਹੋਟਲਾਂ ਜਿਨ੍ਹਾਂ ਵਿੱਚ ਠਹਿਰਦੇ ਹਨ, ਉਨ੍ਹਾਂ ਦੀਆਂ ਫੋਟੋਆਂ ਜਾਂ ਫਿਲਮਾਂ ਨੂੰ ਲਾਈਵ ਹੋ ਕੇ ਜਾਂ ਅੱਗੋਂ ਪਿੱਛੋਂ ਫੋਟੋਆਂ ਸੋਸ਼ਲ ਮੀਡੀਆ ’ਤੇ ਪਾਉਂਦੇ ਹਨ। ਇਹ ਇੱਕ ਤਰ੍ਹਾਂ ਨਾਲ ਆਪਣੀ ਸ਼ਾਨੋ-ਸ਼ੌਕਤ ਦੀ ਮਸ਼ਹੂਰੀ ਕਰਨ ਲਈ ਕੀਤਾ ਜਾਂਦਾ ਹੈ। ਕਈ ਲੋਕ ਤਾਂ ਸਿਰਫ਼ ਵਿਖਾਵਾ ਕਰਨ ਲਈ ਕਰਜ਼ੇ ਸਿਰ ’ਤੇ ਚੜ੍ਹਾ ਕੇ ਘੁੰਮਣ ਜਾਂਦੇ ਹਨ ਕਿਉਂਕਿ ਉਹ ਉਨ੍ਹਾਂ ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਨੂੰ ਦਿਖਾਉਣਾ ਚਾਹੁੰਦੇ ਹਨ ਜੋ ਪਹਿਲਾਂ ਘੁੰਮ ਕੇ ਆਏ ਹੁੰਦੇ ਹਨ। ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਵੀ ਉਨ੍ਹਾਂ ਤੋਂ ਘੱਟ ਨਹੀਂ ਹਨ ਪਰ ਇਹ ਗੱਲਾਂ ਉਨ੍ਹਾਂ ਲਈ ਹੀ ਘਾਤਕ ਸਿੱਧ ਹੁੰਦੀਆਂ ਹਨ।
ਪੰਜਾਬ ਦੀਆਂ ਚੌੜੀਆਂ ਅਤੇ ਪੱਧਰੀਆਂ ਸੜਕਾਂ ’ਤੇ ਤੇਜ਼ ਰਫ਼ਤਾਰ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਚਲਾਉਣ ਵਾਲੇ ਨੌਜਵਾਨ ਪਹਾੜਾਂ ਵਿੱਚ ਘੁੰਮਣ ਗਏ ਉੱਥੋਂ ਦੀਆਂ ਸੜਕਾਂ ਉੱਤੇ ਉਸੇ ਤਰ੍ਹਾਂ ਵਾਹਨ ਚਲਾਉਂਦੇ ਹਨ। ਉੱਥੇ ਇੱਕ ਪਾਸੇ ਪਹਾੜ ਤੇ ਦੂਜੇ ਪਾਸੇ ਡੂੰਘੀਆਂ ਖਾਈਆਂ ਹੁੰਦੀਆਂ ਹਨ। ਛੋਟੀ ਜਿਹੀ ਲਾਪਰਵਾਹੀ ਕਾਰਨ ਉਹ ਆਪ ਤਾਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਹੀ ਹਨ ਪਰ ਕਈ ਧਿਆਨ ਨਾਲ ਆ ਰਹੇ ਲੋਕ ਵੀ ਉਨ੍ਹਾਂ ਲੋਕਾਂ ਦੀ ਲਾਪਰਵਾਹੀ ਦੀ ਚਪੇਟ ਵਿੱਚ ਆ ਕੇ ਆਪਣੇ ਟੱਬਰਾਂ ਦੇ ਟੱਬਰ ਗਵਾ ਬੈਠਦੇ ਹਨ। ਪਹਾੜੀ ਇਲਾਕਿਆਂ ਦੇ ਮੌਸਮਾਂ ਤੋਂ ਬੇਖ਼ਬਰ, ਉੱਥੋਂ ਦੇ ਨਦੀਆਂ ਨਾਲਿਆਂ ਤੋਂ ਬੇਖ਼ਬਰ ਇਕਦਮ ਆਏ ਪਾਣੀ ਦੇ ਤੇਜ਼ ਵਹਾਅ ਵੱਡੇ ਵੱਡੇ ਵਾਹਨ ਅਤੇ ਕਿੰਨੀਆਂ ਕੀਮਤੀ ਜ਼ਿੰਦਗੀਆਂ ਨੂੰ ਰੁੜ੍ਹਾ ਕੇ ਲੈ ਜਾਂਦੇ ਹਨ। ਕਈ ਵਾਰ ਭੂ-ਖਿਸਕਣ ਦੀਆਂ ਦਰਦਨਾਕ ਘਟਨਾਵਾਂ ਵਾਪਰਦੀਆਂ ਹਨ। ਵੱਡੇ ਵੱਡੇ ਪਹਾੜਾਂ ਦੇ ਪਹਾੜ ਜਦ ਡਿੱਗਦੇ ਹਨ ਤਾਂ ਸੜਕਾਂ ਦੇ ਨਾਲ ਨਾਲ ਉਨ੍ਹਾਂ ਉੱਪਰ ਖੜ੍ਹੇ ਵਾਹਨ ਵੀ ਉਨ੍ਹਾਂ ਹੇਠ ਦਫ਼ਨ ਹੋ ਜਾਂਦੇ ਹਨ। ਕਈ ਨੌਜਵਾਨ ਨਦੀਆਂ ਨਾਲਿਆਂ ਦੇ ਪਾਣੀਆਂ ਦੀ ਗਤੀ ਤੋਂ ਅਣਜਾਣ, ਪੰਜਾਬ ਦੀਆਂ ਨਹਿਰਾਂ ਵਿੱਚ ਛਾਲਾਂ ਮਾਰ ਕੇ ਆਸਾਨੀ ਨਾਲ ਤੈਰਨ ਵਾਲੇ ਮੁੰਡੇ ਅਕਸਰ ਉਨ੍ਹਾਂ ਦੀ ਤੇਜ਼ ਰਫ਼ਤਾਰੀ ਦੀ ਤਾਬ ਨਾ ਝੱਲਦੇ ਹੋਏ ਦੇਖਦੇ ਹੀ ਦੇਖਦੇ ਰੁੜ੍ਹ ਜਾਂਦੇ ਹਨ। ਮਾਪਿਆਂ ਦੀਆਂ ਲਾਡਲੀਆਂ ਔਲਾਦਾਂ ਦਾ ਇਸ ਤਰ੍ਹਾਂ ਭੰਗ ਦੇ ਭਾੜੇ ਚਲੇ ਜਾਣਾ ਵਾਕਿਆ ਹੀ ਬਹੁਤ ਦੁਖਦਾਈ ਅਤੇ ਅਸਹਿ ਹੁੰਦਾ ਹੈ।
ਨਿੱਤ ਪੰਜਾਬ ਵੱਲੋਂ ਘੁੰਮਣ ਗਏ ਨੌਜਵਾਨਾਂ ਦੀਆਂ ਜਦ ਇਸ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਹਿਰਦੇ ਵਲੂੰਧਰੇ ਜਾਂਦੇ ਹਨ। ਸਾਰੇ ਸੈਲਾਨੀਆਂ ਨੂੰ ਇਹ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਿੱਥੇ ਉਹ ਘੁੰਮਣ ਜਾ ਰਹੇ ਹਨ ਕੀ ਉਨ੍ਹਾਂ ਥਾਵਾਂ ਤੋਂ ਜਾਣੂ ਹਨ? ਨਹੀਂ ਤਾਂ ਹਰ ਓਪਰੀ ਜਗ੍ਹਾ ’ਤੇ ਜਾ ਕੇ ਦਾਇਰੇ ਵਿੱਚ ਰਹਿ ਕੇ ਹੀ ਮਨੋਰੰਜਨ ਕਰਨਾ ਚਾਹੀਦਾ ਹੈ। ਲੋਕ ਵਿਖਾਵੇ ਦੀ ਰੁਚੀ ਨੂੰ ਆਪਣੇ ਉੱਪਰ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਸੈਲਫੀਆਂ ਲੈਂਦੇ ਡੂੰਘੀਆਂ ਖਾਈਆਂ ਵਿੱਚ ਗਿਰ ਜਾਣ ਵਰਗੀਆਂ ਘਟਨਾਵਾਂ ਤੋਂ ਬਚਣਾ ਚਾਹੀਦਾ ਹੈ। ਸੜਕਾਂ ਉੱਤੇ ਸਿਰਫ਼ ਓਧਰਲੇ ਲੋਕਾਂ ਜਾਂ ਮੌਸਮ ਮਾਹਿਰਾਂ ਦੀਆਂ ਹਦਾਇਤਾਂ ਅਨੁਸਾਰ ਹੀ ਨਿਕਲਣਾ ਚਾਹੀਦਾ ਹੈ। ਇਹ ਜ਼ਿੰਦਗੀ ਬਹੁਤ ਅਨਮੋਲ ਹੈ, ਇਸ ਨੂੰ ਅਜਾਈਂ ਨਾ ਗਵਾਓ।
ਸੰਪਰਕ: 99889-01324

Advertisement

Advertisement
Author Image

joginder kumar

View all posts

Advertisement