ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਹ ਲਉ, ਫੜੋ ਆਪਣੀ ਪਲੇਟ

07:23 AM Dec 22, 2024 IST

 

Advertisement

ਪ੍ਰੋ. ਜਸਵੰਤ ਸਿੰਘ ਗੰਡਮ

ਸ਼ਹਿਰਾਂ ਵਿੱਚ ਸਾਗ ਬਣਾਉਣ ਲਈ ਵਪਾਰਕ ਸਰ੍ਹੋਂ ਵਿਕਣੀ ਸ਼ੁਰੂ ਹੋ ਗਈ ਹੈ। ਪਿੰਡਾਂ ਵਿੱਚ ਕਣਕ ਦੇ ਖੇਤਾਂ ਦੀਆਂ ਵੱਟਾਂ ਉੱਪਰ, ਪੱਠਿਆਂ ਨਾਲ ਜਾਂ ਫਿਰ ਵੱਖਰੇ ਤੌਰ ’ਤੇ ਸਰ੍ਹੋਂ ਅਜੇ ਬੀਜੀ ਹੋਈ ਹੈ।
ਖ਼ੈਰ, ਇੱਕ ਰੇਹੜੀ ਵਾਲਾ ਤੜਕਸਾਰ ਹੀ ਜਦ ‘ਸਾਗ ਲਈ ਸਰ੍ਹੋਂ ਲੈ ਲਉ’ ਦਾ ਹੋਕਾ ਦੇ ਰਿਹਾ ਸੀ ਤਾਂ ਮੇਰੇ ਭੁਰੇ ਹੋਏ ਦੰਦਾਂ ਵਾਲੇ ਬੁੱਢੇ ਮੂੰਹ ਵਿੱਚ ਵੀ ਪਾਣੀ ਭਰ ਆਇਆ। ਸਾਰਾ ਬਚਪਨ ਅਤੇ ਅੱਲੜਪਣ ਤੌੜੀ ਵਾਲਾ ਸਾਗ ਖਾ ਖਾ ਬਿਤਾਇਆ ਹੋਣ ਕਾਰਨ ਸਾਗ ਜੀਵਨ ਦੇ 75ਵੇਂ ਸਾਲ ਵਿੱਚ ਵੀ ਸਾਡੀ ਕਮਜ਼ੋਰੀ ਹੈ, ਠੀਕ ਓਸੇ ਤਰ੍ਹਾਂ ਜਿਵੇਂ ਛੱਲ਼ੀਆਂ, ਹੋਲਾਂ, ਮੂੰਗਫਲੀ, ਟਪਕਾ ਅੰਬ ਅਤੇ ਖਰਬੂਜ਼ੇ ਹਨ। ਅਸੀਂ ਖੇਤਾਂ ਵਿੱਚ ਹੀ ਛੱਲ਼ੀਆਂ, ਛੋਲੇ, ਮੂੰਗਫਲੀ ਤੋੜ/ਪੁੱਟ ਕੇ ਧੂਣੀ ਬਾਲ ਕੇ ਭੁੰਨ ਭੁੰਨ ਖਾਂਦੇ ਰਹੇ ਹਾਂ ਤੇ ਮਜ਼ੇ ਲੁੱਟਦੇ ਰਹੇ ਹਾਂ। ਖਰਬੂਜ਼ਿਆਂ ਬਾਰੇ ਤਾਂ ਨਾ ਹੀ ਪੁੱਛੋ।
ਸਾਗ ਦਾ ਹੋਕਾ ਸੁਣ ਕੇ ਇੱਕ ਸੱਚੀ ਗੱਲ ਚੇਤੇ ਆ ਗਈ। ਇਸ ਸਬੰਧੀ ਚੁਟਕਲੇ ਵੀ ਬਣੇ ਹਨ, ਪਰ ਸਾਡੇ ਨਾਲ ਵਾਪਰੀ ਇਹ ਗੱਲ ਸੋਲਾਂ ਆਨੇ ਸੱਚ ਹੈ।
ਇਹ 1969-70 ਜਾਂ 70-71 ਦੀ ਗੱਲ ਹੈ। ਅਸੀਂ ਅਜੇ ਬੀ.ਏ. ਵਿੱਚ ਪੜ੍ਹਦੇ ਸਾਂ।ਕਾਲਜ ਸਾਡੇ ਪਿੰਡ ਗੰਢਵਾਂ ਦੇ ਨੇੜੇ ਹੀ ਸੀ। ਉਨ੍ਹੀਂ ਦਿਨੀਂ ਅਮਰੀਕਾ ਤੋਂ ਕਣਕ ਦਰਾਮਦ ਕੀਤੀ ਜਾਂਦੀ ਸੀ। ਪੀ.ਐਲ.-480 ਸਮਝੌਤੇ ਤਹਿਤ ਦਰਾਮਦੀ ਕਣਕ ਅਮਰੀਕਾ ‘ਦੋਸਤ’ ਮੁਲਕਾਂ ਨੂੰ ਆਪਣੀ ਸਰਪਲੱਸ ਕਣਕ ਸਸਤੇ ਭਾਅ ਜਾਂ ਗਰਾਂਟ ਵਜੋਂ ਭੇਜਦਾ ਸੀ। ਨਾਲ ਹੀ ਅਮਰੀਕਾ ਤੋਂ ਕੁਝ ‘ਪੀਸ ਕੋਰ ਵਾਲੰਟੀਅਰ’ ਵੀ ਆਉਂਦੇ ਸਨ ਜੋ ਵੱਖ ਵੱਖ ਖੇਤਰਾਂ ਵਿੱਚ ਮਾਹਿਰਾਂ ਵਜੋਂ ਵਿਚਰਦੇ ਸਨ। ਕਈ ਲੋਕ ਇਨ੍ਹਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੀ ਦੇਖਦੇ ਸਨ।
ਸਾਡੇ ਪਿੰਡ ਜੇਮਜ਼ ਪਾਲ ਠਿੱਬਡੋ ਨਾਮ ਦਾ ਵਾਲੰਟੀਅਰ ਸਾਡੇ ਘਰ ਦੇ ਨਾਲ ਬਣੀ ਸਹਿਕਾਰੀ ਸਭਾ ਸੁਸਾਇਟੀ/ਬੈਂਕ ਉੱਪਰ ਬਣੇ ਚੁਬਾਰੇ ’ਚ ਰਹਿੰਦਾ ਸੀ।ਉਹ ਕਿਸਾਨਾਂ ਨੂੰ ਆਧੁਨਿਕ ਖੇਤੀ ਦੀ ਸਿਖਲਾਈ ਦੇਣ ਆਇਆ ਸੀ। ਉਦੋਂ ਪਿੰਡਾਂ ਥਾਵਾਂ ’ਚ ਅੰਗਰੇਜ਼ੀ ਬੋਲਣ ਵਾਲੇ ਘੱਟ ਵੱਧ ਹੀ ਹੁੰਦੇ ਸਨ ਤੇ ਬਾਹਰਲੇ ਮੁਲਕਾਂ ਦੀ ਅੰਗਰੇਜ਼ੀ ਬੋਲੇ ਜਾਣ ਦਾ ਲਹਿਜਾ ਸਮਝਣ ਵਾਲੇ ਤਾਂ ਸ਼ਾਇਦ ਹੁਣ ਵੀ ਨਾ ਹੁੰਦੇ ਹੋਣ। ਸਾਡੀ ਅੰਗਰੇਜ਼ੀ ਚੰਗੀ ਹੋਣ ਕਾਰਨ ਉਹ ਬਹੁਤਾ ਸਾਡੇ ਨਾਲ ਹੀ ਗੱਲਬਾਤ ਕਰਦਾ ਸੀ। ਹੋਰ ਤਾਂ ਹੋਰ, ਉਹ ਰੋਟੀ ਵੀ ਸਾਡੇ ਘਰ ਹੀ ਖਾਂਦਾ। ਮੇਰੇ ਇਹ ਪੁੱਛਣ ’ਤੇ ਕਿ ਉਸ ਨੂੰ ਕੀ ਪਸੰਦ ਹੈ, ਉਸ ਨੇ ਇੱਕ ਨਿੱਕੇ ਜਿਹੇ ਫ਼ਿਕਰੇ ’ਚ ਹੀ ਗੱਲ ਮੁਕਾ ਦਿੱਤੀ, ‘‘ਵਟ ਯੂ ਈਟ, ਆਈ ਈਟ’’ (ਜੋ ਬਣਿਆ, ਉਹ ਸਤਬਚਨ)। ਬਹੁਤਾ ਦਾਲ ਫੁਲਕਾ ਜਾਂ ਸਾਗ ਮੱਕੀ ਦੀ ਰੋਟੀ ਹੀ ਬਣਦੀ ਸੀ। ਚੰਗਾ-ਚੋਖਾ ਤਾਂ ਉਦੋਂ ਕਦੀ ਨਸੀਬ ਨਹੀਂ ਸੀ ਹੋਇਆ। ਇਹ ਹਰ ਨਿਮਨ ਮੱਧਵਰਗੀ ਕਿਸਾਨੀ ਪਰਿਵਾਰ ਦੀ ਘਰ ਘਰ ਦੀ ਕਹਾਣੀ ਸੀ।
ਜੇਮਜ਼ ਦਾ ਇੱਕ ਹੋਰ ਦੋਸਤ ਬੌਬ ਢਪੱਈ ਪਿੰਡ ਵਿੱਚ ਰਹਿੰਦਾ ਸੀ। ਉਹ ਵੀ ਸ਼ਾਇਦ ਖੇਤੀ ਮਾਹਿਰ ਹੀ ਸੀ। ਉਨ੍ਹਾਂ ਦਾ ਇੱਕ ਸਾਥੀ ਸਾਡੇ ਨੇੜਲੇ ਸ਼ਹਿਰ ਫਗਵਾੜੇ ਵਿੱਚ ਇੱਕ ਕਾਲਜ ਵਿੱਚ ਸਿੱਖਿਆ ਦਿੰਦਾ ਸੀ। ਉਸ ਦਾ ਨਾਮ ਬੁੱਕ ਬਾਈਂਡਰ ਸੀ।
ਇੱਕ ਦਿਨ ਜੇਮਜ਼ ਨਾਲ ਇਹ ਸਾਰੇ ਪਿੰਡ ਆਏ। ਸੁਭਾਵਿਕ ਸੀ ਕਿ ਖਾਣਾ ਸਾਡੇ ਘਰ ਹੀ ਸੀ। ਓਦਣ ਸਾਗ ਬਣਿਆ ਸੀ। ਕੁਦਰਤੀ ਸੀ ਕਿ ਸਾਗ ਨਾਲ ਮੱਕੀ ਦੀ ਰੋਟੀ ਬਣਨੀ ਸੀ, ਸਾਗ ’ਚ ਮੱਖਣ ਦਾ ਪੇੜਾ/ਡਲਾ ਵੀ ਪੈਣਾ ਸੀ। ਇਹ ਤਾਂ ਪੰਜਾਬੀਆਂ ਦੀ, ਖ਼ਾਸ ਕਰਕੇ ਪਿੰਡਾਂ ਵਿੱਚ ਵਸਦੇ ਲੋਕਾਂ ਦੀ ‘ਸਟੇਪਲ ਡਾਈਟ’ ਹੁੰਦੀ ਸੀ। ਪੁਰਾਣਿਆਂ ਦੀ ਤਾਂ ਹੁਣ ਵੀ ਹੈ।ਨਵੀਂ ਪੀੜ੍ਹੀ ’ਚੋਂ ਜ਼ਰੂਰ ਕਈ ਜਣੇ ਨੱਕ-ਬੁੱਲ੍ਹ ਚਾੜ੍ਹਨ ਲੱਗ ਪੈਂਦੇ ਹਨ ਤੇ ਸਾਗ ਨੂੰ ਪੱਠੇ ਸੱਦਦੇ ਹਨ। ਸਾਡੇ ਵਰਗੇ ਬੁੜ ਬੁੜ ਕਰਦੇ ਬੜਬੋਲੇ ਬੁੜ੍ਹੇ ਉਨ੍ਹਾਂ ਨੂੰ ਉੱਲੂ ਦੇ ਪੱਠੇ ਕਹਿ ਕੇ ਵਡਿਆਉਂਦੇ ਹਨ ਤੇ ਉਹ ਸਾਡੇ ਵਰਗਿਆਂ ਨੂੰ ਅੱਗੋਂ ‘ਬੁੱਢੇ ਖੂਸਟ’ ਕਹਿ ਕੇ ਸਤਿਕਾਰਦੇ ਹਨ।
ਜੇਮਜ਼ ਤਾਂ ਅੱਗੇ ਵੀ ਕਈ ਵਾਰ ਮੱਖਣ ਸਜਿਆ ਸਾਗ ਤੇ ਮੱਕੀ ਦੀ ਰੋਟੀ ਖ਼ੁਸ਼ੀ ਖ਼ੁਸ਼ੀ ਖਾ ਚੁੱਕਾ ਸੀ। ਬੁੱਕ ਬਾਂਈਡਰ ਥੋੜ੍ਹਾ ਝਿਜਕਦਾ ਝਿਜਕਦਾ ਖਾ ਗਿਆ, ਪਰ ਬੌਬ ਨੇ ਮੱਕੀ ਦੀ ਵੱਡੀ ਸਾਰੀ ਰੋਟੀ ਉੱਪਰ ਧਰੇ ਮੱਖਣ-ਅੱਟੇ ਸਾਗ ਨੂੰ ਤਾਂ ਉਂਗਲਾਂ ਨਾਲ ਖਾ ਲਿਆ, ਪਰ ਮੱਕੀ ਦੀ ਰੋਟੀ ਉਵੇਂ ਹੀ ਅਣਖਾਧੀ ਛੱਡ ਦਿੱਤੀ। ਬੌਬ ਨੂੰ ਉਂਗਲਾਂ ਦਾ ਚਮਚਾ ਇਸ ਲਈ ਬਣਾਉਣਾ ਪਿਆ ਕਿਉਂਕਿ ਉਦੋਂ ਸਾਡੇ ਪਿੰਡਾਂ ਵਿੱਚ ਰੋਟੀ ਦੀ ਥਾਲੀ ਵਿੱਚ ਚਮਚਾ ਰੱਖੇ ਜਾਣ ਦਾ ਰਿਵਾਜ ਨਹੀਂ ਸੀ। ਵੈਸੈ ਤਾਂ ਹੁਣ ਵੀ ਸਾਰਾ ਦੱਖਣੀ ਭਾਰਤ, ਉੱਤਰ ਪੂਰਬੀ ਭਾਰਤ, ਬੰਗਾਲ, ਬਿਹਾਰ, ਯੂ.ਪੀ. ਵਿੱਚ ਖਾਣਾ ਸਿੱਧਾ ਹੱਥਾਂ ਨਾਲ ਹੀ ਖਾਂਦੇ ਹਨ।
ਖ਼ੈਰ, ਸਾਨੂੰ ਲੱਗਾ ਜਿਵੇਂ ਉਹ ਵੱਡ-ਆਕਾਰੀ ਮੱਕੀ ਦੀ ਰੋਟੀ ਨੂੰ ਪਲੇਟ ਦੇ ਭੁਲੇਖੇ ਬਿਨ ਖਾਧਿਆਂ ਹੀ ਛੱਡ ਗਿਆ ਹੋਵੇ ਤੇ ਮਨੋ ਮਨੀ ਕਹਿੰਦਾ ਹੋਵੇ, ‘‘ਭਲੇ ਲੋਕੋ! ਆਹ ਲਉ ਫੜੋ ਆਪਣੀ ਪਲੇਟ। ਆਪਾਂ ਬਾਕੀ ਖਾਣਾ, ਸਾਗ ਸਬਜ਼ੀ ’ਤੇ ਮੱਖਣ ਛਕ ਲਿਐ।’’
ਸੰਪਰਕ: 98766-55055

Advertisement

Advertisement