ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਓ, ਬੀਜੀਏ ਚੰਗੀ ਸੋਚ ਦੇ ਬੀਜ

08:41 AM Jul 20, 2024 IST

ਅੰਮ੍ਰਿਤ ਕੌਰ

Advertisement

ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਗੱਲਾਂ ਦੀ ਬੜੀ ਚਰਚਾ ਚੱਲਦੀ ਆ ਰਹੀ ਹੈ ਕਿ ਸਾਡੀ ਅੱਜ ਦੀ ਚੰਗੀ ਜਾਂ ਮਾੜੀ ਸੋਚ ਸਾਡਾ ਚੰਗਾ ਜਾਂ ਮਾੜਾ ਭਵਿੱਖ ਤੈਅ ਕਰਦੀ ਹੈ। ਕਈ ਸਾਲ ਪਹਿਲਾਂ ਰੋਂਡਾ ਬਰਨ ਦੀ ਲਿਖੀ ਕਿਤਾਬ ‘ਰਹੱਸ’ ਪੜ੍ਹਨ ਦਾ ਮੌਕਾ ਮਿਲਿਆ। ਜਦੋਂ ਮੈਂ ਕਿਤਾਬ ਪੜ੍ਹੀ ਤਾਂ ਕਾਫ਼ੀ ਗੱਲਾਂ ਸਮਝ ਵਿੱਚ ਆਈਆਂ ਕਿ ਕਈ ਵਾਰ ਅਸੀਂ ਆਪਣੀ ਨਕਾਰਾਤਮਕ ਸੋਚ ਕਾਰਨ ਆਪਣਾ ਜੀਵਨ ਉਲਝਾ ਲੈਂਦੇ ਹਾਂ। ਸਕਾਰਾਤਮਕ ਸੋਚ ਨਾਲ ਅਸੀਂ ਚੰਗੀ ਊਰਜਾ ਨਾਲ ਭਰ ਜਾਂਦੇ ਹਾਂ। ਅਸੀਂ ਜੋ ਸੋਚਦੇ ਹਾਂ ਉਹੀ ਸਾਨੂੰ ਕਈ ਗੁਣਾ ਵਧ ਕੇ ਵਾਪਸ ਮਿਲਦਾ ਹੈ। ਕੁਲ ਮਿਲਾ ਕੇ ਜੇ ਅਸੀਂ ਆਪਣੀ ਸੋਚ ਸਹੀ ਰੱਖੀਏ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਹਰ ਤਰੀਕੇ ਨਾਲ ਬਿਹਤਰ ਬਣਾ ਸਕਦੇ ਹਾਂ। ਇਸ ਵਿੱਚ ਆਕਰਸ਼ਣ ਵਿਧੀ ਦੀ ਗੱਲ ’ਤੇ ਬੜਾ ਜ਼ੋਰ ਦਿੱਤਾ ਹੈ।
ਇਸੇ ਵਿਸ਼ੇ ’ਤੇ ਸੋਚਦਿਆਂ ਮੈਂ ਰਿਸ਼ਤਿਆਂ ’ਤੇ ਲਾ ਕੇ ਸੋਚਿਆ। ਕਿਸ ਤਰ੍ਹਾਂ ਗਲਤਫਹਿਮੀਆਂ ਵਿੱਚ ਫਸ ਕੇ ਬਾਤ ਦੇ ਬਤੰਗੜ ਬਣ ਜਾਂਦੇ ਹਨ ਅਤੇ ਇਸ ਤਰ੍ਹਾਂ ਰਿਸ਼ਤਿਆਂ ਦਾ ਵਰਤਾਰਾ ਖ਼ਰਾਬ ਹੋ ਜਾਂਦਾ ਹੈ। ਦਿਮਾਗ਼ ਲੋਕ ਗੀਤਾਂ ਤੱਕ ਪਹੁੰਚ ਗਿਆ ਅਤੇ ਫਿਰ ਇਸ ਤੋਂ ਵੀ ਅੱਗੇ ਸੱਸ-ਨੂੰਹ ਦੇ ਰਿਸ਼ਤੇ ਬਾਰੇ ਸੋਚਣ ਲੱਗੀ ਕਿਉਂਕਿ ਇਸ ਇੱਕ ਰਿਸ਼ਤੇ ਕਾਰਨ ਬਹੁਤ ਸਾਰੇ ਪਰਿਵਾਰ ਟੁੱਟ ਜਾਂਦੇ ਹਨ। ਨੂੰਹਾਂ-ਪੁੱਤ ਵੱਖ ਹੋ ਜਾਂਦੇ ਹਨ। ਮਰਨ ਮਰਾਉਣ ਤੱਕ ਗੱਲ ਪਹੁੰਚ ਜਾਂਦੀ ਹੈ। ਕੋਰਟ ਕਚਹਿਰੀ ਜਾਣਾ ਪੈਂਦਾ ਹੈ। ਜਿਹੜੇ ਨਾ ਤਾਂ ਵੱਖ ਹੁੰਦੇ ਹਨ, ਨਾ ਕੋਰਟ ਕਚਹਿਰੀ ਜਾਂਦੇ ਹਨ, ਉਨ੍ਹਾਂ ਪਰਿਵਾਰਾਂ ਦਾ ਇੱਕ ਅੱਧ ਜੀਅ ਮੌਤੋਂ ਭੈੜੀ ਜ਼ਿੰਦਗੀ ਜੀਅ ਰਿਹਾ ਹੁੰਦਾ ਹੈ। ਕਿਤੇ ਇੱਥੇ ਆਕਰਸ਼ਣ ਵਿਧੀ (law of attraction) ਤਾਂ ਨਹੀਂ ਕੰਮ ਕਰ ਰਹੀ। ਜਦੋਂ ਕਦੇ ਕਿਸੇ ਨੇ ਇਸ ਰਿਸ਼ਤੇ ਬਾਰੇ ਚੰਗਾ ਸੋਚਿਆ ਹੀ ਨਹੀਂ ਫਿਰ ਇਹ ਰਿਸ਼ਤਾ ਸਹੀ ਤਰੀਕੇ ਨਾਲ ਕਿਵੇਂ ਨਿਭ ਸਕਦਾ ਹੈ? ਲੋਕ ਗੀਤਾਂ ਵਿੱਚੋਂ ਸੱਸ ਨੂੰਹ ਦੀਆਂ ਬੋਲੀਆਂ ਵੀ ਕੁਝ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕਰਦੀਆਂ ਹਨ;
* ਮਾਪਿਆਂ ਨੇ ਮੈਂ ਰੱਖੀ ਲਾਡਲੀ
ਅੱਗੋਂ ਸੱਸ ਬਘਿਆੜੀ ਟੱਕਰੀ।
* ਨਿੰਮ ਦਾ ਲਿਆ ਦੇ ਘੋਟਣਾ
ਸੱਸ ਕੁੱਟਣੀ ਸੰਦੂਕਾਂ ਓਹਲੇ।
ਇਹੋ ਜਿਹੀਆਂ ਬੋਲੀਆਂ ਕੁਆਰੀਆਂ ਕੁੜੀਆਂ ਬੜੇ ਚਾਵਾਂ ਨਾਲ ਪਾਉਂਦੀਆਂ ਹਨ। ਕੁਝ ਕੁ ਦਹਾਕੇ ਪਹਿਲਾਂ ਜਦੋਂ ਸਾਉਣ ਦੇ ਮਹੀਨੇ ਹਰ ਘਰ ਦੇ ਵਿਹੜੇ ਵਿੱਚ ਲੱਗੇ ਦਰੱਖਤ ’ਤੇ ਪੀਂਘ ਪਾਈ ਹੁੰਦੀ ਸੀ। ਕਈ ਵਾਰ ਤਾਂ ਸੁੱਤੇ ਉੱਠਦੇ ਹੀ ਝੂਟਣ ਲੱਗ ਪੈਂਦੇ ਸੀ। ਘਰ ਦੀਆਂ ਜਵਾਨ ਕੁੜੀਆਂ ਵੀ ਕੰਮ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਪੀਂਘ ਝੂਟ ਲੈਂਦੀਆਂ ਸਨ। ਉਹ ਪੀਂਘ ਦੀ ਫੱਟੀ ’ਤੇ ਖੜ੍ਹੀਆਂ ਹੋ ਕੇ ਪੂਰੇ ਜ਼ੋਰ ਨਾਲ ਪੀਂਘ ਚੜ੍ਹਾਉਂਦੀਆਂ ਜਿਸ ਨੂੰ ਅਸੀਂ ‘ਹੀਂਘ ਚੜ੍ਹਾਉਣਾ’ ਆਖਦੇ ਸੀ। ਜਦੋਂ ਪੀਂਘ ਝੂਟਣ ਵਾਲੀ ਕੁੜੀ ਬਹੁਤ ਵੱਡੀ ਹੀਂਘ ਚੜ੍ਹਾਉਂਦੀ ਦਰੱਖਤ ਦੀਆਂ ਟਾਹਣੀਆਂ ਤੱਕ ਪਹੁੰਚ ਜਾਂਦੀ ਤਾਂ ਉੱਥੋਂ ਦਰੱਖਤ ਦੇ ਕੁਝ ਪੱਤੇ ਸੂਤ ਲੈਂਦੀ ਅਤੇ ਇਸ ਨੂੰ ਸੱਸ ਦਾ ਚੂੰਡਾ ਜਾਂ ਜੂੜਾ ਪੁੱਟਣਾ ਆਖਿਆ ਜਾਂਦਾ ਸੀ। ਇਸ ਦਾ ਮਤਲਬ ਹੈ ਕਿ ਧੀਆਂ ਨੂੰ ਸੱਸ ਦਾ ਸਤਿਕਾਰ ਕਰਨਾ ਨਹੀਂ ਸਿਖਾਇਆ ਜਾਂਦਾ। ਬਚਪਨ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਸੱਸ ਦੇ ਭੈੜੇ ਰੂਪ ਚਿਤਰੇ ਜਾਂਦੇ ਹਨ। ਜੇ ਕੋਈ ਕੁੜੀ ਘਰ ਦੇ ਕੰਮ ਧੰਦਿਆਂ ਵਿੱਚ ਗ਼ਲਤੀ ਕਰ ਦਿੰਦੀ ਹੈ ਤਾਂ ਉਸ ਨੂੰ ਆਖਿਆ ਜਾਂਦੈ, ‘‘ਕੋਈ ਨਾ, ਤੇਰੀ ਸੱਸ ਈ ਤੈਨੂੰ ਸਿੱਧੀ ਕਰੂ।’’
ਦੂਜੇ ਪਾਸੇ ਜੇਕਰ ਵਿਆਹੁਣ ਯੋਗ ਮੁੰਡੇ ਦੀ ਮਾਂ ਦਾ ਸੁਭਾਅ ਥੋੜ੍ਹਾ ਤੱਤਾ ਹੋਵੇ ਤਾਂ ਉਸ ਦੀਆਂ ਰਿਸ਼ਤੇਦਾਰ ਬੀਬੀਆਂ ਵੀ ਆਖ ਦਿੰਦੀਆਂ ਹਨ, ‘‘ਇਹਦੀਆਂ ਨੂੰਹ ਨਾਲ ਤਾਰਾਂ ਭਿੜਿਆ ਕਰਨਗੀਆਂ, ਫੇਰ ਲੱਗੂ ਇਹਨੂੰ ਪਤਾ।’’ ਕਈ ਲੋਕ ਨਿੱਕੀਆਂ ਨਿੱਕੀਆਂ ਬੱਚੀਆਂ ਜਿਨ੍ਹਾਂ ਨੂੰ ਅਜੇ ਬੋਲਣਾ ਵੀ ਨਹੀਂ ਆਉਂਦਾ, ਜਿਨ੍ਹਾਂ ਨੂੰ ਅਜੇ ਇਨ੍ਹਾਂ ਰਿਸ਼ਤਿਆਂ ਦੇ ਮਤਲਬ ਵੀ ਨਹੀਂ ਪਤਾ ਹੁੰਦੇ, ਉਨ੍ਹਾਂ ਨੂੰ ਸੱਸ ਦੇ ਭੈੜੇ ਸੁਭਾਅ ਨੂੰ ਦਰਸਾਉਂਦੀਆਂ ਬੋਲੀਆਂ ਸਿਖਾ ਕੇ ਖ਼ੁਸ਼ ਹੁੰਦੇ ਰਹਿਣਗੇ।
ਆਮ ਕਹਿੰਦਿਆਂ ਸੁਣਿਆ ਜਾਂਦਾ ਹੈ -ਸੱਪ ਵਿੱਚ ਇੱਕ ਸੱਸਾ (ਸ), ਸੱਸ ਵਿੱਚ ਦੋ ਸੱਸੇ। ਮਤਲਬ ਸੱਸ ਨੂੰ ਸੱਪ ਤੋਂ ਵੀ ਵੱਧ ਜ਼ਹਿਰੀ ਆਖਿਆ ਗਿਆ ਹੈ। ਕਈ ਲੋਕ ਗੱਲ ਨੂੰ ਭੁੰਜੇ ਨਹੀਂ ਡਿੱਗਣ ਦਿੰਦੇ। ਇੱਕ ਨਵੀਂ ਵਿਆਹੀ ਕੁੜੀ ਦੇ ਕੰਨ ਵਿੱਚ ਕਿਸੇ ਸਹੇਲੀ ਨੇ ਉਸ ਦੀ ਸੱਸ ਵੱਲ ਦੇਖ ਕੇ ਦੋ ਸੱਸਿਆਂ ਵਾਲੀ ਗੱਲ ਆਖ ਦਿੱਤੀ। ਕੁੜੀ ਤਾਂ ਕੁਝ ਨਾ ਬੋਲੀ ਪਰ ਨਾਲ ਖੜ੍ਹੀ ਉਸ ਦੀ ਛੋਟੀ ਭੈਣ ਬੋਲ ਪਈ, ‘‘ਨੂੰਹ ਦਾ ਇੱਕ ਨੰਨਾ (ਨ) ਅਤੇ ਨਿਓਲੇ ਦਾ ਵੀ ਇੱਕੋ ‘ਨ’ ਹੁੰਦਾ ਹੈ। ਸੱਪ ਜਿੰਨਾ ਮਰਜ਼ੀ ਜ਼ਹਿਰੀ ਹੋਵੇ ਨਿਓਲੇ ਦੀ ਕੁੜਿੱਕੀ ਵਿੱਚੋਂ ਨਹੀਂ ਨਿਕਲ ਸਕਦਾ। ਫਿਕਰ ਕਰਨ ਦੀ ਲੋੜ ਨਹੀਂ।’’
ਇਹ ਗੱਲਾਂ ਸਿਰਫ਼ ਕੁੜੀਆਂ ਹੀ ਨਹੀਂ ਕਰਦੀਆਂ ਬਲਕਿ ਮੁੰਡਿਆਂ ਦੀਆਂ ਮਾਵਾਂ ਵੀ ਇਸ ਦੀ ਪੂਰੀ ਤਿਆਰੀ ਰੱਖਦੀਆਂਂ ਹਨ। ਕਿਸੇ ਵਿਆਹ ’ਤੇ ਇਕੱਠੀਆਂ ਹੋਈਆਂ ਦੋ ਸਹੇਲੀਆਂ ਵਿੱਚੋਂ ਇੱਕ ਨੇ ਦੂਜੀ ਨੂੰ ਕਿਹਾ, ‘‘ਤੇਰਾ ਪੁੱਤ ਵਿਆਹੁਣ ਵਾਲਾ ਐ, ਤੂੰ ਵੀ ਵਿਆਹ ਕਰ ਈ ਲੈ ਹੁਣ।’’ ਦੂਜੀ ਨੇ ਝੱਟ ਜਵਾਬ ਦਿੱਤਾ, ‘‘ਮੇਰੀ ਗੁੱਤ ਦੇ ਵਾਲ਼ ਤੈਨੂੰ ਚੰਗੇ ਨ੍ਹੀਂ ਲੱਗਦੇ?’’ ਇਸ ਗੱਲ ਦਾ ਮਤਲਬ ਸਾਰੇ ਸਮਝਦੇ ਹਨ ਕਿ ਉਹ ਕਿਹੋ ਜਿਹੀ ਨੂੰਹ ਚਿਤਵਦੀ ਹੋਵੇਗੀ। ਕਿੱਕਰਾਂ ਦੇ ਬੀ ਬੀਜ ਕੇ ਦਾਖ਼ਾਂ ਨਹੀਂ ਮਿਲਦੀਆਂ ਹੁੰਦੀਆਂ। ਚੰਗੀ ਸੋਚ ਦੇ ਬੀ ਬੀਜ ਕੇ ਹੀ ਕੁਝ ਚੰਗਾ ਉੱਗੇਗਾ। ਪਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਇਸ ਲਈ ਕਈ ਪੁੱਤਾਂ ਦੀਆਂ ਮਾਵਾਂ ਇਸ ਤਰ੍ਹਾਂ ਵੀ ਸੋਚਦੀਆਂ ਹਨ ਕਿ ਉਹ ਆਪਣੀ ਨੂੰਹ ਨੂੰ ਬਹੁਤ ਪਿਆਰ ਦੇਣਗੀਆਂ। ਘਰ ਦਾ ਸਾਰਾ ਕੰਮ ਨੂੰਹ ਦੇ ਸਿਰ ’ਤੇ ਨਹੀਂ ਛੱਡਣਗੀਆਂ। ਕਈ ਸਿਆਣੀਆਂ ਬੀਬੀਆਂ ਕੁੜੀਆਂ ਵੀ ਘਰ ਵਿੱਚ ਕਲੇਸ਼ ਨਹੀਂ ਚਾਹੁੰਦੀਆਂ। ਦੋਵੇਂ ਪਾਸੇ ਸੰਤੁਲਨ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਘਰ ਸਵਰਗ ਵਰਗਾ ਸੁੱਖਾਂ ਭਰਿਆ ਬਣ ਜਾਂਦਾ ਹੈ। ਘਰ ਵਿੱਚ ਬਜ਼ੁਰਗਾਂ ਦੀ ਜਾਨ ਵੀ ਸੁਖਾਲੀ ਰਹਿੰਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਪਰਿਵਾਰ ਸੁਖੀ ਵਸਦੇ ਹਨ।
ਸਿਆਣਪ ਨਾਲ ਚੱਲਦੇ ਘਰਾਂ ਦੇ ਜੀਆਂ ਕੋਲ ਉਸਾਰੂ ਕੰਮਾਂ ਲਈ ਬਹੁਤ ਸਾਰਾ ਸਮਾਂ ਹੁੰਦਾ ਹੈ। ਉਹ ਤਰੱਕੀ ਕਰਦੇ ਹਨ। ਕਾਰਨ ਇਹ ਹੁੰਦਾ ਹੈ ਕਿ ਜਿੰਨੀ ਊਰਜਾ ਬੇਸਮਝ ਪਰਿਵਾਰਾਂ ਵਿੱਚ ਕਾਟੋ ਕਲੇਸ਼ ’ਤੇ ਖ਼ਰਚ ਹੁੰਦੀ ਹੈ। ਉਸ ਤੋਂ ਵੀ ਦੁੱਗਣੀ ਊਰਜਾ ਆਪੇ ਉਲਝਾਈਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਖ਼ਰਚ ਹੁੰਦੀ ਹੈ। ਬਿਮਾਰੀਆਂ ਵਧ ਜਾਂਦੀਆਂ ਹਨ ਤੇ ਤਰੱਕੀ ਰੁਕ ਜਾਂਦੀ ਹੈ। ਪਰ ਚੰਗੇ ਪਰਿਵਾਰ ਇਹੀ ਊਰਜਾ ਆਪਣੇ ਪਰਿਵਾਰ ਦੇ ਜੀਆਂ ਦੀ ਖੁਸ਼ਹਾਲੀ ਲਈ ਵਰਤਦੇ ਹਨ। ਇਸ ਤਰ੍ਹਾਂ ਦੇ ਪਰਿਵਾਰ ਘਰ ਆਈਆਂ ਨੂੰਹਾਂ ਨੂੰ ਨੌਕਰਾਣੀਆਂ ਨਹੀਂ ਸਮਝਦੇ। ਨੂੰਹਾਂ ਵੀ ਆਪਣੇ ਵੱਡਿਆਂ ਨੂੰ ਪੂਰਾ ਮਾਣ ਸਤਿਕਾਰ ਦਿੰਦੀਆਂ ਹਨ।
ਆਮ ਕਰਕੇ ਆਖਿਆ ਜਾਂਦਾ ਹੈ ਕਿ ਸੱਸਾਂ ਮਾਵਾਂ ਨਹੀਂ ਬਣ ਸਕਦੀਆਂ ਅਤੇ ਨੂੰਹਾਂ ਧੀਆਂ ਨਹੀਂ ਬਣ ਸਕਦੀਆਂ। ਚੰਗਾ ਤਾਂ ਇਹੀ ਹੈ ਕਿ ਸੱਸ ਨੂੰ ਸੱਸ ਅਤੇ ਨੂੰਹ ਨੂੰ ਨੂੰਹ ਹੀ ਰਹਿਣ ਦਿਓ। ਲੋੜ ਹੈ ਸੋਚ ਨੂੰ ਬਦਲਣ ਦੀ। ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਸੋਚ ਬਦਲਣ ਦੀ ਜ਼ਰੂਰਤ ਹੈ। ਹਰ ਇਨਸਾਨ ਵਿੱਚ ਗੁਣ-ਔਗੁਣ ਹੁੰਦੇ ਹਨ। ਜੇ ਔਗੁਣਾਂ ਨੂੰ ਲੈ ਕੇ ਔਖੇ ਭਾਰੇ ਹੁੰਦੇ ਹਾਂ ਤਾਂ ਗੁਣਾਂ ਦੀ ਤਾਰੀਫ਼ ਵੀ ਕਰਨੀ ਜ਼ਰੂਰੀ ਹੈ। ਜੇ ਇਨ੍ਹਾਂ ਰਿਸ਼ਤਿਆਂ ਬਾਰੇ ਚੰਗਾ ਸੋਚੀਏ ਅਤੇ ਸੰਤੁਲਨ ਬਣਾ ਕੇ ਰੱਖੀਏ ਤਾਂ ਇਨ੍ਹਾਂ ਪਿਆਰੇ ਰਿਸ਼ਤਿਆਂ ਨਾਲ ਨਿਭਦੇ ਨਿਭਾਉਂਦਿਆਂ ਜ਼ਿੰਦਗੀ ਦਾ ਪੈਂਡਾ ਸੁਖਾਲਾ ਹੋ ਜਾਵੇਗਾ।
ਸੰਪਰਕ: 98767-14004

Advertisement
Advertisement