For the best experience, open
https://m.punjabitribuneonline.com
on your mobile browser.
Advertisement

ਅੰਬ ਦੁਸਹਿਰੀ ਚੂਪਣ ਆਇਓ...

11:08 AM Jun 08, 2024 IST
ਅੰਬ ਦੁਸਹਿਰੀ ਚੂਪਣ ਆਇਓ
Advertisement

ਬਲਜਿੰਦਰ ਮਾਨ

ਫ਼ਲਾਂ ਦੇ ਰਾਜੇ ਅੰਬ ਦਾ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਹੈ। ਜ਼ਿੰਦਗੀ ਵਿੱਚ ਉਹ ਬੂਟਾ ਕਦੀ ਨਹੀਂ ਭੁੱਲਦਾ ਜਿਸ ਦੇ ਪੱਤੇ ਸ਼ਗਨਾਂ ਵਜੋਂ ਦਰਵਾਜ਼ੇ ’ਤੇ ਬੰਨ੍ਹੇ ਗਏ ਸਨ। ਇੱਕ ਪ੍ਰੇਮੀ ਲਈ ਉਹ ਅੰਬੀ ਦਾ ਬੂਟਾ ਪਹਿਲੀ ਮਿਲਣੀ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਅਤੇ ਉਹ ਉਨ੍ਹਾਂ ਦੇ ਪਿਆਰ ਦੀ ਗਵਾਹੀ ਭਰਦਾ ਹੈ। ਇਸ ਤਰ੍ਹਾਂ ਭਾਰਤੀ ਸਮਾਜ ਅਤੇ ਪੰਜਾਬੀ ਲੋਕਧਾਰਾ ਵਿੱਚ ਅੰਬ ਦੇ ਫ਼ਲ ਅਤੇ ਇਸ ਦੇ ਬੂਟੇ ਦੀ ਖ਼ਾਸ ਮਹਾਨਤਾ ਮੰਨੀ ਗਈ ਹੈ। ਲੋਕ ਸਾਹਿਤ ਵਿੱਚ ਤਾਂ ਇਸ ਦੀ ਮਹਾਨਤਾ ਨੂੰ ਹਰ ਮੌਕੇ ’ਤੇ ਸਤਿਕਾਰਿਆ ਤੇ ਯਾਦ ਕੀਤਾ ਜਾਂਦਾ ਹੈ:
ਅੰਬੀਆਂ ਨੂੰ ਤਰਸੇਂਗੀ
ਬਾਗ਼ਾਂ ਦੀਏ ਰਾਣੀਏ
ਛੱਡ ਕੇ ਦੇਸ ਦੋਆਬਾ
ਪਰ ਅੱਜਕੱਲ੍ਹ ਇਸ ਧਰਤੀ ’ਤੇ ਵੀ ਅੰਬਾਂ ਦੇ ਬਾਗ਼ਾਂ ਦੀ ਭਰਮਾਰ ਨਹੀਂ ਰਹੀ। ਪੰਜਾਬ ਦੇ ਦੋਆਬਾ ਇਲਾਕੇ ਨੂੰ ਅੰਬਾਂ ਦਾ ਘਰ ਕਿਹਾ ਜਾਂਦਾ ਹੈ ਪਰ ਸਮੇਂ ਦੀ ਤੋਰ ਨੇ ਤੇ ਵਧਦੀ ਹੋਈ ਆਬਾਦੀ ਨੇ ਅੰਬਾਂ ਦੇ ਬਾਗ਼ਾਂ ਦੀ ਅਜਿਹੀ ਤਬਾਹੀ ਕੀਤੀ ਕਿ ਹੁਣ ਅਜਿਹੇ ਗੀਤ ਸੁਣਾਈ ਦੇਣ ਲੱਗੇ ਹਨ:
ਕਿੱਕਰ ਨਿੰਮ ਫਲਾਹ ਤੇ ਜਾਮਣ ਜੜ੍ਹੋ ਪੁਟਾ ਸੁੱਟੇ
ਜੰਡ ਬਰੋਟਾ ਤੂਤ ਬੇਰੀਆਂ ਅਸੀਂ ਵਢਾ ਸੁੱਟੇ
ਨਾ ਪਹਿਲਾਂ ਵਾਲਾ ਰਿਹਾ ਮਾਲਵਾ, ਨਾ ਉਹ ਮਾਝਾ ਜੀ
ਕਿੱਥੇ ਗਿਆ ਹੁਣ ਅੰਬਾਂ ਵਾਲਾ ਦੇਸ ਦੁਆਬਾ ਜੀ
ਅੱਜਕੱਲ੍ਹ ਇਸ ਇਲਾਕੇ ਵਿੱਚ ਗੇੜਾ ਮਾਰੀਏ ਤਾਂ ਅੰਬਾਂ ਦੇ ਬਾਗ਼ ਕਿਤੇ ਨਹੀਂ ਲੱਭਦੇ। ਜੇਕਰ ਕੋਈ ਅੰਬ ਦਾ ਬੂਟਾ ਬਚਿਆ ਹੈ ਤਾਂ ਉਹ ਸੁੱਕੀ ਜਾ ਰਿਹਾ ਹੈ। ਪੁਰਾਣੇ ਬਾਗ਼ ਕੁਝ ਲੋਕਾਂ ਦੀ ਮਾੜੀ ਆਰਥਿਕਤਾ ਦਾ ਸ਼ਿਕਾਰ ਹੋ ਗਏ ਨੇ ਤੇ ਕੁਝ ਚੌੜੀਆਂ ਹੋਈਆਂ ਸੜਕਾਂ ਦੀ ਭੇਟ ਚੜ੍ਹ ਗਏ ਹਨ। ਹੁਣ ਦੀ ਹਾਲਤ ’ਤੇ ਕਵੀ ਦਾ ਰੋਣਾ ਸਹੀ ਲੱਗਦਾ ਹੈ:
ਅੰਬੀਆਂ ਦੇ ਬੂਟਿਆਂ ਨੂੰ ਪੈ ਗਿਆ ਸੋਕਾ ਵੇ
ਲੁੱਟ ਦੇ ਵਪਾਰੀਆਂ ਨੂੰ ਕਿੰਜ ਮੈਂ ਰੋਕਾਂ ਵੇ।
ਦੋਆਬੇ ਵਿੱਚ ਰਹਿ ਕੇ ਅੰਬੀਆਂ ਨੂੰ ਤਰਸਾਂਗੇ
ਮੇਰੇ ਨਾਲ ਹਾਣੀਆਂ ਤੂੰ ਕਰ ਗਿਆ ਧੋਖਾ ਵੇ।
ਪੱਚੀ-ਤੀਹ ਸਾਲ ਪਹਿਲਾਂ ਮਾਹਿਲਪੁਰ, ਹਰਿਆਣਾ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਸਾਰਾ ਆਲਾ-ਦੁਆਲਾ ਅੰਬਾਂ ਦੇ ਬਾਗ਼ਾਂ ਨਾਲ ਭਰਿਆ ਹੁੰਦਾ ਸੀ। ਜਿਸ ਪਾਸੇ ਨੂੰ ਮਰਜ਼ੀ ਚਲੇ ਜਾਓ ਠੰਢੀਆਂ ਛਾਵਾਂ ਤੇ ਮਿੱਠੇ ਅੰਬਾਂ ਦੀ ਮਹਿਕ ਮਨ ਅੰਦਰ ਅਨੂਠਾ ਰਸ ਘੋਲ ਦਿੰਦੀ ਸੀ। ਸਭ ਸੜਕਾਂ ਅੰਬਾਂ ਦੇ ਭਾਰੇ ਦਰੱਖਤਾਂ ਨਾਲ ਠੰਢੀਆਂ ਠਾਰ ਰਹਿੰਦੀਆਂ ਸਨ। ਮੁਸਾਫਿਰਾਂ ਨੂੰ ਧੁੱਪ ਤੋਂ ਕਦੀ ਪਰੇਸ਼ਾਨੀ ਨਾ ਹੁੰਦੀ। ਉਹ ਬੜੇ ਆਰਾਮ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਜਾਂਦੇ। ਇਸ ਇਲਾਕੇ ਦੀ ਪਛਾਣ ਪੂਰੀ ਦੁਨੀਆ ਵਿੱਚ ਅੰਬਾਂ ਦਾ ਘਰ ਅਤੇ ਫੁੱਟਬਾਲ ਦੀ ਨਰਸਰੀ ਕਰਕੇ ਹੁੰਦੀ ਸੀ। ਇਸੇ ਤਰ੍ਹਾਂ ਹਰਿਆਣੇ ਭੁੰਗੇ ਲਾਗਲੇ ਪਿੰਡ ਬੱਸੀ ਉਮਰ ਖਾਂ ਦੇ ਜ਼ੈਲਦਾਰ ਮੁਹੰਮਦ ਹੁਸੈਨ ਦੁਆਰਾ 15 ਏਕੜ ਵਿੱਚ ਲਗਾਇਆ ਇਨਾਮੀ ਬਾਗ਼ ਵੀ ਮਸ਼ਹੂਰ ਰਿਹਾ ਹੈ। ਬਾਗ਼ਾਂ ਦਾ ਇਲਾਕਾ ਹੁਣ ਬਾਗ਼ਾਂ ਦੀਆਂ ਠੰਢੀਆਂ ਛਾਵਾਂ ਦਾ ਆਨੰਦ ਮਾਣਨ ਨੂੰ ਤਰਸ ਰਿਹਾ ਹੈ। ਕਦੀ ਇਹ ਬੋਲ ਚਰਚਿਤ ਰਹੇ ਹਨ:
ਅੰਬ ਦੁਸਹਿਰੀ ਚੂਪਣ ਆਇਓ ਪੁਰਹੀਰਾਂ,
ਇਕਵਿੰਦਰ ਘਰ ਹੋਣਾ ਏ ਬਰਸਾਤਾਂ ਵਿੱਚ।
ਮੈਨੂੰ ਆਪਣੇ ਬਚਪਨ ਦੀ ਪਟਾਰੀ ਵਿੱਚੋਂ ਯਾਦਾਂ ਆਉਂਦੀਆਂ ਹਨ। ਜਦੋਂ ਸਾਡਾ ਬਾਬਾ ਦਲੀਪਾ ਰਾਮ ਨੇ ਬਾਗ਼ ਖ਼ਰੀਦਦਾ ਤਾਂ ਅਸੀਂ ਨਿੱਕੜੇ ਬਾਲ ਉਨ੍ਹਾਂ ਨਾਲ ਅੰਬ ਚੁਗਣ ਅਤੇ ਹੋਰ ਨਿੱਕੇ ਮੋਟੇ ਕੰਮਾਂ ਵਿੱਚ ਸਹਾਇਤਾ ਕਰਦੇ ਸਾਂ। ਫ਼ਲਾਂ ਦੇ ਰਾਜੇ ਅੰਬ ਨੂੰ ਨਾ ਤਾਂ ਹੁਣ ਪੁਰਾਣੇ ਤਰੀਕੇ ਨਾਲ ਪਕਾਇਆ ਜਾਂਦਾ ਹੈ ਤੇ ਨਾ ਹੀ ਸੰਭਾਲਿਆ ਜਾਂਦਾ ਹੈ। ਅਸੀਂ ਆਪਣੇ ਬਾਬਾ ਜੀ ਨਾਲ ਟੋਕਰੀਆਂ ਵਿੱਚ ਅੰਬ ਲਗਾ ਕੇ ਪਕਾਉਣ ਲਈ ਚੋਡੇ (ਜਾਲੀ) ਬੁਣਦੇ ਸਾਂ। ਬੜੀ ਕਲਾਕਾਰੀ ਹੁੰਦੀ ਸੀ ਜਾਲ ਬੁਣਨ ਵਿੱਚ। ਜਦੋਂ ਤੁੜਾਵਾ ਅੰਬ ’ਤੇ ਚੜ੍ਹ ਕੇ ਅੰਬ ਤੋੜ ਕੇ ਕਾਂਡੂ (ਜਾਲੀਦਾਰ ਬੋਰਾ) ਵਿੱਚ ਪਾਉਂਦਾ ਤਾਂ ਕੋਈ ਅੰਬ ਧਰਤੀ ’ਤੇ ਗਿਰ ਜਾਂਦਾ ਤਾਂ ਉਸ ਨੂੰ ਬਾਕੀ ਅੰਬਾਂ ਤੋਂ ਵੱਖਰਾ ਰੱਖਿਆ ਜਾਂਦਾ ਸੀ ਤਾਂ ਕਿ ਟੋਕਰੀ ਵਿੱਚ ਪੈ ਕੇ ਬਾਕੀ ਅੰਬ ਵੀ ਗਲ਼ ਨਾ ਜਾਣ। ਬੂਟੇ ਨਾਲੋਂ ਅੰਬਾਂ ਨੂੰ ਕਾਂਡੂ ਛਿੱਕੀ ਨਾਲ ਤੋੜ ਕੇ ਹੇਠਾਂ ਛਾਵੇਂ ਸਿਰਕੀ (ਤੀਲਾਂ ਦੀ ਚਟਾਈ) ’ਤੇ ਡੰਡੀਆਂ ਤੋੜ ਕੇ ਸੁਕਾਇਆ ਜਾਂਦਾ ਸੀ। ਬਾਅਦ ਦੁਪਹਿਰ ਇਨ੍ਹਾਂ ਅੰਬਾਂ ਨੂੰ ਪਕਾਉਣ ਵਾਸਤੇ ਬਗੜ ਨਾਲ ਟੋਕਰੀਆਂ ਵਿੱਚ ਭਰਿਆ ਜਾਂਦਾ ਸੀ। ਪਕਾਉਣ ਦਾ ਇਹ ਕੁਦਰਤੀ ਤਰੀਕਾ ਸੀ। ਕਿਸੇ ਵੀ ਮਸਾਲੇ ਆਦਿ ਦੀ ਵਰਤੋਂ ਨਹੀਂ ਸੀ ਹੁੰਦੀ। ਉਸੇ ਅੰਬ ਨੂੰ ਤੋੜਿਆ ਜਾਂਦਾ ਸੀ ਜਿਸ ਦੇ ਕੁਦਰਤੀ ਤੌਰ ’ਤੇ ਪੱਕੇ ਹੋਏ ਅੰਬ ਰੋਜ਼ਾਨਾ ਪੰਜ ਜਾਂ ਸੱਤ ਦੀ ਗਿਣਤੀ ਵਿੱਚ ਡਿੱਗ ਪੈਂਦੇ ਸਨ। ਅੱਜਕੱਲ੍ਹ ਇਨ੍ਹਾਂ ਗੱਲਾਂ ਦਾ ਕੋਈ ਖ਼ਿਆਲ ਨਹੀ ਰੱਖਿਆ ਜਾਂਦਾ ਸਗੋਂ ਪੇਟੀਆਂ ਵਿੱਚ ਬੰਦ ਕਰਕੇ ਮਸਾਲਾ ਕੈਲਸ਼ੀਅਮ ਕਾਰਬਾਈਡ ਰੱਖ ਕੇ ਪਕਾ ਲਿਆ ਜਾਂਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
ਅੱਜਕੱਲ੍ਹ ਕੋਈ ਵੀ ਅੰਬ ਇਸ ਕੁਦਰਤੀ ਤਰੀਕੇ ਨਾਲ ਪਕਾਇਆ ਨਹੀਂ ਜਾਂਦਾ। ਇਸੇ ਕਰਕੇ ਕਈ ਵਾਰ ਫ਼ਲਾਂ ਦਾ ਰਾਜਾ ਅੰਬ ਖਾ ਕੇ ਵੀ ਮੂੰਹ ਵਿੱਚ ਛਾਲੇ ਜਾਂ ਹੋਰ ਕਈ ਤਕਲੀਫ਼ਾਂ ਹੋ ਜਾਣ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਦੁਆਬੇ ਦੀ ਧਰਤੀ ’ਤੇ ਕਈ ਪ੍ਰਕਾਰ ਦੇ ਅੰਬ ਤੀਹ ਚਾਲੀ ਸਾਲ ਪਹਿਲਾਂ ਮਿਲਦੇ ਸਨ ਜਿਨ੍ਹਾਂ ਨੂੰ ਦੁਸਹਿਰੀ, ਸੌਂਫੀਆ, ਲੰਗੜਾ, ਸੰਧੂਰੀ, ਗਾਜਰੀ, ਲਾਲ ਪਰੀ, ਥਾਣੇਦਾਰ ਆਦਿ ਨਾਂ ਦਿੱਤੇ ਜਾਂਦੇ ਸਨ। ਹੁਣ ਜੇਕਰ ਇਹ ਕਹੀਏ ਕਿ ਅੰਬਾਂ ਦੀ ਮਹਿਕ ਲਈ ਦੁਆਬੀਏ ਵੀ ਤਰਸਣ ਲੱਗੇ ਹਨ ਤਾਂ ਇਹ ਕੋਈ ਅਤਿਕਥਨੀ ਨਹੀਂ। ਹੁਸ਼ਿਆਰਪੁਰ ਦੀ ਪੁਰਾਣੀ ਹੱਦਬੰਦੀ ਅਨੁਸਾਰ ਇਹ ਸਾਰਾ ਇਲਾਕਾ ਬਾਗ਼ਾਂ ਦਾ ਘਰ ਸੀ। ਹਿਮਾਚਲ ਦਾ ਜ਼ਿਲ੍ਹਾ ਊਨਾ, ਨੰਗਲ ਦਾ ਇਲਾਕਾ ਵੀ ਇਸੇ ਵਿੱਚ ਹੀ ਗਿਣਿਆ ਜਾਂਦਾ ਰਿਹਾ ਹੈ। ਅਜੇ ਹਿਮਾਚਲ ਦੇ ਇਲਾਕੇ ਵਿੱਚ ਕੁਝ ਕੁ ਬਾਗ਼ਾਂ ਦੇ ਨਜ਼ਾਰੇ ਦੇਖੇ ਜਾ ਸਕਦੇ ਹਨ। ਅੰਬਾਂ ਨਾਲ ਸਬੰਧਤ ਅਨੇਕਾਂ ਲੋਕ ਗੀਤ ਇਸ ਦੀ ਮਹਾਨਤਾ ਨੂੰ ਉਜਾਗਰ ਕਰਦੇ ਹਨ। ਇਨ੍ਹਾਂ ਦਿਨਾਂ ਦੀ ਇਹ ਬੋਲੀ ਮਸ਼ਹੂਰ ਹੈ:
ਅੰਬੀਆਂ ਦੇ ਬੂਟਿਆਂ ਨੂੰ ਪੈ ਗਿਆ ਬੂਰ ਵੇ
ਰੁੱਤ ਇਹ ਪਿਆਰਾਂ ਵਾਲੀ ਮਾਹੀਆ ਮੇਰਾ ਦੂਰ ਵੇ।
ਦੇਸੀ ਤਰੀਕੇ ਨਾਲ ਪਕਾਏ ਜਾਣ ਵਾਲੇ ਅੰਬ ਦੀ ਡੰਡੀ ਤੋੜ ਦਿੱਤੀ ਜਾਂਦੀ ਹੈ। ਨਹੀਂ ਤਾਂ ਉਹ ਉਸ ਦੇ ਪੱਕਣ ਵਿੱਚ ਰੁਕਾਵਟ ਪੈਦਾ ਕਰਦੀ ਹੈ। ਡੰਡੀ ਤੋੜਨ ਵੇਲੇ ਨਿਕਲਣ ਵਾਲੇ ਪਦਾਰਥ ਨੂੰ ਡੋਕ ਕਿਹਾ ਜਾਂਦਾ ਹੈ ਜਿਸ ਤੋਂ ਅਨੇਕਾਂ ਪ੍ਰਕਾਰ ਦੀਆਂ ਅੱਖਾਂ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆ ਹਨ। ਇਸ ਡੋਕ ਦਾ ਦਾਗ਼ ਕੱਪੜੇ ਤੋਂ ਕਦੇ ਨਹੀਂ ਉਤਰਦਾ। ਇਹ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਸਰੀਰ ਦੀ ਚਮੜੀ ਨੂੰ ਵੀ ਸਾੜ ਕੇ ਲਾਲ ਕਰ ਦਿੰਦਾ ਹੈ। ਅੰਬ ਨੂੰ ਜੇਕਰ ਅੱਜ ਵੀ ਕੁਦਰਤੀ ਤਰੀਕੇ ਨਾਲ ਤਿਆਰ ਭਾਵ ਪਕਾਇਆ ਜਾਵੇ ਤਾਂ ਅਸੀਂ ਇਸ ਦੀ ਸੌ ਫੀਸਦੀ ਪੌਸ਼ਟਿਕਤਾ ਦਾ ਲਾਭ ਲੈ ਸਕਦੇ ਹਾਂ। ਇਹ ਵੀ ਤਜਰਬਾ ਦੱਸਦਾ ਹੈ ਕਿ ਕਈ ਅੰਬਾਂ ਦਾ ਰੰਗ ਸੰਧੂਰੀ ਹੁੰਦਾ ਹੈ ਪਰ ਉਹ ਖਾਣ ਵੇਲੇ ਖੱਟੇ ਨਿਕਲਦੇ ਹਨ। ਇੱਥੇ ਇਹ ਕਹਾਵਤ ਸੱਚ ਹੋ ਜਾਂਦੀ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।
ਅੰਬ ਸਾਡੇ ਦੇਸ਼ ਸਮੇਤ ਪਾਕਿਸਤਾਨ ਅਤੇ ਫਿਲੀਪੀਨਜ਼ ਦਾ ਵੀ ਕੌਮੀ ਫ਼ਲ ਹੈ। ਪੁਰਾਣੇ ਰਾਜੇ ਮਹਾਰਾਜਿਆਂ ਨੇ ਅੰਬਾਂ ਦੇ ਬਾਗ਼ ਲੁਆਉਣ ਵਿੱਚ ਬੜੀ ਦਿਲਚਸਪੀ ਲਈ ਸੀ। ਇਸੇ ਕਰਕੇ ਦੁਆਬੇ ਦੀ ਧਰਤੀ ਅੰਬਾਂ ਦਾ ਘਰ ਬਣ ਗਈ ਸੀ। ਬੰਗਲਾ ਦੇਸ਼ ਦਾ ਇਹ ਰਾਸ਼ਟਰੀ ਰੁੱਖ ਹੈ। ਵੈਦਿਕ ਗਰੰਥਾਂ ਅਨੁਸਾਰ ਇਹ ਸਵਰਗ ਦਾ ਫ਼ਲ ਹੈ। ਭਾਰਤ ਵਿੱਚ ਇਸ ਦੀ ਪੈਦਾਵਾਰ ਪਿਛਲੇ ਲਗਭਗ ਚਾਰ ਹਜ਼ਾਰ ਸਾਲ ਤੋਂ ਕੀਤੀ ਜਾ ਰਹੀ ਹੈ। ਭਾਵੇਂ ਭਾਰਤ ਅੰਬ ਪੈਦਾ ਕਰਨ ਵਾਲਾ ਪ੍ਰਮੁੱਖ ਦੇਸ਼ ਹੈ ਪਰ ਇਸ ਦੀ ਬਹੁਤੀ ਖਪਤ ਦੇਸ਼ ਵਿੱਚ ਹੀ ਹੋ ਜਾਂਦੀ ਹੈ। ਭਾਰਤ ਵਿੱਚ ਇਸ ਦੀਆਂ 500 ਕਿਸਮਾਂ ਦੱਸੀਆਂ ਗਈਆਂ ਹਨ ਪਰ ਪ੍ਰਚੱਲਤ 35 ਦੇ ਕਰੀਬ ਹੀ ਹਨ। ਅੰਬ ਦਾ ਵਿਗਿਆਨਕ ਨਾਂ ‘ਮੈਂਗੀਫੇਰਾ ਇੰਡੀਕਾ’ ਹੈ। ਅੰਬ ਦੀ ਬਹੁਤੀ ਵਰਤੋਂ ਅਚਾਰ ਵਾਸਤੇ ਕੀਤੀ ਜਾਂਦੀ ਹੈ। ਅੰਬ ਦੀ ਚਟਨੀ, ਮੁਰੱਬਾ, ਮਲਾਂਜੀ, ਬਾਂਜੂ, ਬਾਖੜੀਆਂ ਆਦਿ ਅਨੇਕਾਂ ਪ੍ਰਕਾਰ ਦੇ ਸਵਾਦੀ ਪਦਾਰਥ ਤਿਆਰ ਕੀਤੇ ਜਾਂਦੇ ਹਨ। ਇਸ ਦੀ ਖਟਿਆਈ ਨੂੰ ਜਾਇਕਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਅੰਬਾਂ ਵਾਲੇ ਇਲਾਕੇ ਵਿੱਚ ਬਾਂਜੂ ਬੜਾ ਮਸ਼ਹੂਰ ਹੈ ਜੋ ਸਬਜ਼ੀ/ਦਾਲ ਵਜੋਂ ਵਰਤਿਆਂ ਜਾਂਦਾ ਹੈ। ਇਹ ਵੀ ਗੱਲ ਚਰਚਿਤ ਹੁੰਦੀ ਸੀ ਕਿ ਅੰਬਾਂ ਵਾਲੇ ਇਲਾਕੇ ਦੇ ਲੋਕ ਇਸ ਸੀਜ਼ਨ ਵਿੱਚ ਕੋਈ ਹੋਰ ਦਾਲ ਸਬਜ਼ੀ ਨਹੀਂ ਬਣਾਉਂਦੇ ਸਗੋਂ ਅੰਬਾਂ ਦੇ ਹੀ ਸੁਆਦੀ ਪਦਾਰਥ ਤਿਆਰ ਕਰਦੇ ਹਨ। ਇਹੀ ਪਦਾਰਥ ਉਹ ਘਰ ਆਏ ਮਹਿਮਾਨਾਂ ਨੂੰ ਪਰੋਸਦੇ ਹਨ। ਪੁਰਾਣੇ ਜ਼ਮਾਨੇ ਵਿੱਚ ਬਾਗ਼ਾਂ ਵਿੱਚ ਜਾ ਕੇ ਬਾਲਟੀ ਵਿੱਚ ਪਾਣੀ ਪਾ ਕੇ ਅੰਬ ਠੰਢੇ ਕਰਕੇ ਇਕੱਠੇ ਬੈਠ ਕੇ ਚੂਪੇ ਜਾਂਦੇ ਸਨ। ਹੁਣ ਜਦੋਂ ਬਾਗ਼ ਹੀ ਨਹੀਂ ਰਹੇ ਤਾਂ ਇਹ ਨਜ਼ਾਰਾ ਅਤੇ ਸੁਆਦ ਕਿਵੇਂ ਦੇਖਿਆ ਜਾ ਸਕਦਾ ਹੈ।
ਡਾਕਟਰੀ ਅੰਦਾਜ਼ੇ ਅਨੁਸਾਰ ਅੰਬ ਇੱਕ ਅਜਿਹਾ ਫ਼ਲ ਹੈ ਜੋ ਸਰੀਰ ਵਿਚਲੇ ਅਨੇਕਾਂ ਰੋਗਾਂ ਲਈ ਦਾਰੂ ਵਜੋਂ ਵਰਤਿਆ ਜਾਂਦਾ ਹੈ। ਸੌ ਗ੍ਰਾਮ ਭਾਰ ਵਾਲੇ ਅੰਬ ਵਿੱਚ 65 ਕੈਲੋਰੀ ਊਰਜਾ ਦੇਣ ਦੀ ਸਮਰੱਥਾ ਹੁੰਦੀ ਹੈ। ਜਿਸ ਵਿੱਚ ਸਭ ਤੋਂ ਵੱਧ 17 ਗ੍ਰਾਮ ਕਾਰਬੋਹਾਈਡ੍ਰੇਟ ਅਤੇ 14.8 ਗ੍ਰਾਮ ਖੰਡ ਹੁੰਦੀ ਹੈ। ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਸੋਰਸ, ਪੋਟਾਸ਼ੀਅਮ ਅਤੇ ਜਿੰਕ ਸਮੇਤ ਵਿਟਾਮਿਨ ਏ, ਬੀ ਤੇ ਸੀ ਵੀ ਮੌਜੂਦ ਹੁੰਦਾ ਹੈ। ਪੱਕੇ ਅੰਬ ਚੂਪਣ ਨਾਲ ਦਿਲ, ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ। ਗਰਮੀ ਤੋਂ ਬਚਣ ਲਈ ਇਸ ਨੂੰ ਸੁਆਹ ਵਿੱਚ ਭੁੰਨ ਕੇ ਇਸ ਦੇ ਗੁੱਦੇ ਦਾ ਸ਼ਰਬਤ ਬਣਾ ਕੇ ਪੀਤਾ ਜਾ ਸਕਦਾ ਹੈ। ਪੱਕੇ ਹੋਏ ਅੰਬਾਂ ਨੂੰ ਚੂਪਣ ਨਾਲ ਅੱਖਾਂ ਦੇ ਰੋਗਾਂ ਤੋਂ ਵੀ ਬਚਿਆ ਜਾ ਸਕਦਾ ਹੈ। ਕਿਸੇ ਜ਼ਮਾਨੇ ਇਹ ਫ਼ਲ ਰਾਜੇ ਮਹਾਰਾਜਿਆਂ ਦੁਆਰਾ ਹੀ ਖਾਧਾ ਜਾਂਦਾ ਸੀ ਜਿਸ ਕਰਕੇ ਇਸ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਣ ਲੱਗ ਪਿਆ।
ਜਦੋਂ ਅੰਬ ਦਰੱਖਤ ਤੋਂ ਪੱਕ ਕੇ ਹੇਠਾਂ ਡਿੱਗਦਾ ਹੈ ਤਾਂ ਇਸ ਨੂੰ ਟਪਕਾ ਕਿਹਾ ਜਾਂਦਾ ਹੈ। ਅਸਲ ਵਿੱਚ ਰਸਿਆ ਹੋਇਆ ਜਾਂ ਦੇਸੀ ਤਰੀਕੇ ਨਾਲ ਪਕਾਇਆ ਹੋਇਆ ਅੰਬ ਹੀ ਸਿਹਤ ਲਈ ਜ਼ਿਆਦਾ ਲਾਭਕਾਰੀ ਹੁੰਦਾ ਹੈ। ਠੰਢੇ ਪਾਣੀ ਵਿੱਚ ਰੱਖ ਕੇ ਅੰਬਾਂ ਨੂੰ ਚੂਪਣ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀ। ਅਚਾਰ ਵਾਸਤੇ ਕੱਚਾ ਅੰਬ ਬੋਰੀਆਂ ਵਿੱਚ ਭਰ ਕੇ ਮੰਡੀਆਂ ਨੂੰ ਭੇਜਿਆ ਜਾਂਦਾ ਹੈ। ਜਦਕਿ ਪਹਿਲੇ ਪਹਿਲ ਵੱਡੀਆਂ ਬੋਰੀਆਂ ਹੀ ਭਰੀਆਂ ਜਾਂਦੀਆਂ ਸਨ। ਇਨ੍ਹਾਂ ਦੇ ਹੇਠਾਂ ਅਤੇ ਉੱਪਰ ਪੱਤੇ ਪਾਏ ਜਾਂਦੇ ਸਨ ਤਾਂ ਕਿ ਫ਼ਲ ਨੂੰ ਕਿਸੇ ਤਰ੍ਹਾਂ ਸੱਟ ਨਾ ਲੱਗੇ। ਮੋਗਾ, ਮੁਕਤਸਰ, ਹਿਸਾਰ, ਸਿਰਸਾ ਤੇ ਗੁੜਗਾਵਾਂ ਆਦਿ ਮੰਡੀਆਂ ਵਿੱਚ ਚੰਗਾ ਮੁੱਲ ਪੈਣ ਦੇ ਇਰਾਦੇ ਨਾਲ ਬੋਰੀ ਦੇ ਸਭ ਤੋਂ ਹੇਠਾਂ ਬਾਰੀਕ ਵਿਚਕਾਰ ਦਰਮਿਆਨਾ ਅਤੇ ਉੱਪਰ ਸਭ ਤੋਂ ਮੋਟਾ ਅੰਬ ਪਾਇਆ ਜਾਂਦਾ ਹੈ। ਇਹੀ ਤਰੀਕਾ ਪਕਾਉਣ ਵਾਲੀ ਟੋਕਰੀ ਵਿੱਚ ਤਿੰਨ ਤਹਿਆਂ ਲਾ ਕੇ ਵਰਤਿਆ ਜਾਂਦਾ ਹੈ। ਅੱਜਕੱਲ੍ਹ ਪੇਟੀਆਂ ਵਿੱਚ ਵੀ ਤਹਿਆਂ ਦੀ ਵਰਤੋਂ ਅਖ਼ਬਾਰਾਂ ਵਿਛਾ ਕੇ ਕੀਤੀ ਜਾਂਦੀ ਹੈ ਪਰ ਪਕਾਉਣ ਦਾ ਤਰੀਕਾ ਗੈਰ ਕੁਦਰਤੀ ਹੈ। ਮੈਂਗੋ ਸ਼ੇਕ, ਮੈਂਗੋ ਫਰੂਟੀ ਨੂੰ ਬੱਚੇ ਬੜੇ ਚਾਅ ਨਾਲ ਪੀਂਦੇ ਹਨ। ਜਦਕਿ ਅੰਬਾਂ ਦਾ ਰਸ ਹਰ ਕਿਸੇ ਦੇ ਮੂੰਹ ਵਿੱਚ ਪਾਣੀ ਲਿਆ ਦਿੰਦਾ ਹੈ। ਹੁਣ ਦੁਆਬੇ ਦੀ ਧਰਤੀ ਤੋਂ ਸੰਧੂਰੀ ਅੰਬਾਂ ਦੀ ਮਹਿਕ ਨਹੀਂ ਆਉਂਦੀ। ਇਸੇ ਕਰਕੇ ਅੱਜਕੱਲ੍ਹ ਕਿਹਾ ਜਾਣ ਲੱਗਾ ਹੈ: ਅੰਬੀਆਂ ਨੂੰ ਤਰਸੇਂਗੀ, ਵਿੱਚ ਰਹਿ ਕੇ ਦੇਸ ਦੁਆਬੇ।
ਸੰਪਰਕ: 98150-18947

Advertisement

Advertisement
Author Image

sukhwinder singh

View all posts

Advertisement
Advertisement
×