ਅਦਾ ਤੇ ਸੁਰ ਦਾ ਸੁਮੇਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਬੌਲੀਵੁੱਡ ਵਿੱਚ ਅਜਿਹੇ ਬਹੁਤ ਘੱਟ ਫ਼ਨਕਾਰ ਹਨ ਜੋ ਇੱਕ ਤੋਂ ਵੱਧ ਕਲਾਵਾਂ ਵਿੱਚ ਪਰਿਪੂਰਨ ਹਨ। ਇਸ ਸੰਦਰਭ ਵਿੱਚ ਆਪਾਂ ਬੌਲੀਵੁੱਡ ਦੀਆਂ ਉਨ੍ਹਾਂ ਨਾਇਕਾਵਾਂ ਦੀ ਗੱਲ ਕਰਦੇ ਹਾਂ ਜੋ ਅਦਾਕਾਰੀ ਤੇ ਗਾਇਕੀ ਭਾਵ ਦੋਵਾਂ ਕਲਾ ਖੇਤਰਾਂ ਵਿੱਚ ਕਾਮਯਾਬੀ ਦਾ ਪਰਚਮ ਬੁਲੰਦ ਕਰਨ ਵਿੱਚ ਸਫਲ ਰਹੀਆਂ ਹਨ।
ਲਤਾ ਮੰਗੇਸ਼ਕਰ : ‘ਸੁਰਾਂ ਦੀ ਮਲਿਕਾ’ ਲਤਾ ਮੰਗੇਸ਼ਕਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਇੱਕ ਦਮਦਾਰ ਅਦਾਕਾਰਾ ਵੀ ਸੀ ਤੇ ਬੌਲੀਵੁੱਡ ਵਿੱਚ ਲਤਾ ਨੇ ਆਪਣਾ ਕਰੀਅਰ ਬਤੌਰ ਅਦਾਕਾਰਾ ਹੀ ਸ਼ੁਰੂ ਕੀਤਾ ਸੀ। 28 ਸਤੰਬਰ 1929 ਨੂੰ ਪੈਦਾ ਹੋਈ ਲਤਾ ਦੇ ਪਿਤਾ ਸ੍ਰੀ ਦੀਨਾ ਨਾਥ ਮੰਗੇਸ਼ਕਰ ਮਰਾਠੀ ਭਾਸ਼ਾ ਦੇ ਗਵੱਈਏ ਅਤੇ ਰੰਗਮੰਚ ਅਦਾਕਾਰ ਸਨ। ਲਤਾ ਨੇ ਕੇਵਲ ਪੰਜ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਟਕਾਂ ਵਿੱਚ ਬਤੌਰ ਅਦਾਕਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਕੇਵਲ ਗਿਆਰਾਂ ਸਾਲ ਦੀ ਸੀ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਉਸ ਨੂੰ ਪਰਿਵਾਰ ਵਿੱਚ ਸਭ ਤੋਂ ਵੱਡੀ ਹੋਣ ਕਰਕੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਮਾਂ ਦਾ ਸਾਥ ਦੇਣ ਲਈ ਫਿਲਮਾਂ ਵਿੱਚ ਅਦਾਕਾਰੀ ਕਰਨ ਲਈ ਉਤਰਨਾ ਪਿਆ। 1942 ਵਿੱਚ ਬਣੀ ਫਿਲਮ ‘ਪਹਿਲੀ ਮੰਗਲਾ ਗੌਰ’ ਵਿੱਚ ਉਸ ਨੇ ਪਹਿਲੀ ਵਾਰ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਸਨ। ਇਸ ਉਪਰੰਤ ਉਸ ਨੇ ‘ਆਪ ਕੀ ਸੇਵਾ ਮੇਂ’ ਅਤੇ ‘ਬੜੀ ਮਾਂ’ ਆਦਿ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ। ਇੱਕ ਦਰਜਨ ਦੇ ਕਰੀਬ ਭਾਸ਼ਾਵਾਂ ਵਿੱਚ ਹਜ਼ਾਰਾਂ ਨਗ਼ਮੇ ਗਾਉਣ ਵਾਲੀ ਲਤਾ ਮੰਗੇਸ਼ਕਰ ਭਾਰਤੀ ਸੰਗੀਤ ਜਗਤ ਦੀ ਪੂਜਣਯੋਗ ਹਸਤੀ ਬਣ ਕੇ 6 ਫਰਵਰੀ 2022 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਈ।
ਉਮਾ ਦੇਵੀ : ਬਹੁਤ ਘੱਟ ਸਿਨੇ ਪ੍ਰੇਮੀ ਇਹ ਜਾਣਦੇ ਹਨ ਕਿ ‘ਅਫ਼ਸਾਨਾ ਲਿਖ ਰਹੀ ਹੂੰ ਦਿਲੇ ਬੇਕਰਾਰ ਕਾ’ ਅਤੇ ‘ਯੇ ਕੌਨ ਚਲਾ ਮੇਰੀ ਆਂਖੋਂ ਮੇਂ ਸਮਾਅ ਕਰ’, ‘ਆਜ ਮਚੀ ਹੈ ਧੂਮ ਝੂਮ ਖ਼ੁਸ਼ੀ ਸੇ ਝੂਮ’, ‘ਬੇਤਾਬ ਹੈ ਦਿਲ ਦਰਦੇ ਮੁਹੱਬਤ ਕੇ ਅਸਰ ਸੇ’ ਜਿਹੇ ਸੁਪਰਹਿੱਟ ਗੀਤ ਆਪਣੀ ਸੁਰੀਲੀ ਆਵਾਜ਼ ਵਿੱਚ ਗਾਉਣ ਵਾਲੀ ਅਦਾਕਾਰਾ ਉਮਾ ਦੇਵੀ ਬਾਅਦ ਵਿੱਚ ‘ਟੁਨਟੁਨ’ ਦੇ ਨਾਂ ਨਾਲ ਬੌਲੀਵੁੱਡ ਵਿੱਚ ਮਸ਼ਹੂਰ ਹਾਸ ਅਦਾਕਾਰਾ ਬਣੀ ਸੀ। ‘ਲਲਕਾਰ’, ‘ਅਪਰਾਧ’, ‘ਸਮਾਧੀ’, ‘ਉਪਾਸਨਾ’, ‘ਹਲਚਲ’, ‘ਹੀਰ ਰਾਂਝਾ’, ‘ਪਹਿਚਾਨ’, ‘ਪਿੰਡ ਦੀ ਕੁੜੀ’ ਅਤੇ ‘ਸਾਧੂ ਔਰ ਸ਼ੈਤਾਨ’ ਜਿਹੀਆਂ ਸੌ ਤੋਂ ਵੱਧ ਫਿਲਮਾਂ ਵਿੱਚ ਆਪਣੀ ਮਨਮੋਹਕ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਲੈਣ ਵਾਲੀ ਇਹ ਅਦਾਕਾਰਾ-ਗਾਇਕਾ 1990 ਵਿੱਚ ਆਪਣੀ ਆਖ਼ਰੀ ਫਿਲਮ ‘ਕਸਮ ਧੰਦੇ ਕੀ’ ਕਰਨ ਪਿੱਛੋਂ 23 ਨਵੰਬਰ 2003 ਵਿੱਚ ਦੁਨੀਆ ਤੋਂ ਰੁਖ਼ਸਤ ਹੋ ਗਈ।
ਰਾਜ ਕੁਮਾਰੀ ਦੂਬੇ : 1924 ਵਿੱਚ ਬਨਾਰਸ ਵਿਖੇ ਜਨਮੀ ਰਾਜ ਕੁਮਾਰੀ ਕੇਵਲ ਦਸ ਵਰ੍ਹਿਆਂ ਦੀ ਸੀ ਜਦੋਂ ਉਸ ਨੇ ਮਸ਼ਹੂਰ ਰਿਕਾਰਡਿੰਗ ਕੰਪਨੀ ਐੱਚ.ਐੱਮ.ਵੀ. ਲਈ ਗੀਤ ਰਿਕਾਰਡ ਕਰਵਾਏ ਸਨ। ਦਰਸਅਲ, ਉਹ ਉਸ ਉਮਰ ਵਿੱਚ ਰੰਗਮੰਚ ਉੱਤੇ ਅਦਾਕਾਰੀ ਕਰਦੀ ਸੀ ਤੇ ਨਾਲ ਹੀ ਗੀਤ ਵੀ ਗਾਉਂਦੀ ਸੀ। ਉਸ ਵੇਲੇ ਦੇ ਉੱਘੇ ਫਿਲਮਸਾਜ਼ ਵਿਜੇ ਭੱਟ ਉਸ ਦੀ ਮਧੁਰ ਆਵਾਜ਼ ਦੇ ਇਸ ਕਦਰ ਕਾਇਲ ਹੋਏ ਕਿ ਉਨ੍ਹਾਂ ਨੇ ਉਸ ਨੂੰ ਅਦਾਕਾਰੀ ਤਿਆਗ ਕੇ ਕੇਵਲ ਗਾਇਕੀ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਅਤੇ ਕੰਮ ਵੀ ਦਿੱਤਾ। ਪ੍ਰਕਾਸ਼ ਫਿਲਮਜ਼ ਦੇ ਬੈਨਰ ਹੇਠ ਰਾਜਕੁਮਾਰੀ ਨੇ ਬਤੌਰ ਗਾਇਕਾ ਅਤੇ ਅਦਾਕਾਰਾ ‘ਸੰਸਾਰ ਲੀਲਾ’, ‘ਨਈ ਦੁਨੀਆ’, ‘ਭਗਤ ਕੇ ਭਗਵਾਨ’, ‘ਆਂਖ ਕਾ ਤਾਰਾ’ ਆਦਿ ਫਿਲਮਾਂ ਕਰਨ ਤੋਂ ਬਾਅਦ ਹੋਰ ਫਿਲਮ ਕੰਪਨੀਆਂ ਲਈ ‘ਲਾਲ ਚਿੱਠੀ’, ‘ਬੰਬਈ ਕੀ ਸੇਠਾਨੀ’, ‘ਇਨਸਾਫ਼ ਕੀ ਟੋਪੀ’ ਆਦਿ ਸਣੇ ਕਈ ਹੋਰ ਫਿਲਮਾਂ ਵੀ ਕੀਤੀਆਂ ਸਨ। ਉਸ ਨੂੰ ‘ਸੁਨ ਬੈਰੀ ਬਲਮ ਸੱਚ ਬੋਲ ਰੇ, ਘਬਰਾ ਕੇ ਜੋ ਹਮ ਸਰ ਕੋ ਟਕਰਾਏਂ’ ਅਤੇ ਫਿਲਮ ‘ਪਾਕੀਜ਼ਾ’ ਦੇ ਗੀਤ ‘ਨਜ਼ਰੀਆ ਕੀ ਮਾਰੀ’ ਆਦਿ ਗੀਤਾਂ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ।
ਸਲਮਾ ਆਗਾ :ਪਾਕਿਤਸਾਨ ਦੇ ਸ਼ਹਿਰ ਕਰਾਚੀ ਦੀ ਜੰਮਪਲ ਫ਼ਨਕਾਰਾ ਸਲਮਾ ਆਗਾ ਨੇ ਫਿਲਮਾਂ ਵਿੱਚ ਬਤੌਰ ਅਦਾਕਾਰਾ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਨ੍ਹਾਂ ਵਿਚਲੇ ਆਪਣੇ ਗੀਤ ਖ਼ੁਦ ਹੀ ਗਾਏ ਹਨ। ਉੱਘੇ ਫਿਲਮਸਾਜ਼ ਬੀ.ਆਰ. ਚੋਪੜਾ ਦੀ ਫਿਲਮ ‘ਨਿਕਾਹ’ ਲਈ ਸਲਮਾ ਦੇ ਗਾਏ ਸਾਰੇ ਗੀਤ ਸੁਪਰਹਿੱਟ ਰਹੇ ਸਨ। ਇਸ ਤੋਂ ਇਲਾਵਾ ਉਸ ਨੇ ‘ਜਵਾਲਾ ਡਾਕੂ’, ‘ਕਸਮ ਪੈਦਾ ਕਰਨੇ ਵਾਲੇ ਕੀ’, ‘ਸਲਮਾ’, ‘ਊਂਚੇ ਲੋਗ’, ‘ਜੰਗਲ ਕੀ ਬੇਟੀ’, ‘ਮਹਾਂਵੀਰਾ’, ‘ਬਾਜ਼ਾਰ ਏ ਹੁਸਨ’, ‘ਕਨਵਰ ਲਾਲ’, ‘ਪਤੀ ਪਤਨੀ ਔਰ ਤਵਾਇਫ਼’ ਆਦਿ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਤੇ ਗੀਤ ਵੀ ਗਾਏ।
ਸੁਲੱਕਸ਼ਣਾ ਪੰਡਿਤ : ਅਦਾਕਾਰਾ ਸੁਲੱਕਸ਼ਣਾ ਪੰਡਿਤ ਨੇ 1975 ਵਿੱਚ ਫਿਲਮ ‘ਉਲਝਨ’ ਰਾਹੀਂ ਆਪਣੀ ਅਦਾਕਾਰੀ ਦੀ ਪ੍ਰਤਿਭਾ ਦਾ ਮੁਜ਼ਾਹਰਾ ਸ਼ੁਰੂ ਕੀਤਾ ਸੀ ਤੇ ਫਿਰ ‘ਖ਼ਾਨਦਾਨ’, ‘ਅਪਨਾਪਨ’, ‘ਹੇਰਾਫੇਰੀ’, ‘ਚਿਹਰੇ ਪੇ ਚਿਹਰਾ’, ‘ਧਰਮ ਕਾਂਟਾ’ ਅਤੇ ‘ਵਕਤ ਕੀ ਦੀਵਾਰ’ ਜਿਹੀਆਂ ਬਲਾਕਬਸਟਰ ਫਿਲਮਾਂ ਬੌਲੀਵੁੱਡ ਦੇ ਵੱਡੇ ਸਿਤਾਰਿਆਂ ਨਾਲ ਕੀਤੀਆਂ। ਉਸ ਨੇ 1967 ਵਿੱਚ ਫਿਲਮ ‘ਤਕਦੀਰ’ ਲਈ ਲਤਾ ਮੰਗੇਸ਼ਕਰ ਨਾਲ ਆਪਣਾ ਪਹਿਲਾ ਗੀਤ ‘ਸਾਤ ਸਮੁੰਦਰ ਪਾਰ ਸੇ’ ਰਿਕਾਰਡ ਕਰਵਾਇਆ ਸੀ। ‘ਦੂਰ ਕਾ ਰਾਹੀ’, ‘ਚਲਤੇ ਚਲਤੇ’, ‘ਸੰਕਲਪ’, ‘ਸੰਕੋਚ’, ‘ਅਪਨਾਪਨ’, ‘ਫਾਂਸੀ’, ‘ਗ੍ਰਹਿ ਪ੍ਰਵੇਸ਼’, ‘ਸਾਵਨ ਕੋ ਆਨੇ ਦੋ’, ‘ਥੋੜ੍ਹੀ ਸੀ ਬੇਵਫ਼ਾਈ’, ‘ਗਰਮ ਖ਼ੂਨ’, ‘ਆਹਿਸਤਾ ਆਹਿਸਤਾ’, ‘ਹਿਰਾਸਤ’, ‘ਖ਼ਾਮੋਸ਼ੀ’ ਆਦਿ ਫਿਲਮਾਂ ਲਈ ਉਸ ਵੱਲੋਂ ਗਾਏ ਗੀਤ ਹਿੱਟ ਰਹੇ ਸਨ।
ਸੋਨਾਕਸ਼ੀ ਸਿਨਹਾ : ਸੋਨਾਕਸ਼ੀ ਨੇ ‘ਦਬੰਗ’, ‘ਰਾਓਡੀ ਰਾਠੌੜ’, ‘ਓ ਮਾਈ ਗੌਡ’, ‘ਸਨ ਆਫ਼ ਸਰਦਾਰ’, ‘ਦਬੰਗ 2’, ‘ਹਿੰਮਤਵਾਲਾ’, ‘ਲੁਟੇਰਾ’, ‘ਵਨਸ ਅਪੌਨ ਏ ਟਾਈਮ ਇਨ ਮੁੰਬਈ’, ‘ਬੁਲੇਟ ਰਾਜਾ’,‘ਹੌਲੀਡੇ’, ‘ਐਕਸ਼ਨ ਜੈਕਸਨ’, ‘ਤੇਵਰ’, ‘ਅਕੀਰਾ’, ‘ਨੂਰ’, ‘ਹੈਪੀ ਫਿਰ ਭਾਗ ਜਾਏਗੀ’, ‘ਯਮਲਾ ਪਗਲਾ ਦੀਵਾਨਾ ਫਿਰ ਸੇ’, ‘ਕਲੰਕ’, ‘ਟੋਟਲ ਧਮਾਲ’, ‘ਦਬੰਗ 3’ ਅਤੇ ‘ਭੁਜ’ ਵਰਗੀਆਂ ਸੁਪਰਹਿੱਟ ਫਿਲਮਾਂ ਬੌਲੀਵੁੱਡ ਨੂੰ ਦਿੱਤੀਆਂ ਹਨ। ਇਸ ਦੇ ਨਾਲ ਹੀ ਆਪਣੀ ਆਵਾਜ਼ ਵਿੱਚ ਉਸ ਨੇ ‘ਤੇਵਰ’, ‘ਅਕੀਰਾ’, ‘ਨੂਰ’, ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਅਤੇ ‘ਹੈਪੀ ਫਿਰ ਭਾਗ ਜਾਏਗੀ’ ਆਦਿ ਫਿਲਮਾਂ ਲਈ ਗੀਤ ਵੀ ਗਾਏ ਹਨ।
ਇਲਾ ਅਰੁਣ : ਉੱਘੀ ਅਦਾਕਾਰਾ ਅਤੇ ਗਾਇਕਾ ਇਲਾ ਅਰੁਣ ਆਪਣੀ ਵਿਲੱਖਣ ਆਵਾਜ਼ ਲਈ ਪੂਰੇ ਬੌਲੀਵੁੱਡ ਵਿੱਚ ਜਾਣੀ ਜਾਂਦੀ ਹੈ। ਉਸ ਨੇ ਬਤੌਰ ਅਦਾਕਾਰਾ ‘ਅਰਧ ਸੱਤਿਆ’, ‘ਮੰਡੀ’, ‘ਤ੍ਰਿਕਾਲ’, ‘ਜਾਲ’, ‘ਪੁਲਿਸ ਪਬਲਿਕ’, ‘ਲਮਹੇ’, ‘ਸੂਰਜ ਕਾ ਸਾਤਵਾਂ ਘੋੜਾ’, ‘ਦ੍ਰੋਹਕਾਲ’, ‘ਘਾਤਕ’, ‘ਔਜ਼ਾਰ’, ‘ਚਾਈਨਾ ਗੇਟ’, ‘ਬੌਸ’, ‘ਚਿੰਗਾਰੀ’, ‘ਜੋਧਾ ਅਕਬਰ’, ‘ਵੈਸਟ ਇਜ਼ ਬੈਸਟ’, ‘ਮਿਰਚ’, ‘ਆਗਾਹ’, ‘ਸ਼ਾਦੀ ਕੇ ਸਾਈਡ ਇਫੈਕਟਸ’, ‘ਠੱਗਜ਼ ਆਫ ਹਿੰਦੁਸਤਾਨ’, ‘ਮੰਟੋ’, ‘ਧੂਮਕੇਤੂ’, ‘ਛਲਾਂਗ’ ਅਤੇ ‘ਸ਼ੇਰਨੀ’ ਆਦਿ ਜਿਹੀਆਂ ਪੰਜਾਹ ਦੇ ਕਰੀਬ ਫਿਲਮਾਂ ਵਿੱਚ ਬਾਖ਼ੂਬੀ ਕੰਮ ਕੀਤਾ ਹੈ ਤੇ ਬਤੌਰ ਗਾਇਕਾ ਉਸ ਵੱਲੋਂ ਗਾਏ ਦਰਜਨਾਂ ਗੀਤਾਂ ਵਿੱਚੋਂ ‘ਰੈਨਾ ਬਾਵਰੀ ਭਈ ਰੇ’, ‘ਯੇ ਇਸ਼ਕ ਡੰਕ ਬਿਛੂਆ ਕਾ’, ‘ਚੂੜੀਆਂ ਖਨਕ ਗਈ’, ‘ਚੋਲੀ ਕੇ ਪੀਛੇ ਕਿਆ ਹੈ’, ‘ਗੁਟਰ ਗੁਟਰ’, ‘ਓ ਲੈਲਾ ਓ ਲੈਲਾ’, ‘ਮੇਰੀ ਪਤਲੀ ਕਮਰ’, ‘ਕਮੀਜ਼ ਮੇਰੀ ਕਾਲੀ’, ‘ਮੋਰਾ ਸਈਆਂ’ ਅਤੇ ‘ਕਾਲਾ ਡੋਰੀਆ’ ਪ੍ਰਮੁੱਖ ਹਨ। ਇਸ ਤੋਂ ਇਲਾਵਾ ਉਸ ਨੇ ‘ਮੁਝਸੇ ਦੋਸਤੀ ਕਰੋਗੇ’ ਅਤੇ ‘ਰੁਕਮਾਵਤੀ ਕੀ ਹਵੇਲੀ’ ਨਾਮਕ ਫਿਲਮਾਂ ਲਈ ਸੰਗੀਤ ਵੀ ਤਿਆਰ ਕੀਤਾ ਹੈ।
ਆਲੀਆ ਭੱਟ : ਆਲੀਆ ਭੱਟ ਵਧੀਆ ਅਦਾਕਾਰਾ ਤਾਂ ਹੈ ਹੀ, ਪਰ ਇਸ ਦੇ ਨਾਲ ਨਾਲ ਉਹ ਸੁਰੀਲੀ ਗਾਇਕਾ ਵੀ ਹੈ। 2014 ਵਿੱਚ ਉਸ ਨੇ ਫਿਲਮ ‘ਹਾਈਵੇ’ ਲਈ ਉੱਘੇ ਸੰਗੀਤਕਾਰ ਏ.ਆਰ.ਰਹਿਮਾਨ ਦੇ ਸੰਗੀਤ ਨਿਰਦੇਸ਼ਨ ਵਿੱਚ ‘ਸੂਹਾ ਸੂਹਾ’ ਨਾਮਕ ਗੀਤ ਗਾਇਆ ਸੀ। ਉਸੇ ਸਾਲ ਹੀ ਉਸ ਨੇ ਆਪਣੀ ਫਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਲਈ ਵੀ ‘ਸਮਝਾਵਾਂ’ ਨਾਮਕ ਗੀਤ ਰਿਕਾਰਡ ਕਰਵਾਇਆ ਸੀ ਤੇ ਸਰੋਤਿਆਂ ਤੋਂ ਸ਼ਲਾਘਾ ਹਾਸਿਲ ਕੀਤੀ ਸੀ। ਫਿਲਮ ‘ਉੜਤਾ ਪੰਜਾਬ’ ਵਾਸਤੇ ਉਸ ਵੱਲੋਂ ਦਿਲਜੀਤ ਦੁਸਾਂਝ ਨਾਲ ਗਾਇਆ ‘ਇਕ ਕੁੜੀ’ ਨਾਮਕ ਗੀਤ ਅੱਜ ਵੀ ਸਿਨੇ ਪ੍ਰੇਮੀਆਂ ਦੇ ਚੇਤਿਆਂ ਵਿੱਚ ਵੱਸਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਕਈ ਸੰਗੀਤ ਅਤੇ ਐਵਾਰਡ ਸਮਾਗਮਾਂ ਵਿੱਚ ਬਤੌਰ ਗਾਇਕਾ ਆਪਣੀ ਹਾਜ਼ਰੀ ਦਰਜ ਕਰਾ ਚੁੱਕੀ ਹੈ। ਆਪਣੀ ਪਹਿਲੀ ਵੱਡੀ ਭੂਮਿਕਾ ਵਾਲੀ ਫਿਲਮ ‘ਸਟੂਡੈਂਟ ਆਫਿ ਦਿ ਯੀਅਰ’ ਨਾਲ ਅਦਾਕਾਰੀ ਦੇ ਪਿੜ ਵਿੱਚ ਆਲੀਆ ਹੁਣ ਤੱਕ ‘ਰਾਜ਼ੀ’, ‘ਗਲੀ ਬੁਆਏ’, ‘ਕਲੰਕ’, ‘ਸੜਕ-2’, ‘ਗੰਗੂਬਾਈ ਕਾਠੀਆਵਾੜੀ’, ‘ਡਾਰਲਿੰਗਜ਼’, ‘ਆਰ ਆਰ ਆਰ’ ਜਿਹੀਆਂ ਕਈ ਹਿਟ ਫਿਲਮਾਂ ਬੌਲੀਵੁੱਡ ਨੂੰ ਦੇ ਚੁੱਕੀ ਹੈ।
ਸ਼ਰੁਤੀ ਹਸਨ :ਅਦਾਕਾਰ-ਨਿਰਦੇਸ਼ਕ ਕਮਲ ਹਸਨ ਅਤੇ ਅਦਾਕਾਰਾ ਸਾਰਿਕਾ ਦੀ ਖ਼ੂਬਸੂਰਤ ਧੀ ਸ਼ਰੁਤੀ ਹਸਨ ਨੇ ਚੌਦਾਂ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਫਿਲਮ ‘ਹੇ ਰਾਮ’ ਵਿੱਚ ਮਹਿਮਾਨ ਭੂਮਿਕਾ ਅਦਾ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਫਿਰ 2009 ਵਿੱਚ ਹਿੰਦੀ ਫਿਲਮ ‘ਲੱਕ’ ਰਾਹੀਂ ਹਿੰਦੀ ਸਿਨਮਾ ’ਚ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਈ ਸੀ। 2011 ਵਿੱਚ ਤਾਮਿਲ ਅਤੇ ਤੇਲਗੂ ਫਿਲਮਾਂ ਵਿੱਚ ਪ੍ਰਵੇਸ਼ ਕਰਕੇ ਉਸ ਨੇ ‘ਫਿਲਮਫੇਅਰ ਪੁਰਸਕਾਰ’ ਹਾਸਿਲ ਕਰ ਲਿਆ ਸੀ। ਸ਼ਰੁਤੀ ਦੀਆਂ ਚਰਚਿਤ ਫਿਲਮਾਂ ਵਿੱਚ ‘ਦਿਲ ਤੋ ਬੱਚਾ ਹੈ ਜੀ’, ‘ਤੇਵਰ’, ‘ਗੱਬਰ ਇਜ਼ ਬੈਕ’, ‘ਵੈਲਕਮ ਬੈਕ’, ‘ਰੌਕੀ ਹੈਂਡਸਮ’, ‘ਦਿ ਪਾਵਰ’ ਦੇ ਨਾਂ ਸ਼ਾਮਿਲ ਹਨ। ਸ਼ਰੁਤੀ ਨੇ ‘ਤੇਵਰ’,‘ਲੱਕ’ ਅਤੇ ‘ਡੀ-ਡੇਅ’ ਆਦਿ ਫਿਲਮਾਂ ਲਈ ਕ੍ਰਮਵਾਰ ‘ਜੋਗਨੀਆ’, ‘ਆਜ਼ਮਾ ਲੇ’, ‘ਅਲਵਿਦਾ’ ਆਦਿ ਗੀਤ ਗਾ ਕੇ ਸੰਗੀਤ ਪ੍ਰੇਮੀਆਂ ਦਾ ਪਿਆਰ ਹਾਸਿਲ ਕੀਤਾ ਹੈ। ਇੱਥੇ ਹੀ ਨਹੀਂ ਸਗੋਂ ਤਿੰਨ ਦੱਖਣ ਭਾਰਤੀ ਫਿਲਮਾਂ ਵਿੱਚ ਗਾਏ ਗੀਤਾਂ ਲਈ ਉਸ ਦਾ ਨਾਂ ਸਰਬੋਤਮ ਗਾਇਕਾ ਦਾ ਫਿਲਮਫੇਅਰ ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਜਾ ਚੁੱਕਾ ਹੈ। ਸ਼ਰੁਤੀ ਨੇ 2009 ਤੋਂ ਆਪਣਾ ਇੱਕ ਸੰਗੀਤਕ ਬੈਂਡ ਵੀ ਬਣਾਇਆ ਹੋਇਆ ਹੈ।
ਨੇਹਾ ਕੱਕੜ : ਹਿੰਦੀ ਫਿਲਮ ਸੰਗੀਤ ਦੇ ਪ੍ਰੇਮੀਆਂ ਨੇ ਗਾਇਕਾ ਨੇਹਾ ਕੱਕੜ ਨੂੰ ਬਤੌਰ ਗਾਇਕਾ ਬੇਹੱਦ ਪਿਆਰ ਦਿੱਤਾ ਹੈ। ਬਤੌਰ ਅਦਾਕਾਰਾ ਨੇਹਾ ਨੇ ‘ਇਸੀ ਲਾਈਫ ਮੇਂ’, ‘ਤੁਮ ਬਿਨ-2’, ‘ਜੈ ਮੰਮੀ ਦੀ’, ‘ਗਿੰਨੀ ਵੈੱਡਜ਼ ਸੰਨੀ’ ਅਤੇ ‘ਟਿਊਜ਼ਡੇਜ਼ ਐਂਡ ਫਰਾਈਡੇਜ਼’ ਆਦਿ ਫਿਲਮਾਂ ਵਿੱਚ ਵੱਖ ਵੱਖ ਕਿਰਦਾਰ ਬਾਖ਼ੂਬੀ ਅਦਾ ਕੀਤੇ ਹਨ। ਇਸ ਤੋਂ ਇਲਾਵਾ ਟੀ.ਵੀ. ਲੜੀਵਾਰਾਂ - ‘ਕਾਮੇਡੀ ਨਾਈਟਸ ਵਿਦ ਕਪਿਲ’, ‘ਕਾਮੇਡੀ ਸਰਕਸ ਕੇ ਤਾਨਸੇਨ’, ‘ਕਾਮੇਡੀ ਨਾਈਟਸ ਬਚਾਓ’ ਅਤੇ ਮਿਊਜ਼ਿਕ ਕੀ ਪਾਠਸ਼ਾਲਾ’ ਆਦਿ ਪ੍ਰੋਗਰਾਮਾਂ ਵਿੱਚ ਵੱਖ ਵੱਖ ਭੂਮਿਕਾਵਾਂ ਸਫਲਤਾਪੂਰਵਕ ਨਿਭਾਈਆਂ ਹਨ।
ਉਕਤ ਅਭਿਨੇਤਰੀਆਂ ਤੇ ਗਾਇਕਾਵਾਂ ਤੋਂ ਇਲਾਵਾ ਨੇਹਾ ਕਪੂਰ, ਮੋਨਾਲੀ ਠਾਕੁਰ, ਨੀਤੀ ਮੋਹਨ, ਕਨਿਕਾ ਕਪੂਰ, ਸ਼੍ਰੇਆ ਘੋਸ਼ਾਲ, ਸੁਨਿਧੀ ਚੌਹਾਨ, ਨੇਹਾ ਭਸੀਨ, ਕਵਿਤਾ ਕ੍ਰਿਸ਼ਨਾਮੂਰਤੀ, ਅਨੁਰਾਧਾ ਪੌਡਵਾਲ, ਪਲਕ ਮੁੱਛਲ, ਸ਼ਵੇਤਾ ਪੰਡਿਤ, ਮੋਨਾ ਮਹਾਪਾਤਰਾ, ਸਾਗਰਿਕਾ, ਵਸੁੰਧਰਾ ਦਾਸ, ਅਨੁਸ਼ਕਾ ਮਨਚੰਦਾ, ਹਾਰਡ ਕੌਰ, ਜੋਨਿਤਾ ਗਾਂਧੀ, ਸ਼ਿਲਪਾ ਰਾਓ, ਹਰਸ਼ਦੀਪ ਕੌਰ, ਜਸਪਿੰਦਰ ਨਰੂਲਾ, ਸ਼ਰਲੇ ਸੇਤੀਆ ਅਤੇ ਸੋਫ਼ੀ ਚੌਧਰੀ ਆਦਿ ਅਜਿਹੀਆਂ ਗਾਇਕਾਵਾਂ ਹਨ ਜਿਨ੍ਹਾਂ ਨੇ ਇੱਕਾ-ਦੁੱਕਾ ਫਿਲਮਾਂ ਵਿੱਚ ਆਪਣੇ ਹੀ ਕਿਰਦਾਰ ਅਦਾ ਕੀਤੇ ਹਨ।
ਸੰਪਰਕ : 97816-46008