ਸਾਹਿਤ ਤੇ ਵਿਗਿਆਨ ਦਾ ਸੁਮੇਲ ਡਾ. ਡੀ.ਪੀ. ਸਿੰਘ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿਛੋਕੜ ਵਾਲਾ ਡਾ. ਡੀ.ਪੀ. ਸਿੰਘ ਅੱਜਕੱਲ੍ਹ ਕੈਨੇਡਾ ਵੱਸ ਚੁੱਕਾ ਹੈ। ਉਹ ਸਿੱਖਿਆ, ਸਾਹਿਤ, ਧਰਮ ਤੇ ਵਿਗਿਆਨ ਦੇ ਸੁਮੇਲ ਵਾਲੀ ਆਪਣੀ ਪ੍ਰਤਿਭਾ ਨਾਲ ਅੰਤਰਰਾਸ਼ਟਰ ਪੱਧਰ ’ਤੇ ਆਪਣੀ ਪਹਿਚਾਣ ਬਣਾ ਚੁੱਕਾ ਹੈ। ਉਹ ਅੰਤਰਰਾਸ਼ਟਰੀ ਟੈਲੀਵਿਜ਼ਨ ਚੈਨਲਾਂ ਤੇ ਰੇਡੀਓ ਸਟੇਸ਼ਨਾਂ ’ਤੇ ਆਪਣੀ ਗੱਲ ਹੀ ਨਹੀਂ ਕਹਿੰਦਾ ਸਗੋਂ ਮਾਹਿਰਾਂ ਨਾਲ ਮੁਲਾਕਾਤਾਂ ਕਰਕੇ ਗਿਆਨ ਵੀ ਵੰਡਦਾ ਹੈ। ਉਹ ਅਧਿਆਪਨ ਕਾਰਜ ਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ, ਪਟਿਆਲਾ ਦੀਆਂ ਸੈਨੈਟ ਸਭਾਵਾਂ ਤੇ ਬੋਰਡ ਆਫ ਸਟੱਡੀਜ਼ ਦਾ ਮੈਂਬਰ, ਡੀਨ ਸਟੂਡੈਂਟਸ ਵੈਲਫੇਅਰ, ਬਰਸਰ, ਡਿਪਟੀ ਰਜਿਸਟਰਾਰ (ਪ੍ਰੀਖਿਆਵਾਂ), ਅਧਿਆਪਕ ਜਥੇਬੰਦੀ ਦੇ ਜਨਰਲ ਸੈਕਟਰੀ ਦੇ ਅਹੁਦਿਆਂ ’ਤੇ ਕਾਰਜ ਕਰਕੇ ਆਪਣੀ ਕਾਬਲੀਅਤ ਨੂੰ ਵੀ ਸਿੱਧ ਕਰਦਾ ਰਿਹਾ। ਕੈਨੇਡਾ ’ਚ ਵਸਣ ਤੋਂ ਬਾਅਦ ਉਹ 2008 ਤੋਂ ਲੈ ਕੇ ਟੋਰਾਂਟੋ ਵਿਖੇ ਸੈਕੰਡਰੀ ਤੇ ਡਿਗਰੀ ਪੱਧਰ ਉੱਤੇ ਅਧਿਆਪਨ ਕਾਰਜ ਅਤੇ 2013 ਤੋਂ ਵਿਦਿਅਕ ਕਾਰਜਾਂ ਨਾਲ ਜੁੜੀ ਕੈਂਬਰਿਜ਼ ਲਰਨਿੰਗ ਸੰਸਥਾ ਦੇ ਬਾਨੀ ਡਾਇਰੈਕਟਰ ਵਜੋਂ ਅਧਿਆਪਨ ਕਾਰਜ ਕਰ ਰਿਹਾ ਹੈ।
ਪ੍ਰਿੰਸੀਪਲ ਵਿਜੈ ਕੁਮਾਰ
ਕੈਨੇਡਾ ਵਿੱਚ ਰਹਿੰਦੇ ਇੱਕ ਸੱਜਣ ਨੇ ਮੈਨੂੰ ਕੈਨੇਡਾ ਦੇ ਇੱਕ ਨਾਮੀ ਚੈਨਲ ਉੱਤੇ ਰਿਕਾਰਡ ਹੋਈ ਅੰਤਰਰਾਸ਼ਟਰੀ ਵਿਗਿਆਨੀ ਦੀ ਮੁਲਾਕਾਤ ਭੇਜੀ ਤੇ ਨਾਲ ਹੀ ਇਹ ਕਿਹਾ ਕਿ ਇਹ ਵੀਡਿਓ ਸੁਣਨ ਵਾਲਾ ਹੈ। ਮੈਂ ਫਿਰ ਉਹ ਵੀਡਿਓ ਖੋਲ੍ਹ ਕੇ ਉਸ ਨੂੰ ਮੁੜ ਬੰਦ ਨਹੀਂ ਕਰ ਸਕਿਆ ਕਿਉਂਕਿ ਇਹ ਵੀਡੀਓ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨੀ ਲੇਖਕ ਡਾ. ਡੀ.ਪੀ. ਸਿੰਘ ਦਾ ਸੀ। ਇਸ ਅੰਤਰਰਾਸ਼ਟਰੀ ਵਿਗਿਆਨੀ ਲੇਖਕ ਦੀ ਮੁਲਾਕਾਤ ਨੂੰ ਸੁਣ ਕੇ ਮੇਰੇ ਮਨ ਵਿੱਚ ਉਸ ਨੂੰ ਮਿਲਣ ਅਤੇ ਉਸ ਬਾਰੇ ਲਿਖਣ ਦੀ ਕਾਹਲ ਪੈਦਾ ਹੋ ਗਈ।
ਡਾ. ਡੀ.ਪੀ. ਸਿੰਘ ਦਾ ਮੇਰੇ ਨਾਲ ਪਿਛਲੇ 25 ਸਾਲ ਤੋਂ ਰਾਬਤਾ ਸੀ, ਪਰ ਉਸ ਦੇ ਕੈਨੇਡਾ ਜਾ ਵੱਸਣ ਕਾਰਨ ਸਾਡਾ ਇੱਕ ਦੂਜੇ ਨਾਲ ਸੰਪਰਕ ਨਹੀਂ ਰਿਹਾ। ਉਂਜ ਤਾਂ ਪੰਜਾਬ ਦੇ ਸ਼ਿਵਾਲਿਕ ਕਾਲਜ ’ਚ ਪ੍ਰੋਫੈਸਰ ਵਜੋਂ ਸੇਵਾ ਨਿਭਾਉਂਦਿਆਂ ਉਸ ਦੀਆਂ ਹਰ ਖੇਤਰ ’ਚ ਪ੍ਰਾਪਤੀਆਂ ਉੱਚ ਪੱਧਰ ਦੀਆਂ ਸਨ, ਪਰ ਕੈਨੇਡਾ ’ਚ ਆ ਕੇ ਉਹ ਅੰਤਰਰਾਸ਼ਟਰੀ ਪੱਧਰ ’ਤੇ ਵੀ ਆਪਣਾ ਕਾਫ਼ੀ ਨਾਂ ਬਣਾ ਚੁੱਕਾ ਹੈ। ਇੰਡੋ ਕੈਨੇਡੀਅਨ ਸਿੱਖਿਆ ਸ਼ਾਸਤਰੀ, ਖੋਜੀ, ਸਾਹਿਤ ਤੇ ਵਿਗਿਆਨ ਦੇ ਸੁਮੇਲ ਤੇ ਅਨੁਭਵੀ ਡਾ. ਡੀ.ਪੀ. ਸਿੰਘ ਨੇ 1956 ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ’ਚ ਮਾਤਾ ਪ੍ਰਕਾਸ਼ ਕੌਰ ਤੇ ਪਿਤਾ ਅਰਜੁਨ ਸਿੰਘ ਦੇ ਵਿਹੜੇ ’ਚ ਸੂਰਜ ਦੀ ਪਹਿਲੀ ਕਿਰਨ ਨੂੰ ਵੇਖਿਆ। 1972 ’ਚ ਕੌਮੀ ਪੱਧਰ ਦਾ ਵਜ਼ੀਫਾ ਹਾਸਲ ਕਰਕੇ ਬੀਰਮਪੁਰ ਹਾਈ ਸਕੂਲ ਤੋਂ 1972 ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕਰਨਾ, 1972-76 ’ਚ ਸਰਕਾਰੀ ਕਾਲਜ ਟਾਂਡਾ ਉੜਮੁੜ ਤੋਂ ਪੰਜਾਬ ਯੂਨੀਵਰਸਿਟੀ ’ਚ ਪਹਿਲੇ ਸਥਾਨ ’ਤੇ ਆ ਕੇ ਬੀਐੱਸ.ਈ. ਦੀ ਡਿਗਰੀ ਹਾਸਲ ਕਰਨਾ, 1976-78 ’ਚ ਪੰਜਾਬ ਯੂਨੀਵਰਸਟੀ ਦੀ ਐੱਮਐੱਸ.ਈ. ਭੌਤਿਕ ਵਿਗਿਆਨ ਦੀ ਪ੍ਰੀਖਿਆ ’ਚੋਂ ਪਹਿਲੇ ਸਥਾਨ ਤੇ ਰਹਿਣਾ ਅਤੇ 1986 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵਿਲੱਖਣ ਵਿਸ਼ੇ ਅਣੂਵੀ ਪ੍ਰਕਿਰਿਆਵਾਂ ’ਤੇ ਪੀਐੱਚ.ਡੀ. ਕਰਕੇ ਇੱਕ ਵਿਲੱਖਣ ਪ੍ਰਤਿਭਾ ਵਾਲੇ ਵਿਦਿਆਰਥੀ ਹੋਣ ਦਾ ਸਬੂਤ ਦਿੱਤਾ। 1978 ’ਚ ਪੰਜਾਬ ਯੂਨੀਵਰਸਟੀ ਤੋਂ ਐੱਮਐੱਸ.ਈ. ਕਰਦੇ ਹੀ ਉਸ ਦੀ ਬੌਧਿਕ ਪ੍ਰਤਿਭਾ ਨੂੰ ਵੇਖਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਨੇ ਉਸ ਨੂੰ ਭੌਤਿਕ ਵਿਗਿਆਨ ਵਿਸ਼ੇ ਦਾ ਪ੍ਰੋਫੈਸਰ ਨਿਯੁਕਤ ਕਰ ਲਿਆ। ਹੋਰ ਚੰਗੇ ਭਵਿੱਖ ਦੇ ਉਦੇਸ਼ ਨਾਲ ਉਹ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਣ ਲੱਗਾ। 1980 ’ਚ ਉਹ ਸ਼ਿਵਾਲਿਕ ਕਾਲਜ, ਨਯਾ ਨੰਗਲ ਵਿਖੇ ਸੇਵਾ ਨਿਭਾਉਣ ਲੱਗਾ। 1986 ’ਚ ਉਭਾ ਦੇ ਖੋਜ ਕਾਰਜਾਂ ਨੂੰ ਮਾਨਤਾ ਪ੍ਰਦਾਨ ਕਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਉਸ ਨੂੰ ਪੀਐੱਚ.ਡੀ. ਦੀ ਡਿਗਰੀ ਨਾਲ ਨਿਵਾਜਿਆ। ਸ਼ਿਵਾਲਿਕ ਕਾਲਜ, ਨਯਾ ਨੰਗਲ ਦੇ ਸਰਕਾਰੀ ਹੋਣ ਤੋਂ ਬਾਅਦ ਉਹ ਪੰਜਾਬ ਦੇ ਕਈ ਕਾਲਜਾਂ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਂਦਾ ਰਿਹਾ। ਵਿਦੇਸ਼ ਜਾਣ ਤੱਕ ਉਸ ਨੇ 2008 ਤੱਕ ਭਾਰਤ ਵਿੱਚ ਲਗਭਗ 30 ਵਰ੍ਹੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾਈ।
ਉਹ ਅਧਿਆਪਨ ਕਾਰਜ ਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਪਟਿਆਲਾ ਦੀਆਂ ਸੈਨੈਟ ਸਭਾਵਾਂ ਤੇ ਬੋਰਡ ਆਫ ਸਟੱਡੀਜ਼ ਦਾ ਮੈਂਬਰ, ਡੀਨ ਸਟੂਡੈਂਟਸ ਵੈਲਫੇਅਰ, ਬਰਸਰ, ਡਿਪਟੀ ਰਜਿਸਟਰਾਰ (ਪ੍ਰੀਖਿਆਵਾਂ), ਅਧਿਆਪਕ ਜਥੇਬੰਦੀ ਦੇ ਜਨਰਲ ਸੈਕਟਰੀ ਦੇ ਅਹੁਦਿਆਂ ’ਤੇ ਕਾਰਜ ਕਰਕੇ ਆਪਣੀ ਕਾਬਲੀਅਤ ਨੂੰ ਸਿੱਧ ਕਰਦਾ ਰਿਹਾ। ਕੈਨੇਡਾ ’ਚ ਵਸਣ ਤੋਂ ਬਾਅਦ ਉਹ 2008 ਤੋਂ ਲੈ ਕੇ ਟੋਰਾਂਟੋ ਵਿਖੇ ਸੈਕੰਡਰੀ ਤੇ ਡਿਗਰੀ ਪੱਧਰ ਉੱਤੇ ਅਧਿਆਪਨ ਕਾਰਜ ਅਤੇ 2013 ਤੋਂ ਵਿਦਿਅਕ ਕਾਰਜਾਂ ਨਾਲ ਜੁੜੀ ਕੈਂਬਰਿਜ਼ ਲਰਨਿੰਗ ਸੰਸਥਾ ਦੇ ਬਾਨੀ ਡਾਇਰੈਕਟਰ ਵਜੋਂ ਅਧਿਆਪਨ ਕਾਰਜ ਕਰ ਰਿਹਾ ਹੈ। ਸਿੱਖਿਆ, ਸਾਹਿਤ, ਧਰਮ ਤੇ ਵਿਗਿਆਨ ਦਾ ਸੁਮੇਲ ਡਾ. ਡੀ.ਪੀ. ਸਿੰਘ ਅੰਤਰਰਾਸ਼ਟਰ ਪੱਧਰ ’ਤੇ ਆਪਣੀ ਪਹਿਚਾਣ ਬਣਾ ਚੁੱਕਾ ਹੈ। ਉਹ ਅੰਤਰਰਾਸ਼ਟਰੀ ਟੈਲੀਵਿਜ਼ਨ ਚੈਨਲਾਂ ਤੇ ਰੇਡੀਓ ਸਟੇਸ਼ਨਾਂ ’ਤੇ ਆਪਣੀ ਗੱਲ ਹੀ ਨਹੀਂ ਕਹਿੰਦਾ ਸਗੋਂ ਮਾਹਿਰਾਂ ਨਾਲ ਮੁਲਾਕਾਤਾਂ ਕਰਕੇ ਗਿਆਨ ਵੀ ਵੰਡਦਾ ਹੈ। ਆਪਣੇ ਪਿੰਡ ਦੇ ਸਕੂਲ ਦੀ ਲਾਇਬ੍ਰੇਰੀ, ਪਰਿਵਾਰ ਦੇ ਸਾਹਿਤਕ ਮਾਹੌਲ ਤੇ ਪੰਜਾਬੀ ਅਧਿਆਪਕ ਗੁਰਦਿਆਲ ਸਿੰਘ ਦੀ ਪ੍ਰੇਰਨਾ ਸਦਕਾ ਉਸ ਦੇ ਮਨ ਅੰਦਰ ਸਾਹਿਤ ਪੜ੍ਹਨ ਤੇ ਲਿਖਣ ਦਾ ਬੀਜ ਪੁੰਗਰ ਪਿਆ ਸੀ। ਪੰਜਾਬੀ ਤੇ ਹਿੰਦੀ ਭਾਸ਼ਾਵਾਂ ਦੇ ਚੋਟੀ ਦੇ ਲੇਖਕਾਂ ਨੂੰ ਪੜ੍ਹਦਿਆਂ ਉਸ ਨੇ ਸਕੂਲ ਤੇ ਕਾਲਜ ਪੱਧਰ ਤੋਂ ਲਿਖਣਾ ਤੇ ਵਿਦਿਅਕ ਮੁਕਾਬਲਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। 1988 ਤੋਂ ਉਸ ਦੀਆਂ ਰਚਨਾਵਾਂ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਭਾਸ਼ਾਵਾਂ ’ਚ ਅਨੇਕਾਂ ਅਖ਼ਬਾਰਾਂ ਤੇ ਰਸਾਲਿਆਂ ’ਚ ਪ੍ਰਕਾਸ਼ਿਤ ਹੋ ਰਹੀਆਂ ਹਨ। ਸਾਹਿਤ ਦੀਆਂ ਵੱਖ ਵੱਖ ਭਾਸ਼ਾਵਾਂ ਤੇ ਵਿਧਾਵਾਂ ’ਚ ਲਿਖਣ ਵਾਲੇ ਡਾ. ਡੀ.ਪੀ. ਸਿੰਘ ਦੀਆਂ ਸਾਹਿਤਕ ਲਿਖਤਾਂ ਅਤੇ ਪੁਸਤਕਾਂ ਦੀ ਸੂਚੀ ਬਹੁਤ ਲੰਬੀ ਹੈ। ਉਹ ਸਾਹਿਤ ਦੇ ਖੇਤਰ ਵਿੱਚ ਮਕਬੂਲ ਲੇਖਕ, ਅਨੁਵਾਦਕ, ਸਮੀਖਿਅਕ ਤੇ ਸੰਪਾਦਕ ਵੀ ਹੈ। ਇਸ ਤੋਂ ਇਲਾਵਾ ਉਸ ਦੀਆਂ ਰਚਨਾਵਾਂ ਅੰਗਰੇਜ਼ੀ ਤੇ ਵਿਗਿਆਨ ਨਾਲ ਸਬੰਧਿਤ ਮੈਗਜ਼ੀਨਾਂ ਵਿੱਚ ਵੀ ਲਗਾਤਾਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਜੋ ਸਿੱਖ ਧਰਮਾ, ਵਿਗਿਆਨ, ਯੋਜਨਾ ਤੇ ਧਰਮ ਦੇ ਵਿਸ਼ਿਆਂ ਨੂੰ ਲੈ ਕੇ ਲਿਖੀਆਂ ਹੁੰਦੀਆਂ ਹਨ। ਉਹ ਵਿਗਿਆਨ, ਧਰਮ ਤੇ ਵਾਤਾਵਰਨ ਵਿਸ਼ਿਆਂ ਨੂੰ ਲੈ ਕੇ ਪੰਜਾਬੀ, ਅੰਗਰੇਜ਼ੀ ਤੇ ਸ਼ਾਹਮੁਖੀ ਵਿੱਚ ਕੁੱਲ 26 ਪੁਸਤਕਾਂ ਦੀ ਰਚਨਾ ਕਰ ਚੁੱਕਾ ਹੈ। ਉਸ ਨੇ 10 ਪੁਸਤਕਾਂ ਬੱਚਿਆਂ ਲਈ ਲਿਖੀਆਂ ਹਨ। ਉਸ ਦੀਆਂ ਪੁਸਤਕਾਂ ਪੰਜਾਬੀ ਯੂਨੀਵਰਸਟੀ, ਪਟਿਆਲਾ, ਭਾਸ਼ਾ ਵਿਭਾਗ, ਪੰਜਾਬ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ, ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ, ਦਿੱਲੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਅਤੇ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ ਛਾਪੀਆਂ ਗਈਆਂ ਹਨ।
ਪਾਕਿਸਤਨ ਤੋਂ ਪ੍ਰਕਾਸ਼ਿਤ ਹੋ ਰਹੇ ਰਸਾਲੇ ‘ਪੰਖੇਰੂ’ ’ਚ ਸ਼ਾਹਮੁਖੀ ਲਿਪੀ ’ਚ ਉਹ ਬਾਲ ਕਹਾਣੀਆਂ ਅਤੇ ਬਾਲ ਨਾਵਲ ਲਿਖ ਚੁੱਕਾ ਹੈ। ਕਈ ਸੰਪਾਦਿਤ ਪੁਸਤਕਾਂ ਵਿੱਚ ਉਸ ਦੀਆਂ ਦੋ ਦਰਜਨ ਕਹਾਣੀਆਂ, ਲੇਖ, ਨਾਟਕ ਸ਼ਾਮਲ ਕੀਤੇ ਗਏ ਹਨ। ਪੁਸਤਕਾਂ ਦੇ ਮੁੱਖਬੰਧ ਲਿਖਣਾ,ਅਨੁਵਾਦ ਕਰਨਾ ਤੇ ਸਾਹਿਤ ਸਭਾਵਾਂ ਦੀ ਸਥਾਪਨਾ ਕਰਨਾ ਉਸ ਦੇ ਸਾਹਿਤਕ ਕਾਰਜਾਂ ਦੀ ਸੂਚੀ ਵਿੱਚ ਵਾਧਾ ਕਰਦਾ ਹੈ। ਉਸ ਦੀਆਂ ਰਚਨਾਵਾਂ ਹਿੰਦੀ, ਅੰਗਰੇਜ਼ੀ, ਮਰਾਠੀ ਅਤੇ ਪਾਕਿਸਤਾਨ ਵਿੱਚ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਾਕਿਸਤਾਨ ਤੇ ਭਾਰਤ ਵਿੱਚ ਉਸ ਦੀਆਂ ਵਾਤਾਵਰਨ ਸਬੰਧੀ ਪੁਸਤਕਾਂ ਉੱਤੇ ਵਿਦਿਆਰਥੀ ਪੀਐੱਚ.ਡੀ. ਕਰ ਚੁੱਕੇ ਹਨ। ਭੌਤਿਕ ਵਿਗਿਆਨ ਵਿਸ਼ੇ ’ਤੇ ਉਸ ਦੀ ਰਹਿਨੁਮਾਈ ਵਿੱਚ ਜਰਮਨੀ, ਇੰਗਲੈਂਡ ਤੇ ਭਾਰਤ ਦੀਆਂ ਪ੍ਰਸਿੱਧ ਯੂਨੀਵਰਸਟੀਆਂ ਵਿੱਚ ਉਸ ਦੇ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਤੇ ਉਸ ਨੇ ਵਿਗਿਆਨ ਤੇ ਵਾਤਾਵਰਨ ਨੂੰ ਜੋੜ ਕੇ ਵਿਦਿਆਰਥੀਆਂ ਤੇ ਦੇਸ਼ ਨੂੰ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦੇਣ ਲਈ ਆਮਣੇ ਮਨ ’ਚ ਜਨੂੰਨ ਲੈ ਕੇ ਵਾਤਾਵਰਨ ਦੇ ਖੇਤਰ ’ਚ ਕੰਮ ਕੀਤਾ ਹੈ। ਉਹ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨੋਲੌਜੀ, ਚੰਡੀਗੜ੍ਹ ਵੱਲੋਂ ਕਰਵਾਈਆਂ ਗਈਆਂ ਵਰਕਸ਼ਾਪਾਂ ’ਚ 11 ਵਰ੍ਹੇ ਰਿਸੋਰਸ ਪਰਸਨ ਵਜੋਂ ਭੂਮਿਕਾ ਨਿਭਾਉਂਦਾ ਰਿਹਾ। ਕੌਮੀ ਵਾਤਾਵਰਨ ਜਾਗਰੂਕਤਾ ਮੁਹਿੰਮ ਅਧੀਨ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨੋਲੋਜੀ, ਚੰਡੀਗੜ੍ਹ ਵੱਲੋਂ ਉਸ ਨੂੰ 5 ਵਰ੍ਹੇ ਲਈ ਰੋਪੜ ਜ਼ਿਲ੍ਹੇ ਦੀਆਂ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵਾਤਾਵਰਨ ਸੁਰੱਖਿਆ ਲਈ ਕੀਤੇ ਜਾ ਰਹੇ ਕਾਰਜਾਂ ਲਈ ਵਿਭਾਗੀ ਆਬਜ਼ਰਬਰ ਨਿਯੁਕਤ ਕੀਤਾ ਜਾ ਚੁੱਕਾ ਹੈ।
ਉਹ ਜ਼ਿਲ੍ਹਾ ਰੋਪੜ ਦੀਆਂ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਾਲੀ ਕਮੇਟੀ ਤੇ ਭਾਰਤ ਸਰਕਾਰ ਵੱਲੋਂ ਕੌਮੀ ਵਾਤਾਵਰਨ ਸੁਰੱਖਿਆ ਬ੍ਰਿਗੇਡ ਕਮੇਟੀ ਦਾ 6 ਸਾਲ ਲਈ ਮੈਂਬਰ ਰਿਹਾ। ਵਾਤਾਵਰਨ ਸਬੰਧੀ ਗਿਆਨ ਦੇ ਵਾਧੇ ਲਈ ਉਸ ਨੂੰ ਕੌਮੀ ਅਤੇ ਰਾਜ ਪੱਧਰ ਦੀਆਂ ਵਰਕਸ਼ਾਪਾਂ ’ਚ ਭਾਗ ਲੈਣ ਦਾ ਮੌਕਾ ਮਿਲਿਆ। 700 ਏਕੜ ਭੂਮੀ ’ਚ ਫੈਲੀ ਨੰਗਲ ਰੋਪੜ ਵੈਟਲੈਂਡ ਜਿੱਥੇ ਹਰ ਸਾਲ ਹਜ਼ਾਰਾਂ ਪਰਵਾਸੀ ਪੰਛੀ ਆਉਂਦੇ ਹਨ, ਨੂੰ ਕੌਮੀ ਪੱਧਰ ਦੀ ਵੈਟਲੈਂਡ ਦਾ ਦਰਜਾ ਦਵਾਉਣ ’ਚ ਉਸ ਦੀ ਸ਼ਲਾਘਾਯੋਗ ਭੂਮਿਕਾ ਰਹੀ ਹੈ। ਫੈਕਟਰੀਆਂ ਅਤੇ ਭੱਠਿਆਂ ਤੋਂ ਪੈਦਾ ਹੋਣ ਵਾਲੇ ਹਵਾਈ ਪ੍ਰਦੂਸ਼ਣ, ਸਤਲੁਜ ਦਰਿਆ ’ਚ ਗੈਰ ਕਾਨੂੰਨੀ ਸੁੱਟੀ ਜਾ ਰਹੀ ਸਲੱਰੀ, ਗੈਰ ਕਨੂੰਨੀ ਮਾਈਨਿੰਗ, ਰੋਪੜ ਥਰਮਲ ਪਲਾਂਟਾਂ ਦੀ ਸੱਲਰੀ ਦਾ ਵੈਟਲੈਂਡ ਵਿੱਚ ਪੈ ਰਿਹਾ ਪ੍ਰਦੂਸ਼ਣ, ਚੌੜੀ ਕੀਤੀ ਜਾ ਰਹੀ ਸੜਕ ਕਾਰਨ ਰੁੱਖਾਂ ਦੀ ਕਟਾਈ ਕਰਨ ਦੀ ਥਾਂ ਨਵੇਂ ਰੁੱਖ ਲਗਾਉਣ ਲਈ ਪ੍ਰੇਰਨਾ ਅਤੇ ਸਕੂਲਾਂ, ਕਾਲਜਾਂ ਵਿੱਚ ਵਾਤਾਵਰਨ ਦੀ ਚੇਤਨਾ ਲਈ ਵਰਕਸ਼ਾਪਾਂ ਲਗਵਾਉਣੀਆਂ, ਲੈਕਚਰ ਦੇਣੇ ਉਸ ਦੇ ਵਾਤਾਵਰਨ ਸ਼ੁੱਧਤਾ ਲਈ ਕੀਤੇ ਗਏ ਕਾਰਜਾਂ ਦੀ ਮੂੰਹ ਬੋਲਦੀ ਤਸਵੀਰ ਹੈ। ਉਸ ਨੇ ਖੁਦ ਹੀ ਸਾਹਿਤ ਤੇ ਵਿਗਿਆਨ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਨਹੀਂ ਕੀਤਾ ਸਗੋਂ ਅਨੇਕਾਂ ਲੇਖਕ ਅਤੇ ਵਿਗਿਆਨਕ ਵੀ ਪੈਦਾ ਕੀਤੇ। ਅੱਜ ਉਸ ਦੇ ਪੜ੍ਹਾਏ ਵਿਦਿਆਰਥੀ ਡਾਕਟਰ, ਵਕੀਲ, ਸਾਇੰਸਦਾਨ, ਪ੍ਰੋਫੈਸਰ ਤੇ ਹੋਰ ਖੇਤਰਾਂ ਵਿੱਚ ਨਾਮੀ ਅਹੁਦਿਆਂ ’ਤੇ ਕੰਮ ਕਰ ਰਹੇ ਹਨ।
ਹੁਣ ਜੇਕਰ ਉਸ ਨੂੰ ਸਾਹਿਤ ਅਤੇ ਵਿਗਿਆਨ ਦੇ ਖੇਤਰ ਵਿੱਚ ਦੇਸ਼ ਵਿਦੇਸ਼ ਵਿੱਚ ਮਿਲੇ ਮਾਨ ਸਨਮਾਨਾਂ ਦੀ ਗੱਲ ਸਾਂਝੀ ਕੀਤੀ ਜਾਵੇ ਤਾਂ ਇਸ ਦੀ ਸੂਚੀ ਬਹੁਤ ਲੰਬੀ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਦੀਆਂ ਤਿੰਨ ਪੁਸਤਕਾਂ ਨੂੰ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਦਿੱਤਾ ਜਾ ਚੁੱਕਾ ਹੈ। ਸਾਹਿਤ ਰੰਗ ਗਠਨ ਸੰਸਥਾ ਚੰਡੀਗੜ੍ਹ ਵੱਲੋਂ ਹੈਂਜਬਲ ਸਾਹਿਤ ਰਤਨ ਐਵਾਰਡ, ਪੰਜਾਬੀ ਸੱਥ ਲਾਂਬੜਾ ਵੱਲੋਂ ਬਾਲ ਸਾਹਿਤ ਪੁਰਸਕਾਰ, ਭਾਰਤੀ ਵਿਗਿਆਨ ਲੇਖਕ ਸੰਘ ਦਿੱਲੀ ਵੱਲੋਂ ਇਸਵਾ ਐਵਾਰਡ, ਕੈਨੇਡਾ ਦੀ ਪੀਸ ਆਨ ਅਰਥ ਸੰਸਥਾ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ, ਕੈਨੇਡਾ ਦੀਆਂ ਸੰਸਥਾਵਾਂ ਅੱਜ ਦੀ ਅਵਾਜ਼ ( ਰੇਡੀਓ), ਪੰਜਾਬੀ
ਅਖ਼ਬਾਰ ਵਿਗਿਆਨ ਲੇਖਨ ਲਈ ਉੱਤਮ ਲੇਖਕ ਐਵਾਰਡ, ਉਸ ਦੀ ਝੋਲੀ ਵਿੱਚ ਪਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਸ ਨੂੰ ਭਾਰਤ ਵਿਕਾਸ ਪਰਿਸ਼ਦ ਨੰਗਲ ਟਾਊਨਸ਼ਿਪ, ਪੰਜਾਬੀ ਰੰਗਮੰਚ ਨੰਗਲ, ਜ਼ਿਲ੍ਹਾ ਲਿਖਾਰੀ ਸਭਾ, ਰੋਪੜ, ਸੈਣੀ ਭਵਨ ਰੋਪੜ, ਹੁਸ਼ਿਆਰਪੁਰ ਅਤੇ ਵੱਖ ਵੱਖ ਸਿੱਖਿਆ ਸੰਸਥਾਵਾਂ ਉਸ ਨੂੰ ਸਨਮਾਨਿਤ ਕਰ ਚੁੱਕੀਆਂ ਹਨ। ਡਾਕਟਰ ਡੀ.ਪੀ. ਸਿੰਘ ਇੱਕ ਵਿਅਕਤੀ ਨਹੀਂ ਸਗੋਂ ਗਿਆਨ ਵਿਗਿਆਨ ਦੀ ਇੱਕ ਸੰਸਥਾ ਹੈ। ਵਿਦੇਸ਼ ’ਚ ਵਸਣ ਤੋਂ ਬਾਅਦ ਵੀ ਉਹ ਆਪਣੇ ਦੇਸ਼ ਦੀ ਧਰਤ ਨਾਲ ਜੁੜਿਆ ਹੋਇਆ ਹੈ। ਉਸ ਦੀ ਕਲਮ ਅਜੇ ਵੀ ਨਿਰੰਤਰ ਸਾਹਿਤ ਰਚਨਾ ਕਰ ਰਹੀ ਹੈ।
ਸੰਪਰਕ: 98726-27136