For the best experience, open
https://m.punjabitribuneonline.com
on your mobile browser.
Advertisement

ਰੰਗੀ

08:40 AM Jan 13, 2024 IST
ਰੰਗੀ
Advertisement

ਜਤਿੰਦਰ ਮੋਹਨ

Advertisement

ਬਰੂਨੀ ਕੁੱਤੀ ਦੀ ਸਾਰੇ ਵਿਹੜੇ ਵਿੱਚ ਸਰਦਾਰੀ ਸੀ। ਉਹ ਸਾਰੇ ਵਿਹੜੇ ਦੀ ਰਾਖੀ ਇਕੱਲੀ ਹੀ ਕਰਦੀ। ਕੋਈ ਵੀ ਮੰਗਤਾ, ਓਪਰਾ ਆਦਮੀ ਜਾਂ ਫਿਰ ਪਸ਼ੂ ਆ ਜਾਂਦਾ ਤਾਂ ਬਰੂਨੀ ਭੌਂਕਣ ਲੱਗ ਜਾਂਦੀ। ਉਸ ਦੇ ਭੌਂਕਣ ’ਤੇ ਕੋਈ ਨਾ ਕੋਈ ਆਦਮੀ ਉੱਠ ਕੇ ਬਿੜਕ ਲੈਂਦਾ। ਕੁੱਤੀ ਨੂੰ ਬਰੂਨੀ ਨਾਂ ਉਸ ਦੇ ਭੂਰੇ ਰੰਗ ਕਾਰਨ ਹੀ ਮਿਲਿਆ ਸੀ। ਸੋ ਉਸ ਨੂੰ ਸਾਰੇ ਵਿਹੜੇ ਵਾਲੇ ਵਫ਼ਾਦਾਰ ਸਮਝਦੇ ਸਨ। ਸਾਰੇ ਹੀ ਉਸ ਨੂੰ ਰੋਟੀ, ਲੱਸੀ ਆਦਿ ਪਾਉਂਦੇ। ਹਾਂ ਜੇਕਰ ਕਿਸੇ ਦੇ ਘਰ ਕੋਈ ਮਿੱਠਾ ਪਕਵਾਨ ਬਣਦਾ ਤਾਂ ਬਚਿਆ ਖੁਚਿਆ ਬਰੂਨੀ ਨੂੰ ਵੀ ਮਿਲ ਜਾਂਦਾ। ਉਹ ਵੀ ਹਰ ਇੱਕ ਦੀ ਪੁਚਕਾਰ ’ਤੇ ਆਪਣੀ ਪੂਛ ਹਿਲਾਉਣੀ ਸ਼ੁਰੂ ਕਰ ਦਿੰਦੀ। ਪੁਚਕਾਰਨ ਵਾਲੇ ਅੱਗੇ ਸਿਰ ਝੁਕਾ ਕੇ ਖੜ੍ਹ ਜਾਂਦੀ।
ਬਰੂਨੀ ਨੂੰ ਇੱਕ ਵਾਰ ਬੁਲਾਉਣ ਦੀ ਦੇਰ ਸੀ ਕਿ ਉਹ ਭੱਜੀ ਭੱਜੀ ਆਉਂਦੀ। ਅਸਲ ਵਿੱਚ ਉਹ ਸਭ ਨੂੰ ਜਾਣਦੀ ਸੀ। ਮੰਦਰ ਦੇ ਅੱਗੇ ਉਸ ਦਾ ਪੱਕਾ ਟਿਕਾਣਾ ਹੋਣ ਕਾਰਨ ਮੰਦਰ ਵਿੱਚ ਮੱਥਾ ਟੇਕਣ ਵਾਲੇ ਉਸ ਨੂੰ ਪ੍ਰਸ਼ਾਦ ਜ਼ਰੂਰ ਪਾ ਕੇ ਜਾਂਦੇ। ਮੰਗਲਵਾਰ ਵਾਲੇ ਦਿਨ ਤਾਂ ਉਸ ਦੀ ਮੌਜ ਹੀ ਹੋ ਜਾਂਦੀ। ਮਿੱਠੀਆਂ ਰੋਟੀਆਂ ਉਸ ਤੋਂ ਖਾਧੀਆਂ ਨਾ ਜਾਂਦੀਆਂ। ਕਈ ਵਾਰ ਵਿਹੜੇ ਦੇ ਲੋਕ ਇਕੱਠੇ ਹੋ ਕੇ ਉਸ ਬਾਰੇ ਗੱਲਬਾਤ ਕਰਦੇ ਅਕਸਰ ਹੀ ਕਹਿੰਦੇ, ‘‘ਇਹ ਤਾਂ ਹੁਣ ਆਪਣੇ ਸਾਰੇ ਘਰਾਂ ਦੀ ਸਾਂਝੀ ਹੈ।’’
ਇੱਕ ਦਿਨ ਸੱਜਣ ਸਿੰਘ ਨੇ ਉਸ ਨੂੰ ਰੋਟੀ ਪਾਉਣੀ ਤਾਂ ਬਰੂਨੀ ਨੇ ਰੋਟੀ ਨਾ ਚੁੱਕੀ ਤਾਂ ਕੋਲ ਖੜ੍ਹੇ ਹਰਨੇਕ ਨੇ ਪੁੱਛਿਆ, ‘‘ਕੀ ਗੱਲ ਅੱਜ ਇਹ ਰੋਟੀ ਨ੍ਹੀਂ ਚੁੱਕਦੀ?’’
‘‘ਪਤਾ ਨਹੀਂ? ਰੋਟੀ ਖਾਂਦੀ ਈ ਨਹੀਂ।’’
‘‘ਇਹ ਤਾਂ ਮਿੱਠੀਆਂ ਰੋਟੀਆਂ ਤੇ ਪ੍ਰਸ਼ਾਦ ’ਤੇ ਈ ਗਿੱਝੀ ਹੋਈ ਐ। ਪਤਾਸੇ ਇਹ ਖਾਵੇ। ਫਿਰ ਇਸ ਨੂੰ ਫਿੱਕੀ ਰੋਟੀ ਕਿਵੇਂ ਚੰਗੀ ਲੱਗੂ।’’ ਕੋਲ ਖੜ੍ਹੇ ਬਿੰਦਰ ਮੈਂਬਰ ਨੇ ਕਿਹਾ।
ਇਸ ਤਰ੍ਹਾਂ ਕੁੱਝ ਦਿਨ ਬੀਤੇ ਤਾਂ ਇੱਕ ਡੱਬ ਖੜੱਬਾ ਜਿਹਾ ਨਵਾਂ ਕਤੂਰਾ ਉਨ੍ਹਾਂ ਦੇ ਘਰਾਂ ਵਿੱਚ ਆ ਗਿਆ। ਉੱਥੇ ਪਹਿਲਾਂ ਹੀ ਬਹੁਤ ਸਾਰੇ ਕੁੱਤੇ ਰਹਿੰਦੇ ਸਨ, ਇਸ ਲਈ ਸਾਰੇ ਉਸ ਨੂੰ ਨਫ਼ਰਤ ਕਰਨ ਲੱਗ ਪਏ, ਪਰ ਉਹ ਅਜਿਹਾ ਕਤੂਰਾ ਸੀ ਜੋ ਹਰ ਕਿਸੇ ਨੂੰ ਦੇਖ ਕੇ ਪੂਛ ਹਿਲਾਉਂਦਾ ਅਤੇ ਅੱਗੇ ਲਿਟ ਜਾਂਦਾ। ਇਸ ਤਰ੍ਹਾਂ ਉਸ ਦੀ ਇਸ ਹਰਕਤ ਤੋਂ ਵੀ ਸਾਰੇ ਵਿਹੜੇ ਵਾਲੇ ਔਖੇ ਹੋ ਗਏ। ਉਸ ਨੂੰ ਰੋੜੇ ਮਾਰ ਕੇ ਭਜਾਉਣ ਲੱਗੇ, ਪਰ ਉਹ ਉਵੇਂ ਹੀ ਸ਼ਾਂਤ ਰਹਿ ਕੇ ਵੀ ਸਭ ਦੀ ਚਾਪਲੂਸੀ ਕਰਦਾ। ਸੱਜਣ ਦੀ ਘਰਵਾਲੀ ਬਰੂਨੀ ਲਈ ਰੋਟੀ ਲੈ ਕੇ ਆਈ, ਪਰ ਅੱਗੇ ਡੱਬੇ ਕਤੂਰੇ ਨੂੰ ਦੇਖ ਕੇ ਉਸ ਨੇ ਉਹ ਰੋਟੀ ਉਸੇ ਕਤੂਰੇ ਨੂੰ ਪਾ ਦਿੱਤੀ ਤਾਂ ਸੱਜਣ ਸਿੰਘ ਨੇ ਉਸ ਨੂੰ ਦੇਖ ਕੇ ਕਿਹਾ, ‘‘ਹੋਰ ਲਾ ਲੈ ਪਿੱਪਲ।’’
‘‘ਚੱਲ ਕੋਈ ਨ੍ਹੀਂ ਵਿਚਾਰਾ ਮੋਹ ਕਰਦੈ।’’
ਕਤੂਰਾ ਰੋਟੀ ਖਾ ਕੇ ਸੱਜਣ ਸਿੰਘ ਦੀ ਘਰਵਾਲੀ ਛਿੰਦਰ ਨੂੰ ਦੇਖ ਕੇ ਉਸ ਦੇ ਪੈਰਾਂ ਵਿੱਚ ਲਿਟਣ ਲੱਗਾ। ਕੀ ਹੈ ਇਹ ਦੇਖ ਕੇ ਪਹਿਲਾਂ ਸੱਜਣ ਸਿੰਘ ਚੁੱਪ ਕਰ ਗਿਆ, ਪਰ ਫੇਰ ਉਸ ਨੇ ਆਪਣੀ ਘਰਵਾਲੀ ਨੂੰ ਸਮਝਾਉਂਦਿਆਂ ਕਿਹਾ, ‘‘ਆਵਾਰਾ ਕਤੂਰੇ ਨੂੰ ਬਾਹਲਾ ਨੇੜੇ ਨਾ ਲਾ।’’
ਡੱਬਾ ਕਤੂਰਾ ਜਿੱਥੇ ਸਾਰੇ ਆਦਮੀਆਂ ਦੀ ਚਾਪਲੂਸੀ ਕਰਦਾ, ਉੱਥੇ ਉਹ ਬਰੂਨੀ ਨਾਲ ਵੀ ਲਾਡ ਕਰਦਾ। ਬਰੂਨੀ ਵੀ ਉਸ ਨੂੰ ਰੋਟੀ ਲਿਆ ਕੇ ਦਿੰਦੀ ਤੇ ਕਹਿੰਦੀ, ‘‘ਲੈ ਖਾ ਲੈ।’’
ਬਰੂਨੀ ਦੀ ਦੋਸਤੀ ਕਾਰਨ ਹੁਣ ਉਸ ਕਤੂਰੇ ਨੂੰ ਰੋਟੀ ਆਰਾਮ ਨਾਲ ਮਿਲਣ ਲੱਗ ਪਈ। ਦਿਨ ਨਿਕਲਦੇ ਗਏ। ਡੱਬੇ ਕਤੂਰੇ ਨੇ ਚਾਪਲੂਸੀ ਕਰਕੇ ਸਭ ਦਾ ਦਿਲ ਜਿੱਤ ਲਿਆ। ਲੋਕਾਂ ਨੇ ਉਸ ਦਾ ਨਾਂ ਰੰਗੀ ਪਕਾ ਦਿੱਤਾ। ਹੁਣ ਸਾਰੇ ਉਸ ਨੂੰ ਰੰਗੀ ਕਹਿ ਕੇ ਪੁਕਾਰਦੇ। ਕੀ ਆਦਮੀ, ਕੀ ਔਰਤਾਂ ਤੇ ਕੀ ਬੱਚੇ ਸਭ ਉਸ ਨੂੰ ਰੰਗੀ, ਰੰਗੀ ਕਹਿੰਦੇ ਨਾ ਥੱਕਦੇ।
ਉੱਧਰ ਰੰਗੀ ਆਦਮੀਆਂ, ਔਰਤਾਂ ਤੇ ਬੱਚਿਆਂ ਦੀ ਚਾਪਲੂਸੀ ਤਾਂ ਕਰਦਾ ਹੀ ਸੀ, ਬਲਕਿ ਉਹ ਤਾਂ ਆਉਂਦੇ ਜਾਂਦੇ ਕੁੱਤਿਆਂ ਦੀ ਚਾਪਲੂਸੀ ਕਰਨ ਲੱਗ ਪਿਆ। ਜੇਕਰ ਕੋਈ ਤਕੜਾ ਕੁੱਤਾ ਉਸ ਨੂੰ ਵੱਢਣ ਆਉਂਦਾ ਤਾਂ ਉਹ ਬਿਲਕੁਲ ਵੀ ਨਾ ਘਬਰਾਉਂਦਾ ਸਗੋਂ ਉਸ ਦੇ ਪੈਰਾਂ ਵਿੱਚ ਲਿਟਦਾ, ਉਸ ਦੀ ਬੂਥੀ ਚੁੰਮਦਾ ਜਾਂ ਫਿਰ ਗ਼ਰੀਬੜਾ ਜਿਹਾ ਬਣ ਕੇ ਉਸ ਦੇ ਅੱਗੇ ਪਿੱਛੇ ਹੁੰਦਾ ਰਹਿੰਦਾ। ਇਸ ਤਰ੍ਹਾਂ ਹੁਣ ਰੰੰਗੀ ਦੀ ਪੁੱਛਗਿੱਛ ਵਧ ਗਈ ਤੇ ਬਰੂਨੀ ਦੀ ਪਹਿਲਾਂ ਵਾਲੀ ਕਦਰ ਨਾ ਰਹੀ।
ਦਿਨ ਬੀਤਣ ਨਾਲ ਰੰਗੀ ਜਵਾਨ ਹੋ ਗਿਆ। ਉਸ ਵਿੱਚ ਆਕੜ ਆ ਗਈ। ਉਹ ਵੀ ਆਪਣੇ ਆਪ ਨੂੰ ਨਾਢੂ ਖ਼ਾਂ ਸਮਝਣ ਲੱਗ ਪਿਆ। ਹੁਣ ਉਹ ਬਰੂਨੀ ਨੂੰ ਵੀ ਕੁੱਝ ਨਾ ਸਮਝਦਾ। ਉਸ ਨੂੰ ਲੱਗਦਾ ਜਿਵੇਂ ਉਸ ਦੀ ਤਾਕਤ ਤੇ ਪੁੱਛਗਿੱਛ ਬਰੂਨੀ ਤੋਂ ਵੱਧ ਹੈ। ਬਰੂਨੀ ਵੀ ਉਮਰ ਵਿੱਚ ਵੱਡੀ ਹੋ ਗਈ।
ਭਾਵੇਂ ਰੰੰਗੀ ਦੀ ਚੜ੍ਹਤ ਸੀ, ਪਰ ਫਿਰ ਵੀ ਮੰਦਰ ਵਿੱਚ ਆਉਣ ਵਾਲੇ ਲੋਕ ਬਰੂਨੀ ਨੂੰ ਲੱਡੂ, ਪਤਾਸੇ ਤੇ ਮਿੱਠੀਆਂ ਰੋਟੀਆਂ ਪਾਉਂਦੇ। ਰੰਗੀ ਨੂੰ ਹੁਣ ਬਰੂਨੀ ਵੀ ਬੁਰੀ ਲੱਗਣ ਲੱਗ ਪਈ, ਜਦੋਂ ਉਹ ਮੰਦਰ ਦੇ ਗੇਟ ਅੱਗੇ ਬੈਠਦੀ ਤਾਂ ਉਹ ਵੀ ਬਰਾਬਰ ਆ ਕੇ ਬੈਠ ਜਾਂਦਾ। ਇੱਕ ਦਿਨ ਜਦ ਮੰਦਰ ਮੱਥਾ ਟੇਕਣ ਆਈ ਇੱਕ ਔਰਤ ਨੂੰ ਪਤਾਸੇ ਪਾਏ ਤਾਂ ਰੰੰਗੀ ਨੇ ਅੱਗੇ ਵਧ ਕੇ ਆਪ ਖਾਣ ਦੀ ਕੋਸ਼ਿਸ਼ ਕੀਤੀ ਤਾਂ ਬਰੂਨੀ ਝੱਟ ਖਾ ਗਈ। ਰੰਗੀ ਗੁੱਸੇ ਵਿੱਚ ਆ ਕੇ ਭੌਂਕਣ ਲੱਗਾ। ਮੰਦਰ ਮੱਥਾ ਟੇਕਣ ਆਈ ਔਰਤ ਨੇ ਰੰਗੀ ਨੂੰ ਲਲਕਾਰਦਿਆਂ ਕਿਹਾ, ‘‘ਚੱਲ ਪਰੇ, ਚਗਲ ਕਿਸੇ ਥਾਂ ਦਾ। ਜੀਹਨੇ ਪਾਲਿਆ ਉਸੇ ਦਾ ਦੁਸ਼ਮਣ ਬਣ ਗਿਆ।’’ ਰੰਗੀ ਦੂਰ ਚਲਾ ਗਿਆ।
ਜਿਸ ਤਰ੍ਹਾਂ ਇੱਕ ਰਾਜਾ ਆਪਣੇ ਰਾਜ ਨੂੰ ਵਧਾਉਂਦਾ ਹੈ। ਉਸੇ ਤਰ੍ਹਾਂ ਹੀ ਰੰਗੀ ਨੇ ਵੀ ਆਲੇ ਦੁਆਲੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਸੜਕ ਤੋਂ ਲੰਘਣ ਵਾਲੇ ਲੋਕਾਂ ਅਤੇ ਪਸ਼ੂਆਂ ਨੂੰ ਭੌਂਕਣਾ ਸ਼ੁਰੂ ਕਰ ਦਿੱਤਾ। ਆਂਢ ਗੁਆਂਢ ਦੇ ਲੋਕ ਇਹ ਸੋਚ ਕੇ ਦੁਖੀ ਹੋ ਗਏ ਕਿ ਸੜਕ ਤੋਂ ਲੰਘਣ ਵਾਲੇ ਲੋਕ ਇਸ ਨੂੰ ਪਾਲਤੂ ਕੁੱਤਾ ਸਮਝਦੇ ਹਨ ਅਤੇ ਮਨ ਹੀ ਮਨ ਸਾਨੂੰ ਗਾਲ੍ਹਾਂ ਵੀ ਕੱਢਦੇ ਹੋਣਗੇ। ਹੌਲੀ-ਹੌਲੀ ਰਾਹਗੀਰਾਂ ਨੇ ਉਲਾਂਭੇ ਦੇਣੇ ਸ਼ੁਰੂ ਕਰ ਦਿੱਤੇ। ਹੁਣ ਜੇਕਰ ਕੋਈ ਕੁੱਤਾ ਇਸ ਰਸਤੇ ਜਾਂਦਾ ਤਾਂ ਰੰਗੀ ਉਸ ਦੇ ਪਿੱਛੇ ਹੁੰਦਾ। ਕਮਜ਼ੋਰ ਕੁੱਤੇ ਨੂੰ ਉਹ ਤੰਗ ਕਰਦਾ, ਪਰ ਤਕੜੇ ਤੋਂ ਡਰਦਾ। ਇਸ ਤਰ੍ਹਾਂ ਉਹ ਭੌਂਕ ਕੇ ਵਾਪਸ ਆ ਜਾਂਦਾ। ਆਸਪਾਸ ਦੇ ਸਭ ਕੁੱਤੇ-ਕੁੱਤੀਆਂ ਉਸ ਦੀ ਇਸ ਹਰਕਤ ’ਤੇ ਨਾਰਾਜ਼ ਸਨ। ਸਾਰਿਆਂ ਨੇ ਦੁਖੀ ਹੋ ਕੇ ਆਪਣੀ ਵਿਥਿਆ ਇੱਕ ਬਜ਼ੁਰਗ ਕੁੱਤੇ ਜਿਸ ਦਾ ਨਾਂ ਸ਼ੇਰੂ ਸੀ, ਉਸ ਨੂੰ ਦੱਸੀ। ਸ਼ੇਰੂ ਨੇ ਉਨ੍ਹਾਂ ਸਾਰਿਆਂ ਨੂੰ ਕਿਹਾ ਕਿ ਚਲੋ ਮੈਂ ਉਸ ਨੂੰ ਸਮਝਾਉਂਦਾ ਹਾਂ ਜੇ ਉਹ ਸੁਧਰ ਜਾਏ।
ਬਰੂਨੀ ਨੇ ਵੀ ਰੰਗੀ ਕੋਲ ਬੈਠਣਾ ਬੰਦ ਕਰ ਦਿੱਤਾ। ਸ਼ੇਰੂ ਨੇ ਸੋਚ ਵਿਚਾਰ ਕੇ ਰੰਗੀ ਨੂੰ ਸਮਝਾਉਣ ਦੀ ਵਿਉਂਤ ਬਣਾਈ। ਉਹ ਵੀ ਤੁਰਦਾ- ਤੁਰਦਾ ਰੰਗੀ ਅਤੇ ਬਰੂਨੀ ਦੇ ਵਿਹੜੇ ਵੱਲ ਆ ਗਿਆ। ਬਰੂਨੀ ਇੱਕ ਪਾਸੇ ਬੈਠੀ ਸੀ, ਪਰ ਰੰਗੀ ਥੋੜ੍ਹੀ ਦੂਰ ਦੂਜੇ ਪਾਸੇ ਅੱਧ ਮੀਟੀਆਂ ਅੱਖਾਂ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਦੇਖ ਰਿਹਾ ਸੀ। ਸ਼ੇਰੂ ਨੇ ਬਰੂਨੀ ਨੂੰ ਪੁੱਛਿਆ, ‘‘ਬਰੂਨੀਏ ਠੀਕ ਐਂ?’’
‘‘ਹਾਂ ਠੀਕ ਆਂ।’’
‘‘ਰੰਗੀ ਕੀ ਹਾਲ ਐ?’’
‘‘ਠੀਕ ਐ ਚਾਚਾ ਜੀ।’’
‘‘ਮੈਂ ਸੁਣਿਐ ਤੂੰ ਸਭ ਦੇ ਪਿੱਛੇ ਪੈ ਜਾਨੈਂ।’’
‘‘ਨਹੀਂ ਚਾਚਾ।’’
‘‘ਨਹੀਂ ਤਾਂ ਕਿਉਂ। ਸਾਰੇ ਹੀ ਕਹਿੰਦੇ ਨੇ।’’
‘‘ਚਾਚਾ ਇਹ ਸਾਰੇ ਮੇਰੀ ਵਫ਼ਾਦਾਰੀ ’ਤੇ ਸੜਦੇ ਨੇ।’’
‘‘ਠੀਕ ਐ। ਤੂੰ ਚਾਪਲੂਸੀ ਵੀ ਚੰਗੀ ਕਰ ਲੈਂਨੈ।’’
‘‘ਕੌਣ ਕਹਿੰਦੈ?’’
‘‘ਸਾਰਾ ਭਾਈਚਾਰਾ ਕਹਿੰਦੈ।’’
‘‘ਕਹੀ ਜਾਣ। ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ।’’
‘‘ਪਰਵਾਹ ਤਾਂ ਤੈਨੂੰ ਕਿਸੇ ਦੀ ਨਹੀਂ, ਪਰ ਜ਼ਰੂਰਤ ਤੋਂ ਵੱਧ ਵਫ਼ਾਦਾਰੀ ਤੇ ਚਾਪਲੂਸੀ ਨਿਰਾਦਰ ਦਾ ਕਾਰਨ ਬਣ ਜਾਂਦੀ ਐ।’’
‘‘ਕਿਵੇਂ?’’
‘‘ਇਹ ਤਾਂ ਤੇਰੇ ਸਾਹਮਣੇ ਹੀ ਆਊ।’’
‘‘ਚੱਲ ਦੇਖੀ ਜਾਊ।’’
‘‘ਤੂੰ ਤਾਂ ਗੁਣਖੋਰ ਐਂ।’’ ਸ਼ੇਰੂ ਨੇ ਗੁੱਸੇ ਵਿੱਚ ਕਿਹਾ।
ਰੰਗੀ ਨੂੰ ਸ਼ੇਰੂ ’ਤੇ ਬਹੁਤ ਗੁੱਸਾ ਆਇਆ, ਪਰ ਸ਼ੇਰੂ ਦੇ ਬੁਢਾਪੇ ਤੇ ਤਕੜੇ ਹੋਣ ਕਾਰਨ ਉਸ ਨੇ ਉਸ ਨੂੰ ਕੁੱਝ ਨਾ ਕਿਹਾ ਤੇ ਪੁੱਛਿਆ, ‘‘ਕਿਉਂ ਮੈਂ ਕੀ ਕੀਤੈ?’’
‘‘ਤੂੰ ਬਰੂਨੀ ਨੂੰ ਵੀ ਡਰਾਉਨੈ। ਇਹ ਉਹੀ ਐ ਜੋ ਤੈਨੂੰ ਰੋਟੀ ਲਿਆ ਕੇ ਖਵਾਉਂਦੀ ਰਹੀ ਐ। ਤੂੰ ਹੁਣ ਸਭ ਕੁੱਝ ਭੁੱਲ ਗਿਆ।’’
‘‘ਮੈਨੂੰ ਨ੍ਹੀਂ ਥੋਡੀ ਸਮਝ ਆਉਂਦੀ।’’ ਕਹਿ ਕੇ ਰੰੰਗੀ ਉੱਥੋਂ ਚਲਾ ਗਿਆ।
ਉਹ ਮਨ ਹੀ ਮਨ ਸ਼ੇਰੂ ਨੂੰ ਕੋਸ ਰਿਹਾ ਸੀ। ਉਸ ਨੂੰ ਉਸ ਦੀਆਂ ਕਹੀਆਂ ਗੱਲਾਂ ਤੀਰਾਂ ਵਾਂਗ ਚੁੱਭ ਰਹੀਆਂ ਸਨ। ਉਸ ਨੂੰ ਲੱਗਿਆ ਕਿਤੇ ਉਸ ਨੂੰ ਬਰੂਨੀ ਨੇ ਹੀ ਨਾ ਸਿਖਾ ਦਿੱਤਾ ਹੋਵੇ। ਹੁਣ ਬਰੂਨੀ ਉਸ ਨੂੰ ਹੋਰ ਵੀ ਬੁਰੀ ਲੱਗਣ ਲੱਗੀ।
ਸ਼ੇਰੂ ਦੀਆਂ ਕਹੀਆਂ ਗੱਲਾਂ ਦਾ ਰੰਗੀ ’ਤੇ ਕੋਈ ਅਸਰ ਨਾ ਹੋਇਆ। ਉਸ ਦੀਆਂ ਆਦਤਾਂ ਨਾ ਸੁਧਰੀਆਂ। ਇਸ ਕਰਕੇ ਉਸ ਦੀ ਕਮਾਈ ਇੱਜ਼ਤ ਦਿਨ ਬ ਦਿਨ ਘਟਣ ਲੱਗੀ। ਉਸ ਦੀਆਂ ਭੈੜੀਆਂ ਆਦਤਾਂ ਕਰਕੇ ਬਰੂਨੀ ਦੀ ਦੁਬਾਰਾ ਕਦਰ ਵਧ ਗਈ। ਲੋਕ ਉਸ ਨਾਲ ਹਮਦਰਦੀ ਕਰਨ ਲੱਗ ਪਏ। ਕਈ ਵਾਰ ਹੁਣ ਜਦੋਂ ਉਹ ਕਿਸੇ ਰਾਹਗੀਰ ਦੇ ਪਿੱਛੇ ਭੌਂਕਦਾ ਤੇ ਭੱਜਦਾ ਤਾਂ ਲੋਕ ਉਸ ਦੇ ਡਲੇ ਮਾਰਕੇ, ਉਸ ਨੂੰ ਦੂਰ ਭਜਾਉਂਦੇ।
ਇੱਕ ਦਿਨ ਦੀ ਗੱਲ ਹੈ ਕਿ ਰੰਗੀ ਇੱਕ ਦਰੱਖਤ ਹੇਠ ਜਾਗੋਮੀਟੀ ਵਿੱਚ ਪਿਆ ਸੀ ਕਿ ਇੱਕ ਕਾਲੇ ਰੰਗ ਦਾ ਕੁੱਤਾ ਉੱਥੋਂ ਦੀ ਲੰਘਣ ਲੱਗਾ ਤਾਂ ਉਹ ਉਸ ਦੇ ਪਿੱਛੇ ਪੈ ਗਿਆ ਤੇ ਭੌਂਕਣ ਲੱਗਾ। ਕੁੱਤਾ ਡਰ ਦਾ ਮਾਰਿਆ ਭੱਜ ਗਿਆ। ਏਨੇ ਨੂੰ ਜੀਵਨ ਸਿੰਘ ਆਪਣੇ ਘਰੋਂ ਬਾਹਰ ਨਿਕਲਿਆ ਤੇ ਉਸ ਨੇ ਗੁੱਸੇ ਵਿੱਚ ਉਸ ਦੇ ਰੋੜਾ ਮਾਰਦਿਆਂ ਕਿਹਾ, ‘‘ਕਿਵੇਂ ਭੌਂਕਦੈ, ਗਲੱਕ, ਜਣੇ ਖਣੇ ਦੇ ਪਿੱਛੇ।’’
ਰੋੜਾ ਵੱਜਦਿਆਂ ਹੀ ਉਹ ਦਰਦ ਨਾਲ ਚੀਕਣ ਲੱਗਾ। ਕਾਲਾ ਕੁੱਤਾ ਵਾਪਸ ਆ ਗਿਆ ਅਤੇ ਪੁੱਛਣ ਲੱਗਾ, ‘‘ਕਿਉਂ ਲੈੈ ਲਿਆ ਵਫ਼ਾਦਾਰੀ ਦਾ ਇਨਾਮ ਰੰਗੀ।’’
ਉਹ ਉਦਾਸ ਤੇ ਨਿੰਮੋਝੂਣਾ ਜਿਹਾ ਹੋ ਕੇ ਬੈਠ ਗਿਆ। ਸ਼ੇਰੂ ਦੀਆਂ ਕਹੀਆਂ ਗੱਲਾਂ ਉਸ ਨੂੰ ਮੁੜ- ਮੁੜ ਯਾਦ ਆ ਰਹੀਆਂ ਸਨ।
ਸੰਪਰਕ: 94630-20766

Advertisement
Author Image

joginder kumar

View all posts

Advertisement
Advertisement
×