ਕੱਚੀਆਂ ਕੰਧਾਂ ’ਤੇ ਪਾਈਆਂ ਰੰਗਦਾਰ ਮੋਰਨੀਆਂ
ਜੇ ਅਸੀਂ ਆਜ਼ਾਦੀ ਤੋਂ ਪਹਿਲਾਂ ਜਾਂ ਆਜ਼ਾਦੀ ਦੇ ਇੱਕ ਦਹਾਕੇ ਬਾਅਦ ਵਾਲੇ ਪੰਜਾਬ ਦੀ ਗੱਲ ਕਰੀਏ ਤਾਂ ਉਸ ਸਮੇਂ ਪੰਜਾਬ ਦੇ ਪਿੰਡ ਵਿਕਾਸ ਪੱਖੋਂ ਬਹੁਤ ਪੱਛੜੇ ਹੋਏ ਸਨ। ਪਿੰਡਾਂ ਵਿੱਚ ਗ਼ਰੀਬੀ, ਬੇਰੁਜ਼ਗਾਰੀ, ਕੱਚੀਆਂ ਸੜਕਾਂ ਅਤੇ ਲੋਕਾਂ ਦੇ ਘਰ ਕੱਚੇ ਹੁੰਦੇ ਸਨ। ਮੁਸ਼ਕਿਲ ਨਾਲ ਕਿਸੇ ਦਾ ਘਰ ਹੀ ਪੱਕਾ ਦੇਖਣ ਨੂੰ ਮਿਲਦਾ ਸੀ। ਇਨ੍ਹਾਂ ਕੱਚੇ ਘਰਾਂ ਵਿੱਚ ਵੱਡੇ ਵੱਡੇ ਟੱਬਰਾਂ ਦਾ ਵਸੇਬਾ ਹੁੰਦਾ ਸੀ।
ਪਿੰਡ ਵਿੱਚ ਲੋਕਾਂ ਦੇ ਕੱਚੇ ਘਰ ਹੋਣ ਦਾ ਕਾਰਨ ਵੀ ਉਨ੍ਹਾਂ ਦੀ ਆਰਥਿਕ ਸਥਿਤੀ ਦਾ ਕਮਜ਼ੋਰ ਹੋਣਾ ਸੀ। ਆਮਦਨ ਦੇ ਸਾਧਨ ਘੱਟ ਸਨ ਅਤੇ ਸਾਰਾ ਟੱਬਰ ਬੜੀ ਮਿਹਨਤ ਕਰਦਾ ਸੀ ਤਾਂ ਕਿਤੇ ਜਾ ਕੇ ਪਰਿਵਾਰ ਦੀ ਰੋਟੀ ਦਾ ਪ੍ਰਬੰਧ ਹੁੰਦਾ ਸੀ। ਦੂਜਾ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਲੋਕਾਂ ਦਾ ਜੀਵਨ ਬਹੁਤਾ ਖੇਤੀ ’ਤੇ ਹੀ ਨਿਰਭਰ ਕਰਦਾ ਸੀ, ਪਰ ਖੇਤੀ ਕੁਦਰਤ ਦੇ ਰਹਿਮੋ ਕਰਮਾਂ ’ਤੇ ਨਿਰਭਰ ਸੀ। ਕਈ ਵਾਰ ਸੋਕਾ ਜਾਂ ਭਾਰੀ ਹੜ੍ਹ ਹੀ ਖੇਤੀ ਨੂੰ ਬਰਬਾਦ ਕਰ ਦਿੰਦੇ ਸਨ। ਚੰਗੀਆਂ ਭਲੀਆਂ ਪੱਕੀਆਂ ਫ਼ਸਲਾਂ ਨੂੰ ਕੋਈ ਨਾ ਕੋਈ ਕੁਦਰਤੀ ਆਫ਼ਤ ਮਾਰ ਹੀ ਜਾਂਦੀ ਸੀ। ਆਵਾਜਾਈ ਦੇ ਸਾਧਨ ਵੀ ਚੰਗੇ ਨਹੀਂ ਸਨ ਅਤੇ ਸਿੱਖਿਆ ਦਾ ਵਿਕਾਸ ਆਪਣੀ ਗਤੀ ਨਹੀਂ ਸੀ ਫੜ ਸਕਿਆ।
ਭਾਵੇਂ ਲੋਕਾਂ ਦਾ ਸਮਾਜਿਕ ਜੀਵਨ ਬਹੁਤ ਵਧੀਆ ਸੀ, ਪਰ ਉਨ੍ਹਾਂ ਦਾ ਗੁਜ਼ਾਰਾ ਮਿਟੀ ਦੇ ਬਣੇ ਕੱਚੇ ਘਰਾਂ ਵਿੱਚ ਹੀ ਹੁੰਦਾ ਸੀ। ਇਹ ਕੱਚੇ ਘਰ ਮਿੱਟੀ ਦੀਆਂ ਦੀਵਾਰਾਂ ਵਾਲੇ ਅਤੇ ਛੱਤਾਂ ਘਾਹ ਫੂਸ ਵਾਲੀਆਂ ਜਾਂ ਸ਼ਤੀਰੀਆਂ ਅਤੇ ਬਾਲਿਆਂ ਵਾਲੀਆਂ ਹੁੰਦੀਆਂ ਸਨ। ਵਿਹੜੇ ਵੀ ਮਿੱਟੀ ਨਾਲ ਭਰੇ ਹੁੰਦੇ ਸਨ, ਪਰ ਇਨ੍ਹਾਂ ਮਿੱਟੀ ਦੇ ਕੱਚਿਆਂ ਘਰਾਂ ਨੇ ਪੇਂਡੂ ਔਰਤਾਂ ਨੂੰ ਕਲਾ ਵਿੱਚ ਨਿਪੁੰਨ ਬਣਾ ਦਿੱਤਾ ਸੀ। ਆਪਣੇ ਘਰਾਂ ਨੂੰ ਸਾਫ਼ ਅਤੇ ਸੁੰਦਰ ਰੱਖਣ ਦੇ ਮਨੋਰਥ ਨਾਲ ਉਹ ਔਰਤਾਂ ਬਾਹਰੋਂ ਮਿੱਟੀ ਲਿਆ ਕੇ ਆਪਣੇ ਘਰਾਂ ਦੀਆਂ ਕੰਧਾਂ ਅਤੇ ਜ਼ਮੀਨ ਨੂੰ ਵਾਰ ਵਾਰ ਲਿੱਪਦੀਆਂ ਰਹਿੰਦੀਆਂ ਸਨ। ਰੋਟੀ ਟੁੱਕ ਦਾ ਕੰਮ ਕਰਨ ਲਈ ਵੀ ਵੱਖਰੀਆਂ ਕੱਚੀਆਂ ਰਸੋਈਆਂ ਹੁੰਦੀਆਂ ਸਨ ਜਾਂ ਘਰ ਦੇ ਹੀ ਕਿਸੇ ਕੰਧ ਦੇ ਕੋਨੇ ਵਿੱਚ ਚੁੱਲ੍ਹਾ ਬਣਾ ਲਿਆ ਜਾਂਦਾ ਸੀ। ਘਰ ਭਾਵੇਂ ਕੱਚੇ ਸਨ ਪਰ ਔਰਤਾਂ ਵਿੱਚ ਦੂਜੇ ਘਰਾਂ ਦੇ ਮੁਕਾਬਲੇ ਆਪਣੇ ਘਰ ਨੂੰ ਸੋਹਣਾ ਬਣਾਉਣ ਜਾਂ ਚੰਗਾ ਦਿਖਾਉਣ ਦੀ ਭਾਵਨਾ ਬਹੁਤ ਪ੍ਰਬਲ ਹੁੰਦੀ ਸੀ। ਇਹੀ ਕਾਰਨ ਸੀ ਕਿ ਇਸ ਭਾਵਨਾ ਨੇ ਪੇਂਡੂ ਔਰਤਾਂ ਨੂੰ ਪੰਜਾਬ ਦੀ ਵਿਰਾਸਤੀ ਕਲਾ ਨਾਲ ਜੋੜ ਦਿੱਤਾ ਅਤੇ ਔਰਤਾਂ ਆਪਣੇ ਆਪਣੇ ਘਰਾਂ ਦੀਆਂ ਕੰਧਾਂ ਨੂੰ ਖ਼ੂਬ ਲਿਪ ਪੋਚ ਕੇ ਰੱਖਦੀਆਂ। ਕੁਝ ਔਰਤਾਂ ਤਾਂ ਕਲਾ ਵਿੱਚ ਇੰਨੀਆਂ ਮਾਹਰ ਹੁੰਦੀਆਂ ਸਨ ਕਿ ਉਹ ਕੰਧਾਂ ਨੂੰ ਚੰਗਾ ਦਰਸਾਉਣ ਲਈ ਪਾਂਡੂ ਨਾਲ ਲਿਪ ਕੇ ਬਹੁਤ ਸੋਹਣਾ ਬਣਾ ਲੈਂਦੀਆਂ ਅਤੇ ਉਨ੍ਹਾਂ ’ਤੇ ਮੋਰਨੀਆਂ ਜਾਂ ਦੂਜੇ ਚਿੜੀਆਂ ਜਨੌਰਾਂ ਦੀਆਂ ਤਸਵੀਰਾਂ ਬਣਾ ਦਿੰਦੀਆਂ ਸਨ। ਕਮਾਲ ਦੀ ਗੱਲ ਤਾਂ ਇਹ ਹੁੰਦੀ ਸੀ ਕਿ ਔਰਤਾਂ ਇਸ ਕਲਾ ਵਿੱਚ ਇੰਨੀਆਂ ਪਰਿਪੱਕ ਹੁੰਦੀਆਂ ਸਨ ਕਿ ਉਨ੍ਹਾਂ ਵੱਲੋਂ ਬਣਾਏ ਇਹ ਕੰਧ ਚਿੱਤਰ ਬਹੁਤ ਮਨਮੋਹਕ ਹੁੰਦੇ ਸਨ।
ਬਹੁਤੇ ਘਰਾਂ ਵਿੱਚ ਤਾਂ ਔਰਤਾਂ ਵੱਲੋਂ ਬਣਾਏ ਮਿੱਟੀ ਦੇ ਪੀੜ੍ਹੇ, ਜਿਹੜੇ ਕੇਵਲ ਮਿੱਟੀ ਅਤੇ ਕਾਨਿਆਂ ਦੀ ਮਦਦ ਨਾਲ ਹੀ ਬਣਾਏ ਹੁੰਦੇ ਸਨ, ਇੰਨੇ ਵਧੀਆ ਹੁੰਦੇ ਸਨ ਕਿ ਮਨ ਚਾਹੁੰਦਾ ਸੀ ਕਿ ਇਨ੍ਹਾਂ ਨੂੰ ਦੇਖਦੇ ਹੀ ਰਹੀਏ। ਉਨ੍ਹਾਂ ਨੂੰ ਰੰਗ ਕਰਕੇ ਹੋਰ ਵੀ ਸੁੰਦਰ ਬਣਾਇਆ ਜਾਂਦਾ ਸੀ। ਵੇਲ ਬੂਟਿਆਂ, ਮੋਰਨੀਆਂ ਅਤੇ ਘੁੱਗੀਆਂ, ਚਿੜੀਆਂ ਨਾਲ ਚਿੱਤਰੀਆਂ ਇਹ ਕਲਾਕ੍ਰਿਤੀਆਂ ਹਰ ਇੱਕ ਲਈ ਖਿੱਚ ਦਾ ਕੇਂਦਰ ਬਣਦੀਆਂ ਸਨ। ਇਸ ਕਲਾ ਵਿੱਚ ਵੱਡੀ ਉਮਰ ਦੀਆਂ ਔਰਤਾਂ ਪਰਿਵਾਰਾਂ ਦੀਆਂ ਮੁਟਿਆਰਾਂ ਨੂੰ ਵੀ ਮਾਹਿਰ ਬਣਾ ਦਿੰਦੀਆਂ ਸਨ। ਇਹ ਵੀ ਸਬੱਬ ਹੀ ਹੁੰਦਾ ਸੀ ਕਿ ਜਦੋਂ ਉਨ੍ਹਾਂ ਮੁਟਿਆਰਾਂ ਦਾ ਵਿਆਹ ਹੁੰਦਾ ਤਾਂ ਪ੍ਰਾਹੁਣਿਆਂ ਦੇ ਮੰਜੇ ਉਸ ਪੀੜ੍ਹੇ ਦੇ ਅੱਗੇ ਕਰਕੇ ਡਾਹੇ ਜਾਂਦੇ ਅਤੇ ਮਹਿਮਾਨ ਉਨ੍ਹਾਂ ਕਲਾਕ੍ਰਿਤੀਆਂ ਨੂੰ ਦੇਖਦੇ ਹੀ ਰਹਿੰਦੇ। ਫਿਰ ਪਰਿਵਾਰ ਵਾਲੇ ਵੀ ਬੜੇ ਮਾਣ ਨਾਲ ਮਹਿਮਾਨਾਂ ਨੂੰ ਦੱਸਦੇ ਕਿ ਇਹ ਸਭ ਕੁਝ ਉਨ੍ਹਾਂ ਦੀ ਬੇਟੀ ਨੇ ਹੀ ਬਣਾਇਆ ਹੈ। ਅਜਿਹਾ ਕਰਨ ਨਾਲ ਜਿੱਥੇ ਕੱਚੀਆਂ ਕੰਧਾਂ ਸੁੰਦਰ ਲੱਗਦੀਆਂ ਸਨ, ਉੱਥੇ ਹੀ ਪੇਂਡੂ ਔਰਤਾਂ ਵਿੱਚ ਹੁਨਰ ਸਿੱਖਣ ਦੀ ਭਾਵਨਾ ਜਾਗਦੀ ਖ਼ਾਸ ਕਰਕੇ ਮੁਟਿਆਰਾਂ ਆਪਣੇ ਸਹੁਰੇ ਘਰਾਂ ਵਿੱਚ ਜਾ ਕੇ ਵੀ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਰਦੀਆਂ।
ਇੱਥੇ ਹੀ ਬਸ ਨਹੀਂ, ਇਨ੍ਹਾਂ ਕੱਚੀਆਂ ਕੰਧਾਂ ’ਤੇ ਬਣੀਆਂ ਮੋਰਨੀਆਂ ਜਾਂ ਚਿੜੀਆਂ, ਘੁੱਗੀਆਂ ਨੂੰ ਦੇਖ ਕੇ ਔਰਤਾਂ ਵਿੱਚ ਹੋਰ ਵੀ ਨਵੇਂ ਨਵੇਂ ਹੁਨਰ ਘਰ ਕਰ ਜਾਂਦੇ ਸਨ। ਜਿਵੇਂ ਔਰਤਾਂ ਘਰਾਂ ਵਿੱਚ ਪਈ ਰੱਦੀ ਨੂੰ ਵਰਤੋਂ ਵਿੱਚ ਲਿਆ ਕੇ ਉਨ੍ਹਾਂ ਦੇ ਗੋਹੀਏ ਬਣਾ ਕੇ, ਰੰਗ ਕਰਕੇ ਕੰਧਾਂ ’ਤੇ ਲਟਕਾ ਦਿੰਦੀਆਂ ਜਿਸ ਨਾਲ ਕੰਧਾਂ ਦੀ ਸਜਾਵਟ ਹੀ ਨਹੀਂ ਸੀ ਬਣਦੀ ਸਗੋਂ ਉਹ ਗੋਹੀਏ, ਵਿਆਹਾਂ ਸ਼ਾਦੀਆਂ ਵਿੱਚ ਮਠਿਆਈਆਂ ਵੰਡਣ ਦੇ ਕੰਮ ਵੀ ਆਉਂਦੇ ਸਨ। ਇਸ ਨਾਲ ਸਾਡਾ ਪੇਂਡੂ ਸਮਾਜਿਕ ਜੀਵਨ ਬਹੁਤ ਰੰਗੀਨ ਅਤੇ ਖ਼ੁਸ਼ਗਵਾਰ ਬਣ ਜਾਂਦਾ। ਭਾਵੇਂ ਕਿਸੇ ਵੀ ਕਲਾ ਲਈ ਮਨੁੱਖ ਵਿੱਚ ਕੁਦਰਤੀ ਗੁਣ ਹੁੰਦੇ ਹਨ, ਪਰ ਜਦੋਂ ਮਨੁੱਖ ਸਮਾਜ ਵਿੱਚ ਵਿਚਰਦਾ ਹੈ ਤਾਂ ਆਪਣੇ ਆਲੇ ਦੁਆਲੇ ਤੋਂ ਬੜਾ ਕੁਝ ਸਿੱਖਦਾ ਹੈ ਅਤੇ ਉਸ ਨੂੰ ਕੁਝ ਨਵਾਂ ਕਰਨ ਦਾ ਚਾਅ ਵੀ ਚੜ੍ਹਦਾ ਹੈ।
ਸਾਡੀਆਂ ਪੇਂਡੂ ਪੰਜਾਬੀ ਔਰਤਾਂ ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਵਿੱਚ ਰੰਗ ਭਰਦੀਆਂ ਰਹਿੰਦੀਆਂ ਸਨ। ਉਨ੍ਹਾਂ ਦੀ ਸਮਝ ਕਮਾਲ ਦੀ ਸੀ ਕਿ ਉਹ ਰੰਗਦਾਰ ਪੀੜ੍ਹੇ ਨੂੰ ਤਾਂ ਘਰ ਦੇ ਭਾਂਡੇ ਆਦਿ ਰੱਖਣ ਲਈ ਵਰਤਦੀਆਂ ਸਨ, ਪਰ ਉਸ ਪੀੜ੍ਹੇ ਦੇ ਹੇਠਾਂ ਮਿੱਟੀ ਦੇ ਹੀ ਭੜੋਲੇ ਬਣਾ ਲੈਂਦੀਆਂ ਸਨ ਜਿਨ੍ਹਾਂ ਵਿੱਚ ਪਰਿਵਾਰਾਂ ਲਈ ਸਾਰਾ ਸਾਲ ਵਰਤਣ ਲਈ ਖੰਡ, ਗੁੜ ਜਾਂ ਆਟਾ, ਛੋਲੇ ਆਦਿ ਭਰ ਲੈਂਦੀਆਂ ਸਨ। ਇਸ ਤਰ੍ਹਾਂ ਜਿੱਥੇ ਘਰ ਦੀ ਖ਼ੂਬਸੂਰਤੀ ਬਣਦੀ ਸੀ, ਉੱਥੇ ਹੀ ਘਰਾਂ ਵਿੱਚ ਥਾਂ ਘੱਟ ਹੋਣ ਕਾਰਨ ਥੋੜ੍ਹੀ ਥੋੜ੍ਹੀ ਥਾਂ ਤੋਂ ਵੀ ਲਾਹਾ ਲਿਆ ਜਾਂਦਾ ਸੀ।
ਕੱਚੀਆਂ ਕੰਧਾਂ ਨੂੰ ਜਦੋਂ ਪਾਂਡੂ ਨਾਲ ਪਿਆਰ ਨਾਲ ਲਿੱਪਿਆ ਜਾਂਦਾ ਸੀ ਤਾਂ ਉਹ ਚਮਕ ਤਾਂ ਪੈਂਦੀਆਂ ਹੀ ਸਨ, ਪਰ ਉਨ੍ਹਾਂ ਉੱਤੇ ਪਾਈਆਂ ਹੋਈਆਂ ਰੰਗਦਾਰ ਮੋਰਨੀਆਂ ਬਹੁਤ ਹੀ ਬਚਿੱਤਰ ਅਤੇ ਖ਼ੁਸ਼ੀ ਦੇਣ ਵਾਲੀਆਂ ਲੱਗਦੀਆਂ ਸਨ। ਖ਼ੁਸ਼ੀ ਦੀ ਗੱਲ ਤਾਂ ਇਹ ਸੀ ਕਿ ਅਜਿਹਾ ਇੱਕ ਦੋ ਘਰਾਂ ਵਿੱਚ ਨਹੀਂ ਸਗੋਂ ਪਿੰਡ ਦੇ ਬਹੁਤੇ ਘਰਾਂ ਵਿੱਚ ਹੁੰਦਾ ਸੀ ਜੋ ਸਾਡੇ ਪੰਜਾਬੀ ਸੱਭਿਆਚਾਰਕ ਦੀ ਦਿੱਖ ਦਾ ਪ੍ਰਤੀਕ ਹੁੰਦਾ ਸੀ। ਅਜਿਹਾ ਕਰਨ ਨਾਲ ਜਿੱਥੇ ਪਰਿਵਾਰਾਂ ਦੇ ਮੈਂਬਰਾਂ ਨੂੰ ਖ਼ੁਸ਼ੀ ਮਿਲਦੀ ਸੀ, ਉੱਥੇ ਹੀ ਪਰਿਵਾਰ ਦੀਆਂ ਔਰਤਾਂ ਨੂੰ ਆਪਣਾ ਹੁਨਰ, ਕਾਬਲੀਅਤ ਅਤੇ ਲੁਕੀ ਪ੍ਰਤਿਭਾ ਦਿਖਾਉਣ ਦਾ ਪੂਰਾ ਮੌਕਾ ਮਿਲਦਾ ਸੀ। ਔਰਤਾਂ ਇਨ੍ਹਾਂ ਸੱਭਿਆਚਾਰਕ ਕਲਾਕ੍ਰਿਤੀਆਂ ਵਿੱਚ ਬਹੁਤ ਦਿਲਚਸਪੀ ਨਾਲ ਹਿੱਸਾ ਲੈਂਦੀਆਂ ਸਨ। ਉਹ ਟੋਲੀਆਂ ਬਣਾ ਕੇ ਪਹਿਲਾਂ ਬਾਹਰੋਂ ਮਿੱਟੀ ਪੁੱਟ ਕੇ ਲਿਆਉਂਦੀਆਂ, ਫਿਰ ਕੰਧਾਂ ਲਿੱਪਦੀਆਂ ਅਤੇ ਫਿਰ ਪਾਂਡੂ ਫੇਰ ਕੇ ਉਨ੍ਹਾਂ ਦੀ ਸਫ਼ਾਈ ਕਰਦੀਆਂ ਅਤੇ ਫਿਰ ਮੋਰਨੀਆਂ ਬਣਾ ਕੇ ਰੰਗ ਭਰ ਕੇ ਉਨ੍ਹਾਂ ਦੀ ਦਿੱਖ ਨੂੰ ਦਰਸ਼ਨੀ ਬਣਾ ਦਿੰਦੀਆਂ।
ਇਸੇ ਤਰ੍ਹਾਂ ਦੇ ਹੀ ਸੱਭਿਆਚਾਰਕ ਅਤੇ ਵਿਰਸੇ ਦੇ ਮਹੱਤਵਪੂਰਨ ਅੰਸ਼ ਦੁਸਹਿਰੇ ਦੇ ਦਿਨਾਂ ਵਿੱਚ ਵੀ ਦੇਖਣ ਨੂੰ ਮਿਲਦੇ ਸਨ। ਜਦੋਂ ਪਿੰਡਾਂ ਦੀਆਂ ਕੁੜੀਆਂ ਮਿੱਟੀ ਦੇ ਟਿੱਕੇ ਬਣਾ ਕੇ ਫਿਰ ਉਨ੍ਹਾਂ ਨੂੰ ਰੰਗ ਕੇ ਕੰਧਾਂ ’ਤੇ ਸਾਂਝੀ ਬਣਾਉਂਦੀਆਂ ਜੋ ਦਸ ਦਿਨਾਂ ਤੱਕ ਲੱਗੀਆਂ ਰਹਿੰਦੀਆਂ। ਇਹ ਸਾਂਝੀਆਂ ਵੀ ਪਿੰਡਾਂ ਦੀਆਂ ਕੁੜੀਆਂ ਵੱਲੋਂ ਨਵੀਂ ਕਲਾਕ੍ਰਿਤੀ ਹੀ ਹੁੰਦੀ ਸੀ ਅਤੇ ਸਾਰਾ ਪਿੰਡ ਇਸ ਹੁਨਰ ਦਾ ਆਨੰਦ ਮਾਣਦਾ ਸੀ।
ਅੱਜ ਸਮਾਂ ਬਦਲਣ ਦੇ ਨਾਲ ਅਸੀਂ ਵਿਕਾਸ ਦੀ ਦੌੜ ਵਿੱਚ ਬਹੁਤ ਅੱਗੇ ਨਿਕਲ ਗਏ ਹਾਂ। ਕੱਚੀਆਂ ਕੰਧਾਂ ਅਤੇ ਕੱਚੇ ਘਰਾਂ ਦੇ ਖ਼ਤਮ ਹੋਣ ’ਤੇ ਪੱਕੀਆਂ ਕੋਠੀਆਂ ਬਣ ਗਈਆਂ ਹਨ ਤਾਂ ਕਿਸ ਨੇ ਲਿੱਪਣੀਆਂ ਹਨ ਕੱਚੀਆਂ ਕੰਧਾਂ। ਹੁਣ ਔਰਤਾਂ ਨੂੰ ਪਾਂਡੂ ਫੇਰਨ ਦੀ ਜ਼ਰੂਰਤ ਹੀ ਨਹੀਂ ਹੁੰਦੀ। ਫਿਰ ਕੰਧਾਂ ’ਤੇ ਰੰਗਦਾਰ ਮੋਰਨੀਆਂ ਕਿਸ ਨੇ ਬਣਾਉਣੀਆਂ ਹਨ।