ਵਿਰਾਸਤੀ ਮੇਲੇ ’ਚ ਸੱਭਿਆਚਾਰਕ ਗੀਤਾਂ ਨਾਲ ਰੰਗ ਬੰਨ੍ਹਿਆ
ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 11 ਨਵੰਬਰ
ਫੇਸਬੁੱਕ ਵਿਰਾਸਤੀ ਬਾਗ਼ ਗਰੁੱਪ ਵੱਲੋਂ ਸਨ ਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਦੇ ਵਿਹੜੇ ’ਚ ਸਾਲਾਨਾ ਵਿਰਾਸਤੀ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਵਿਰਾਸਤੀ ਬਾਗ਼ ਨਾਲ ਜੁੜੇ ਮਰਦ-ਔਰਤਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਹਰਜਿੰਦਰ ਸਿੰਘ ਅਮਰੀਕਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਪੰਜਾਬੀ ਵਿਰਸੇ ਨਾਲ ਜੁੜੀਆਂ ਵੱਖ-ਵੱਖ ਕਲਾਕ੍ਰਿਤਾਂ ਤੇ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਤ੍ਰਿਝਣ ਦਾ ਵੀ ਵਿਸ਼ੇਸ ਪ੍ਰਬੰਧ ਕੀਤਾ ਗਿਆ। ਵਿਰਾਸਤੀ ਬਾਗ ਦਾ ਤਿਆਰ ਕੀਤਾ ਕੱਚਾ ਘਰ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਮੇਲੇ ਵਿੱਚ ਸੱਥ ਦੇ ਰੂਪ ’ਚ ਬੈਠੇ ਤੇ ਗੋਲੀਆਂ ਖੇਡਦੇ ਬੱਚਿਆਂ ਨੇ ਬੀਤੇ ਵੇਲੇ ਨੂੰ ਯਾਦ ਕਰਾ ਦਿੱਤਾ। ਔਰਤਾਂ ਨੇ ਰਲ ਕੇ ਪਿੜ ’ਚ ਗਿੱਧਾ ਪਾਇਆ। ਗੁਰਸੇਵਕ ਸਿੰਘ ਬੀੜ ਤੇ ਹਰਵਿੰਦਰ ਸਿੰਘ ਰੋਡੇ ਨੇ ਕਵੀਸ਼ਰੀ ਅਤੇ ਸ਼ਮਸ਼ੇਰ ਮੱਲ੍ਹੀ ਨੇ ਕਮੇਡੀ ਰਾਹੀਂ ਰੰਗ ਬੰਨ੍ਹਿਆ। ਸਨ ਰਾਈਜ ਸਕੂਲ ਦੇ ਬੱਚਿਆਂ ਨੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ। ਮੁੱਖ ਪ੍ਰਬੰਧਕ ਸੁਰਜੀਤ ਸਿੰਘ ਚੇਲਾ ਨੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ। ਕਰਦਿਆਂ ਕਿਹਾ ਕਿ ਵਿਰਾਸਤੀ ਬਾਗ਼ ਗਰੁੱਪ ਦਾ ਮੁੱਖ ਮਕਸਦ ਨਵੀ ਪੀੜ੍ਹੀ ਨੂੰ ਪੁਰਾਣੀ ਵਿਰਾਸਤ ਨਾਲ ਜੋੜ ਕੇ ਰੱਖਣਾ ਹੈ। ਸਟੇਜ ਬਲਕਾਰ ਸਿੰਘ ਭਾਈਰੂਪਾ ਨੇ ਚਲਾਈ। ਇਸ ਮੌਕੇ ਮਲਕੀਤ ਸਿੰਘ ਅਕਾਲਗੜ੍ਹ (ਅਮਰੀਕਾ), ਸ਼ਮਸ਼ੇਰ ਸਿੰਘ ਨਿਰਮਾਨ, ਬਲਵਿੰਦਰ ਕੌਰ ਸਿੱਧੂ, ਜਸਵੰਤ ਸਿੰਘ ਸੰਧੂ, ਰਣਜੀਤ ਢਿੱਲੋਂ ਤੇ ਜਗਦੀਪ ਪੂੰਨੀਆ ਹਾਜ਼ਰ ਸਨ।