For the best experience, open
https://m.punjabitribuneonline.com
on your mobile browser.
Advertisement

ਰੰਗ ਬਦਲਦੇ ਸਿਆਸੀ ਆਗੂ

09:03 AM Apr 14, 2024 IST
ਰੰਗ ਬਦਲਦੇ ਸਿਆਸੀ ਆਗੂ
Advertisement

ਅਰਵਿੰਦਰ ਜੌਹਲ

ਚੇਣਾਂ ਦੇ ਮੌਸਮ ’ਚ ਚਾਰੋਂ ਪਾਸੇ ਦਲ-ਬਦਲੂਆਂ ਨੇ ਅੰਨ੍ਹੀ ਪਾਈ ਹੋਈ ਹੈ। ਵਿਚਾਰਾ ਵੋਟਰ ਭਮੱਤਰਿਆ ਭਮੱਤਰਿਆ ਫਿਰ ਰਿਹਾ ਹੈ। ਉਸ ਨੂੰ ਸਮਝ ਨਹੀਂ ਆ ਰਿਹਾ ਕਿ ਆਪਣੇ ਜਿਸ ਹਰਮਨ ਪਿਆਰੇ ਨੇਤਾ ਲਈ ਉਸ ਨੇ ਆਂਢੀਆਂ-ਗੁਆਂਢੀਆਂ, ਸਕੇ-ਸਬੰਧੀਆਂ ਅਤੇ ਵਿਰੋਧੀ ਪਾਰਟੀ ਦੇ ਹਮਾਇਤੀਆਂ ਨਾਲ ਮੱਥਾ ਲਾਇਆ ਹੋਇਆ ਸੀ ਅਤੇ ਉਸ ਪਾਰਟੀ (ਵਿਰੋਧੀ) ਦੀ ਵਿਚਾਰਧਾਰਾ ਨੂੰ ਥਾਂ-ਥਾਂ ਪੁਣਦਾ ਫਿਰ ਰਿਹਾ ਸੀ, ਅੱਜ ਉਸ ਦਾ ਉਹੀ ਮਹਿਬੂਬ ਨੇਤਾ ਉਲਟਬਾਜ਼ੀ ਮਾਰਦਾ ਹੋਇਆ ਉਸੇ ਪਾਰਟੀ ’ਚ ਜਾ ਸ਼ਾਮਲ ਹੋਇਆ ਹੈ। ਨਮੋਸ਼ੀ ਦਾ ਮਾਰਿਆ ਨੇਤਾ ਜੀ ਦਾ ਸਮਰਥਕ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਤੋਂ ਲੁਕਾਉਂਦਾ ਫਿਰ ਰਿਹਾ ਹੈ, ਜਿਨ੍ਹਾਂ ਨਾਲ ਉਹ ਹੱਥ ਕੱਢ ਕੱਢ ਕੇ ਆਢੇ ਲਾਉਂਦਾ ਰਿਹਾ ਸੀ।
ਦਿਨ ਦਿਹਾੜੇ ਉਸ ਦਾ ਭਰੋਸਾ ਤੇ ਵਿਸ਼ਵਾਸ ਸਭ ਕੁਝ ਲੁੱਟਿਆ ਗਿਆ। ਅਜੇ ਇੱਕ ਦਿਨ ਪਹਿਲਾਂ ਤਾਂ ਉਸ ਦੇ ਮਹਿਬੂਬ ਨੇਤਾ ਨੇ ਪਿਛਲੀ ਪਾਰਟੀ ਦੇ ਆਗੂਆਂ ਨਾਲ ‘ਪਾਰਟੀ ਦੀ ਬਿਹਤਰੀ’ ਲਈ ਭਰਵੀਂ-ਭਖਵੀਂ ਮੀਟਿੰਗ ਕੀਤੀ ਸੀ ਅਤੇ ਅਗਲਾ ਦਿਨ ਚੜ੍ਹਦਿਆਂ ਦੁਪਹਿਰ ਹੋਣ ਤੋਂ ਪਹਿਲਾਂ ਪਹਿਲਾਂ ਉਹ ਉਸੇ ਪਾਰਟੀ ’ਚ ਜਾ ਸ਼ਾਮਲ ਹੋਇਆ ਸੀ ਜਿਸ ਬਾਰੇ ਉਸ ਨੇ ਚੰਗਾ ਤਾਂ ਕਦੇ ਬੋਲਿਆ ਹੀ ਨਹੀਂ ਸੀ।
ਅੱਜ ਦੇ ਸਿਆਸੀ ਮੌਸਮ ਦੀ ਇਹੀ ਹਕੀਕਤ ਹੈ। ਲੀਡਰਾਂ ਦਾ ਕੋਈ ਭਰੋਸਾ ਨਹੀਂ ਕਿ ਆਪਣੇ ਵੋਟਰਾਂ ਨੂੰ ਕਿਸੇ ਵੇਲੇ ਵੀ ਉਹ ਕੋਈ ਵੀ ਅਚੰਭਾ (ਸਰਪ੍ਰਾਈਜ਼) ਦੇ ਦੇਣ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਬਹੁਤ ਗੁਮਾਨ ਸੀ ਕਿ ਉਨ੍ਹਾਂ ਦੀ ਪਾਰਟੀ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ’ਤੇ ਤੁਰਨ ਵਾਲੀ ਪਾਰਟੀ ਹੈ, ਜਿਸ ਦੇ ਆਗੂ ਗ੍ਰਿਫ਼ਤਾਰੀਆਂ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਦਬਾਅ ਅੱਗੇ ਝੁਕਣ ਵਾਲੇ ਨਹੀਂ। ਪੰਜਾਬ ਦੇ ਦੋ ਆਗੂ ਤਾਂ ਕੁਝ ਦਿਨ ਪਹਿਲਾਂ ਹੀ ਪਾਰਟੀ ਛੱਡ ਕੇ ਭਾਜਪਾ ਵਿੱਚ ਜਾ ਰਲ਼ੇ ਸਨ ਅਤੇ ‘ਆਪ’ ਦੇ ਦਿੱਲੀ ਕਿਲ੍ਹੇ ਦੀ ਵੀ ਪਹਿਲੀ ਇੱਟ ਪੁੱਟੀ ਜਾ ਚੁੱਕੀ ਹੈ। ਦਿੱਲੀ ਦੇ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਨੇ ਮੰਤਰੀ ਦੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜ ਕੁਮਾਰ ਆਨੰਦ ਨੇ ਪਾਰਟੀ ਛੱਡਣ ਬਾਰੇ ਐਲਾਨ ਕਰਨ ਲਈ ਸੱਦੀ ਕਾਨਫਰੰਸ ਵਿੱਚ ਦਾਅਵਾ ਕੀਤਾ, ‘‘ਆਮ ਆਦਮੀ ਪਾਰਟੀ ਦਾ ਜਨਮ ਹੀ ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ’ਚੋਂ ਹੋਇਆ ਸੀ ਅਤੇ ਪਾਰਟੀ ਹੁਣ ਭ੍ਰਿਸ਼ਟਾਚਾਰ ਦੀ ਦਲਦਲ ’ਚ ਡੁੱਬ ਚੁੱਕੀ ਹੈ। ਉਨ੍ਹਾਂ ਲਈ ਪਾਰਟੀ ’ਚ ਕੰਮ ਕਰਨਾ ਬਹੁਤ ਅਸਹਿਜ ਹੋ ਗਿਆ ਸੀ ਤੇ ਇਸੇ ਕਰ ਕੇ ਉਹ ਹੁਣ ਪਾਰਟੀ, ਸਰਕਾਰ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ।’’ ਆਪਣੀ ਨੈਤਿਕਤਾ ਦਾ ਮੁਜ਼ਾਹਰਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਤਰ੍ਹਾਂ ਦੇ ਭ੍ਰਿਸ਼ਟ ਆਚਰਣ ਨਾਲ ਆਪਣਾ ਨਾਂ ਨਹੀਂ ਜੁੜਵਾਉਣਾ ਚਾਹੁੰਦੇ ਕਿਉਂਕਿ ਇਸ ਨਾਲ ਉਨ੍ਹਾਂ ਦੀ ਆਤਮਾ ਦੁਖੀ ਹੁੰਦੀ ਹੈ। ਮੰਤਰੀ ਜੀ ਮਨੀ ਲਾਂਡਰਿੰਗ ਮਾਮਲੇ ’ਚ ਨਵੰਬਰ 2023 ’ਚ ਉਨ੍ਹਾਂ ਦੇ ਘਰ ਪਏ ਛਾਪੇ ਨੂੰ ਬਿਲਕੁਲ ਭੁੱਲ ਗਏ ਜਿਸ ’ਚ ਉਨ੍ਹਾਂ ’ਤੇ 7 ਕਰੋੜ ਰੁਪਏ ਦੀ ਹੇਰਾਫੇਰੀ ਦਾ ਦੋਸ਼ ਸੀ।
ਪ੍ਰੈੱਸ ਕਾਨਫਰੰਸ ਦੌਰਾਨ ਉਹ ਵਾਰ ਵਾਰ ਹੇਠਾਂ ਮੂੰਹ ਕਰਕੇ ਆਪਣੇ ਸਾਹਮਣੇ ਲਿਖੀ ਇਬਾਰਤ ਕਾਗਜ਼ ਤੋਂ ਪੜ੍ਹ ਕੇ ਆਪਣਾ ਪਾਰਟੀ ਛੱਡਣ ਦਾ ਕਾਰਨ ਸਪੱਸ਼ਟ ਕਰ ਰਹੇ ਸਨ ਮਤੇ ਕੋਈ ਲਫਜ਼ ਇੱਧਰ ਤੋਂ ਉਧਰ ਨਾ ਹੋ ਜਾਏ। ਇਹ ਗੱਲ ਵੱਖਰੀ ਹੈ ਕਿ ਉਸੇ ਸਵੇਰ ਪ੍ਰੈੱਸ ਕਾਨਫਰੰਸ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਕੇਜਰੀਵਾਲ ਦੇ ਹੱਕ ’ਚ ਟਵੀਟ ਕਰਦਿਆਂ ਦੋਸ਼ ਲਾਇਆ ਸੀ ਕਿ ਈਡੀ ਨੇ ਮੁੱਖ ਮੰਤਰੀ ਨੂੰ ਇੱਕ ਸਾਜ਼ਿਸ਼ ਅਧੀਨ ਫਸਾਇਆ ਹੈ। ਪਰ ਫਿਰ ਮਗਰੋਂ ਉਨ੍ਹਾਂ ਦਿਲ ਨੂੰ ਛੂਹ ਜਾਣ ਵਾਲੀ ਦਲੀਲ ਦਿੱਤੀ, ‘‘ਕੱਲ੍ਹ ਤੋਂ ਪਹਿਲਾਂ ਤਾਂ ਮੈਨੂੰ ਲੱਗ ਰਿਹਾ ਸੀ ਕਿ ਸਾਨੂੰ (‘ਆਪ’) ਫਸਾਇਆ ਜਾ ਰਿਹਾ ਹੈ ਪਰ ਕੱਲ੍ਹ ਦਿੱਲੀ ਹਾਈ ਕੋਰਟ ਦਾ ਜੋ ਫ਼ੈਸਲਾ ਆਇਆ ਹੈ, ਉਸ ਤੋਂ ਲੱਗਦਾ ਹੈ ਕਿ ਸਾਡੇ ’ਚ ਹੀ ਕਿਤੇ ਨਾ ਕਿਤੇ ਗੜਬੜ ਹੈ।’’ ਇਹ ਪੁੱਛੇ ਜਾਣਾ ਤਾਂ ਬਣਦਾ ਹੀ ਹੈ ਕਿ ਕੀ ਇੱਕ ਦਿਨ ਅੰਦਰ ਹੀ ਉਨ੍ਹਾਂ ਨੂੰ ਪਾਰਟੀ ’ਚ ਗੜਬੜ ਹੋਣ ਦਾ ਮਹਾਂਗਿਆਨ ਹੋਇਆ ਜਾਂ ਉਨ੍ਹਾਂ ਪਾਰਟੀ ਅੰਦਰ ਵੀ ਵੱਖ ਵੱਖ ਮੰਚਾਂ ’ਤੇ ਇਸ ਗੜਬੜ ਖ਼ਿਲਾਫ਼ ਪਹਿਲਾਂ ਆਵਾਜ਼ ਉਠਾਈ ਸੀ? ਮਤਲਬ ਕਿ ਉਨ੍ਹਾਂ ਦੇ ਅਸਤੀਫ਼ੇ ਦਾ ਆਧਾਰ ਹਾਈ ਕੋਰਟ ਦਾ ਇੱਕ ਫ਼ੈਸਲਾ ਹੈ। ਜੇਕਰ ਇਸ ਨੂੰ ਚੁਣੌਤੀ ਦੇਣ ਮਗਰੋਂ ਇਹ ਫ਼ੈਸਲਾ ਸੁਪਰੀਮ ਕੋਰਟ ’ਚ ਪਲਟ ਗਿਆ ਤਾਂ ਕੀ ਆਨੰਦ ਵੀ ਆਪਣੇ ਫ਼ੈਸਲੇ ਤੋਂ ਪਲਟ ਜਾਣਗੇ? ਉੱਧਰ ਆਪ ਆਗੂ ਬਾਹਾਂ ਚੜ੍ਹਾਈ ਬੈਠੇ ਨੇ। ਉਨ੍ਹਾਂ ਦਾ ਦਾਅਵਾ ਹੈ ਕਿ ਭਾਜਪਾ ਵਾਲੇ ਹੁਣ ਇਸ ਆਗੂ ਦੀ ‘ਵਾਸ਼ਿੰਗ ਮਸ਼ੀਨ’ ਵਿੱਚ ਧੁਲਾਈ ਕਰਨਗੇ। ‘ਆਪ’ ਆਗੂਆਂ ਦਾ ਕਹਿਣਾ ਹੈ ਕਿ ਦੇਖੋ, ਜਿਸ ਰਾਜ ਕੁਮਾਰ ਆਨੰਦ ਨੂੰ ਭਾਜਪਾ ਭ੍ਰਿਸ਼ਟ ਦੱਸ ਰਹੀ ਸੀ, ਹੋ ਸਕਦੈ ਉਸ ਨੂੰ ਧੋ-ਸੰਵਾਰ ਕੇ ਆਪਣੀ ਪਾਰਟੀ ’ਚ ਸ਼ਾਮਲ ਕਰ ਲਵੇ ਕਿਉਂਕਿ ਜਿਨ੍ਹਾਂ ਆਗੂਆਂ ਨੂੰ ਉਹ ਪਹਿਲਾਂ ‘ਭ੍ਰਿਸ਼ਟਾਚਾਰੀ’ ਸੱਦਦੀ ਰਹੀ ਸੀ ਅੱਜ ਉਹੀ ਉਸਦਾ ਗਹਿਣਾ ਬਣੇ ਹੋਏ ਹਨ।
ਦਲ-ਬਦਲੀ ਦੇ ਇਸ ਮੌਸਮ ’ਚ ਕਾਂਗਰਸ ਵਾਲੇ ਕਿਉਂ ਪਿੱਛੇ ਰਹਿਣ! ਕਾਂਗਰਸ ਦੇ ਕੌਮੀ ਤਰਜਮਾਨ ਗੌਰਵ ਵੱਲਭ ਨੇ ਵੀ ਭਾਜਪਾ ’ਚ ਸ਼ਾਮਲ ਹੋ ਕੇ ਆਪਣੀ ਪਾਰਟੀ ਤੇ ਵੋਟਰਾਂ ਨੂੰ ਵੱਡਾ ‘ਸਰਪ੍ਰਾਈਜ਼’ ਦਿੱਤਾ ਹੈ। ਇਹ ਉਹੀ ਗੌਰਵ ਵੱਲਭ ਨੇ ਜਿਨ੍ਹਾਂ ਭਾਜਪਾ ਦੇ ਤੇਜ਼-ਤਰਾਰ ਕੌਮੀ ਤਰਜਮਾਨ ਸੰਬਿਤ ਪਾਤਰਾ ਵੱਲੋਂ ਦੇਸ਼ ਦੇ ਅਰਥਚਾਰੇ ਨੂੰ ਛੇਤੀ 5 ਟ੍ਰਿਲੀਅਨ ਕਰਨ ਦਾ ਦਾਅਵਾ ਕੀਤੇ ਜਾਣ ’ਤੇ ਟ੍ਰਿਲੀਅਨ ਵਿਚਲੀਆਂ ਜ਼ੀਰੋਆਂ ਦੀ ਗਿਣਤੀ ਪੁੱਛ ਲਈ ਸੀ। ਪਾਤਰਾ ਨੇ ਸਵਾਲ ਨੂੰ ਬੜਾ ਏਧਰ-ਓਧਰ ਕੀਤਾ ਪਰ ਗੌਰਵ ਜਵਾਬ ਲੈਣ ਲਈ ਅੜਿਆ ਰਿਹਾ। ਅਖ਼ੀਰ ਪਾਤਰਾ ਦੀ ਜਾਨ ਉਦੋਂ ਛੁੱਟੀ ਜਦੋਂ ਐਂਕਰ ਨੇ ਗੌਰਵ ਨੂੰ ਖ਼ੁਦ ਟ੍ਰਿਲੀਅਨ ਵਿਚਲੀਆਂ ਜ਼ੀਰੋਆਂ ਦੱਸਣ ਲਈ ਮਨਾ ਲਿਆ। ਕਿਸੇ ਵੇਲੇ ਭਾਜਪਾ ’ਤੇ ਫ਼ਿਰਕੂ ਹੋਣ ਅਤੇ ਉਸ ਦੇ ਕੁਲਦੀਪ ਸੇਂਗਰ ਅਤੇ ਚਿਨਮਯ ਨੰਦ ਜਿਹੇ ਆਗੂਆਂ ’ਤੇ ਔਰਤਾਂ ਦਾ ਜਿਣਸੀ ਸ਼ੋਸ਼ਣ ਕਰਨ ਦਾ ਦੋਸ਼ ਲਾਉਣ ਅਤੇ ਇਨ੍ਹਾਂ ਦੋਹਾਂ ਆਗੂਆਂ ਨੂੰ ਗੁੰਡੇ ਸੱਦਣ ਵਾਲੇ ਗੌਰਵ ਹੁਣ ‘ਸਨਾਤਨ’ ਹਮਾਇਤੀ ਹੋਣ ਦਾ ਦਾਅਵਾ ਕਰਦਿਆਂ ਭਾਜਪਾ ’ਚ ਛਾਲ ਮਾਰ ਗਏ ਨੇ। ਗੌਰਵ ਵੱਲਭ ਦਾ ਕਹਿਣਾ ਹੈ ਕਿ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਦੇ ਮੁੱਦੇ ’ਤੇ ਕਾਂਗਰਸ ਪਾਰਟੀ ਦਾ ਸਟੈਂਡ ਗ਼ਲਤ ਸੀ। ਉਸ ਨੇ ਇਸ ਸਮਾਗਮ ’ਚ ਜਾਣ ਲਈ ਪਾਰਟੀ ਦੇ ਆਗੂਆਂ ਨੂੰ ਮਨਾਉਣ ਲਈ ਬਹੁਤ ਹੱਥ-ਪੈਰ ਜੋੜੇ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਅਖ਼ੀਰ ਸਨਾਤਨ ਧਰਮ ਦਾ ਵਿਰੋਧ ਸਹਿਣਾ ਉਸ ਲਈ ਬਹੁਤ ਔਖਾ ਹੋ ਗਿਆ ਸੀ ਅਤੇ ਉਹ ਦੇਸ਼ ਦੇ ‘ਵੈਲਥ ਕ੍ਰੀਏਟਰਜ਼’ (ਧਨ-ਕੁਬੇਰ) ਨੂੰ ਗਾਲ੍ਹਾਂ ਵੀ ਨਹੀਂ ਕੱਢ ਸਕਦਾ ਸੀ (ਸ਼ਾਇਦ ਇਸ ਦਾ ਭਾਵ ਅੰਬਾਨੀ-ਅਡਾਨੀ ਹੈ)। ਇਸੇ ਕਰ ਕੇ ਹੀ ਉਸ ਨੇ ਕਾਂਗਰਸ ਦਾ ਹੱਥ ਛੱਡਿਆ ਹੈ। ਹੁਣ ਵੱਖ ਵੱਖ ਚੈਨਲਾਂ ’ਤੇ ਇੰਟਰਵਿਊਜ਼ ਦੌਰਾਨ ਗੌਰਵ ਛਾਤੀ ਠੋਕ ਕੇ ਕਹਿੰਦਾ ਹੈ ਕਿ ਉਹ ਆਪਣੇ ‘ਅਸੂਲਾਂ’ ’ਤੇ ਅਡਿੱਗ ਰਹਿਣ ਵਾਲਾ ਵਿਅਕਤੀ ਹੈ। ਉਹ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਉੱਥੇ ਹੀ ਖੜ੍ਹਾ ਹੈ, ਪਰ ਪਾਰਟੀ (ਕਾਂਗਰਸ) ਬਦਲ ਗਈ ਹੈ। ਹੁਣ ਉਸ ਦਾ ਦਾਅਵਾ ਹੈ ਕਿ ਉਸ ਦੀ ਪਿਛਲੀ ਪਾਰਟੀ ਦੇ ਆਗੂਆਂ ਨੂੰ ਤਾਂ ਜ਼ਮੀਨੀ ਹਕੀਕਤ ਦੀ ਸਮਝ ਹੀ ਨਹੀਂ। ਇਹ ਗੱਲ ਵੱਖਰੀ ਹੈ ਕਿ ਜ਼ਮੀਨੀ ਹਕੀਕਤ ਪੱਖੋਂ ‘ਸਮਝਦਾਰ’ ਇਹ ਆਗੂ ਕਾਂਗਰਸ ਪਾਰਟੀ ਦੀ ਟਿਕਟ ’ਤੇ ਲੜੀਆਂ ਦੋਵੇਂ ਚੋਣਾਂ ਹਾਰ ਗਿਆ ਸੀ। ਹੁਣ ਉਹ ਉਸੇ ਪਾਰਟੀ ਦੀ ਵਾਹ-ਵਾਹ ਕਰਦਿਆਂ ‘ਵਿਕਸਤ ਭਾਰਤ ਦੇ ਸੰਕਲਪ’ ਪ੍ਰਤੀ ਆਪਣੇ ਨਜ਼ਰੀਏ ਦਾ ਵੱਖ ਵੱਖ ਚੈਨਲਾਂ ’ਤੇ ਵਿਖਿਆਨ ਕਰ ਰਿਹਾ ਹੈ ਜਿਸ ਨੂੰ ਕੁਝ ਮਹੀਨੇ ਪਹਿਲਾਂ ਗਾਲ੍ਹਾਂ ਦਿੰਦਾ ਰਿਹਾ ਸੀ। ਖ਼ੈਰ, ਜਦੋਂ ਅਰਥਚਾਰੇ ਨੂੰ 5 ਟ੍ਰਿਲੀਅਨ ’ਤੇ ਲਿਜਾਣਾ ਹੋਵੇ ਤਾਂ ਭਾਜਪਾ ਵਿੱਚ ਇੱਕ ਅਜਿਹਾ ਆਗੂ ਤਾਂ ਚਾਹੀਦਾ ਸੀ ਜੋ ਸਮੁੱਚੀ ਪਾਰਟੀ ਦੇ ਆਗੂਆਂ ਨੂੰ ਟ੍ਰਿਲੀਅਨ ਵਿਚਲੀਆਂ ਜ਼ੀਰੋਆਂ ਬਾਰੇ ਕਰੈਸ਼ ਕੋਰਸ ਕਰਵਾ ਸਕੇ।
ਉੱਧਰੋਂ ਹਾਲ ’ਚ ਹੀ ਭਾਜਪਾ ਦੇ ਆਗੂ ਚੌਧਰੀ ਬੀਰੇਂਦਰ ਸਿੰਘ ਨੇ ਆਪਣੀ ਪਤਨੀ ਦੇ ਨਾਲ ਮੁੜ ਕਾਂਗਰਸ ਦਾ ਹੱਥ ਫੜ ਲਿਆ ਹੈ। ਉਨ੍ਹਾਂ ਦਾ ਪੁੱਤਰ ਬ੍ਰਿਜੇਂਦਰ ਸਿੰਘ, ਉਨ੍ਹਾਂ ਤੋਂ ਮਹੀਨਾ ਪਹਿਲਾਂ ਹੀ ਪਾਰਟੀ ’ਚ ਸ਼ਾਮਲ ਹੋ ਗਿਆ ਸੀ। 2014 ’ਚ ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਣ ਵਾਲੇ ਚੌਧਰੀ ਬੀਰੇਂਦਰ ਸਿੰਘ 10 ਸਾਲ ਭਾਜਪਾ ’ਚ ਰਹਿਣ ਮਗਰੋਂ ਹੁਣ ਨਾ ਕੇਵਲ ਭਾਜਪਾ ਦੀ ਕਾਰਜਸ਼ੈਲੀ ’ਤੇ ਸਵਾਲ ਉਠਾ ਰਹੇ ਹਨ ਸਗੋਂ ਪਾਰਟੀ ’ਚ ‘ਸਭ ਦੀ ਬੋਲਤੀ ਬੰਦ’ ਹੋਣ ਦੀ ਗੱਲ ਵੀ ਉਭਾਰ ਰਹੇ ਹਨ। ਹੁਣ ਉਹ ਦੇਸ਼ ’ਚ ਜਮਹੂਰੀ ਪ੍ਰਬੰਧ ਦੀ ਫ਼ਿਕਰ ਕਰਦਿਆਂ ਕਾਂਗਰਸ ਦੇ ਬੈਂਕ ਖਾਤੇ ਸੀਲ ਕੀਤੇ ਜਾਣ, ਝਾਰਖੰਡ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੂੰ ਜੇਲ੍ਹੀਂ ਡੱਕਣ, ਇਲੈਕਟੋਰਲ ਬਾਂਡ ਰਾਹੀਂ ਚੰਦਾ ਇਕੱਠਾ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਦੇ ਸਾਰੇ ਮੁੱਦੇ ਜ਼ੋਰ-ਸ਼ੋਰ ਨਾਲ ਉਠਾ ਰਹੇ ਹਨ। ਇੱਕ ਇੰਟਰਵਿਊ ’ਚ ਜਦੋਂ ਇੱਕ ਐਂਕਰ ਨੇ ਇਹ ਪੁੱਛਿਆ ਕਿ ਜੇਕਰ ਉਹ ਏਨੇ ਹੀ ਪ੍ਰੇਸ਼ਾਨ ਸਨ ਤਾਂ ਪਹਿਲਾਂ ਹੀ ਉਨ੍ਹਾਂ ਇਹ ਫ਼ੈਸਲਾ ਕਿਉਂ ਨਹੀਂ ਲਿਆ ਤਾਂ ਚੌਧਰੀ ਸਾਹਿਬ ਦਾ ਕਹਿਣਾ ਸੀ ਕਿ ਸਿਆਸਤ ’ਚ ਸਹੀ ਸਮੇਂ ’ਤੇ ਸਹੀ ਫ਼ੈਸਲਾ ਲੈਣਾ ਜ਼ਰੂਰੀ ਹੁੰਦਾ ਹੈ। ਬਿਲਕੁਲ ਠੀਕ, ਲੀਡਰਾਂ ਲਈ ਸਾਰੀਆਂ ਗੁਣਾਂ-ਤਕਸੀਮਾਂ ਵੀ ਤਾਂ ਸਹੀ ਬਿਠਾਉਣੀਆਂ ਜ਼ਰੂਰੀ ਹੁੰਦੀਆਂ ਨੇ।
ਲਓ, ਹਾਲੇ ਦੋ ਦਿਨ ਵੀ ਨਹੀਂ ਹੋਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤਰ ਪਰਿਵਾਰਕ ਅਤੇ ਪਾਰਟੀ ਚੋਣਾਂ ਦਾ ਅਨੁਸ਼ਾਸਨ ਭੰਗ ਕਰਦਿਆਂ ਭਾਜਪਾ ਵਿੱਚ ਜਾ ਸ਼ਾਮਲ ਹੋਏ ਹਨ। ਮਲੂਕਾ ਜੀ ਸਫ਼ਾਈ ਦਿੰਦੇ ਫਿਰ ਰਹੇ ਹਨ ਕਿ ਉਨ੍ਹਾਂ ਤਾਂ ਦੋਹਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਤੋਂ ਰੋਕਿਆ ਸੀ ਪਰ ਉਨ੍ਹਾਂ ਦੀ ਕਿਸੇ ਨੇ ਸੁਣੀ ਨਹੀਂ। ਕਿਸੇ ਵੀ ਬਾਲਗ਼ ਪੁੱਤ-ਧੀ ਨੂੰ ਮਹਿਜ਼ ਨੈਤਿਕਤਾ ਦਾ ਵਾਸਤਾ ਪਾ ਕੇ ਅਜਿਹਾ ਕਰਨੋਂ ਨਹੀਂ ਰੋਕਿਆ ਜਾ ਸਕਦਾ। ਉਨ੍ਹਾਂ ਦੀ ਮਰਜ਼ੀ, ਉਹ ਆਪਣੇ ਬਾਰੇ ਜੋ ਮਰਜ਼ੀ ਫ਼ੈਸਲਾ ਲੈਣ। ਇਸ ਤੋਂ ਅਗਲੀ ਚਰਚਾ ਇਹ ਹੈ ਕਿ ਬਠਿੰਡਾ ਲੋਕ ਸਭਾ ਸੀਟ, ਜਿੱਥੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਲੜਨ ਦੇ ਆਸਾਰ ਹਨ, ਤੋਂ ਭਾਰਤੀ ਜਨਤਾ ਪਾਰਟੀ ਮਲੂਕਾ ਦੀ ਨੂੰਹ ਨੂੰ ਉਮੀਦਵਾਰ ਬਣਾਉਣ ਬਾਰੇ ਸੋਚ ਰਹੀ ਹੈ। ਸਿਕੰਦਰ ਸਿੰਘ ਮਲੂਕਾ ਹੁਣ ਭਵਿੱਖ ’ਚ ਵੋਟਰਾਂ ਨੂੰ ਕੋਈ ਅਪੀਲ ਕਰਨ ਜਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਇਤਿਹਾਸਕ ਗੁਰਦੁਆਰੇ ਅਤੇ ਪਵਿੱਤਰ ਪੰਜ ਤਖ਼ਤਾਂ ’ਚੋਂ ਇੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਾ ਕੇ ਨਤਮਸਤਕ ਹੋ ਆਏ ਹਨ। ਮਤਲਬ ਜੇ ਕੋਈ ਖ਼ਤਾ ਹੋ ਗਈ ਹੈ ਜਾਂ ਕਿਤੇ ਹੋਣ ਜਾ ਰਹੀ ਹੈ ਤਾਂ ਉਹ ਪਹਿਲਾਂ ਹੀ ਭੁੱਲ ਬਖ਼ਸ਼ਾ ਕੇ ਨੈਤਿਕ ਪੱਖੋਂ ਸੁਰਖਰੂ ਹੋ ਜਾਣ। ਪਤਾ ਨਹੀਂ ਵਿਚਾਰੇ ਵੋਟਰਾਂ ਨੂੰ ਨਤਮਸਤਕ ਹੋਣ ਦਾ ਮੌਕਾ ਕਦੋਂ ਮਿਲੇ?
ਸਾਰੀਆਂ ਪਾਰਟੀਆਂ ’ਚ ਹੀ ਦਲ-ਬਦਲੂਆਂ ਨੇ ਭਸੂੜੀ ਪਾਈ ਹੋਈ ਹੈ। ਕਈ ਵਾਰ ਸਧਾਰਨ ਵੋਟਰ ਦੀ ਸਿਮਰਤੀ/ਯਾਦਦਾਸ਼ਤ ਅਜੇ ਪੁਰਾਣੀ ਪਾਰਟੀ ’ਚ ਅਟਕੀ ਹੁੰਦੀ ਹੈ ਤੇ ਨੇਤਾ ਜੀ ਛੜੱਪਾ ਮਾਰ ਅਗਾਂਹ ਲੰਘ ਗਏ ਹੁੰਦੇ ਨੇ। ਸਧਾਰਨ ਵੋਟਰ ਦੀ ਤਾਂ ਗੱਲ ਛੱਡੋ, ਸਾਡੀ ਆਪਬੀਤੀ ਸੁਣ ਲਓ। ਕਾਂਗਰਸ ਪਾਰਟੀ ਦਾ ਇੱਕ ਬਹੁਤ ਵੱਡਾ ਨੇਤਾ ਪਾਰਟੀ ਛੱਡ ਕੇ ‘ਭਾਜਪਾ’ ਵਿੱਚ ਜਾ ਸ਼ਾਮਲ ਹੋਇਆ ਅਤੇ ਉਸ ਦੀ ਅਗਵਾਈ ’ਚ ਇੱਕ ਵਫ਼ਦ ਵੱਲੋਂ ਰਾਜਪਾਲ ਨੂੰ ਮੈਮੋਰੰਡਮ ਦੇਣ ਦੀ ਖ਼ਬਰ ਆਈ। ਖ਼ਬਰ ਤਸਵੀਰ ਸਮੇਤ ਪ੍ਰਮੁੱਖਤਾ ਨਾਲ ਸਾਡੇ ਅਖ਼ਬਾਰ ਵਿੱਚ ਛਪ ਵੀ ਗਈ। ਅਗਲੇ ਦਿਨ ਉਸ ਖ਼ਬਰ ’ਚ ਛਪੀ ਤਸਵੀਰ ਵਿਰੋਧੀ ਪਾਰਟੀ ਦੇ ਆਗੂ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਸਮੇਤ ਪਾਈ ਹੋਈ ਸੀ। ਸੱਚਮੁੱਚ ਸਾਡੇ ਲਈ ਨਮੋਸ਼ੀ ਵਾਲੀ ਗੱਲ ਸੀ। ਖ਼ਬਰ ਤਾਂ ਠੀਕ ਸੀ, ਉਸ ਵਿੱਚ ਤਾਂ ਉਹ ਨਵੀਂ ਪਾਰਟੀ ਦਾ ਹੀ ਆਗੂ ਸੀ ਪਰ ਤਸਵੀਰ ਦੀ ਕੈਪਸ਼ਨ ’ਚ ਉਸ ਦੀ ਸ਼ਨਾਖ਼ਤ ਪੁਰਾਣੀ ਪਾਰਟੀ ਦੇ ਆਗੂ ਵਜੋਂ ਕੀਤੀ ਸੀ। ਇਹ ਵੀ ਨਹੀਂ ਸੀ ਕਿ ਕਿਸੇ ਇੱਕ ਜਣੇ ਨੇ ਉਹ ਪੰਨਾ ਚੈੱਕ ਕੀਤਾ ਹੋਵੇ। ਚੈਕਿੰਗ ਦੌਰਾਨ ਸਾਡੇ ਤਿੰਨ-ਚਾਰ ਜਣਿਆਂ ਦੇ ਹੱਥਾਂ ਵਿੱਚੋਂ ਉਹ ਪੰਨਾ ਨਿਕਲਿਆ ਸੀ। ਜਿਸ ਸਬ-ਐਡੀਟਰ ਨੇ ਉਹ ਕੈਪਸ਼ਨ ਲਿਖੀ ਸੀ, ਉਸ ਨੂੰ ਤਲਬ ਕੀਤਾ ਗਿਆ। ਉਸ ਨੂੰ ਜਦੋਂ ਪੁੱਛਿਆ ਗਿਆ, ‘‘ਇਹ ਤੂੰ ਕੀ ਕੀਤਾ ਹੈ? ਜਦੋਂ ਖ਼ਬਰ ਠੀਕ ਬਣਾਈ ਸੀ ਤਾਂ ਕੈਪਸ਼ਨ ’ਚ ਉਸ ਦੀ ਸ਼ਨਾਖ਼ਤ ਪੁਰਾਣੀ ਪਾਰਟੀ ਨਾਲ ਕਿਉਂ ਜੋੜੀ ਹੈ?’’ ਅੱਗਿਓਂ ਉਸ ਦਾ ਜਵਾਬ ਸੀ, ‘‘ਮੈਡਮ, ਮੇਰੇ ਦਿਮਾਗ ’ਚ ਉਸ ਦੀ ਉਹੀ (ਪੁਰਾਣੀ ਪਾਰਟੀ ਵਾਲੀ) ਪੱਕੀ ਪਛਾਣ ਸੀ ਤੇ ਸਹਿਜ ਹੀ ਮੇਰੇ ਕੋਲੋਂ ਉਸ ਦੀ ਪੁਰਾਣੀ ਪਾਰਟੀ ਦਾ ਨਾਂ ਲਿਖਿਆ ਗਿਆ।’’ ਮੈਂ ਖਿੱਝ ਕੇ ਉਸ ਨੂੰ ਕਿਹਾ ਕਿ ਜਦੋਂ ਖ਼ਬਰ ’ਚ ਉਸ ਦੀ ਨਵੀਂ ਪਾਰਟੀ ਦਾ ਨਾਂ ਲਿਖਿਆ ਸੀ, ਫਿਰ ਅਜਿਹੀ ਗ਼ਲਤੀ ਕਿਵੇਂ ਹੋ ਗਈ? ਉਸ ਦਾ ਅੱਗੋਂ ਮਾਸੂਮਾਨਾ ਜਵਾਬ ਸੀ, ‘‘ਉਸ ਦੇ ਨਾਲ ਵਫ਼ਦ ’ਚ ਖੜ੍ਹਾ ਇੱਕ ਹੋਰ ਵੱਡਾ ਆਗੂ ਵੀ ਪਹਿਲਾਂ ਕਾਂਗਰਸ ’ਚ ਹੀ ਸੀ, ਇਸ ਕਰ ਕੇ ਮੈਥੋਂ ਇਹ ਗ਼ਲਤੀ ਹੋ ਗਈ।’’ ਯਕੀਨਨ ਗ਼ਲਤੀ ਸਾਡੀ ਸੀ, ਜਿਨ੍ਹਾਂ ਦੇ ਦਿਮਾਗ਼ਾਂ ਦੀਆਂ ਚਿੱਪਾਂ ਸਿਆਸੀ ਆਗੂਆਂ ਦੀ ਦਲ-ਬਦਲੀ ਦੀ ਰਫ਼ਤਾਰ ਦੇ ਮੇਚ ਨਾ ਆਈਆਂ।
ਜੇ ਖ਼ਬਰਾਂ ਬਾਰੇ ਚੌਵੀ ਘੰਟੇ ਚੇਤੰਨ ਤੇ ਚੌਕਸ ਰਹਿਣ ਵਾਲੇ ਪੱਤਰਕਾਰ ਅਜਿਹੀ ਖ਼ਤਾ ਖਾ ਸਕਦੇ ਹਨ ਤਾਂ ਨਿਸ਼ਚਿਤ ਤੌਰ ’ਤੇ ਇੱਕ ਆਮ ਬੰਦੇ ਲਈ ਵੀ ਲੀਡਰਾਂ ਦੀਆਂ ਅਜਿਹੀਆਂ ਕਲਾਬਾਜ਼ੀਆਂ ਨੂੰ ਸਮਝਣਾ ਅਤੇ ਹਜ਼ਮ ਕਰਨਾ ਸੌਖਾ ਨਹੀਂ ਹੋਵੇਗਾ। ਲੀਡਰ ਦੇ ਹਮਾਇਤੀਆਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਕਿ ਦਲ-ਬਦਲੀ ਦੀਆਂ ਟਪੂਸੀਆਂ ਮਾਰਨ ਵਾਲੇ ਇਹ ਆਗੂ ਕਿੰਨੇ ਕੁ ਉਨ੍ਹਾਂ ਦੇ ਸਕੇ ਹਨ। ਸਿਆਸੀ ਦਲ-ਬਦਲੀਆਂ ਦੀ ਤੇਜ਼ ਰਫ਼ਤਾਰ ਤੋਂ ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਲੋਕਾਂ ਦੀ ਬਜਾਏ ਨੇਤਾ ਆਪਣੇ ਪਰਿਵਾਰਕ ਅਤੇ ਰਾਜਸੀ ਹਿੱਤਾਂ ਨੂੰ ਉੱਪਰ ਰੱਖਦੇ ਹਨ। ਹੁਣ ਫ਼ੈਸਲਾ ਵੋਟਰਾਂ ਨੇ ਲੈਣਾ ਹੈ ਕਿ ਉਨ੍ਹਾਂ ਨੇ ਪਲ ਪਲ ਰੰਗ ਬਦਲਦੇ ਆਗੂਆਂ ਦੇ ਬਹਿਕਾਵੇ ’ਚ ਆਉਣਾ ਹੈ ਜਾਂ ਫਿਰ ਉਨ੍ਹਾਂ ਨੂੰ ਅਸਲੀਅਤ ਦਾ ਰੰਗ ਦਿਖਾਉਣਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×