ਗਲੀ ਦੇ ਅਧੂਰੇ ਨਿਰਮਾਣ ਕਾਰਜ ਤੋਂ ਕਲੋਨੀ ਵਾਸੀ ਔਖੇ
ਰਵਿੰਦਰ ਰਵੀ
ਬਰਨਾਲਾ, 6 ਜੁਲਾਈ
ਨਗਰ ਕੌਂਸਲ ਦੇ ਅਧਿਕਾਰੀਆਂ ਦੀ ਲਾਪਰਵਾਹੀ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਲੱਖੀ ਕਲੋਨੀ ਦੀ ਗਲੀ ਨੰਬਰ 5 ਦੇ 200 ਫੁੱਟ ਦੇ ਟੋਟੇ ਨੂੰ ਛੱਡ ਕੇ ਕੌਂਸਲ ਦੇ ਠੇਕੇਦਾਰ ਵੱਲੋਂ ਦੋਵੇਂ ਪਾਸੇ ਇੰਟਰਲਾਕ ਟਾਈਲਾਂ ਲਾ ਕੇ ਗਲੀ ਨੂੰ ਉੱਚਾ ਚੁੱਕਿਆ ਗਿਆ ਸੀ ਪਰ ਕੌਂਸਲ ਅਧਿਕਾਰੀਆਂ ਨੇ ਗਲੀ ’ਚ ਠੇਕੇਦਾਰ ਵੱਲੋਂ ਕੀਤੇ ਕੰਮ ਨੂੰ ਦੇਖਣ ਦੀ ਕਦੇ ਖੇਚਲ ਨਹੀਂ ਕੀਤੀ। ਬਰਸਾਤ ਦੇ ਦਿਨ ਹੋਣ ਕਾਰਨ ਗਲੀ ’ਚ ਦੋ-ਦੋ ਫੁੱਟ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਚਿੱਕੜ ਹੋ ਜਾਣ ਕਾਰਨ ਸਕੂਲੀ ਬੱਚੇ ਡਿੱਗਣ ਕਾਰਨ ਸੱਟਾਂ ਵੀ ਖਾ ਚੁੱਕੇ ਹਨ। ਗਲੀ ’ਚ ਖੜ੍ਹੇ ਪਾਣੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਸ਼ਹਿਰ ਦੀ ਸਥਾਨਕ ਲੱਖੀ ਕਲੋਨੀ ਦੀ ਗਲੀ ਨੰਬਰ 5 ਦੇ ਨਿਵਾਸੀ ਪਿਛਲੇ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਮੌਜੂਦਾ ਕੌਂਸਲਰ ਅਜੈ ਕੁਮਾਰ ਨੂੰ ਟੁੱਟੀ ਗਲੀ ਨੂੰ ਬਣਾਉਣ ਸਬੰਧੀ ਮਿਲਕੇ ਫਰਿਆਦ ਕਰ ਚੁੱਕੇ ਹਨ। ਗਲੀ ’ਚ ਰਹਿਣ ਵਾਲੇ ਧੀਰਜ ਕੁਮਾਰ ਐਡਵੋਕੇਟ, ਰਾਜੇਸ਼ ਕੁਮਾਰ ਬਾਂਸਲ, ਸ਼ਿਵ ਕੁਮਾਰ ਬਾਂਸਲ ਸੱਤਪਾਲ, ਸੰਦੀਪ ਸਿੰਘ, ਦਲਜੀਤ ਸਿੰਘ, ਸਰਬਜੀਤ ਸਿੰਘ, ਅਸ਼ੋਕ ਕੁਮਾਰ, ਜਸਪਾਲ ਕੌਰ ਤੇ ਹੋਰਨਾਂ ਵੱਲੋਂ 6 ਮਹੀਨੇ ਪਹਿਲਾਂ ਦਰਖ਼ਾਸਤ ਲਿਖ ਕੇ ਗਲੀ ਦੇ 200 ਫੁੱਟ ਦੇ ਟੋਟੇ ’ਚ ਇੰਟਰਲਾਕ ਟਾਈਲਾਂ ਲਾਉਣ ਲਈ ਦਿੱਤੀ ਗਈ ਸੀ। ਪਰ ਦਰਖ਼ਾਸਤ ਦੇਣ ਵਾਲੇ ਗਲੀ ਨਿਵਾਸੀਆਂ ਨੂੰ ਕੌਂਸਲ ਅਧਿਕਾਰੀਆਂ ਅਤੇ ਕੌਂਸਲਰ ਵੱਲੋਂ ਪਹਿਲ ਦੇ ਆਧਾਰ ’ਤੇ ਕੰਮ ਕਰਵਾਉਣ ਦੇ ਲਾਰੇ ਲਾਕੇ ਡੰਗ ਟਪਾਇਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਿਸਾਲਦੀਪ ਬਾਂਸਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇਈ ਸੁਭਾਸ਼ ਨਾਲ ਗੱਲ ਕਰ ਲਓ। ਜੇਈ ਨੇ ਕਿਹਾ ਕਿ ਗਲੀ ਬਣਨ ਨੂੰ ਹਾਲੇ ਇੱਕ ਸਾਲ ਹੋਰ ਲੱਗ ਜਾਵੇਗਾ।