ਦੇਸ਼ ਲਈ ਜਾਨ ਨਿਛਾਵਰ ਕਰ ਗਿਆ ਕਰਨਲ ਮਨਪ੍ਰੀਤ ਸਿੰਘ
ਡਾ. ਗੁਰਦਰਸ਼ਨ ਸਿੰਘ
ਅੱਜ ਸ਼ਰਧਾਂਜਲੀ ਸਮਾਗਮ ’ਤੇ ਵਿਸ਼ੇਸ਼
ਤੇਰਾਂ ਸਤੰਬਰ ਨੂੰ ਕਰਨਲ ਮਨਪ੍ਰੀਤ ਸਿੰਘ, ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਆਪਣੇ ਸਾਥੀਆਂ ਮੇਜਰ ਅਸ਼ੀਸ਼ ਧੌਨਚੱਕ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਡੀ.ਐੱਸ.ਪੀ. ਹਮਾਯੂੰ ਭੱਟ ਸਮੇਤ ਦਹਿਸ਼ਤਗਰਦਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਿਆ। ਉਹ ਕੋਕਰਾਨਾਗ ਦੇ ਜੰਗਲ ’ਚ ਲਸ਼ਕਰ-ਏ-ਤੋਇਬਾ ਦੇ ਦਹਿਸ਼ਤੀਆਂ ਵਿਰੁੱਧ ਤਲਾਸ਼ੀ ਮੁਹਿੰਮ ਚਲਾ ਰਹੇ ਸਨ।
ਚੰਡੀਗੜ੍ਹ ਨੇੜੇ ਮੁਹਾਲੀ ਦੇ ਪਿੰਡ ਭੜੌਜੀਆਂ ਦੇ ਪੁੱਤਰ ਕਰਨਲ ਮਨਪ੍ਰੀਤ ਸਿੰਘ ਦਾ ਜਨਮ 11 ਮਾਰਚ 1982 ਨੂੰ ਮਾਤਾ ਮਨਜੀਤ ਕੌਰ ਅਤੇ ਪਿਤਾ (ਮਰਹੂਮ) ਲਖਮੀਰ ਸਿੰਘ ਦੇ ਘਰ ਹੋਇਆ। ਉਹ ਦੋ ਭੈਣ ਭਰਾ ਸਨ ਅਤੇ ਭੈਣ ਸੰਦੀਪ ਉਸ ਤੋਂ ਛੋਟੀ ਸੀ। ਉਸ ਨੇ ਮੁੱਢਲੀ ਵਿਦਿਆ ਪਿੰਡ ਦੇ ਨਜ਼ਦੀਕ ਸਥਿਤ ਕੇਂਦਰੀ ਵਿਦਿਆਲਿਆ, ਮੁੱਲਾਂਪੁਰ ਤੋਂ ਪ੍ਰਾਪਤ ਕੀਤੀ ਅਤੇ ਉੱਚ ਵਿਦਿਆ ਐੱਸ.ਡੀ. ਕਾਲਜ ਚੰਡੀਗੜ੍ਹ ਤੋਂ ਲਈ। ਉਸ ਨੇ ਕੁਝ ਸਾਲ ਚਾਰਟਰਡ ਅਕਾਊਂਟੈਂਟ ਵਜੋਂ ਸੇਵਾ ਨਿਭਾਈ, ਪਰ ਸਿਵਲ ਦੀ ਨੌਕਰੀ ਤੋਂ ਉਹ ਸੰਤੁਸ਼ਟ ਨਹੀਂ ਸੀ। ਉਸ ਦੇ ਦਿਲ ਵਿੱਚ ਦੇਸ਼ ਲਈ ਕੁਝ ਕਰ ਗੁਜ਼ਰਨ ਦੀ ਚਾਹਤ ਸੀ ਜੋ ਉਸ ਨੂੰ ਪ੍ਰੇਰਨਾ ਦਿੰਦੀ ਰਹੀ। ਇਸੇ ਜਨੂੰਨ ਵਿੱਚ ਉਸ ਨੇ ਪਿਉ-ਦਾਦੇ ਦੇ ਨਕਸ਼ੇ ਕਦਮ ’ਤੇ ਚਲਦਿਆਂ ਫ਼ੌਜ ਵਿੱਚ ਕਮਿਸ਼ਨ ਲੈ ਲਿਆ। ਉਸ ਦੇ ਪਿਤਾ 1987 ਵਿੱਚ 12 ਸਿੱਖ ਲਾਈਟ ਇਨਫੈਂਟਰੀ ਅਤੇ ਦਾਦਾ ਜੀ 1972 ਵਿੱਚ ਫ਼ੌਜ ’ਚੋਂ ਸੇਵਾਮੁਕਤ ਹੋਏ ਸਨ। ਕਰਨਲ ਮਨਪ੍ਰੀਤ ਸਿੰਘ ਦੀ ਪਹਿਲੀ ਪੋਸਟਿੰਗ ਪਥੌਰਾਗੜ੍ਹ ਹੋਈ ਅਤੇ ਫਿਰ ਉਸ ਨੇ ਪਿਛਾਂਹ ਮੁੜ ਕੇ ਨਹੀਂ ਵੇਖਿਆ। 2012 ਤੱਕ ਜੰਮੂ ਵਿਖੇ ਸੇਵਾਵਾਂ ਨਿਭਾਉਣ ਪਿੱਛੋਂ ਉਹ ਇੱਕ ਸਾਲ ਲਈ ਅਫਰੀਕਾ ਦੇ ਕਾਂਗੋ ਵਿੱਚ ਸ਼ਾਂਤੀ ਸੈਨਾਵਾਂ ਦਾ ਹਿੱਸਾ ਰਿਹਾ। 2019 ਵਿੱਚ ਉਹ 19 ਰਾਸ਼ਟਰੀ ਰਾਈਫਲ ਦਾ ਸੈਕੰਡ ਇਨ ਕਮਾਂਡ ਬਣਨ ਪਿੱਛੋਂ ਇਸ ਦਾ ਕਮਾਂਡਿੰਗ ਅਫ਼ਸਰ ਬਣਿਆ ਅਤੇ ਸ਼ਹੀਦ ਹੋਣ ਤੱਕ ਇਸ ਅਹੁਦੇ ’ਤੇ ਤਇਨਾਤ ਰਿਹਾ।
2021 ਵਿਚ ਚੀਫ ਆਫ ਆਰਮੀ ਸਟਾਫ ਨੇ ਕਰਨਲ ਮਨਪ੍ਰੀਤ ਸਿੰਘ ਨੂੰ ਉਸ ਦੀਆਂ ਪ੍ਰਾਪਤੀਆਂ ਲਈ ਸੈਨਾ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ। ਦਸੰਬਰ 2023 ਵਿੱਚ ਜੰਮੂ ਕਸ਼ਮੀਰ ਵਿਚ ਤਾਇਨਾਤੀ ਦੀ ਸਮਾਂ ਸੀਮਾ ਖ਼ਤਮ ਹੋਣ ’ਤੇ ਉਸ ਦਾ ਸ਼ਾਂਤ ਖਿੱਤੇ ਵਿਚ ਤਬਾਦਲਾ ਹੋ ਜਾਣਾ ਸੀ, ਪਰ ਇਸ ਦਾ ਉਸ ਨੂੰ ਕੋਈ ਫ਼ਰਕ ਨਹੀਂ ਸੀ ਜਾਪਦਾ। ਉਹ ਪਹਿਲਾਂ ਵੀ ਸ਼ਾਂਤ ਖਿੱਤੇ ਵਿਚ ਤਬਾਦਲਾ ਕੀਤੇ ਜਾਣ ਤੋਂ ਇਨਕਾਰ ਕਰ ਚੁੱਕਾ ਸੀ। ਉਸ ਦੀ ਪਤਨੀ ਜਗਮੀਤ ਗਰੇਵਾਲ ਪੰਚਕੂਲਾ ਦੇ ਮੋਰਨੀ ਹਿੱਲਸ ਸਥਿਤ ਸੀਨੀਅਰ ਸੈਕੰਡਰੀ ਸਕੂਲ ਵਿਚ ਲੈਕਚਰਰ ਵਜੋਂ ਸੇਵਾ ਨਿਭਾਅ ਰਹੀ ਹੈ। ਉਨ੍ਹਾਂ ਦੇ ਦੋ ਬੱਚਿਆਂ ’ਚੋਂ ਪੁੱਤਰ ਕਬੀਰ ਸੱਤ ਸਾਲ ਅਤੇ ਧੀ ਵਾਣੀ ਦੋ ਸਾਲ ਦੀ ਹੈ। ਮਨਪ੍ਰੀਤ ਸਿੰਘ ਇਸੇ ਸਾਲ ਜਨਵਰੀ ਵਿਚ ਛੁੱਟੀ ਆਇਆ ਸੀ ਅਤੇ ਹੁਣ ਪੁੱਤਰ ਦੇ ਜਨਮ ਦਿਨ ’ਤੇ 27 ਅਕਤੂਬਰ ਨੂੰ ਛੁੱਟੀ ਆਉਣਾ ਸੀ।
ਜਿਹੜਾ ਰਾਹ ਉਸ ਨੇ ਅਪਣਾਇਆ ਉਸ ਦੀ ਮੰਜ਼ਿਲ ਤੋਂ ਉਹ ਬੇਖ਼ਬਰ ਨਹੀਂ ਸੀ। ਉਹ ਜਿਉਂਦੇ ਜੀ ਆਪਣੇ ਪਿੰਡ ਨਹੀਂ ਪਹੁੰਚ ਸਕਿਆ, ਪਰ 15 ਸਤੰਬਰ ਨੂੰ ਦੇਸ਼ ਤੋਂ ਆਪਣੀ ਜਾਨ ਨਿਛਾਵਰ ਕਰਨ ਵਾਲੇ ਇਸ ਨਾਇਕ ਦੀ ਇਕ ਝਲਕ ਪਾਉਣ ਅਤੇ ਉਹਨੂੰ ਅੰਤਿਮ ਵਿਦਾਇਗੀ ਦੇਣ ਹਜ਼ਾਰਾਂ ਲੋਕ ਵਹੀਰਾਂ ਘੱਤ ਕੇ ਉਸ ਦੇ ਪਿੰਡ ਪਹੁੰਚੇ ਸਨ। ਉਸ ਦੇ ਪਰਿਵਾਰ, ਰਿਸ਼ਤੇਦਾਰ, ਮਿੱਤਰ, ਉਸ ਦੇ ਪਿੰਡ ਅਤੇ ਲਾਗਲੇ ਪਿੰਡਾਂ ਦੇ ਲੋਕ ਹੀ ਨਹੀਂ ਸਗੋਂ ਉਸ ਦੇ ਨਾਲ ਇੰਡੀਅਨ ਮਿਲਿਟਰੀ ਅਕੈਡਮੀ ਦੇਹਰਾਦੂਨ ਵਿਚ ਉਸ ਦੇ ਨਾਲ ਸਿਖਲਾਈ ਪ੍ਰਾਪਤ ਕਰ ਚੁੱਕੇ ਸਾਥੀ ਵੀ ਭਰੇ ਮਨ ਨਾਲ ਉਸ ਨੂੰ ਆਖ਼ਰੀ ਵਿਦਾਈ ਦੇਣ ਪਹੁੰਚੇ ਸਨ। ਕਰਨਲ ਮਨਪ੍ਰੀਤ ਸਿੰਘ ਦਾ ਸਸਕਾਰ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਗਿਆ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ, ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚੇਤੰਨ ਸਿੰਘ ਅਤੇ ਅਨਮੋਲ ਗਗਨ ਮਾਨ ਨੇ ਉਨ੍ਹਾਂ ਨੂੰ ਫੁੱਲ-ਮਾਲਾਵਾਂ ਅਰਪਣ ਕੀਤੀਆਂ। ਇਸ ਮੌਕੇ ਸਾਬਕਾ ਚੀਫ ਆਫ ਆਰਮੀ ਸਟਾਫ ਜਨਰਲ ਵੀ.ਪੀ. ਮਲਿਕ ਅਤੇ ਜਨਰਲ ਵਿਕਰਮ ਸਿੰਘ, ਜੀ.ਓ.ਸੀ. ਇਨ-ਸੀ ਵੈਸਟਰਨ ਕਮਾਂਡ ਲੈਫਟੀਨੈਂਟ ਜਨਰਲ ਮਨੋਜ ਕੁਟਿਆਰ ਅਤੇ ਲੈਫਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲੋਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕਰਨਲ ਮਨਪ੍ਰੀਤ ਸਿੰਘ ਭਰ ਜਵਾਨੀ ਵਿਚ ਇਸ ਜਹਾਨ ਤੋਂ ਚਲਾ ਗਿਆ ਹੈ, ਪਰ ਉਸ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਸਦਾ ਯਾਦ ਰੱਖਣਗੇ।
ਸੰਪਰਕ: 98728-95935