ਭਾਜਪਾ, ਬੀਆਰਐੱਸ ਤੇ ਏਆਈਐੱਮਆਈਐੱਮ ਵਿਚਾਲੇ ਮਿਲੀਭੁਗਤ: ਪ੍ਰਿਯੰਕਾ
ਹੈਦਰਾਬਾਦ, 19 ਨਵੰਬਰ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਇੱਥੇ ਦੋਸ਼ ਲਾਇਆ ਕਿ ਤਿਲੰਗਾਨਾ ਵਿੱਚ ਸੱਤਾਧਾਰੀ ਬੀਆਰਐੱਸ, ਅਸਦੂਦੀਨ ਓਵਾਇਸੀ ਦੀ ਅਗਵਾਈ ਵਾਲੀ ਏਆਈਐੱਮਆਈਐੱਮ ਅਤੇ ਭਾਜਪਾ ਇੱਕਜੁੱਟ ਹੋ ਕੇ ਕੰਮ ਕਰ ਰਹੇ ਹਨ। ਖਾਨਾਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਭਾਜਪਾ ਅਤੇ ਬੀਆਰਐੱਸ ਦਰਮਿਆਨ ਇੱਕ ਗੁਪਤ ਸਮਝੌਤਾ ਹੈ ਅਤੇ ਬੀਆਰਐੱਸ ਨੇ ਸੰਸਦ ਵਿੱਚ ਕੇਂਦਰ ਦੀ ਐੱਨਡੀਏ ਸਰਕਾਰ ਦਾ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ, ‘‘ਭਾਜਪਾ ਅਤੇ ਮੁੱਖ ਮੰਤਰੀ ਕੇਸੀਆਰ ਜੀ ਆਪਸ ਵਿੱਚ ਮਿਲੇ ਹੋਏ ਹਨ। ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝਣਾ ਪਵੇਗਾ।’’ ਉਨ੍ਹਾਂ ਪੁੱਛਿਆ ਕਿ ਓਵਾਇਸੀ ਵੱਖ ਵੱਖ ਸੂਬਿਆਂ ਵਿੱਚ ਕਈ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਕੇ ਚੋਣਾਂ ਲੜਦੇ ਹਨ ਪਰ ਉਹ ਤਿਲੰਗਾਨਾ ਵਿੱਚ ਕੁੱਲ 119 ਵਿੱਚੋਂ ਸਿਰਫ਼ ਨੌਂ ਸੀਟਾਂ ’ਤੇ ਹੀ ਕਿਉਂ ਚੋਣ ਲੜ ਰਹੇ ਹਨ?’’ ਕਾਂਗਰਸ ਜਨਰਲ ਸਕੱਤਰ ਨੇ ਦਾਅਵਾ ਕੀਤਾ, ‘‘ਤਿਲੰਗਾਨਾ ਵਿੱਚ, ਓਵਾਇਸੀ ਜੀ ਬੀਆਰਐੱਸ ਦਾ ਸਮਰਥਨ ਕਰਦੇ ਹਨ। ਕੇਂਦਰ ਵਿੱਚ ਬੀਆਰਐੱਸ ਭਾਜਪਾ ਦਾ ਸਮਰਥਨ ਕਰਦੀ ਹੈ। ਤਿੰਨਾਂ ਵਿਚਾਲੇ ਚੰਗੀ ਮਿਲੀਭੁਗਤ ਹੈ। ਜੇਕਰ ਤੁਸੀਂ ਭਾਜਪਾ ਨੂੰ ਵੋਟ ਦਿੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਬੀਆਰਐੱਸ ਨੂੰ ਵੋਟ ਪਾ ਰਹੇ ਹੋ। ਤੁਸੀਂ ਏਆਈਐੱਮਆਈਐੱਮ ਨੂੰ ਵੋਟ ਪਾਉਂਦੇ ਹੋ ਤਾਂ ਇਸ ਮਤਲਬ ਹੈ ਕਿ ਬੀਆਰਐੱਸ ਲਈ ਵੋਟ ਪਾ ਰਹੇ ਹੋ।’’ ਐੱਸਐੱਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦੇ ਆਸਕਰ ਜੇਤੂ ਗਾਣੇ ਦਾ ਜ਼ਿਕਰ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਭਾਜਪਾ, ਬੀਆਰਐੱਸ ਅਤੇ ਏਆਈਐੱਮਆਈਐੱਮ ਇਕੱਠਿਆਂ ‘ਨਾਟੂ, ਨਾਟੂ’ ਕਰ ਰਹੇ ਹਨ। ਉਨ੍ਹਾਂ ਕਾਂਗਰਸ ਦੇ ਚੋਣਾਵੀ ਵਾਅਦਿਆਂ ਦਾ ਜ਼ਿਕਰ ਵੀ ਕੀਤਾ, ਜਿਸ ਵਿੱਚ 500 ਰੁਪਏ ’ਚ ਗੈਸ ਸਿਲੰਡਰ ਅਤੇ 10 ਲੱਖ ਰੁਪਏ ਦਾ ਸਿਹਤ ਬੀਮਾ ਸ਼ਾਮਲ ਹੈ। -ਪੀਟੀਆਈ