ਟਰੱਕ ਤੇ ਆਟੋ ਵਿਚਾਲੇ ਟੱਕਰ; ਚਾਰ ਜ਼ਖਮੀ
ਹਤਿੰਦਰ ਮਹਿਤਾ
ਜਲੰਧਰ, 3 ਅਪਰੈਲ
ਹੁਸ਼ਿਆਰਪੁਰ ਰੋਡ ’ਤੇ ਸਥਿਤ ਕਸਬਾ ਆਦਮਪੁਰ ਦੇ ਮੁਹੱਲਾ ਗਾਜੀਪੁਰ ਨੇੜੇ ਟਰੱਕ ਅਤੇ ਆਟੋ ਵਿਚਕਾਰ ਟੱਕਰ ਹੋਣ ਜਾਣ ਕਾਰਨ ਔਰਤ ਸਮੇਤ 4 ਵਿਅਕਤੀ ਫੱਟੜ ਹੋ ਗਏ। ਜ਼ਖਮੀਆਂ ਨੂੰ ਸੜਕ ਸੁਰਖਿਆ ਫੋਰਸ ਦੀ ਟੀਮ ਨੇ ਮੌਕੇ’ਤੇ ਪਹੁੰਚ ਕੇ ਆਦਮਪੁਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਆਟੋ ਜਦੋਂ ਆਦਮਪੁਰ ਨੇੜੇ ਡਰੇਨ ਦੀ ਪੁਲੀ ਨੇੜੇ ਪਹੁੰਚਿਆ ਤਾਂ ਹੁਸ਼ਿਆਰਪੁਰ ਵੱਲੋਂ ਆ ਰਹੇ ਟਰੱਕ ਨਾਲ ਟਕਰਾ ਗਿਆ। ਆਟੋ ਚਾਲਕ ਰਾਮ ਪ੍ਰਕਾਸ਼ ਪਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਕਠਾਰ ਜਾ ਰਿਹਾ ਸੀ ਕਿ ਉਸ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਕਾਰਨ ਉਹ, ਰਜਿੰਦਰ ਕੌਰ ਵਾਸੀ ਜਸਵਿੰਦਰ ਲਾਲ, ਹਰਬੰਸ ਲਾਲ ਪੁੱਤਰ ਧੰਨੀ ਰਾਮ ਅਤੇ ਧੰਨੀ ਰਾਮ ਪੁੱਤਰ ਦਾਸ ਰਾਮ ਸਾਰੇ ਵਾਸੀ ਮੁਹੱਲਾ ਅਬਾਦਪੁਰਾ ਜ਼ਖਮੀ ਹੋ ਗਏ। ਇਸ ਮੌਕੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਪਹੁੰਚੀ ਅਤੇ ਉਨ੍ਹਾਂ ਨੇ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਆਦਮਪੁਰ ਵਿੱਚ ਇਲਾਜ ਲਈ ਭਰਤੀ ਕਰਵਾਇਆ। ਆਦਮਪੁਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਆਵਾਜਾਈ ਚਾਲੂ ਕਰਵਾਈ। ਇਸ ਮੌਕੇ ਥਾਣਾ ਮੁੱਖੀ ਆਦਮਪੁਰ ਨੇ ਕਿਹਾ ਕਿ ਜ਼ਾਂਚ ਤੋਂ ਬਾਅਦ ਉਹ ਕਾਰਵਾਈ ਕਰਨਗੇ।