ਰੇਹੜੀ ਤੇ ਬੱਸ ਵਿਚਾਲੇ ਟੱਕਰ; ਪਿਤਾ-ਪੁੱਤ ਸਣੇ 3 ਹਲਾਕ
ਜਸਬੀਰ ਸਿੰਘ ਚਾਨਾ
ਫਗਵਾੜਾ, 16 ਨਵੰਬਰ
ਇੱਥੇ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਪਿੰਡ ਜਗਜੀਤਪੁਰ ਨੇੜੇ ਮੋਟਰਸਾਈਕਲ ਰੇਹੜੀ ਅਤੇ ਮਿੰਨੀ ਬੱਸ ਵਿਚਾਲੇ ਟੱਕਰ ਵਿੱਚ ਬੱਚੇ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਦੋ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਚਓ ਰਾਵਲਪਿੰਡੀ ਕਿਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗਰੀਬ ਦਾਸ (30) ਪੁੱਤਰ ਰਾਮ ਲਾਲ ਵਾਸੀ ਬਲਬੀਰ ਕਲੋਨੀ ਹੁਸ਼ਿਆਰਪੁਰ, ਉਸ ਦੀ ਸੱਸ ਫੂਲਵਤੀ (45) ਪਤਨੀ ਵਕੀਲ ਅਤੇ ਮਨਪ੍ਰੀਤ ਸਿੰਘ (3) ਪੁੱਤਰ ਗਰੀਬਦਾਸ ਵਜੋਂ ਹੋਈ ਹੈ। ਜ਼ਖਮੀਆਂ ’ਚ ਮ੍ਰਿਤਕ ਗਰੀਬਦਾਸ ਦੀ ਪਤਨੀ ਰਜਨੀ ਤੇ ਧੀ ਗੁਰਪ੍ਰੀਤ ਕੌਰ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਇਹ ਅੱਜ ਸਵੇਰੇ 9.40 ’ਤੇ ਹੁਸ਼ਿਆਰਪੁਰ ਵੱਲ ਜਾ ਰਹੇ ਸਨ। ਇਸ ਦੌਰਾਨ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਆ ਰਹੀ ਨਿੱਜੀ ਬੱਸ ਨਾਲ ਰੇਹੜੇ ਦੀ ਟੱਕਰ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੁਲੀਸ ਨੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਪੁਲੀਸ ਅਨੁਸਾਰ ਬੱਸ ਚਾਲਕ ਸੁਖਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।