For the best experience, open
https://m.punjabitribuneonline.com
on your mobile browser.
Advertisement

ਕਾਰ ਤੇ ਥ੍ਰੀ-ਵ੍ਹੀਲਰ ਦੀ ਟੱਕਰ, ਵਿਦਿਆਰਥਣ ਤੇ ਆਟੋ-ਚਾਲਕ ਹਲਾਕ

08:51 AM May 02, 2024 IST
ਕਾਰ ਤੇ ਥ੍ਰੀ ਵ੍ਹੀਲਰ ਦੀ ਟੱਕਰ  ਵਿਦਿਆਰਥਣ ਤੇ ਆਟੋ ਚਾਲਕ ਹਲਾਕ
ਹਾਦਸੇ ਵਿੱਚ ਨੁਕਸਾਨੇ ਹੋਏ ਵਾਹਨਾਂ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਵਿੱਕੀ ਘਾਰੂ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 1 ਮਈ
ਇੱਥੋਂ ਦੇ ਸੈਕਟਰ-5 ਤੇ 8 ਵਾਲੀ ਸੜਕ ’ਤੇ ਤੇਜ਼ ਰਫ਼ਤਾਰ ਕਾਰ ਤੇ ਥ੍ਰੀ-ਵ੍ਹੀਲਰ ਦੀ ਟੱਕਰ ਹੋਣ ਕਾਰਨ ਇਕ ਵਿਦਿਆਰਥਣ ਤੇ ਥ੍ਰੀ-ਵ੍ਹੀਲਰ ਚਾਲਕ ਦੀ ਮੌਤ ਹੋ ਗਈ ਹੈ, ਜਦੋਂਕਿ ਥ੍ਰੀ-ਵ੍ਹੀਲਰ ਵਿੱਚ ਸਵਾਰ ਚਾਰ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸੈਕਟਰ-16 ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੋਣ ਕਰ ਕੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਵਿਦਿਆਰਥਣ ਅੰਜਲੀ ਵਾਸੀ ਚੰਬਾ (ਹਿਮਾਚਲ ਪ੍ਰਦੇਸ਼) ਅਤੇ ਥ੍ਰੀ-ਵ੍ਹੀਲਰ ਚਾਲਕ ਰਾਜੀਵ ਕੁਮਾਰ ਵਾਸੀ ਅਮੇਠੀ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਜ਼ਖ਼ਮੀ ਹੋਈਆਂ ਹੋਰਨਾਂ ਚਾਰੋਂ ਵਿਦਿਆਰਥਣਾਂ ਲੱਦਾਖ ਦੀਆਂ ਰਹਿਣ ਵਾਲੀਆਂ ਹਨ। ਘਟਨਾ ਬਾਰੇ ਜਾਣਕਾਰੀ ਮਿਲਣ ’ਤੇ ਥਾਣਾ ਸੈਕਟਰ-3 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਪੰਜ ਵਿਦਿਆਰਥਣਾ ਨਵਾਂ ਗਾਉਂ ਤੋਂ ਥ੍ਰੀ-ਵ੍ਹੀਲਰ ਵਿੱਚ ਖਾਲਸਾ ਕਾਲਜ ਪੇਪਰ ਦੇਣ ਜਾ ਰਹੀਆਂ ਸਨ। ਇਸ ਦੌਰਾਨ ਸੈਕਟਰ-5 ਤੇ 8 ਵਾਲੀ ਸੜਕ ’ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਥ੍ਰੀ-ਵ੍ਹੀਲਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਐਨੀ ਭਿਆਨਕ ਸੀ ਕਿ ਥ੍ਰੀ-ਵ੍ਹੀਲਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਥ੍ਰੀ-ਵ੍ਹੀਲਰ ਵਿੱਚ ਸਵਾਰ ਪੰਜ ਵਿਦਿਆਰਥਣਾਂ ਤੇ ਚਾਲਕ ਦੇ ਕਾਫੀ ਸੱਟਾਂ ਵੱਜੀਆਂ। ਉਨ੍ਹਾਂ ਨੂੰ ਤੁਰੰਤ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਥ੍ਰੀ-ਵ੍ਹੀਲਰ ਚਾਲਕ ਰਾਜੀਵ ਤੇ ਬੀਏ ਫਾਈਨਲ ਦੀ ਵਿਦਿਆਰਥਣ ਨੂੰ ਮ੍ਰਿਤਕ ਐਲਾਨ ਦਿੱਤਾ। ਹੋਰਨਾਂ ਚਾਰੋਂ ਲੜਕੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜੋ ਕਿ ਬੀਐੱਸਸੀ ਫਾਈਨਲ ਦੀਆਂ ਵਿਦਿਆਰਥਣਾਂ ਸਨ। ਸੈਕਟਰ-16 ਹਸਪਤਾਲ ਦੇ ਡਾਕਟਰਾਂ ਨੇ ਦੋ ਵਿਦਿਆਰਥਣਾਂ ਦੀ ਹਾਲਤ ਗੰਭੀਰ ਹੋਣ ਕਰ ਕੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ। ਸੜਕ ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਖਾਲਸਾ ਕਾਲਜ ਦੀ ਪ੍ਰਿੰਸੀਪਲ ਸਣੇ ਹੋਰਨਾਂ ਸਟਾਫ ਮੈਂਬਰਾਂ ਨੇ
ਹਸਪਤਾਲ ਪਹੁੰਚ ਕੇ ਵਿਦਿਆਰਥਣਾਂ ਦਾ ਹਾਲ-ਚਾਲ ਪੁੱਛਿਆ।
ਦੂਜੇ ਪਾਸੇ ਥਾਣਾ ਸੈਕਟਰ-3 ਦੀ ਪੁਲੀਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਕੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਚੰਡੀਗੜ੍ਹ ਪੁਲੀਸ ਵੱਲੋਂ ਮੁੱਢਲੀ ਜਾਂਚ ਦੌਰਾਨ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Advertisement

ਸੜਕ ਹਾਦਸੇ ਦੌਰਾਨ ਪਤੀ ਦੀ ਮੌਤ, ਪਤਨੀ ਜ਼ਖ਼ਮੀ

ਇੱਥੋਂ ਦੇ ਸੈਕਟਰ-43 ਵਿੱਚ ਬੱਸ ਅੱਡੇ ਨੇੜੇ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਨਾਲ ਐਕਟਿਵਾ ਸਵਾਰ ਪਤੀ ਦੀ ਮੌਤ ਹੋ ਗਈ ਤੇ ਪਤਨੀ ਜ਼ਖ਼ਮੀ ਹੈ। ਥਾਣਾ ਸੈਕਟਰ-36 ਦੀ ਪੁਲੀਸ ਨੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਰ ਚਾਲਕ ਦੀ ਪਛਾਣ ਪਰਵੀਨ ਵਾਸੀ ਸੋਨੀਪਤ ਵਜੋਂ ਹੋਈ ਹੈ। ਪੁਲੀਸ ਅਨੁਸਾਰ ਪਤੀ-ਪਤਨੀ ਐਕਟਿਵਾ ’ਤੇ ਜਾ ਰਹੇ ਸਨ। ਇਸ ਦੌਰਾਨ ਬੱਸ ਅੱਡੇ ਨੇੜੇ ਇਕ ਕਾਰ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਦੋਹਾਂ ਨੂੰ ਜ਼ਖ਼ਮੀ ਹਾਲਤ ’ਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਪਤੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਪਤਨੀ ਦਾ ਇਲਾਜ ਜਾਰੀ ਹੈ।

ਸੜਕ ਹਾਦਸੇ ਵਿੱਚ ਸੱਤ ਮਹੀਨੇ ਦੀ ਬੱਚੀ ਦੀ ਮੌਤ

ਬਨੂੜ (ਪੱਤਰ ਪ੍ਰੇਰਕ): ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਧਰਮਗੜ੍ਹ ਟੀ-ਪੁਆਇੰਟ ’ਤੇ ਮੋਟਰਸਾਈਕਲ ਦੀ ਕੰਟੇਨਰ ਨਾਲ ਹੋਈ ਟੱਕਰ ਵਿੱਚ ਇਕ ਸੱਤ ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਜਦਕਿ ਉਸ ਦੇ ਮਾਤਾ-ਪਿਤਾ ਅਤੇ ਵੱਡੀ ਭੈਣ ਦਾ ਵਾਲ-ਵਾਲ ਬਚਾਅ ਹੋ ਗਿਆ। ਥਾਣਾ ਬਨੂੜ ਦੇ ਏਐੱਸਆਈ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਨਵਾਂ ਸ਼ਹਿਰ ਤੇ ਥਾਣਾ ਰਾਹੋਂ ਅਧੀਨ ਪੈਂਦੇ ਪਿੰਡ ਭਾਲਟਾ ਦਾ ਵਸਨੀਕ ਮੁਰੀਦ ਅਲੀ ਆਪਣੀ ਪਤਨੀ ਜੈਨਿਮ, ਧੀ ਰਾਣੀ (3) ਅਤੇ ਸੱਤ ਮਹੀਨੇ ਦੀ ਰਾਫ਼ੀਆ ਨਾਲ ਮੋਟਰਸਾਈਕਲ ’ਤੇ ਪਿੰਡ ਲਾਲੜੂ ਮੰਡੀ ਤੋਂ ਬਨੂੜ ਵੱਲ ਆ ਰਿਹਾ ਸੀ। ਇਸ ਦੌਰਾਨ ਧਰਮਗੜ੍ਹ ਟੀ-ਪੁਆਇੰਟ ’ਤੇ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ ਅੱਗੇ ਜਾ ਰਹੇ ਕੰਟੇਨਰ ਦੇ ਪਿੱਛੇ ਲੱਗੇ ਹੋਏ ਲੋਹੇ ਦੇ ਡੰਡੇ ਨਾਲ ਟਕਰਾ ਕੇ ਡਿੱਗ ਗਿਆ। ਇਸ ਹਾਦਸੇ ਵਿੱਚ ਸੱਤ ਮਹੀਨੇ ਦੀ ਬੱਚੀ ਰਾਫ਼ੀਆ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਬਚਾਅ ਹੋ ਗਿਆ।

Advertisement
Author Image

sukhwinder singh

View all posts

Advertisement
Advertisement
×