ਪੀਟੀਏ ਫੰਡ ਵਸੂਲਣ ਖ਼ਿਲਾਫ਼ ਡਟੇ ਕਾਲਜ ਦੇ ਵਿਦਿਆਰਥੀ
ਜੋਗਿੰਦਰ ਸਿੰਘ ਮਾਨ
ਮਾਨਸਾ, 31 ਜੁਲਾਈ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਚ ਐਸ.ਸੀ/ਐਸ.ਟੀ ਵਿਦਿਆਰਥੀਆਂ ਤੋਂ ਪੀ.ਟੀ.ਏ ਫੰਡ ਦੀ ਵਸੂਲੀ ਖਿਲਾਫ਼ ਧਰਨਾ ਦਿੱਤਾ ਗਿਆ। ਧਰਨਕਾਰੀਆਂ ਦਾ ਕਹਿਣਾ ਹੈ ਕਿ ਐਸ.ਸੀ ਵਿਦਿਆਰਥੀਆਂ ਦਾ ਦਾਖ਼ਲਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਹੁੰਦਾ ਹੈ, ਜਦੋਂ ਕਿ ਕਾਲਜ ਵੱਲੋਂ ਸਰਕਾਰੀ ਨਿਯਮਾਂ ਦੇ ਉਲਟ ਉਨ੍ਹਾਂ ਤੋਂ ਪੀਟੀਏ ਫੰਡ ਵਸੂਲ ਕੀਤਾ ਜਾ ਰਿਹਾ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਪ੍ਰਦੀਪ ਗੁਰੂ ਨੇ ਕਿਹਾ ਕਿ ਪੀ.ਟੀ.ਏ ਫੰਡ ਸਬੰਧੀ ਜ਼ਿਲ੍ਹਾ ਭਲਾਈ ਅਫ਼ਸਰ ਨੂੰ ਦੋ ਵਾਰ ਮਿਲ ਕੇ ਮੰਗ ਪੱਤਰ ਵੀ ਦੇ ਚੁੱਕੇ ਹਨ ਪਰ ਕਾਲਜ ਪ੍ਰਬੰਧਕ ਖਿਲਾਫ਼ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 27 ਜੁਲਾਈ ਨੂੰ ਡਿਪਟੀ ਕਮਿਸ਼ਨਰ ਮਾਨਸਾ ਦਫ਼ਤਰ ਮਾਰਚ ਕਰਕੇ ਧਰਨਾ ਦਿੱਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ 31 ਜੁਲਾਈ ਤੱਕ ਜੇਕਰ ਵਿਦਿਆਰਥੀਆਂ ਦੇ ਚਲਾਨ ਜਾਰੀ ਨਾ ਕੀਤੇ ਗਏ ਤਾਂ ਵਿਦਿਆਰਥੀਆਂ ਨੂੰ 500 ਰੁਪਏ ਲੇਟ ਫੀਸ ਲੱਗੇਗੀ, ਪਰ ਧਰਨੇ ਵਿੱਚ ਆ ਕੇ ਜ਼ਿਲ੍ਹਾ ਭਲਾਈ ਅਫ਼ਸਰ ਮਾਨਸਾ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ, ਪਰ ਅੱਜ ਕਾਲਜ ਵਿਚ ਵਿਦਿਆਰਥੀਆਂ ਦੀ ਕਿਸੇ ਨੇ ਸਾਰ ਨਹੀਂ ਲਈ, ਜਿਸ ਕਰਕੇ ਵਿਦਿਆਰਥੀਆਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪਿਆ।
ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਸਮੇਤ ਬਾਕੀ ਕਈ ਆਗੂਆਂ ਨੇ ਵਿਦਿਆਰਥੀ ਜਥੇਬੰਦੀ ਆਇਸਾ ਤੋਂ ਅਸਤੀਫ਼ੇ ਦਿੱਤੇ ਸਨ ਅਤੇ ਅੱਜ ਨਵੀਂ ਵਿਦਿਆਰਥੀ ਜਥੇਬੰਦੀ ਸਟੂਡੈਂਟ ਪਾਵਰ ਆਫ਼ ਪੰਜਾਬ ਦਾ ਐਲਾਨ ਕੀਤਾ ਗਿਆ ਜਿਸ ਦੀ 9 ਮੈਂਬਰੀ ਕਮੇਟੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦਾ ਕਾਰਜਕਾਰੀ ਪ੍ਰਧਾਨ ਪ੍ਰਦੀਪ ਗੁਰੂ, ਸਕੱਤਰ ਸੋਨੂੰ ਝੱਬਰ ਅਤੇ ਗੁਰਵਿੰਦਰ ਨੰਦਗੜ੍ਹ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈ। ਵਿਦਿਆਰਥੀ ਆਗੂ ਪ੍ਰਦੀਪ ਗੁਰੂ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਸੰਘਰਸ਼ ਲਈ ਹਮੇਸ਼ਾ ਤਿਆਰ ਰਹਿਣਗੇ ਤੇ ਕਾਲਜ ਵਿੱਚ ਪੀਟੀਏ ਫੰਡ ਮੁਆਫ਼ ਲਈ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਨਰਿੰਦਰ ਫਤਿਹਪੁਰ, ਗੁਰਬਲ ਫਤਿਹਪੁਰ, ਕਮਲਪ੍ਰੀਤ ਕੌਰ ਝੁਨੀਰ, ਕਿਰਨਦੀਪ ਕੌਰ, ਪ੍ਰੀਤ ਕੋਟ ਫੱਤਾ, ਦੀਪ ਰਾਮਗੜ੍ਹ, ਰਮਨਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।