ਨੋਇਡਾ ਕੋਲ ਕਾਰ ਨੂੰ ਖਿੱਚ ਰਹੀ ਕਰੇਨ ਨਾਲ ਟਕਰਾਉਣ ਕਾਰਨ ਕਾਲਜ ਵਿਦਿਆਰਥਣ ਦੀ ਮੌਤ
ਨੋਇਡਾ, 18 ਦਸੰਬਰ
ਗ੍ਰੇਟਰ ਨੋਇਡਾ ਵਿੱਚ ‘ਟੋਅ ਟਰੱਕ’ ਦੀ ਕਰੇਨ ਨਾਲ ਕਥਿਤ ਤੌਰ ’ਤੇ ਸਿਰ ਵਿੱਚ ਵੱਜਣ ਕਾਰਨ ਕਾਲਜ ਵਿਦਿਆਰਥਣ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ, ਜਦੋਂ ਦਿਵਯਾਂਸ਼ੀ ਸ਼ਰਮਾ (22) ਨਾਂ ਦੀ ਵਿਦਿਆਰਥਣ ਆਪਣੀ ਕਾਰ ਦੀਆਂ ਚਾਬੀਆਂ ਵਾਪਸ ਲੈਣ ਲਈ 'ਟੋਅ ਟਰੱਕ' ਦੇ ਡਰਾਈਵਰ ਦੇ ਪਿੱਛੇ ਭੱਜ ਰਹੀ ਸੀ ਤਾਂ ਹਾਦਸਾ ਹੋ ਗਿਆ। ਦਿੱਲੀ ਦੇ ਗੁਰੂ ਤੇਗ ਬਹਾਦਰ ਨਗਰ ਦੀ ਰਹਿਣ ਵਾਲੀ ਸ਼ਰਮਾ ਗ੍ਰੇਟਰ ਨੋਇਡਾ ਦੇ ਨਾਲੇਜ ਪਾਰਕ ਇਲਾਕੇ 'ਚ ਦੋਸਤਾਂ ਨਾਲ ਕਾਲਜ ਤੋਂ ਘਰ ਵਾਪਸ ਆ ਰਹੀ ਸੀ, ਜਦੋਂ ਉਸ ਦੀ ਕਾਰ ਖਰਾਬ ਹੋ ਗਈ ਅਤੇ ਉਸ ਨੇ 'ਟੋਇੰਗ ਸਰਵਿਸ' ਬੁੱਕ ਕਰਵਾਈ। ਕਾਰ ਖਿੱਚਣ ਤੋਂ ਬਾਅਦ ਟੋਅ ਟਰੱਕ ਡਰਾਈਵਰ ਨੇ ਇਸ ਦੀਆਂ ਚਾਬੀਆਂ ਆਪਣੇ ਕੋਲ ਰੱਖ ਲਈਆਂ। ਦਿਵਿਯਾਂਸ਼ੀ ਸ਼ਰਮਾ ਚਾਬੀਆਂ ਲੈਣ ਲਈ ਗੱਡੀ ਦੇ ਪਿੱਛੇ ਭੱਜਣ ਲੱਗੀ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਸਦਾ ਸਿਰ ਕਰੇਨ ਨਾਲ ਟਕਰਾ ਗਿਆ। ਚਿਹਰੇ 'ਤੇ ਸੱਟਾਂ ਲੱਗਣ ਕਾਰਨ ਉਹ ਸੜਕ 'ਤੇ ਡਿੱਗ ਗਈ। ਦਿਵਿਯਾਂਸ਼ੀ ਸ਼ਰਮਾ ਦੇ ਦੋਸਤਾਂ ਨੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟੋਅ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।