ਬੱਸ ’ਚੋਂ ਡਿੱਗਣ ਕਾਰਨ ਕਾਲਜ ਵਿਦਿਆਰਥਣ ਦੀ ਮੌਤ
ਪੱਤਰ ਪ੍ਰੇਰਕ
ਜਲੰਧਰ, 19 ਜੁਲਾਈ
ਇੱਥੋਂ ਦੇ ਥਾਣਾ ਬਾਰਾਦਰੀ ਅਧੀਨ ਪੈਂਦੇ ਬੀਐੱਸਐੱਫ ਚੌਕ ’ਚ ਬੱਸ ’ਚੋਂ ਉਤਰਦੇ ਸਮੇਂ 17 ਸਾਲਾ ਵਿਦਿਆਰਥਣ ਸੜਕ ’ਤੇ ਡਿੱਗ ਗਈ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 17 ਸਾਲਾ ਜਸਪ੍ਰੀਤ ਕੌਰ ਵਜੋਂ ਹੋਈ ਹੈ। ਥਾਣਾ ਬਾਰਾਦਰੀ ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮ੍ਰਿਤਕਾ ਦੇ ਪਿਤਾ ਬਲਵੰਤ ਸਿੰਘ ਦੇ ਬਿਆਨਾਂ ’ਤੇ ਬੱਸ ਚਾਲਕ ਤੇ ਕੰਡਕਟਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਵੰਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਲੜਕੀ ਖਾਲਸਾ ਕਾਲਜ ’ਚ ਪੜ੍ਹਨ ਲਈ ਗੁਰਾਇਆ ਤੋਂ ਪੰਜਾਬ ਰੋਡਵੇਜ਼ ਦੀ ਬੱਸ ਰਾਹੀਂ ਆਈ ਸੀ। ਬੀਐੱਸਐੱਫ ਚੌਕ ਵਿੱਚ ਬੱਸ ਤੋਂ ਉਤਰਦੇ ਸਮੇਂ ਬੇਟੀ ਨੇ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਆਵਾਜ਼ ਮਾਰੀ ਕਿ ਉਹ ਹੇਠਾਂ ਉਤਰ ਰਹੀ ਹੈ ਪਰ ਬੱਸ ਡਰਾਈਵਰ ਨੇ ਬੱਸ ਭਜਾ ਦਿੱਤੀ। ਬੇਟੀ ਹੇਠਾਂ ਡਿੱਗ ਗਈ ਤੇ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਕੇਸ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।