ਕਾਲਜ ਵੱਲੋਂ ਵਿਦਿਆਰਥੀਆਂ ਦੇ ਟੀ-ਸ਼ਰਟ ਤੇ ਪਾਟੀ ਜੀਨਸ ਪਹਿਨਣ ’ਤੇ ਰੋਕ
ਮੁੰਬਈ, 2 ਜੁਲਾਈ
ਹਿਜਾਬ ’ਤੇ ਪਾਬੰਦੀ ਲਾਉਣ ਕਾਰਨ ਚਰਚਾ ਵਿੱਚ ਰਹੇ ਮੁੰਬਈ ਦੇ ਇੱਕ ਕਾਲਜ ਨੇ ਹੁਣ ਵਿਦਿਆਰਥੀਆਂ ਦੇ ਪਾਟੀ ਜੀਨਸ, ਟੀ-ਸ਼ਰਟ, ‘ਅਸਭਿਅਕ’ ਕੱਪੜੇ ਅਤੇ ਜਰਸੀ ਜਾਂ ਅਜਿਹੇ ਕੱਪੜੇ ਪਾਉਣ ’ਤੇ ਰੋਕ ਲਾ ਦਿੱਤੀ ਹੈ ਜੋ ਧਰਮ ਜਾਂ ‘ਸਭਿਆਚਾਰਕ ਅਸਮਾਨਤਾ’ ਨੂੰ ਦਰਸਾਉਂਦੇ ਹੋਣ। ‘ਚੈਂਬੂਰ ਟਰਾਂਬੇ ਐਜੂਕੇਸ਼ਨ ਸੁਸਾਇਟੀ’ ਦੇ ‘ਐੱਨਜੀ ਅਚਾਰਿਆ ਅਤੇ ਡੀਕੇ ਮਰਾਠੇ ਕਾਲਜ’ ਨੇ 27 ਜੂਨ ਨੂੰ ਜਾਰੀ ਨੋਟਿਸ ਵਿੱਚ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਰਸਮੀ ਅਤੇ ਸਭਿਅਕ ਪਹਿਰਾਵਾ ਪਾਉਣਾ ਚਾਹੀਦਾ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀ ਅੱਧੀ ਜਾਂ ਪੂਰੀ ਬਾਂਹ ਦੀ ਕਮੀਜ਼ ਤੇ ਪੈਂਟ ਪਾ ਸਕਦੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਕੁੜੀਆਂ ਕੋਈ ਵੀ ਭਾਰਤੀ ਜਾਂ ਪੱਛਮੀ ਪਹਿਰਾਵਾ ਪਹਿਨ ਸਕਦੀਆਂ ਹਨ। ਬੰਬੇ ਹਾਈ ਕੋਰਟ ਨੇ 26 ਜੂਨ ਨੂੰ ਕਾਲਜ ਵੱਲੋਂ ਹਿਜਾਬ, ਬੁਰਕਾ ਅਤੇ ਨਕਾਬ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਅਜਿਹੇ ਨਿਯਮ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਦਾ ਉਲੰਘਣਾ ਨਹੀਂ ਕਰਦੇ। -ਪੀਟੀਆਈ