ਗੜ੍ਹੀ ਨੂੰ ਹਟਾਉਣ ਦੇ ਰੋਸ ਵੱਜੋਂ ਰੂਪਨਗਰ ਦੇ ਆਗੂਆਂ ਵੱਲੋਂ ਸਮੂਹਿਕ ਅਸਤੀਫ਼ੇ
ਜਗਮੋਹਨ ਸਿੰਘ
ਰੂਪਨਗਰ, 7 ਨਵੰਬਰ
ਬਹੁਜਨ ਸਮਾਜ ਪਾਰਟੀ ਵੱਲੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਅਹੁਦੇ ਤੋਂ ਹਟਾਏ ਜਾਣ ਉਪਰੰਤ ਅੱਜ ਜ਼ਿਲ੍ਹਾ ਰੂਪਨਗਰ ਦੇ ਸਮੁੱਚੇ ਪਾਰਟੀ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਸਮੂਹਿਕ ਰੂਪ ਵਿੱਚ ਅਸਤੀਫੇ ਦਿੰਦਿਆਂ ਹੋਇਆਂ ਪਾਰਟੀ ਤੋਂ ਆਪਣਾ ਨਾਤਾ ਤੋੜ ਲਿਆ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਅਗਵਾਈ ਅਧੀਨ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿੱਚ ਬੀਐੱਸਪੀ ਦੇ ਸਮੂਹ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿੱਚ ਜਸਵੀਰ ਸਿੰਘ ਗੜ੍ਹੀ ਦੀ ਬਰਖਾਸਤਗੀ ਵਿਰੁੱਧ ਰੋਸ ਜਤਾਉਂਦਿਆਂ ਹੋਇਆਂ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ ਇਕਾਈਆਂ ਸਮੇਤ ਜ਼ਿਲ੍ਹਾ ਜਥੇਬੰਦੀ ਦੇ ਸਮੂਹ ਆਗੂਆਂ ਨੇ ਆਪਣੇ ਅਸਤੀਫੇ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤੇ ਹਨ। ਸ੍ਰੀ ਗੋਲਡੀ ਨੇ ਦੱਸਿਆ ਕਿ ਅਸਤੀਫਾ ਦੇਣ ਵਾਲਿਆਂ ਵਿੱਚ ਸੂਬਾ ਸਕੱਤਰ ਮਾਸਟਰ ਰਾਮਪਾਲ ਆਬਿਆਣਾ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ, ਮੀਤ ਪ੍ਰਧਾਨ ਗੁਰਚਰਨ ਸਿੰਘ, ਖਜ਼ਾਨਚੀ ਸੁਰਿੰਦਰ ਕੁਮਾਰ, ਮੀਡੀਆ ਇੰਚਾਰਜ ਸੁਖਦੀਪ ਸਿੰਘ ਘਨੌਲੀ ਸਮੇਤ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ ਇਕਾਈਆਂ ਦੇ ਅਹੁਦੇਦਾਰ, ਜ਼ਿਲ੍ਹਾ ਜਥੇਬੰਦੀ ਅਤੇ ਮਹਿਲਾ ਇਕਾਈ ਦੇ ਸਮੂਹ ਅਹੁਦੇਦਾਰਾਂ ਦੇ ਨਾਂ ਸ਼ਾਮਲ ਹਨ।