For the best experience, open
https://m.punjabitribuneonline.com
on your mobile browser.
Advertisement

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਠੰਢ ਵਧੀ

07:25 AM Nov 18, 2024 IST
ਪੰਜਾਬ  ਹਰਿਆਣਾ ਤੇ ਚੰਡੀਗੜ੍ਹ ਵਿੱਚ ਠੰਢ ਵਧੀ
ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਧੁਆਂਖੀ ਧੁੰਦ ਦੌਰਾਨ ਦਿਨੇ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਲੋਕ। -ਫੋਟੋ: ਵਿਸ਼ਾਲ ਕੁਮਾਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 17 ਨਵੰਬਰ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਪੂਰਾ ਉੱਤਰ ਭਾਰਤ ਅੱਜ ਧੁੰਦ ਦੀ ਚਪੇਟ ਵਿੱਚ ਆ ਗਿਆ ਹੈ। ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਜਿਸ ਕਾਰਨ ਸੜਕਾਂ ’ਤੇ ਦਿਖਣਾ ਵੀ ਬੰਦ ਹੋ ਗਿਆ ਹੈ, ਜਦਕਿ ਲੋਕਾਂ ਨੂੂੰ ਵਾਹਨ ਚਲਾਉਣ ਵਿੱਚ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਵਿੱਚ ਹਾਦਸੇ ਵੀ ਵਾਪਰ ਰਹੇ ਹਨ, ਜਿਸ ਕਾਰਨ ਕਈ ਥਾਵਾਂ ’ਤੇ ਲੋਕਾਂ ਦੇ ਗੰਭੀਰ ਸੱਟਾਂ ਵੱਜੀਆਂ ਹਨ। ਉੱਧਰ, ਮੌਸਮ ਵਿਭਾਗ ਨੇ ਅਗਲੇ ਤਿੰਨ-ਚਾਰ ਦਿਨ ਇਸੇ ਤਰ੍ਹਾਂ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਰਾਜਧਾਨੀ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਪਠਾਨਕੋਟ ਤੇ ਗੁਰਦਾਸਪੁਰ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਰਿਹਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ, ਹਿਸਾਰ, ਕਰਨਾਲ, ਕੁਰੂਕਸ਼ੇਤਰ, ਪਾਣੀਪਤ ਤੇ ਸੋਨੀਪਤ ਵਿੱਚ ਧੁੰਦ ਦਾ ਅਸਰ ਦਿਖਾਈ ਦਿੱਤਾ ਹੈ।
ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ, ਅੰਮ੍ਰਿਤਸਰ ਤੇ ਪਟਿਆਲਾ ਵਿੱਚ ਅੱਜ ਤੜਕੇ 5-6 ਵਜੇ ਦੇ ਕਰੀਬ ਸੰਘਣੀ ਧੁੰਦ ਕਰਕੇ ਸੜਕਾਂ ’ਤੇ ਦੂਰ ਤੱਕ ਦਿਖਣ ਦੀ ਹੱਦ 50 ਤੋਂ 100 ਮੀਟਰ ਤੱਕ ਦਰਜ ਕੀਤੀ ਗਈ ਹੈ। ਅਜਿਹੇ ਹਾਲਾਤ ਵਿੱਚ ਸੈਰ ਕਰਨ ਵਾਲੇ ਲੋਕਾਂ ਨੂੰ ਸਾਹ ਸਬੰਧੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਠੰਢ ਨੇ ਵੀ ਦਸਤਕ ਦੇ ਦਿੱਤੀ ਹੈ। ਅੱਜ ਸੂਬੇ ਦਾ ਤਾਪਮਾਨ ਵੀ ਆਮ ਨਾਲੋਂ ਦੋ ਤੋਂ ਚਾਰ ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 24.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਆਮ ਨਾਲੋਂ 2.1 ਡਿਗਰੀ ਸੈਲਸੀਅਸ ਘੱਟ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦਾ 23.4 ਡਿਗਰੀ ਸੈਲਸੀਅਸ, ਲੁਧਿਆਣਾ ਦਾ 22.6 ਡਿਗਰੀ ਸੈਲਸੀਅਸ, ਪਟਿਆਲਾ ਦਾ 24.4 ਡਿਗਰੀ ਸੈਲਸੀਅਸ, ਬਠਿੰਡਾ ਦਾ 25.6 ਡਿਗਰੀ ਸੈਲਸੀਅਸ ਅਤੇ ਗੁਰਦਾਸਪੁਰ ਦਾ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਹੈ।

Advertisement

ਪੰਜਾਬ ਵਿੱਚ ਹਵਾ ਦੀ ਗੁਣਵੱਤਾ ’ਚ ਹੋਇਆ ਸੁਧਾਰ

ਪੰਜਾਬ ਵਿੱਚ ਅੱਜ ਹਵਾ ਦੀ ਗੁਣਵੱਤਾ ਵਿੱਚ ਵੀ ਮਾਮੂਲੀ ਸੁਧਾਰ ਹੋਇਆ ਹੈ, ਪਰ ਹਾਲਤ ਹਾਲੇ ਵੀ ਗੰਭੀਰ ਹੈ। ਅੱਜ ਅੰਮ੍ਰਿਤਸਰ ਵਿੱਚ ਏਕਿਊਆਈ 203, ਬਠਿੰਡਾ ਵਿੱਚ 137, ਜਲੰਧਰ ਵਿੱਚ 173, ਮੰਡੀ ਗੋਬਿੰਦਗੜ੍ਹ ਵਿੱਚ 156 ਜਦਕਿ ਪਟਿਆਲਾ ਵਿੱਚ 189 ਦਰਜ ਕੀਤਾ ਗਿਆ। ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਹਵਾ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਸੁਧਾਰ ਦਰਜ ਕੀਤਾ ਗਿਆ ਹੈ, ਪਰ ਹਾਲੇ ਵੀ ਸਾਰਿਆਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।

Advertisement

Advertisement
Author Image

Advertisement