ਪੰਜਾਬ ’ਚ ਸੀਤ ਲਹਿਰ ਦਾ ਜ਼ੋਰ; ਫ਼ਰੀਦਕੋਟ ’ਚ ਪਾਰਾ ਸਿਫ਼ਰ ’ਤੇ
ਆਤਿਸ਼ ਗੁਪਤਾ
ਚੰਡੀਗੜ੍ਹ, 17 ਦਸੰਬਰ
ਪੰਜਾਬ ਵਿੱਚ ਪੋਹ ਦਾ ਮਹੀਨਾ ਚੜ੍ਹਨ ਦੇ ਨਾਲ-ਨਾਲ ਠੰਢ ਨੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉੱਧਰ, ਪੰਜਾਬ ਵਿੱਚ ਸਵੇਰ ਤੇ ਸ਼ਾਮ ਸਮੇਂ ਪੈਣ ਵਾਲੀ ਠੰਢ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਲੋਕਾਂ ਨੂੰ ਵਾਹਨ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਪੰਜਾਬ ਦਾ ਫ਼ਰੀਦਕੋਟ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ ਸਿਫ਼ਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਫਾਜ਼ਿਲਕਾ ਵਿੱਚ ਵੀ ਘੱਟ ਤੋਂ ਘੱਟ ਤਾਪਮਾਨ 0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਜ਼ਿਆਦਾਤਰ ਸ਼ਹਿਰਾਂ ਵਿੱਚ ਘੱਟ ਤੋਂ ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਤੋਂ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਸੂਬੇ ’ਚ ਠੰਢ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ 18 ਦਸੰਬਰ ਨੂੰ ਅਤਿ ਦੀ ਠੰਢ ਪੈਣ ਸਬੰਧੀ ਓਰੈਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ, ਜਦੋਂ ਕਿ 19 ਤੋਂ 23 ਦਸੰਬਰ ਤੱਕ ਸੀਤ ਲਹਿਰਾਂ ਚੱਲਣਗੀਆਂ। ਇਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਕਰਕੇ ਲੋਕਾਂ ਨੂੰ ਖੰਘ ਤੇ ਜੁਕਾਮ ਵਰਗੀਆਂ ਬਿਮਾਰੀਆਂ ਨੇ ਘੇਰ ਰੱਖਿਆ ਹੈ। ਉੱਧਰ ਚੱਲ ਰਹੀਆਂ ਸੀਤ ਲਹਿਰਾਂ ਕਰਕੇ ਵੀ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਘੱਟ ਤੋਂ ਘੱਟ ਤਾਪਮਾਨ 2.6 ਡਿਗਰੀ ਸੈਲਸੀਅਸ, ਲੁਧਿਆਣਾ ਤੇ ਪਟਿਆਲਾ ਵਿੱਚ 4.8, ਪਠਾਨਕੋਟ ਵਿੱਚ 1.7, ਬਠਿੰਡਾ ਵਿੱਚ 3, ਗੁਰਦਾਸਪੁਰ ਵਿੱਚ 3.5, ਬਰਨਾਲਾ ਵਿੱਚ 4.2, ਫਿਰੋਜ਼ਪੁਰ ਵਿੱਚ 2.9 , ਮੋਗਾ ਵਿੱਚ 2.6, ਰੂਪਨਗਰ ਵਿੱਚ 4.8, ਚੰਡੀਗੜ੍ਹ ਵਿੱਚ 6.6, ਬੱਲੋਵਾਲ ਵਿੱਚ 7.1, ਫਤਹਿਗੜ੍ਹ ਸਾਹਿਬ ਵਿੱਚ 6.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।