For the best experience, open
https://m.punjabitribuneonline.com
on your mobile browser.
Advertisement

ਦਿੱਲੀ ਵਿੱਚ ਮੀਂਹ ਮਗਰੋਂ ਠੰਢ ਦਾ ਜ਼ੋਰ

06:51 AM Dec 28, 2024 IST
ਦਿੱਲੀ ਵਿੱਚ ਮੀਂਹ ਮਗਰੋਂ ਠੰਢ ਦਾ ਜ਼ੋਰ
ਨਵੀਂ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਮੀਂਹ ਦੌਰਾਨ ਛਤਰੀਆਂ ਤਾਣ ਕੇ ਇੰਡੀਆ ਗੇਟ ਵੱਲ ਜਾਂਦੇ ਹੋਏ ਸੈਲਾਨੀ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਦਸੰਬਰ
ਦਿੱਲੀ ਐਨਸੀਆਰ ਵਿੱਚ ਅੱਜ ਮੀਂਹ ਪਿਆ ਜਿਸ ਮਗਰੋਂ ਮੌਸਮ ਠੰਢਾ ਹੋ ਗਿਆ ਹੈ। ‌ਭਾਰਤ ਮੌਸਮ ਵਿਭਾਗ ਅਨੁਸਾਰ ਅੱਜ ਸਭ ਤੋਂ ਘੱਟ ਰਿਕਾਰਡ ਕੀਤਾ ਗਿਆ ਤਾਪਮਾਨ 11 ਡਿਗਰੀ ਸੈਲਸੀਅਸ ਸੀ। ਸਿਰਫ਼ ਦਿੱਲੀ ਹੀ ਨਹੀਂ ਸਗੋਂ ਨੋਇਡਾ, ਗ੍ਰੇਟਰ ਨੋਇਡਾ, ਫਰੀਦਾਬਾਦ ਵਰਗੇ ਇਲਾਕਿਆਂ ’ਚ ਵੀ ਤੜਕੇ ਮੀਂਹ ਪਿਆ। ਰਾਸ਼ਟਰੀ ਰਾਜਧਾਨੀ ਅਤੇ ਇਸਦੇ ਆਸਪਾਸ ਦੇ ਖੇਤਰਾਂ ਵਿੱਚ ਸੀਤ ਲਹਿਰ ਚੱਲੀ ਤੇ ਦਿੱਲੀ ਵਿੱਚ ਅੱਜ ਤੜਕੇ ਮੀਂਹ ਅਤੇ ਬਿਜਲੀ ਦੇ ਲਿਸ਼ਕਾਰੇ ਪਏ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਪੱਛਮੀ ਗੜਬੜੀ ਕਾਰਨ 27 ਅਤੇ 28 ਦਸੰਬਰ ਨੂੰ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਗਰਜ਼-ਤੂਫ਼ਾਨ ਨਾਲ ਮੀਂਹ ਪਵੇਗਾ ਤੇ ਗੜੇਮਾਰੀ ਹੋਵੇਗੀ। ਦਿੱਲੀ ਵਿੱਚ ਸਵੇਰੇ ਤਾਪਮਾਨ 12 ਡਿਗਰੀ ਸੈਲਸੀਅਸ ਸੀ ਜੋ ਬਾਅਦ ਵਿਚ 11 ਡਿਗਰੀ ਸੈਲਸੀਅਸ ਤਕ ਆ ਗਿਆ। ਅਗਲੇ ਦੋ ਦਿਨਾਂ ਤੱਕ ਸੰਘਣੀ ਧੁੰਦ ਦੇ ਨਾਲ ਬਾਰਿਸ਼ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਐਨਸੀਆਰ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਹੋਣ ਦੀ ਉਮੀਦ ਹੈ, ਜਿੱਥੇ ਸਵੇਰ ਵੀ ਬਾਰਿਸ਼ ਹੋਈ। ਦਿੱਲੀ ਦੇ ਏਅਰ ਕੁਆਲਿਟੀ ਇੰਡੈਕਸ ਵਿੱਚ ਵੀਰਵਾਰ ਨੂੰ ਥੋੜ੍ਹਾ ਸੁਧਾਰ ਹੋਇਆ ਸੀ ਅਤੇ ਸ਼ੁੱਕਰਵਾਰ ਨੂੰ ਇਸ ਵਿੱਚ ਹੋਰ ਸੁਧਾਰ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਰਹੀ। ਮੰਗਲਵਾਰ ਨੂੰ ਕੇਂਦਰ ਸਰਕਾਰ ਦੇ ਹਵਾ ਗੁਣਵੱਤਾ ਨਿਗਰਾਨੀ ਪੈਨਲ ਨੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੇ ਬਾਅਦ, ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਲਈ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਤਹਿਤ ਪੜਾਅ ਚਾਰ ਦੀਆਂ ਪਾਬੰਦੀਆਂ ਨੂੰ ਰੱਦ ਕਰ ਦਿੱਤਾ। ਹਾਲਾਂਕਿ ਪੜਾਅ I, II, ਅਤੇ III ਦੇ ਅਧੀਨ ਪਾਬੰਦੀਆਂ ਜਾਰੀ ਹਨ।

Advertisement

ਕੌਮੀ ਰਾਜਧਾਨੀ ਵਿੱਚ ਏਕਿਊਆਈ 372 ਦਰਜ

ਕੌਮੀ ਰਾਜਧਾਨੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਹੈ। ਮੀਂਹ ਦੇ ਠੰਢੇ ਪ੍ਰਭਾਵ ਦੇ ਬਾਵਜੂਦ ਸ਼ਹਿਰ ਦੀ ਹਵਾ ਦੀ ਗੁਣਵੱਤਾ ਚਿੰਤਾਜਨਕ ਬਣੀ ਹੋਈ ਹੈ। ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 372 ਦਰਜ ਕੀਤਾ ਗਿਆ, ਇਸ ਨੂੰ ‘ਬਹੁਤ ਖਰਾਬ’ ਸ਼੍ੇਣੀ ਵਿੱਚ ਰੱਖਿਆ ਗਿਆ। ਇਸ ਪ੍ਰਦੂਸ਼ਣ ਦਾ ਅਸਰ ਆਮ ਲੋਕਾਂ ਉਪਰ ਪਿਆ। ਖਾਸ ਤੌਰ ’ਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਇਹ ਮੌਸਮੀ ਦਿਨ ਖ਼ਤਰਨਾਕ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪੂਸਾ ਵਿੱਚ ਏਕਿਊਆਈ 353, ਉੱਤਰੀ ਕੈਂਪਸ ਵਿੱਚ 342, ਮੁੰਡਕਾ ਵਿੱਚ ਗੰਭੀਰ ਪੱਧਰ ’ਤੇ 413, ਵਜ਼ੀਰਪੁਰ 392, ਆਈਜੀਆਈ ਏਅਰਪੋਰਟ 340, ਦਵਾਰਕਾ ਸੈਕਟਰ-8 ਵਿਚ 412, ਆਰਕੇ ਪੁਰਮ ਵਿਚ 410 ਰਿਹਾ।

Advertisement

Advertisement
Author Image

joginder kumar

View all posts

Advertisement