ਕਸ਼ਮੀਰ ’ਚ ਠੰਢ ਦਾ ਕਹਿਰ ਜਾਰੀ
ਸ੍ਰੀਨਗਰ, 18 ਦਸੰਬਰ
ਕਸ਼ਮੀਰ ਦੇ ਘੱਟੋ-ਘੱਟ ਤਾਪਮਾਨ ਵਿੱਚ ਕੁੱਝ ਵਾਧਾ ਦਰਜ ਕੀਤਾ ਗਿਆ ਪਰ ਇਹ ਹਾਲੇ ਵੀ ਮਨਫੀ ਤੋਂ ਹੇਠਾਂ ਹੈ। ਸ੍ਰੀਨਗਰ ਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬੀਤੀ ਰਾਤ ਦੇ 5.3 ਡਿਗਰੀ ਸੈਲਸੀਅਸ ਤਾਪਮਾਨ ਤੋਂ ਥੋੜ੍ਹਾ ਉਪਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਠੰਢ ਕਾਰਨ ਡਲ ਝੀਲ ਸਮੇਤ ਕਈ ਹੋਰ ਨਦੀਆਂ ਅਤੇ ਝੀਲਾਂ ਦੇ ਕਿਨਾਰੇ ਜੰਮ ਗਏ ਹਨ। ਇਸੇ ਤਰ੍ਹਾਂ ਸ਼ਹਿਰ ਦੇ ਕਈ ਇਲਾਕਿਆਂ ਅਤੇ ਵਾਦੀ ਦੇ ਹੋਰ ਹਿੱਸਿਆਂ ’ਚ ਠੰਢ ਕਾਰਨ ਪਾਣੀ ਸਪਲਾਈ ਦੀਆਂ ਪਾਈਪਾਂ ਵਿੱਚ ਪਾਣੀ ਜੰਮ ਗਿਆ ਹੈ।
ਗੁਲਮਰਗ ਦੇ ਮਸ਼ਹੂਰ ਸਕੀ ਰਿਜ਼ੋਰਟ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਨਾਲੋਂ ਇੱਕ ਡਿਗਰੀ ਹੇਠਾਂ ਹੈ। ਸੈਰ-ਸਪਾਟਾ ਕੇਂਦਰ ਪਹਿਲਗਾਮ ਵਿਚ ਘੱਟੋ-ਘੱਟ ਤਾਪਮਾਨ ਮਨਫੀ 5.8 ਡਿਗਰੀ ਸੈਲਸੀਅਸ ਰਿਹਾ। ਪਿਛਲੀ ਰਾਤ ਇੱਥੇ ਤਾਪਮਾਨ ਮਨਫੀ 5 ਡਿਗਰੀ ਸੈਲਸੀਅਸ ਸੀ। ਪੰਪੋਰ ਸ਼ਹਿਰ ਵਿਚਲਾ ਕੋਨੀਬਲ ਵਾਦੀ ਦਾ ਸਭ ਤੋਂ ਠੰਡਾ ਇਲਾਕਾ ਰਿਹਾ, ਜਿੱਥੇ ਤਾਪਮਾਨ ਮਨਫੀ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਕਸ਼ਮੀਰ ਦੇ ਪ੍ਰਵੇਸ਼ ਦੁਆਰ ਕਾਜ਼ੀਗੁੰਡ ’ਚ ਘੱਟੋ-ਘੱਟ ਤਾਪਮਾਨ ਮਨਫੀ 5, ਉੱਤਰੀ ਕਸ਼ਮੀਰ ਦੇ ਕੁਪਵਾੜਾ ’ਚ ਮਨਫੀ 4.4 ਅਤੇ ਦੱਖਣੀ ਕਸ਼ਮੀਰ ਦੇ ਕੋਕਰਨਾਗ ’ਚ ਤਾਪਮਾਨ ਮਨਫੀ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 26 ਦਸੰਬਰ ਤੱਕ ਮੌਸਮ ਖੁਸ਼ਕ ਰਹਿ ਸਕਦਾ ਹੈ ਅਤੇ 21-22 ਦਸੰਬਰ ਦੀ ਰਾਤ ਨੂੰ ਵਾਦੀ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਆਉਂਦੇ ਦਿਨਾਂ ਵਿੱਚ ਵਾਦੀ ’ਚ ਘੱਟੋ-ਘੱਟ ਤਾਪਮਾਨ ਹੋਰ ਹੇਠਾਂ ਆ ਸਕਦਾ ਹੈ। -ਪੀਟੀਆਈ