ਟ੍ਰਾਈਸਿਟੀ ਵਿੱਚ ਠੰਢ ਦਿਨੋਂ ਦਿਨ ਫੜਨ ਲੱਗੀ ਜ਼ੋਰ
ਆਤਿਸ਼ ਗੁਪਤਾ
ਚੰਡੀਗੜ੍ਹ, 29 ਦਸੰਬਰ.
ਟ੍ਰਾਈਸਿਟੀ ਵਿੱਚ ਪਿਛਲੇ ਦੋ ਦਿਨ ਪਏ ਮੀਂਹ ਤੋਂ ਬਾਅਦ ਠੰਢ ਨੇ ਜ਼ੋਰ ਫੜ ਲਿਆ ਹੈ। ਅੱਜ ਸਵੇਰੇ ਸੰਘਣੀ ਧੁੰਦ ਪੈਣ ਕਰਕੇ ਵੀ ਸੜਕਾਂ ’ਤੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਉੱਧਰ, ਠੰਢ ਕਰਕੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਪਿਆ ਸੀ। ਲੋਕ ਆਪਣੇ ਘਰਾਂ ਤੋਂ ਬਾਹਰ ਘੱਟ ਗਿਣਤੀ ਵਿੱਚ ਨਿਕਲ ਰਹੇ ਸਨ। ਉੱਥੇ ਹੀ ਮੌਸਮ ਵਿਗਿਆਨੀਆਂ ਨੇ 30 ਤੇ 31 ਦਸੰਬਰ ਨੂੰ ਸੰਘਣੀ ਧੁੰਦ ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਚੰਡੀਗੜ੍ਹ ਵਿੱਚ ਅੱਜ ਸਵੇਰ ਸਮੇਂ ਸੰਘਣੀ ਧੁੰਦ ਦੇ ਨਾਲ ਬੱਦਲਵਾਈ ਹੋਈ ਪਈ ਸੀ। ਇਸ ਦੇ ਨਾਲ ਹੀ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੂੰ ਕੰਬਣੀ ਛੇੜ ਰੱਖੀ ਸੀ ਪਰ ਦੁਪਹਿਰ ਸਮੇਂ ਧੁੱਪ ਖਿੜਣ ਦੇ ਨਾਲ ਹੀ ਲੋਕਾਂ ਦੇ ਚਿਹਰ ਖਿੜ ਗਏ। ਇਸ ਦੌਰਾਨ ਕਾਫ਼ੀ ਲੋਕਾਂ ਨੇ ਧੁੱਪ ਨਿਕਲਣ ਮਗਰੋਂ ਸੁਖਨਾ ਝੀਲ, ਰੋਜ਼ ਗਾਰਡਨ ਤੇ ਰੌਕ ਗਾਰਡਨ ਸਣੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਜਾ ਕੇ ਆਨੰਦ ਮਾਣਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ ’ਤੇ ਕਿਸ਼ਤੀਆਂ ਦਾ ਆਨੰਦ ਵੀ ਲੈ ਰਹੇ ਸਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਦਿਨ ਤੇ ਰਾਤ ਦੇ ਤਾਪਮਾਨ ਵਿੱਚ 5.6 ਡਿਗਰੀ ਸੈਲਸੀਅਸ ਦਾ ਫਰਕ ਸੀ। ਅੱਜ ਸ਼ਹਿਰ ਵਿੱਚ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 17.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਚਕੂਲਾ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 16.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
ਮੌਸਮ ਵਿੱਚ ਤਬਦੀਲੀ ਆਉਣ ਦੇ ਨਾਲ ਹੀ ਸ਼ਹਿਰ ਵਿੱਚ ਗਰਮ ਕੱਪੜਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਦੁਕਾਨਾਂ ’ਤੇ ਵੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਗਰਮ ਕੱਪੜਿਆਂ ਦੀਆਂ ਦੁਕਾਨਾਂ ’ਤੇ ਖਰੀਦਦਾਰੀ ਕਰਦੇ ਦੇਖੇ ਗਏ।
ਧੁੰਦ ਨੇ ਰੋਕੀ ਆਵਾਜਾਈ ਦੀ ਰਫ਼ਤਾਰ
ਅੱਜ ਸਵੇਰੇ ਟਰਾਈਸਿਟੀ ਵਿੱਚ ਪਈ ਧੁਆਂਖੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਨ ਸਵੇਰ ਵੇਲੇ ਵਾਹਨਾਂ ਦੀਆਂ ਦੀਆਂ ਲਾਈਆਂ ਜਗਾ ਕੇ ਲੋਕ ਆਪਣੀਆਂ ਮੰਜ਼ਿਲਾਂ ਵੱੱਲ ਵਧ ਰਹੇ ਸਨ। ਵਾਹਨਾਂ ਦੀ ਚਾਲ ਕਾਫ਼ੀ ਹੌਲੀ ਸੀ। ਧੁੰਦ ਅਤੇ ਐਤਵਾਰ ਹੋਣ ਕਾਰਨ ਸੜਕਾਂ ’ਤੇ ਆਵਾਜਾਈ ਵੀ ਅੱਜ ਪਹਿਲਾਂ ਨਾਲੋਂ ਕਾਫ਼ੀ ਘੱਟ ਹੀ ਦਿਖਾਈ ਦਿੱਤੀ।