For the best experience, open
https://m.punjabitribuneonline.com
on your mobile browser.
Advertisement

ਜ਼ਾਬਤਾ ਲਾਗੂ: ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣਾਂ ਦੀ ਤਿਆਰੀ ਖਿੱਚੀ

08:16 AM Mar 17, 2024 IST
ਜ਼ਾਬਤਾ ਲਾਗੂ  ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣਾਂ ਦੀ ਤਿਆਰੀ ਖਿੱਚੀ
ਲੁਧਿਆਣਾ ਦੇ ਭਾਰਤ ਨਗਰ ਚੌਕ ਰੋਡ ’ਤੇ ਲੱਗੇ ਇਸ਼ਤਿਹਾਰੀ ਬੋਰਡ ਉਤਾਰਦੇ ਹੋਏ ਨਗਰ ਨਿਗਮ ਦੇ ਮੁਲਾਜ਼ਮ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 16 ਮਾਰਚ
ਲੋਕ ਸਭਾ ਚੋਣ ਲਈ ਜ਼ਾਬਤਾ ਲਾਗੂ ਹੋ ਗਿਆ ਹੈ, ਜਿਸ ਤੋਂ ਬਾਅਦ ਜ਼ਿਲ੍ਹਾ ਚੋਣ ਅਫ਼ਸਰ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦੀਆਂ ਪ੍ਰਕਿਰਿਆ ਦੀ ਤਿਆਰੀ ਵਿੱਚ ਲੱਗ ਗਿਆ ਹੈ। ਸ਼ਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਲੱਗੇ ਬੋਰਡ ਉਤਾਰਣੇ ਸ਼ੁਰੂ ਕਰ ਦਿੱਤੇ ਹਨ। ਨਗਰ ਨਿਗਮ ਦੀ ਟੀਮ ਨੂੰ ਇਸਦੇ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼ਹਿਰ ਵਿੱਚ ਮੌਜੂਦਾ ਸਮੇਂ ਵਿੱਚ ‘ਆਪ’ ਸਰਕਾਰ ਦੇ ਕੰਮਾਂ ਦੇ ਵੱਡੀ ਗਿਣਤੀ ’ਚ ਬੋਰਡ ਲੱਗੇ ਹੋਏ ਸਨ, ਜਿਨ੍ਹਾਂ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੋ ਦਿਨਾਂ ਵਿੱਚ ਹੀ ਸਾਰੇ ਬੋਰਡ ਉਤਾਰਨ ਲਈ ਕਿਹਾ ਹੈ। ਨਾਲ ਹੀ ਆਮ ਲੋਕਾਂ ਵੀ ਅਪੀਲ ਕੀਤੀ ਕਿ ਅਗਰ ਕਿਸੇ ਦੇ ਘਰ ਜਾਂ ਫਿਰ ਹੋਰਨਾਂ ਥਾਵਾਂ ’ਤੇ ਸਿਆਸੀ ਪਾਰਟੀਆਂ ਦੇ ਵੱਡੇ ਬੋਰਡ ਲੱਗੇ ਹਨ ਤਾਂ ਉਹ ਉਸਦੀ ਮਨਜ਼ੂਰੀ ਲੈ ਲੈਣ।
ਡੀਸੀ ਤੇ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੁਧਿਆਣਾ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ-ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾ ਅਤੇ ਜਗਰਾਉਂ ਵਿੱਚ ਆਉਂਦੇ ਹਨ, ਜਿਨ੍ਹਾਂ ਵਿੱਚ ਵੋਟਰਾਂ ਦੀ ਕੁੱਲ ਗਿਣਤੀ 17 ਲੱਖ 28 ਹਜ਼ਾਰ 619 ਹੈ। ਇਥੇ 9 ਲੱਖ 22 ਹਜ਼ਾਰ 5 ਪੁਰਸ਼ ਤੇ 8 ਲੱਖ 6 ਹਜ਼ਾਰ 484 ਔਰਤਾਂ ਤੇ 130 ਟਰਾਂਸਜੈਂਡਰ ਸ਼ਾਮਲ ਹਨ।
ਲੁਧਿਆਣਾ ਵਿੱਚ ਚੋਣ ਜ਼ਾਬਤਾ ਦੀ ਪਾਲਣਾ ਕਰਨ ਲਈ ਕਈ ਟੀਮਾਂ ਕਾਇਮ ਕੀਤੀ ਗਈਆਂ ਹਨ। ਪੈਰਾ ਮਿਲਟਰੀ ਫੋਰਸ ਤੇ ਪੰਜਾਬ ਪੁਲੀਸ ਦੇ ਹੱਥ ਸੁਰੱਖਿਆ ਦੀ ਕਮਾਨ ਰਹੇਗੀ। ਨਾਲ ਹੀ ਵੱਖ-ਵੱਖ ਤਰ੍ਹਾਂ ਦੀਆਂ ਮਨਜ਼ੂਰੀਆਂ ਤੇ ਹੋਰਨਾਂ ਦੇਖਰੇਖ ਲਈ ਵੀ ਟੀਮਾਂ ਬਣਾ ਦਿੱਤੀਆਂ ਂ ਹਨ। ਚੋਣ ਅਫ਼ਸਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੀ ਪ੍ਰਧਾਨਗੀ ਹੇਠ ਮਾਡਲ ਕੋਡ ਆਫ ਕੰਡਕਟ ਇਨਫੋਰਸਮੈਂਟ ਟੀਮ ਬਣਾਈ ਗਈ ਹੈ ਜੋ ਹਰੇਕ ਨਾਗਰਿਕ ਦੁਆਰਾ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਦੇਖਭਾਲ ਕਰੇਗੀ। ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਆਮ ਆਚਰਣ, ਮੀਟਿੰਗਾਂ ਅਤੇ ਜਲੂਸਾਂ, ਰੈਲੀਆਂ, ਦੀ ਵਰਤੋਂ ਵਰਗੇ ਪਹਿਲੂ ਏਆਰਓਜ਼ (ਸਹਾਇਕ ਰਿਟਰਨਿੰਗ ਅਫਸਰਾਂ) ਰਾਹੀਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੁਆਰਾ ਵਾਹਨਾਂ ਆਦਿ ਦੀ ਨਿਗਰਾਨੀ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੀ ਪ੍ਰਧਾਨਗੀ ਹੇਠ ਖਰਚਾ ਨਿਗਰਾਨ ਟੀਮ ਬਣਾਈ ਗਈ ਹੈ ਤਾਂ ਜੋ ਉਮੀਦਵਾਰਾਂ ਦੀ ਭਾਰਤੀ ਚੋਣ ਕਮਿਸ਼ਨ ਦੁਆਰਾ ਨਿਰਧਾਰਿਤ 95 ਲੱਖ ਰੁਪਏ ਹਲਕਾ ਖਰਚ ਸੀਮਾਵਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਲੀਡ ਜ਼ਿਲ੍ਹਾ ਮੈਨੇਜਰ (ਐੱਲਡੀਐੱਮ) ਨੂੰ ਸਾਰੇ ਬੈਂਕਾਂ ਨਾਲ ਤਾਲਮੇਲ ਕਰਨ ਅਤੇ ਉਮੀਦਵਾਰਾਂ ਦੁਆਰਾ ਕੀਤੇ ਜਾ ਰਹੇ ਲੈਣ-ਦੇਣ ਬਾਰੇ ਸਾਰੇ ਬੈਂਕਾਂ ਤੋਂ ਰੋਜ਼ਾਨਾ ਰਿਪੋਰਟਾਂ ਪ੍ਰਾਪਤ ਕਰਨ ਲਈ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਮਾਲ ਅਫਸਰ (ਡੀਆਰਓ) ਦੀ ਪ੍ਰਧਾਨਗੀ ਹੇਠ ਇਲੈਕਟੋਰਲ ਬੈਲਟ ਪੇਪਰ ਟੀਮ ਬਣਾਈ ਗਈ ਹੈ ਜੋ ਚੋਣਾਵੀ ਬੈਲਟ ਪੇਪਰਾਂ ਦੇ ਪ੍ਰਕਾਸ਼ਨ ਅਤੇ ਭੇਜਣ ਦੇ ਕੰਮ ਦੀ ਨਿਗਰਾਨੀ ਕਰੇਗੀ। ਵਧੀਕ ਡਿਪਟੀ ਕਮਿਸ਼ਨਰ (ਜਗਰਾਓਂ) ਦੀ ਪ੍ਰਧਾਨਗੀ ਹੇਠ ਸ਼ਿਕਾਇਤਾਂ ਕਮੇਟੀ/ਸ਼ਿਕਾਇਤਾਂ ਸੈੱਲ - ਬਣਾਏ ਗਏ ਹਨ। ਚੋਣ ਪ੍ਰਕਿਰਿਆ ਨਾਲ ਸਬੰਧਤ ਕਿਸੇ ਵੀ ਪ੍ਰੇਸ਼ਾਨੀ ਜਾਂ ਸ਼ਿਕਾਇਤ ਨੂੰ ਹੱਲ ਕਰਨ ਲਈ, ਇੱਕ ਸਮਰਪਿਤ ਸ਼ਿਕਾਇਤ ਸੈੱਲ (0161-2310430) ਦੀ ਸਥਾਪਨਾ ਕੀਤੀ ਗਈ ਹੈ। ਨਾਗਰਿਕਾਂ ਨੂੰ ਚੋਣ ਸਮੇਂ ਦੌਰਾਨ ਕਿਸੇ ਵੀ ਉਲੰਘਣਾ ਜਾਂ ਮੁੱਦਿਆਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਲੋਕ ਭਾਰਤੀ ਚੋਣ ਕਮਿਸ਼ਨ ਦੀ ਸੀ-ਵਿਜ਼ਿਲ ਐਪ ’ਤੇ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਸੀ-ਵਿਜਿਲ (ਨਾਗਰਿਕ ਚੌਕਸੀ) ਐਪ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੁਆਰਾ ਨਾਗਰਿਕਾਂ ਨੂੰ ਉਲੰਘਣਾ ਦੀ ਰਿਪੋਰਟ ਕਰਨ ਲਈ ਸ਼ਕਤੀ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਇੱਕ ਪਹਿਲ ਹੈ।
ਵਧੀਕ ਡਿਪਟੀ ਕਮਿਸ਼ਨਰ (ਜਗਰਾਓਂ) ਦੀ ਅਗਵਾਈ ਹੇਠ ਪ੍ਰਵਾਨਗੀ ਕਮੇਟੀ ਬਣਾਈ ਗਈ ਹੈ।
ਲੁਧਿਆਣਾ ਸ਼ਹਿਰ ’ਚ ਸਭ ਤੋਂ ਜ਼ਿਆਦਾ ਟਰਾਂਸਜੈਂਡਰ ਵੋਟਰ
ਲੁਧਿਆਣਾ (ਟਨਸ): ਆਮ ਚੋਣਾਂ ਦੇ ਲਈ ਜ਼ਿਲ੍ਹੇ ਦੇ ਵੋਟਰ ਤਿਆਰ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰ ਲਿਸਟ ਜਾਰੀ ਕਰ ਦਿੱਤੀ ਹੈ। ਲੁਧਿਆਣਾ ਵਿੱਚ 17 ਲੱਖ 28 ਹਜ਼ਾਰ 619 ਵੋਟਰ ਹਨ। ਜਿਨ੍ਹਾਂ ਵਿੱਚੋਂ ਟਰਾਂਸਜੈਂਡਰਾਂ ਦੀ ਗਿਣਤੀ 130 ਹੈ। ਇਹ 130 ਟਰਾਂਸਜੈਂਡਰ ਪਹਿਲੀ ਜੂਨ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਪੰਜਾਬ ਚੋਣ ਕਮਿਸ਼ਨ ਵੱਲੋਂ ਵੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਬੂਥਾਂ ਦੀ ਗਿਣਤੀ ਤੇ ਵੋਟਾਂ ਦੀ ਗਿਣਤੀ ਸੰਬੰਧੀ ਦਾ ਡੇਟਾ ਜਾਰੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਖੜ੍ਹਨ ਵਾਲੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ’ਚੋਂ 1 ਕਰੋੜ 11 ਲੱਖ 92 ਹਜ਼ਾਰ 959 ਮਰਦ ਵੋਟਰ, 1 ਕਰੋੜ 77 ਹਜ਼ਾਰ 543 ਔਰਤਾਂ ਵੋਟਰ ਅਤੇ 744 ਟਰਾਂਸਜੈਂਡਰ ਵੋਟਰ ਹਨ। ਜੇਕਰ ਟਰਾਂਸਜੈਂਡਰ ਵੋਟਰਾਂ ਦੀ ਗੱਲ ਕਰੀਏ ਤਾਂ ਇਸ ਵਾਰ ਉਨ੍ਹਾਂ ਦੀ ਅਹਿਮੀਅਤ ਵੀ ਅੱਗੇ ਨਾਲੋਂ ਜ਼ਿਆਦਾ ਰਹੇਗੀ। ਸੂਚੀ ਅਨੁਸਾਰ ਲੁਧਿਆਣਾ ’ਚ ਸਭ ਤੋਂ ਵੱਧ ਟਰਾਂਸਜੈਂਡਰ ਵੋਟਰ ਹਨ ਤੇ ਦੂਸਰੇ ਨੰਬਰ ’ਤੇ ਫਰੀਦਕੋਟ ਦੀ ਲੋਕ ਸਭਾ ’ਤੇ ਟਰਾਂਸਜੈਂਡਰ ਹਨ। ਉੱਥੇ ਸ੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਲਈ ਸਭ ਤੋਂ ਘੱਟ ਟਰਾਂਸਜੈਂਡਰ ਵੋਟਰ ਹਨ। ਲੁਧਿਆਣਾ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਲੋਕ ਸਭਾ ਸੀਟ ’ਤੇ 130 ਟਰਾਂਸਜੈਂਡਰ ਵੋਟਰ ਹਨ। ਉਧਰ, ਫਰੀਦਕੋਟ ਲੋਕ ਸਭਾ ਸੀਟ ’ਤੇ 81 ਟਰਾਂਸਜੈਂਡਰ ਵੋਟਰ ਹਨ, ਜਦੋਂ ਕਿ ਸ੍ਰੀ ਫਤਹਿਗੜ੍ਹ ਸਾਹਿਬ ’ਚ ਸਿਰਫ਼ 27 ਟਰਾਂਸਜੈਂਡਰ ਵੋਟਰ ਹਨ। ਮਹੰਤ ਭੋਲੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਟਰਾਂਸਜੈਂਡਰਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ, ਜੋ ਕਿ ਸ਼ਲਾਘਾਯੋਗ ਹੈ। ਉਹ ਸਾਰੇ ਟਰਾਂਸਜੈਂਡਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹਨ ਤਾਂ ਕਿ ਜੋ ਹੱਕ ਉਨ੍ਹਾਂ ਨੂੰ ਮਿਲਿਆ ਹੈ, ਉਹ ਪੂਰੀ ਸੋਚ ਸਮਝ ਕੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਤਾਂ ਕਿ ਦੇਸ਼ ’ਚ ਜੋ ਸਰਕਾਰ ਚੁਣੀ ਜਾਂਦੀ ਹੈ, ਉਸ ’ਚ ਆਪਣੀ ਜ਼ਿੰਮੇਵਾਰੀ ਨਿਭਾਉਣ।
ਜ਼ਿਲ੍ਹੇ ਵਿੱਚ 39 ਥਾਵਾਂ ’ਤੇ ਨਾਕੇ ਲੱਗਣਗੇ
ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਨੂੰ ਰੋਕਣ ਲਈ ਸਾਂਝੇ ਯਤਨਾਂ ਨਾਲ ਜ਼ਿਲ੍ਹੇ ਭਰ ਵਿੱਚ 39 ਨਾਕੇ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੁਲੀਸ ਕਮਿਸ਼ਨਰ ਲੁਧਿਆਣਾ (21 ਨਾਕਿਆਂ), ਐੱਸਐੱਸਪੀ ਖੰਨਾ (10 ਨਾਕੇ) ਅਤੇ ਐੱਸਐੱਸਪੀ ਦਿਹਾਤੀ/ਜਗਰਾਉਂ (8 ਨਾਕੇ) ਸ਼ਾਮਲ ਹਨ। ਬਿਨਾਂ ਕਿਸੇ ਮੁਸ਼ਕਲ ਦੇ ਵੋਟਿੰਗ ਨੂੰ ਯਕੀਨੀ ਬਣਾਉਣ ਲਈ 1842 ਪੋਲਿੰਗ ਬੂਥ ਲੁਧਿਆਣਾ ਸੰਸਦੀ ਹਲਕੇ ਲਈ ਹੋਣਗੇ।

Advertisement

ਇੱਕ ਲੱਖ ਤੋਂ ਵੱਧ ਕੈਸ਼ ਬਾਰੇ ਦੇਣੀ ਪਵੇਗੀ ਪੂਰੀ ਜਾਣਕਾਰੀ
ਸਾਕਸ਼ੀ ਸਾਹਨੀ ਨੇ ਸ਼ਨਿੱਚਰਵਾਰ ਨੂੰ ਬੈਂਕ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਸ਼ੱਕੀ ਲੈਣ-ਦੇਣ ਦੇ ਵੇਰਵੇ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ ਦੇ ਨਾਲ ਸਾਹਨੀ ਨੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੂੰ ਚੋਣਾਂ ਦੀ ਪ੍ਰਕਿਰਿਆ ਦੌਰਾਨ 1 ਲੱਖ ਰੁਪਏ ਤੋਂ ਵੱਧ ਦੇ ਖਾਤੇ ਵਿੱਚ ਅਸਾਧਾਰਨ ਅਤੇ ਸ਼ੱਕੀ ਨਗਦੀ ਨਿਕਾਸੀ ਜਾਂ ਜਮ੍ਹਾਂ ਕਰਨ ਦੀ ਰਿਪੋਰਟ ਕਰਨ ਲਈ ਕਿਹਾ ਅਤੇ ਪਿਛਲੇ ਦੋ ਮਹੀਨਿਆਂ ਦੌਰਾਨ ਜਮ੍ਹਾਂ ਜਾਂ ਕਢਵਾਉਣ ਦੀ ਅਜਿਹੀ ਕੋਈ ਵੀ ਘਟਨਾ ਬਾਰੇ ਜਾਣਕਾਰੀ ਦੇਣ ਲਈ ਕਿਹਾ।
ਹੁਣ ਮਨਜ਼ੂਰੀ ਤੋਂ ਬਾਅਦ ਹੀ ਹੋਣਗੀਆਂ ਮੀਟਿੰਗਾਂ ਤੇ ਰੈਲੀਆਂ
ਉਨ੍ਹਾਂ ਨੇ ਦੱਸਿਆ ਕਿ ਪਾਰਟੀ ਜਾਂ ਉਮੀਦਵਾਰ ਕਿਸੇ ਵੀ ਪ੍ਰਸਤਾਵਿਤ ਮੀਟਿੰਗ ਦੇ ਸਥਾਨ ਅਤੇ ਸਮੇਂ ਬਾਰੇ ਸਥਾਨਕ ਪੁਲੀਸ ਅਧਿਕਾਰੀਆਂ ਨੂੰ ਸਮੇਂ ਸਿਰ ਸੂਚਿਤ ਕਰੇਗਾ ਤਾਂ ਜੋ ਪੁਲੀਸ ਨੂੰ ਆਵਾਜਾਈ ਨੂੰ ਨਿਯੰਤਰਣ ਕਰਨ ਅਤੇ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਯੋਗ ਬਣਾਇਆ ਜਾ ਸਕੇ। ਲਾਊਡ ਸਪੀਕਰ ਦੀ ਵਰਤੋਂ ਦੇ ਲਈ ਪਹਿਲਾਂ ਲਾਇਸੈਂਸ ਜਾਂ ਇਜਾਜ਼ਤ ਲੈਣੀ ਪਵੇਗੀ। ਰੈਲੀ ਦਾ ਪ੍ਰਬੰਧ ਕਰਨ ਵਾਲੀ ਪਾਰਟੀ ਜਾਂ ਉਮੀਦਵਾਰ ਰੈਲੀ ਦੇ ਸ਼ੁਰੂ ਹੋਣ ਦਾ ਸਮਾਂ ਅਤੇ ਸਥਾਨ, ਜਿਸ ਰਸਤੇ ’ਤੇ ਚੱਲਣਾ ਹੈ ਅਤੇ ਜਲੂਸ ਦੀ ਸਮਾਪਤੀ ਦਾ ਸਮਾਂ ਅਤੇ ਸਥਾਨ ਪਹਿਲਾਂ ਹੀ ਤੈਅ ਕਰੇਗਾ।

Advertisement
Author Image

sanam grng

View all posts

Advertisement
Advertisement
×