For the best experience, open
https://m.punjabitribuneonline.com
on your mobile browser.
Advertisement

ਗੱਠਜੋੜ ਦੀਆਂ ਸਮੱਸਿਆਵਾਂ

06:21 AM Jan 06, 2024 IST
ਗੱਠਜੋੜ ਦੀਆਂ ਸਮੱਸਿਆਵਾਂ
Advertisement

ਕਾਂਗਰਸ ਨੇ ਸਾਰੇ ਸੂਬਿਆਂ ਦੇ ਪ੍ਰਧਾਨਾਂ, ਵਿਧਾਨ ਸਭਾਵਾਂ ਵਿਚ ਆਪਣੇ ਆਗੂਆਂ ਤੇ ਹੋਰ ਪ੍ਰਮੁੱਖ ਆਗੂਆਂ ਦੀ ਮੀਟਿੰਗ ਵਿਚ ਆਪਣਾ ਧਿਆਨ 255 ਸੀਟਾਂ ’ਤੇ ਕੇਂਦਰਿਤ ਕਰਨ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਇਹ ਮਹਿਸੂਸ ਕਰ ਰਹੀ ਹੈ ਕਿ ਉਸ ਨੂੰ ਵੱਖ ਵੱਖ ਸੂਬਿਆਂ ਵਿਚ ਨਾ ਸਿਰਫ਼ ਸਹਿਯੋਗੀ ਪਾਰਟੀਆਂ ਨਾਲ ਸਮਝੌਤਾ ਕਰਨਾ ਪੈਣਾ ਹੈ ਸਗੋਂ ਕਈ ਸੂਬਿਆਂ ਵਿਚ ਉਸ ਨੂੰ ਸੀਟਾਂ ਦੀ ਵੰਡ ਵਿਚ ਖੁੱਲ੍ਹਦਿਲੀ ਵਿਖਾਉਣ ਦੀ ਲੋੜ ਹੈ। ਕਾਂਗਰਸ ਦੀ ਪ੍ਰਮੁੱਖ ਸਮੱਸਿਆ ਉਸ ਦੇ ਸੂਬਾਈ ਪੱਧਰ ਦੇ ਆਗੂ ਹਨ। ਪੱਛਮੀ ਬੰਗਾਲ ਦੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਤ੍ਰਿਣਮੂਲ ਕਾਂਗਰਸ ’ਤੇ ਹਮਲਾ ਬੋਲਿਆ ਹੈ ਕਿ ਕਾਂਗਰਸ ਨੂੰ ਮਮਤਾ ਬੈਨਰਜੀ ਤੋਂ ਭੀਖ ਮੰਗਣ ਦੀ ਕੋਈ ਲੋੜ ਨਹੀਂ ਹੈ। ਅਧੀਰ ਰੰਜਨ ਚੌਧਰੀ ਗ਼ੈਰ-ਜ਼ਿੰਮੇਵਾਰਾਨਾ ਭਾਸ਼ਾ ਇਸਤੇਮਾਲ ਕਰਨ ਲਈ ਜਾਣਿਆ ਜਾਂਦਾ ਹੈ। ਕਾਂਗਰਸੀ ਆਗੂਆਂ ਦੀ ਭਾਸ਼ਾ ਹੀ ਗ਼ੈਰ-ਜ਼ਿੰਮੇਵਾਰਾਨਾ ਨਹੀਂ ਸਗੋਂ ਉਨ੍ਹਾਂ ਦਾ ਸਿਆਸੀ ਰਵੱਈਆ ਵੀ ਹੰਕਾਰ ਅਤੇ ਗਰੂਰ ਵਾਲਾ ਹੈ। ਮੱਧ ਪ੍ਰਦੇਸ਼ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸੀ ਆਗੂ ਕਮਲ ਨਾਥ ਨੇ ਸਮਾਜਵਾਦੀ ਪਾਰਟੀ ਅਤੇ ਹੋਰ ਆਗੂਆਂ ਨਾਲ ਸਮਝੌਤਾ ਕਰਨ ਤੋਂ ਇਨਕਾਰ ਕੀਤਾ। ਇਹੀ ਨਹੀਂ, ਉਸ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਬਾਰੇ ਭੱਦੀ ਭਾਸ਼ਾ ਦਾ ਇਸਤੇਮਾਲ ਕੀਤਾ। ਰਾਜਸਥਾਨ ਵਿਚ ਵੀ ਕਾਂਗਰਸ ਨੇ ਸੀਪੀਐੱਮ ਅਤੇ ਹੋਰ ਪਾਰਟੀਆਂ ਨਾਲ ਸਮਝੌਤਾ ਕਰਨ ਤੋਂ ਇਨਕਾਰ ਕੀਤਾ਼। ਜੇ ਕਾਂਗਰਸੀ ਆਗੂਆਂ ਦਾ ਰਵੱਈਆ ਨਹੀਂ ਬਦਲਦਾ ਤਾਂ ਉਸ ਦਾ ਬਹੁਤਾ ਨੁਕਸਾਨ ਕਾਂਗਰਸ ਨੂੰ ਹੀ ਹੋਣਾ ਹੈ, ਹੋਰ ਕਿਸੇ ਪਾਰਟੀ ਨੂੰ ਨਹੀਂ। ਪੰਜਾਬ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਸਮਝੌਤਾ ਹੋਣ ਦੇ ਆਸਾਰ ਬਹੁਤ ਘੱਟ ਹਨ। ਇਸ ਤਰ੍ਹਾਂ ‘ਇੰਡੀਆ’ ਗੱਠਜੋੜ ਸਾਂਝੇ ਮੰਚ ਵਜੋਂ ਸਾਹਮਣੇ ਨਹੀਂ ਆ ਰਿਹਾ।
2019 ਦੀਆਂ ਲੋਕ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਚ 22 ਸੀਟਾਂ ਜਿੱਤੀਆਂ ਸਨ ਤੇ ਭਾਰਤੀ ਜਨਤਾ ਪਾਰਟੀ ਨੇ 18 ਸੀਟਾਂ। ਕਾਂਗਰਸ ਨੂੰ ਸਿਰਫ਼ ਦੋ ਹਲਕਿਆਂ ਵਿਚ ਸਫਲਤਾ ਮਿਲੀ ਸੀ। 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਇਕ ਵੀ ਉਮੀਦਵਾਰ ਸਫਲ ਨਹੀਂ ਸੀ ਹੋਇਆ। ਸਿਆਸੀ ਮਾਹਿਰਾਂ ਅਨੁਸਾਰ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਤੇ ਸੀਪੀਐੱਮ ਵਿਚਕਾਰ ਚੋਣ ਸਮਝੌਤਾ ਨਹੀਂ ਹੋ ਸਕਦਾ। ਸੀਪੀਐੱਮ ਕਾਂਗਰਸ ’ਤੇ ਦਬਾਅ ਪਾ ਰਹੀ ਹੈ ਕਿ ਉਹ ਤ੍ਰਿਣਮੂਲ ਕਾਂਗਰਸ ਨਾਲ ਸਮਝੌਤਾ ਨਾ ਕਰੇ ਅਤੇ ਅਧੀਰ ਰੰਜਨ ਚੌਧਰੀ ਸੀਪੀਐੱਮ ਦੀ ਬੋਲੀ ਬੋਲ ਰਿਹਾ ਹੈ। ਸਿਆਸੀ ਸਮੀਕਰਨ ਕੁਝ ਵੀ ਹੋਣ, ਆਗੂਆਂ ਨੂੰ ਬੋਲਣ ਵਿਚ ਸੰਜਮ ਤੇ ਮਰਿਆਦਾ ਤੋਂ ਕੰਮ ਲੈਣਾ ਚਾਹੀਦਾ ਹੈ।
‘ਇੰਡੀਆ’ ਗੱਠਜੋੜ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਗੱਠਜੋੜ ਵਿਚ ਕਾਂਗਰਸ ਸਭ ਤੋਂ ਵੱਡੇ ਆਧਾਰ ਵਾਲੀ ਪਾਰਟੀ ਹੈ ਪਰ ਇਸ ਦੇ ਆਗੂਆਂ ਦਾ ਨਿੱਜੀ ਅਤੇ ਜਥੇਬੰਦਕ ਗਰੂਰ ਪਾਰਟੀ ਨੂੰ ਹੀ ਨਹੀਂ ਸਗੋਂ ਸਮੁੱਚੇ ‘ਇੰਡੀਆ’ ਗੱਠਜੋੜ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕਈ ਸੂਬਿਆਂ ਵਿਚ ਕਾਂਗਰਸੀ ਆਗੂਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੰਜਮ ਤੋਂ ਕੰਮ ਲੈਣ। ਪਾਰਟੀ ਨੂੰ ਸਾਰੇ ਆਗੂਆਂ ਨੂੰ ਅਨੁਸ਼ਾਸਨ ਵਿਚ ਰਹਿਣ ਦੀ ਤਾਕੀਦ ਕਰਨੀ ਚਾਹੀਦੀ ਹੈ। ਗੱਠਜੋੜ ਸੰਜਮ ਤੇ ਅਨੁਸ਼ਾਸਨ ਨਾਲ ਹੀ ਕਾਇਮ ਕੀਤਾ ਜਾ ਸਕਦਾ ਹੈ। ਕਾਂਗਰਸ ਨੇ ਹੁਣ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ ਨਿਆਂ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਯਾਤਰਾ ਉੱਤਰ ਪੂਰਬ ਤੋਂ ਸ਼ੁਰੂ ਹੋ ਕੇ 15 ਸੂਬਿਆਂ ਵਿਚੋਂ ਗੁਜ਼ਰੇਗੀ। ਅਜਿਹੀਆਂ ਪਹਿਲਕਦਮੀਆਂ ਨਾਲ ਕਾਂਗਰਸ ਨੂੰ ਭਾਵਨਾਤਮਕ ਹੁਲਾਰਾ ਤਾਂ ਮਿਲਦਾ ਹੈ ਪਰ ਲੋੜ ਅਜਿਹੇ ਭਾਵਨਾਤਮਕ ਕਦਮਾਂ ਨੂੰ ਠੋਸ ਸਿਆਸੀ ਪਹਿਲਕਦਮੀਆਂ ਅਤੇ ਕਾਰਵਾਈਆਂ ਵਿਚ ਬਦਲਣ ਦੀ ਹੈ; ਅਜਿਹਾ ਗੱਠਜੋੜ ਦੀ ਸਿਆਸਤ ਵਿਚ ਸੰਜਮ ਦਿਖਾਉਣ ਨਾਲ ਹੀ ਸੰਭਵ ਹੈ। ‘ਇੰਡੀਆ’ ਗੱਠਜੋੜ ਲਈ ਹਰ ਸੂਬੇ ਲਈ ਵੱਖਰੀ ਰਣਨੀਤੀ ਬਣਾਉਣ ਦਾ ਕਾਰਜ ਚੁਣੌਤੀਆਂ ਭਰਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×