ਕੋਚਿੰਗ ਸੈਂਟਰ ਮਾਮਲਾ: ਹਾਈ ਕੋਰਟ ਵੱਲੋਂ ਅਧਿਕਾਰੀਆਂ ਦੀ ਝਾੜ-ਝੰਬ
ਨਵੀਂ ਦਿੱਲੀ, 31 ਜੁਲਾਈ
ਦਿੱਲੀ ਹਾਈ ਕੋਰਟ ਨੇ ਓਲਡ ਰਾਜੇਂਦਰ ਨਗਰ ਦੇ ਇੱਕ ਕੋਚਿੰਗ ਸੈਂਟਰ ਦੀ ਇਮਾਰਤ ਦੀ ਬੇਸਮੈਂਟ ’ਚ ਪਾਣੀ ਭਰਨ ਕਾਰਨ ਤਿੰਨ ਯੂਪੀਐੈੱਸਸੀ ਉਮੀਦਵਾਰਾਂ ਦੀ ਮੌਤ ਦੇ ਮਾਮਲੇ ’ਚ ਅੱਜ ਅਧਿਕਾਰੀਆਂ ਦੀ ਝਾੜ-ਝੰਬ ਕੀਤੀ ਹੈ। ਬੇਸਮੈਂਟ ’ਚ ਮੌਤਾਂ ਦੀ ਇਹ ਘਟਨਾ 27 ਜੁਲਾਈ ਨੂੰ ਵਾਪਰੀ ਸੀ। ਮਾਮਲੇ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ, ਸਬੰਧਤ ਡੀਸੀਪੀ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਸ਼ੁੱਕਰਵਾਰ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਲਈ ਆਖਿਆ ਅਤੇ ਓਲਡ ਰਾਜੇਂਦਰ ਨਗਰ ਇਲਾਕੇ ’ਚ ਨਾਲਿਆਂ ’ਤੇ ਸਾਰੀਆਂ ਨਾਜਾਇਜ਼ ਉਸਾਰੀਆਂ ਤੇ ਕਬਜ਼ੇ ਸ਼ੁੱਕਰਵਾਰ ਤੱਕ ਹਟਾਉਣ ਦੀ ਨਿਰਦੇਸ਼ ਵੀ ਦਿੱਤਾ।
ਅਦਾਲਤ ਨੇ ਪਟੀਸ਼ਨ ’ਚ ਦਿੱਲੀ ਪੁਲੀਸ ਨੂੰ ਵੀ ਧਿਰ ਬਣਾਇਆ ਤੇ ਮਾਮਲੇ 2 ਅਗਸਤ ਨੂੰ ਅਗਲੀ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਇਸੇ ਦੌਰਾਨ ਦਿੱਲੀ ਦੀ ਇੱਕ ਅਦਾਲਤ ਨੇ ਮਾਮਲੇ ’ਚ ਕਥਿਤ ਭੂਮਿਕਾ ਲਈ ਐੱਸਯੂਵੀ ਡਰਾਈਵਰ ਤੋਂ ਇਲਾਵਾ ਬੇਸਮੈਂਟ ਦੇ ਚਾਰ ਸਹਿ ਮਾਲਕਾਂ ਤੇਜਿੰਦਰ ਸਿੰਘ, ਪਰਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਦੀਆਂ ਜ਼ਮਾਨਤ ਅਰਜ਼ੀਆਂ ਵੀ ਖਾਰਜ ਕਰ ਦਿੱਤੀਆਂ। ਦੂਜੇ ਪਾਸੇ ਰਾਜ ਭਵਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਪ ਰਾਜਪਾਲ ਵੀਕੇ ਸਕਸੈਨਾ ਨੇ ਅੱਜ ਮੁੱਖ ਸਕੱਤਰ ਦੀ ਅਗਵਾਈ ਹੇਠ ਕਮੇਟੀ ਬਣਾਈ ਹੈ ਜਿਹੜੀ ਸ਼ਹਿਰ ਵਿੱਚ ਕੋਚਿੰਗ ਸੈਂਟਰਾਂ ਨੂੰ ਰੈਗੂਲੇਟ ਕਰਨ ਤੇ ਵਿਦਿਆਰਥੀਆਂ ਮੁਸ਼ਕਲਾਂ ਦੇ ਹੱਲ ਲਈ ਦਿਸ਼ਾ ਨਿਰਦੇਸ਼ ਤਿਆਰ ਕਰੇਗੀ। ਇਸ ਦੌਰਾਨ ਰਾਓ’ਜ਼ ਆਈਏਐੱਸ ਸਟੱਡੀ ਸਰਕਲ ਦੇ 16 ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਗਏ ਹਨ। -ਪੀਟੀਆਈ