ਕੋਚਿੰਗ ਸੈਂਟਰ ਬੇਸਮੈਂਟ ਹਾਦਸਾ: ਦਿੱਲੀ ਪੁਲੀਸ ਨੇ ਸੈਂਟਰ ਦੇ ਮਾਲਕ ਤੇ ਕੋਆਰਡੀਨੇਟਰ ਨੂੰ ਹਿਰਾਸਤ ’ਚ ਲਿਆ
ਨਵੀਂ ਦਿੱਲੀ, 28 ਜੁਲਾਈ
ਦਿੱਲੀ ਪੁਲੀਸ ਨੇ ਕੋਚਿੰਗ ਸੈਂਟਰ ਦੇ ਮਾਲਕ ਤੇ ਕੋਆਰਡੀਨੇਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੇਸਮੈਂਟ ਵਿਚਲੇ ਕੋਚਿੰਗ ਸੈਂਟਰ ’ਚ ਮੀਂਹ ਦਾ ਪਾਣੀ ਭਰਨ ਨਾਲ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।
ਪੁਲੀਸ ਨੇ ਉਨ੍ਹਾਂ ਖਿਲਾਫ਼ ਗੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਹੈ। ਦਿੱਲੀ ਦੀ ਮਾਲੀਆ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਘਟਨਾ ਦੀ ਜਾਂਚ ਤੇ 24 ਘੰਟਿਆਂ ਅੰਦਰ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਆਤਿਸ਼ੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਘਟਨਾ ਦੀ ਜਾਂਚ ਲਈ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।’’ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕੋਚਿੰਗ ਸੈਂਟਰ ਹਾਦਸੇ ਦੇ ਹਵਾਲੇ ਨਾਲ ਕਿਹਾ, ‘‘ਇਹ ਕਤਲ ਹੈ, ਕੋਈ ਦੁਰਘਟਨਾ ਨਹੀਂ।’’ ਉਧਰ ਦਿੱਲੀ ਦੇ ਮੇਅਰ ਨੇ ਬੇਸਮੈਂਟਾਂ ਵਿਚ ਚੱਲ ਰਹੇ ਕੋਚਿੰਗ ਸੈਂਟਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਡੀਸੀਪੀ ਐੱਮ.ਹਰਸ਼ਵਰਧਨ ਨੇ ਕਿਹਾ, ‘‘ਅਸੀਂ ਰਾਜਿੰਦਰ ਨਗਰ ਪੁਲੀਸ ਥਾਣੇ ਵਿਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਦੋ ਵਿਅਕਤੀਆਂ- ਕੋਚਿੰਗ ਸੈਂਟਰ ਦੇ ਮਾਲਕ ਤੇ ਕੋਆਰਡੀਨੇਟਰ ਨੂੰ ਹਿਰਾਸਤ ਵਿਚ ਲਿਆ ਹੈ।’’ ਡੀਸੀਪੀ ਨੇ ਕਿਹਾ, ‘‘ਤਲਾਸ਼ੀ ਤੇ ਬਚਾਅ ਕਾਰਜ ਮੁੱਕ ਗਏ ਹਨ। ਬੇਸਮੈਂਟ ਵਿਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਸਾਰਿਆਂ ਦੀ ਪਛਾਣ ਹੋ ਗਈ ਹੈ ਤੇ ਅਸੀਂ ਪੀੜਤ ਪਰਿਵਾਰਾਂ ਨੂੰ ਹਾਦਸੇ ਬਾਰੇ ਦੱਸ ਦਿੱਤਾ ਹੈ।’’ ਪੀੜਤ ਵਿਦਿਆਰਥੀਆਂ ਦੀ ਪਛਾਣ ਸ਼੍ਰੇਆ ਯਾਦਵ ਵਾਸੀ ਅੰਬੇਦਕਰ ਨਗਰ, ਉੱਤਰ ਪ੍ਰਦੇਸ਼, ਤਾਨਿਆ ਸੋਨੀ ਵਾਸੀ ਤਿਲੰਗਾਨਾ ਤੇ ਏਰਨਾਕੁਲਮ (ਕੇਰਲਾ) ਦੇ ਨਵੀਨ ਦਾਲਵਿਨ ਵਜੋਂ ਹੋਈ ਹੈ। ਉਧਰ ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਤੇ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਬੰਸੁਰੀ ਸਵਰਾਜ ਨੇ ਮੌਕੇ ਦਾ ਦੌਰਾ ਕੀਤਾ ਤੇ ਇਸ ਘਟਨਾ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਸਥਾਨਕ ਵਿਧਾਇਕ ਨੇ ਡਰੇਨਾਂ ਸਾਫ ਕਰਵਾਉਣ ਸਬੰਧੀ ਸਥਾਨਕ ਲੋਕਾਂ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕੀਤਾ। ਸੱਚਦੇਵਾ ਨੇ ਕਿਹਾ ਕਿ ਜਲ ਬੋਰਡ ਮੰਤਰੀ ਆਤਿਸ਼ੀ ਤੇ ਸਥਾਨਕ ਵਿਧਾਇਕ ਦੁਰਗੇਸ਼ ਪਾਠਕ ਨੂੰ ਫੌਰੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣਾ ਚਾਹੀਦਾ ਹੈ। -ਪੀਟੀਆਈ