ਸੀਐੱਨਜੀ ਬਾਇਓ ਗੈਸ ਪਲਾਂਟ: ਤਾਲਮੇਲ ਸੰਘਰਸ਼ ਕਮੇਟੀ ਦੀ ਅਧਿਕਾਰੀਆਂ ਨਾਲ ਮੀਟਿੰਗ ਬੇਸਿੱਟਾ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 8 ਮਾਰਚ
ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਲੱਗ ਰਹੇ ਸੀਐੱਨਜੀ ਬਾਇਓ ਗੈਸ ਪਲਾਂਟ ਦਾ ਵਿਰੋਧ ਕਰ ਰਹੀ ਤਾਲਮੇਲ ਸੰਘਰਸ਼ ਕਮੇਟੀ ਦੀ ਡੀਸੀ ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਐੱਸਐੱਸਪੀ ਜਲੰਧਰ ਗੁਰਮੀਤ ਸਿੰਘ ਤੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਾਣਾ ਮੰਡੀ ਭੋਗਪੁਰ ਵਿੱਚ ਮੀਟਿੰਗ ਹੋਈ।
ਇਸ ਕਮੇਟੀ ’ਚ ਕਿਸਾਨ ਜਥੇਬੰਦੀਆਂ, ਸਿਆਸੀ ਆਗੂ, ਮਾਰਕੀਟ ਐਸੋਸੀਏਸ਼ਨ ਭੋਗਪੁਰ, ਇਲਾਕੇ ਦੇ ਪੰਚ-ਸਰਪੰਚ ਤੇ ਮੋਹਤਬਰ ਸ਼ਾਮਲ ਹੋਏ। ਇਸ ਦੌਰਾਨ ਸੀਐੱਨਜੀ ਬਾਇਓ ਗੈਸ ਪਲਾਂਟ ਨੂੰ ਚਾਲੂ ਕਰਨ ਬਾਰੇ ਵਿਚਾਰਾਂ ਹੋਈਆਂ। ਬੁਲਾਰਿਆਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਹਰਵਿੰਦਰ ਸਿੰਘ ਡੱਲੀ, ਅਮਿਤਪਾਲ ਸਿੰਘ ਖਰਲ, ਅਸ਼ਵਨ ਭੱਲਾ, ਰਾਕੇਸ਼ ਬੱਗਾ, ਵਿਸ਼ਾਲ ਬਹਿਲ, ਰਾਜ ਕੁਮਾਰ ਰਾਜਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਅਮਰਜੀਤ ਸਿੰਘ ਚੌਲਾਂਗ, ਗੁਰਦੀਪ ਸਿੰਘ ਚੱਕ ਝੱਡੂ ਅਤੇ ਮੋਨੂੰ ਤੇਜ਼ੀ ਨੇ ਦੱਸਿਆ ਕਿ ਜੇ ਭੋਗਪੁਰ ਸ਼ਹਿਰ ਵਿੱਚ ਸੀਐੱਨਜੀ ਬਾਇਓ ਗੈਸ ਪਲਾਂਟ ਚਾਲੂ ਹੋ ਗਿਆ ਤਾਂ ਇਲਾਕੇ ਦਾ ਧਰਤੀ ਹੇਠਲਾ ਪਾਣੀ ਤੇ ਹਵਾ ਪ੍ਰਦੂਸ਼ਣ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਡਰ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ 85 ਦੇ ਕਰੀਬ ਸੀਐੱਨਜੀ ਬਾਇਓ ਗੈਸ ਪਲਾਂਟ ਲੱਗਣ ਨਾਲ ਇਹ ਸੂਬੇ ਦੇ ਵਾਸੀਆਂ ਲਈ ਮੌਤ ਦੇ ਵਾਰੰਟ ਸਾਬਿਤ ਹੋਣਗੇ।
ਬੁਲਾਰਿਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਭੋਗਪੁਰ ਸ਼ਹਿਰ ਵਿੱਚ ਸੀਐੱਨਜੀ ਬਾਇਓ ਗੈਸ ਪਲਾਂਟ ਨਹੀਂ ਲੱਗਣ ਦੇਣਗੇ।
ਡੀਸੀ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਸੰਘਰਸ਼ ਤਾਲਮੇਲ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਜੇ ਬਾਇਓ ਗੈਸ ਪਲਾਂਟ ਲੱਗਣ ਨਾਲ ਇਲਾਕੇ ਦਾ ਪਾਣੀ, ਹਵਾ ਅਤੇ ਵਾਤਾਵਰਣ ਪ੍ਰਦੂਸ਼ਿਤ ਹੋਵੇਗਾ ਤਾਂ ਪਲਾਂਟ ਲਗਾਉਣ ਵਾਲੀ ਕੰਪਨੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਪਲਾਂਟ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਕਰਨ ਲਈ ਸਰਕਾਰੀ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਦੀਆਂ ਦਰਪੇਸ਼ ਮਸਲਿਆਂ ਨੂੰ ਮੌਕੇ ’ਤੇ ਹੀ ਹੱਲ ਕੀਤਾ ਜਾਵੇਗਾ।
ਦੂਜੇ ਪਾਸੇ, ਤਾਲਮੇਲ ਸੰਘਰਸ਼ ਕਮੇਟੀ ਨੇ ਕਿਹਾ ਪਲਾਂਟ ਦੀ ਉਸਾਰੀ ਹੀ ਨਹੀਂ ਹੋਣ ਦਿੱਤੀ ਜਾਵੇਗੀ। ਬਾਅਦ ਵਿੱਚ ਤਾਲਮੇਲ ਸੰਘਰਸ਼ ਕਮੇਟੀ ਨੇ ਕੰਪਨੀ ਵੱਲੋਂ ਵਿਰੋਧ ਕਰਨ ਵਾਲੇ ਆਗੂਆਂ ਉੱਪਰ ਅਦਾਲਤ ਵਿੱਚ ਕੀਤੇ ਕੇਸ ਲੜਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।