ਸੀਐੱਮ ਦੀ ਯੋਗਸ਼ਾਲਾ: ਮੁਹਾਲੀ ’ਚ ਲੱਗ ਰਹੇ ਨੇ ਰੋਜ਼ਾਨਾ 92 ਸੈਸ਼ਨ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 17 ਜੂਨ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਸ਼ੁਰੂ ਕੀਤੀ ‘ਸੀਐਮ ਦੀ ਯੋਗਸ਼ਾਲਾ’ ਤਹਿਤ ਸ਼ਹਿਰ ਵਿੱਚ ਰੋਜ਼ਾਨਾ 92 ਯੋਗ ਸੈਸ਼ਨ ਲਗਾਏ ਜਾ ਰਹੇ ਹਨ। ਮੁਹਾਲੀ ਦੇ ਐੱਸਡੀਐੱਮ ਦੀਪਾਂਕਰ ਗਰਗ ਨੇ ਦੱਸਿਆ ਕਿ ਸ਼ਹਿਰ ਵਿੱਚ 18 ਯੋਗਾ ਟਰੇਨਰ ਲੋਕਾਂ ਨੂੰ ਮੁਫ਼ਤ ਯੋਗ ਸੈਸ਼ਨ ਲਗਾ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਐਂਪਲਾਈਜ਼ ਸੁਸਾਇਟੀ ਸੈਕਟਰ-68, ਫੇਜ਼-6 ਵਿੱਚ ਪਾਰਕ ਨੰਬਰ-23, ਪਾਰਕ ਨੰਬਰ-25, ਫੇਜ਼-4, ਜੇਐਲਪੀਐਲ ਸੁਸਾਇਟੀ ਸੈਕਟਰ-94, ਫੇਜ਼-1 ਦੇ ਪਾਰਕ ਨੰਬਰ-23 ਅਤੇ ਪਿੰਡ ਢੇਲਪੁਰ ਸਮੇਤ ਕੁੱਲ 92 ਥਾਵਾਂ ’ਤੇ ਰੋਜ਼ਾਨਾ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਇੱਥੋਂ ਦੇ ਫੇਜ਼-4 ਵਿੱਚ ਯੋਗ ਕਲਾਸਾਂ ਲਗਾ ਰਹੇ ਟਰੇਨਰ ਸ਼ਿਵਨੇਤਰ ਸਿੰਘ ਨੇ ਕਿਹਾ ਕਿ ਲੋਕਾਂ ਵਿੱਚ ਯੋਗ ਪ੍ਰਤੀ ਹਾਂ-ਪੱਖੀ ਸੋਚ ਬਣਨ ਲੱਗੀ ਹੈ। ਐਂਪਲਾਈਜ਼ ਸੁਸਾਇਟੀ ਸੈਕਟਰ-68 ਵਿੱਚ ਕਲਾਸਾਂ ਲਗਾ ਰਹੇ ਇੰਸਟਰੱਕਟਰ ਸੁਰਿੰਦਰ ਝਾਅ ਅਨੁਸਾਰ ਹੁਣ ਯੋਗ ਲਈ ਔਰਤਾਂ ਦੇ ਨਾਲ ਵੱਡੀ ਗਿਣਤੀ ਵਿੱਚ ਪੁਰਸ਼ ਵੀ ਆ ਰਹੇ ਹਨ। ਜ਼ਿਲ੍ਹਾ ਯੋਗ ਕਲਾਸ ਕੋਆਰਡੀਨੇਟਰ ਪ੍ਰਤਿਮਾ ਡਾਵਰ ਅਨੁਸਾਰ ਔਰਤਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਕਲਾਸਾਂ ਦਾ ਪ੍ਰਬੰਧ ਵੀ ਹੈ।
ਮਿਸਾਲ ਵਜੋਂ ਫੇਜ਼-6 ਪਾਰਕ ਨੰਬਰ-23 ਅਤੇ ਐਂਪਲਾਈਜ਼ ਸੁਸਾਇਟੀ ਸੈਕਟਰ-68 ਵਿੱਚ ਸਿਰਫ਼ ਪੁਰਸ਼ਾਂ ਦੀ ਯੋਗਾ ਕਲਾਸ ਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇੱਕ ਟਰੇਨਰ 5 ਤੋਂ ਵੱਧ ਕਲਾਸਾਂ ਲਾਉਣ ਦੀ ਸਮਰੱਥਾ ਰੱਖਦਾ ਹੈ ਅਤੇ ਕਲਾਸਾਂ ਸਵੇਰੇ 5 ਵਜੇ ਤੋਂ ਸ਼ੁਰੂ ਕਰਕੇ ਦੇਰ ਸ਼ਾਮ ਸਵਾ 8 ਵਜੇ ਤੱਕ ਜਾਰੀ ਰਹਿੰਦੀਆਂ ਹਨ। ਨਵੇਂ ਬੈਚ ਲਈ 25 ਮੈਂਬਰਾਂ ਦਾ ਹੋਣਾ ਲਾਜ਼ਮੀ ਹੈ। ਇਸ ਸਬੰਧੀ ਹਨੰਬਰ 76694-00500 ’ਤੇ ਤਾਲਮੇਲ ਕਰਕੇ ਕੋਚ ਦੀ ਮੰਗ ਕੀਤੀ ਜਾ ਸਕਦੀ ਹੈ।