CM’s Road Show: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਆਪ’ ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਦਸੰਬਰ
ਨਗਰ ਨਿਗਮ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਇੱਥੇ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ ਗਿਆ ਹੈ। ਗੁਰੂ ਕੀ ਨਗਰੀ ਦੇ ਸਰਬਪੱਖੀ ਵਿਕਾਸ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਰਾਹ ਛੱਡ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਕੀ ਨਗਰੀ ਦੇ ਵਿਕਾਸ ਵਾਸਤੇ ਉਹ ਕਦੇ ਵੀ ਨਾ ਨਹੀਂ ਕਰ ਸਕਦੇ ਅਤੇ ਸਥਾਨਕ ਸਰਕਾਰਾਂ ਦੇ ਪ੍ਰਤੀਨਿਧ ਵੱਲੋਂ ਜੋ ਵੀ ਲਿਖ ਕੇ ਆਵੇਗਾ, ਉਸ ਨੂੰ ਉਹ ਮਨਜ਼ੂਰ ਕਰ ਲੈਣਗੇ। ਉਨ੍ਹਾਂ ਸ਼ਹਿਰ ਵਿੱਚ ਇਲੈਕਟਰਿਕ ਬੱਸਾਂ ਚਲਾਉਣ, ਸੀਵਰੇਜ ਪ੍ਰਣਾਲੀ ਵਿੱਚ ਸੁਧਾਰ ਅਤੇ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਵਿਰੋਧੀਆਂ ਨੂੰ ਵੀ ਆੜੇ ਹੱਥੀਂ ਲਿਆ ਤੇ ਬਿਨਾਂ ਨਾਮ ਲਏ ਆਖਿਆ ਕਿ ਇੱਕ ਤਾਂ ਵਿਚਾਲੇ ਛੱਡ ਗਏ ਹਨ ਤੇ ਦੂਜੇ ਆਪਸ ਵਿੱਚ ਲੜ ਰਹੇ ਹਨ। ਵਿਦੇਸ਼ ਲਈ ਪ੍ਰਵਾਸ ਕਰ ਰਹੇ ਪੰਜਾਬੀ ਨੌਜਵਾਨਾਂ ਨੂੰ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਰਹਿ ਕੇ ਰੰਗਲਾ ਪੰਜਾਬ ਬਣਾਉਣ ਵਿੱਚ ਮਦਦ ਕਰਨ। ਉਨ੍ਹਾਂ ਨੂੰ ਇੱਥੇ ਹੀ ਮੈਰਿਟ ਦੇ ਆਧਾਰ ’ਤੇ ਨੌਕਰੀਆਂ ਮਿਲਣਗੀਆਂ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ, ਵਿਧਾਇਕ ਅਤੇ ਅੰਮ੍ਰਿਤਸਰ ਨਗਰ ਨਿਗਮ ਦੀ ਚੋਣ ਲੜ ਰਹੇ ‘ਆਪ’ ਉਮੀਦਵਾਰ ਤੇ ਹੋਰ ਸ਼ਾਮਲ ਸਨ।