ਰਾਣੀਆਂ ਨਗਰ ਕੌਂਸਲ ਦਫ਼ਤਰ ’ਚ ਸੀਐੱਮ ਉੱਡਣ ਦਸਤੇ ਦਾ ਛਾਪਾ
ਜਗਤਾਰ ਸਮਾਲਸਰ
ਏਲਨਾਬਾਦ, 22 ਨਵੰਬਰ
ਸੜਕ ਨਿਰਮਾਣ ਸਬੰਧੀ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਅੱਜ ਸੀਐੱਮ ਉੱਡਣ ਦਸਤੇ ਦੀ ਟੀਮ ਨੇ ਰਾਣੀਆਂ ਨਗਰ ਕੌਂਸਲ ਦਫ਼ਤਰ ਵਿੱਚ ਛਾਪਾ ਮਾਰਿਆ ਅਤੇ ਰਿਕਾਰਡ ਦੀ ਪੜਤਾਲ ਕੀਤੀ। ਉੱਡਣ ਦਸਤੇ ਦੀ ਟੀਮ ਦੇ ਐੱਸਆਈ ਰਾਜੇਸ਼ ਕੁਮਾਰ ਅਤੇ ਚੰਦਰਭਾਨ ਨੇ ਦੱਸਿਆ ਕਿ ਰਾਣੀਆਂ ਨਗਰ ਕੌਂਸਲ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਹੋਣ ਦੀਆਂ ਸ਼ਿਕਾਇਤਾਂ ਮੁੱਖ ਮੰਤਰੀ ਕੋਲ ਕੀਤੀਆਂ ਗਈਆਂ ਸਨ। ਇਨ੍ਹਾਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਸੀਐਮ ਉੱਡਣ ਦਸਤੇ ਦੀ ਟੀਮ ਨੇ ਛਾਪਾ ਮਾਰਿਆ ਹੈ। ਟੀਮ ਸਵੇਰੇ 9 ਵਜੇ ਨਗਰ ਕੌਂਸਲ ਦਫ਼ਰਤ ਪੁੱਜੀ ਜਿਸ ਨੇ ਸਭ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ। ਇਸ ਤੋਂ ਬਾਅਦ ਟੀਮ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ। ਟੀਮ ਦੀ ਆਮਦ ’ਤੇ ਨਗਰ ਕੌਂਸਲ ਦਫ਼ਤਰ ’ਚ ਹਲਚਲ ਮੱਚ ਗਈ ਅਤੇ ਅਧਿਕਾਰੀ ਤੇ ਕਰਮਚਾਰੀ ਦਫ਼ਤਰ ਵਿੱਚ ਦਸਤਾਵੇਜ਼ਾਂ ਦੀ ਸਕੈਨਿੰਗ ਕਰਦੇ ਦੇਖੇ ਗਏ। ਜਾਣਕਾਰੀ ਅਨੁਸਾਰ ਟੀਮ ਵੱਲੋਂ ਸ਼ਿਕਾਇਤਾਂ ਅਨੁਸਾਰ ਗਲੀਆਂ ਦੇ ਵਿਕਾਸ ਕਾਰਜਾਂ ਦੀ ਰਿਪੋਰਟ ਲਈ ਗਈ ਹੈ ਅਤੇ ਸਫ਼ਾਈ ਸ਼ਾਖਾ ਅਤੇ ਲਾਈਟ ਬਰਾਂਚ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਗਈ ਹੈ। ਟੀਮ ਅਧਿਕਾਰੀਆਂ ਮੁਤਾਬਕ ਇੱਕ ਦਿਨ ਵਿੱਚ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਨਾ ਸੰਭਵ ਨਹੀਂ ਹੈ। ਇਸ ਲਈ ਭਲਕੇ ਵੀ ਪੜਤਾਲ ਦੀ ਪ੍ਰਕਿਰਿਆ ਜਾਰੀ ਰਹਿ ਸਕਦੀ ਹੈ।