ਸੀਐੱਮ ਉੱਡਣ ਦਸਤੇ ਵੱਲੋਂ ਪ੍ਰਾਈਵੇਟ ਸਕੂਲ ’ਚ ਪੜਤਾਲ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 29 ਨਵੰਬਰ
ਸੀਐੱਮ ਉਡਣ ਦਸਤੇ, ਆਰਟੀਏ, ਖੂਫ਼ੀਆ ਵਿਭਾਗ ਅਤੇ ਸਿੱਖਿਆ ਵਿਭਾਗ ਦੀ ਸਾਂਝੀ ਟੀਮ ਨੇ ਕਾਰਵਾਈ ਕਰਦੇ ਹੋਏ ਤਖਤਮੱਲ ਰੋਡ ’ਤੇ ਸਥਿਤ ਇਕ ਨਿੱਜੀ ਸਕੂਲ ਦੀ ਜਾਂਚ ਕੀਤੀ। ਜਾਂਚ ਦੌਰਾਨ ਕਈ ਬੇਨਿਯਮੀਆਂ ਪਾਈਆਂ ਗਈਆਂ, ਜਿਸ ਦੀ ਰਿਪੋਰਟ ਤਿਆਰ ਕਰਕੇ ਸਿੱਖਿਆ ਵਿਭਾਗ ਨੂੰ ਭੇਜੀ ਜਾਵੇਗੀ। ਟੀਮ ’ਚ ਬਲਾਕ ਸਿੱਖਿਆ ਅਫ਼ਸਰ ਵਿਨੋਦ ਸ਼ਿਓਰਾਣ, ਪ੍ਰੋ. ਰਾਮ ਲਾਲ ਬਲਜੋਤ, ਆਰਟੀਏ ਦਫ਼ਤਰ ਤੋਂ ਸਹਾਇਕ ਸਕੱਤਰ ਨਰਿੰਦਰ ਰਾਠੀ, ਸੀਐੱਮ ਫਲਾਇੰਗ ਤੋਂ ਐੱਸਆਈ ਰਾਜੇਸ਼ ਕੁਮਾਰ ਅਤੇ ਖੂਫ਼ੀਆ ਵਿਭਾਗ ਦੇ ਇੰਚਾਰਜ ਬਲਬੀਰ ਸਿੰਘ, ਸਤਪਾਲ ਸਿੰਘ, ਮਲਕੀਤ ਸਿੰਘ ਮੌਜੂਦ ਸਨ। ਖੂਫੀਆ ਵਿਭਾਗ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਕੂਲ ਦੀ ਮਾਨਤਾ ਸਮੇਤ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ ਜਿਸ ਦੀ ਰਿਪੋਰਟ ਤਿਆਰ ਕਰਕੇ ਵਿਭਾਗ ਨੂੰ ਭੇਜੀ ਜਾਵੇਗੀ। ਇਸ ਤੋਂ ਇਲਾਵਾ ਜਦੋਂ ਦੋ ਸਕੂਲੀ ਬੱਸਾਂ ਦੇ ਦਸਤਾਵੇਜ਼ਾਂ ਵਿੱਚ ਖਾਮੀਆਂ ਪਾਈਆਂ ਗਈਆਂ ਤਾਂ ਦੋਵਾਂ ਬੱਸਾਂ ਨੂੰ 49,500 ਰੁਪਏ ਦਾ ਜੁਰਮਾਨਾ ਕੀਤਾ ਗਿਆ। ਦੱਸ ਦੇਈਏ ਕਿ ਸੀਐੱਮ ਫਲਾਇੰਗ, ਆਰਟੀਏ ਅਤੇ ਖੂਫੀਆ ਵਿਭਾਗ ਦੀ ਟੀਮ ਨੇ ਤਿੰਨ ਦਿਨ ਪਹਿਲਾਂ ਕਾਰਵਾਈ ਕਰਦੇ ਹੋਏ ਬਿਨਾਂ ਪਰਮਿਟ ਚੱਲ ਰਹੀਆਂ ਪੰਜਾਬ ਦੇ ਦੋ ਪ੍ਰਾਈਵੇਟ ਬੱਸਾਂ ਨੂੰ ਜ਼ਬਤ ਕੀਤੀਆਂ ਸਨ।