ਸੀਐੱਮ ਫਲਾਇੰਗ ਟੀਮ ਵੱਲੋਂ ਨਗਰ ਪਾਲਿਕਾ ਦਫ਼ਤਰ ’ਚ ਛਾਪਾ
ਸਤਪਾਲ ਰਾਮਗੜ੍ਹੀਆ
ਪਿਹੋਵਾ, 14 ਫਰਵਰੀ
ਪਿਹੋਵਾ ਵਿੱਚ ਸੀਐੱਮ ਫਲਾਇੰਗ ਟੀਮ ਨੇ ਅੱਜ ਨਗਰ ਪਾਲਿਕਾ ਦੇ ਦਫ਼ਤਰ ਵਿੱਚ ਛਾਪਾ ਮਾਰਿਆ। ਟੀਮ ਨੇ ਦਫ਼ਤਰ ਦੇ ਰਿਕਾਰਡ, ਹਾਜ਼ਰੀ ਰਜਿਸਟਰ ਅਤੇ ਕੂੜੇ ਨਾਲ ਸਬੰਧਤ ਰਿਕਾਰਡਾਂ ਦੀ ਜਾਂਚ ਕੀਤੀ। ਟੀਮ ਦੇ ਅਚਾਨਕ ਛਾਪਾ ਮਾਰਨ ਕਾਰਨ ਦਫਤਰ ਦੇ ਕਰਮਚਾਰੀਆਂ ਵਿੱਚ ਹਫੜਾਦਫੜੀ ਮਚ ਗਈ। ਛਾਪੇ ਦੌਰਾਨ ਨਗਰ ਪਾਲਿਕਾ ਦੇ ਸਕੱਤਰ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸਨ। ਸਵੇਰੇ ਲਗਪਗ 9.15 ਵਜੇ, ਸੀਐੱਮ ਫਲਾਇੰਗ ਟੀਮ ਨੇ ਪਿਹੋਵਾ ਦੇ ਨਗਰ ਪਾਲਿਕਾ ਦਫ਼ਤਰ ’ਤੇ ਦਸਤਕ ਦਿੱਤੀ। ਜਿਵੇਂ ਹੀ ਟੀਮ ਪਹੁੰਚੀ, ਉਨ੍ਹਾਂ ਨੇ ਹਾਜ਼ਰੀ ਰਜਿਸਟਰ ਦੀ ਜਾਂਚ ਕੀਤੀ। ਇਸ ਵਿੱਚ ਨਗਰਪਾਲਿਕਾ ਸਕੱਤਰ ਅਤੇ ਇੱਕ ਸਫਾਈ ਕਰਮਚਾਰੀ ਗੈਰਹਾਜ਼ਰ ਪਾਏ ਗਏ। ਨਗਰ ਪਾਲਿਕਾ ਦੇ ਰਿਕਾਰਡ ਅਨੁਸਾਰ, ਨਗਰ ਪਾਲਿਕਾ ਦੇ ਸਕੱਤਰ ਛੁੱਟੀ ’ਤੇ ਸਨ। ਜਦੋਂਕਿ ਸਫਾਈ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਡਿਊਟੀ ’ਤੇ ਰਿਪੋਰਟ ਨਹੀਂ ਕਰ ਰਿਹਾ ਸੀ। ਸੀਐੱਮ ਫਲਾਇੰਗ ਅਫਸਰ ਐੱਸਆਈ ਰਾਜਬੀਰ ਸਿੰਘ ਨੇ ਦੱਸਿਆ ਕਿ ਟੀਮ ਨੇ ਪਿਹੋਵਾ ਨਗਰ ਪਾਲਿਕਾ ਵਿੱਚ ਕੂੜੇ ਦੇ ਭਾਰ ਅਤੇ ਡੰਪਿੰਗ ਜ਼ੋਨ ਸਬੰਧੀ ਛਾਪਾ ਮਾਰਿਆ ਸੀ। ਟੀਮ ਨੇ ਡੰਪਿੰਗ ਜ਼ੋਨ ਅਤੇ ਕੈਥਲ ਰੋਡ ’ਤੇ ਕੰਡੇ ਦਾ ਵੀ ਨਿਰੀਖਣ ਕੀਤਾ।
ਉਨ੍ਹਾਂ ਕਿਹਾ ਕਿ ਰਿਕਾਰਡ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ ਹਨ। ਇਸ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਦੋ ਦਿਨਾਂ ਵਿੱਚ ਸੀਐੱਮ ਫਲਾਇੰਗ ਵੱਲੋਂ ਕੀਤੀ ਗਈ ਦੂਜੀ ਰੇਡ ਹੈ। ਇਸ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਸੀਐੱਮ ਫਲਾਇੰਗ ਦੀ ਟੀਮ ਨੇ ਸ਼ਾਹਾਬਾਦ ਨਗਰ ਪਾਲਿਕਾ ਦਫ਼ਤਰ ਵਿੱਚ ਰਿਕਾਰਡ ਦੀ ਜਾਂਚ ਕੀਤੀ ਸੀ।