ਕਲੱਸਟਰ ਖੇਡਾਂ: ਐੱਸਵੀਜੇਸੀਡੀਏਵੀ ਸਕੂਲ ਨੇ ਤਗਮੇ ਫੁੰਡੇ
ਭਗਵਾਨ ਦਾਸ ਸੰਦਲ
ਦਸੂਹਾ, 30 ਜੁਲਾਈ
ਬੀਆਰਬੀ ਡੀਏਵੀ ਸਟੈਨਰੀ ਪਬਲਿਕ ਸਕੂਲ ਫਿਲੋਰ ਵਿੱਚ ਕਰਵਾਏ ਗਏ ਡੀਏਵੀ ਕਲੱਸਟਰ ਲੈਵਲ ਸਪੋਰਟ ਟੂਰਨਾਮੈਂਟ ਵਿੱਚ ਸੁਸ਼ੀਲਾ ਵਤੀ ਜਗਦੀਸ਼ ਚੰਦਰ ਡੀਏਵੀ (ਐੱਸਵੀਜੇਸੀਡੀਏਵੀ) ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਪ੍ਰਿੰਸੀਪਲ ਰਸ਼ਮੀ ਮੈਂਗੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸੂਬੇ ਭਰ ਦੇ ਵੱਖ ਵੱਖ ਡੀਏਵੀ ਸਕੂਲਾਂ ਦੇ ਖਿਡਾਰੀਆਂ ਨੇ ਜ਼ੌਰ ਅਜ਼ਮਾਇਸ਼ ਕੀਤੀ। ਇਸ ਦੌਰਾਨ ਅੰਡਰ-14 ਦੇ 100, 200, 400 ਤੇ 800 ਮੀਟਰ ਦੌੜ, ਸ਼ਾਰਟ ਪੁੱਟ, ਲੋਂਗ ਜੰਪ ਅਤੇ 400 ਮੀਟਰ ਰਿਲੇਅ ਰੇਸ ਦੇ ਮੈਚਾਂ ਵਿੱਚ ਸਕੂਲ ਦੇ ਖਿਡਾਰੀਆਂ ਨੇ 25 ਗੋਲਡ, 10 ਸਿਲਵਰ ਅਤੇ 5 ਕਾਂਸੇ ਦੇ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੁਸ਼ਨਾਇਆ ਹੈ। ਉਨ੍ਹਾਂ ਦੱਸਿਆ ਕਿ ਅੰਡਰ 17 (ਲੜਕੇ) ਦੇ 100, 200, 400, ਅਤੇ 800 ਮੀਟਰ ਦੌੜ, 1500 ਮੀਟਰ ਦੌੜ, ਸ਼ਾਰਟਪੁਟ, ਲੌਂਗ ਜੰਪ ਅਤੇ ਡਿਸਕਸ ਥਰੋਅ ਦੇ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਮੋਹਰੀ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। 400 ਮੀਟਰ ਰਿਲੇਅ ਰੇਸ ਵਿੱਚ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।
ਸ਼ਤਰੰਜ ਮੁਕਾਬਲਿਆਂ (ਅੰਡਰ-19) ਵਿੱਚ ਲੜਕਿਆਂ ਦੀ ਟੀਮ ਨੇ ਟਰਾਫੀ ਤੇ ਗੋਲਡ ਮੈਡਲ ਜਿੱਤਿਆ। ਲੜਕੀਆਂ ਦੀ ਅੰਡਰ 17 ਸ਼ਤਰੰਜ ਟੀਮ ਨੇ ਚਾਂਦੀ ਦਾ ਤਗਮਾ ਅਤੇ ਟਰਾਫੀ ‘ਤੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਸ਼ੂਟਿੰਗ ਮੁਕਾਬਲਿਆਂ ਵਿੱਚ ਮਨਜੋਤ ਤੇ ਤਰਨਵੀਰ ਸਿੰਘ ਅਤੇ ਅੰਡਰ 17 ਬਾਕਸਿੰਗ ਮੁਕਾਬਲਿਆਂ ਵਿੱਚ ਸੁਸ਼ਾਂਤ ਯਾਦਵ ਨੇ ਗੋਲਡ ਮੈਡਲ ਜਿੱਤਿਆ। ਆਰਐੱਮਬੀਡੀਏਵੀ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਤਾਇਕਵਾਂਡੋ ਮੁਕਾਬਲਿਆਂ ਵਿੱਚ ਜਸਲੀਨ ਤੇ ਜਾਨਵੀ ਨੇ ਗੋਲਡ ਮੈਡਲ ਤਗਮੇ ਜਿੱਤੇ। ਪ੍ਰਿੰ. ਸ੍ਰੀਮਤੀ ਮੈਂਗੀ ਨੇ ਦੱਸਿਆ ਕਿ ਜੇਤੂ ਖਿਡਾਰੀ ਹੁਣ ਕੌਮੀ ਪੱਧਰ ’ਤੇ ਖੇਡਣਗੇ।