ਸੀਐੱਲਯੂ: ਫਗਵਾੜਾ ਦੇ ਕਾਰੋਬਾਰੀ ਖੇਤਰਾਂ ਅੰਦਰ ਲਾਗੂ ਹੋਣਗੇ ਜਲੰਧਰ ਰਿਜਨ ਦੇ ਰੇਟ
ਪੱਤਰ ਪ੍ਰੇਰਕ
ਫਗਵਾੜਾ, 20 ਜੁਲਾਈ
ਪੰਜਾਬ ਸਰਕਾਰ ਵੱਲੋਂ ਨਗਰ ਸੁਧਾਰ ਟਰੱਸਟ ਫਗਵਾੜਾ ਦੀ ਵਿਕਾਸ ਸਕੀਮ ਨੰ.1 ਹਰਗੋਬਿੰਦ ਨਗਰ ਫਗਵਾੜਾ ਦੀਆਂ 2 (ਸੜਕਾਂ ਪਲਾਟ ਨੰ. 718 ਤੋਂ 746 ਤੇ ਪਲਾਟ ਨੰ. 746 ਤੋਂ 485) ਨੂੰ ਸਥਾਨਕ ਸਰਕਾਰ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਕਾਰੋਬਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ।
ਨਗਰ ਨਿਗਮ ਕਮਿਸ਼ਨਰ ਵਲੋਂ ਜਾਰੀ ਪ੍ਰੈੱਸ ਨੋਟ ’ਚ ਦੱਸਿਆ ਕਿ ਇਸ ਤੋਂ ਇਲਾਵਾ ਨਗਰ ਨਿਗਮ ਫਗਵਾੜਾ ਦੀਆਂ 4 ਸੜਕਾਂ (ਵਿਕਾਸ ਸਕੀਮ ਨੰ. 3, ਪਲਾਹੀ ਰੋਡ, ਫਗਵਾੜਾ, ਟੀ.ਪੀ ਸਕੀਮ ਨੰ. 5 ਪਾਰਟ 1 ਨਕੋਦਰ ਰੋਡ) ਨੂੰ ਪਹਿਲਾਂ ਹੀ ਸਰਕਾਰ ਵੱਲੋਂ ਸਾਲ 2018 ’ਚ ਕਾਰੋਬਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਤੇ ਇਨ੍ਹਾਂ ਸੜਕਾਂ ’ਤੇ ਆਬਾਦ ਕੀਤੀਆਂ ਪ੍ਰਾਪਰਟੀਆਂ ਦੇ ਭੌ ਮੰਤਵ ਤਬਦੀਲੀ ਦੇ ਰੇਟਾਂ ਸਬੰਧੀ ਸਰਕਾਰ ਵੱਲੋਂ ਮਿਤੀ 19 ਜੁਲਾਈ 2023 ਰਾਹੀਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਪਰਟੀਆਂ ਦੇ ਭੌ-ਮੰਤਵ ਤਬਦੀਲੀ ਸਬੰਧੀ ਸਰਕਾਰ ਵੱਲੋਂ ਪੱਤਰ ਜਾਰੀ ਹਦਾਇਤਾਂ ਅਨੁਸਾਰ ਜਲੰਧਰ ਰੀਜਨ ਦੇ ਹੀ ਰੇਟ ਲਾਗੂ ਹੋਣਗੇ। ਇਸ ਲਈ ਇਨ੍ਹਾਂ ਸੜਕਾਂ ’ਤੇ ਪੈਂਦੇ ਪ੍ਰਾਪਰਟੀ ਮਾਲਕ ਆਪਣੀਆਂ ਪ੍ਰਾਪਰਟੀਆਂ ਦਾ ਭੌਂ-ਮੰਤਵ ਤਬਦੀਲ (ਰਿਹਾਇਸ਼ੀ ਤੋਂ ਕਾਰੋਬਾਰੀ) ਕਰਵਾ ਸਕਦੇ ਹਨ ਤੇ ਜਨਿ੍ਹਾਂ ਵੱਲੋਂ ਅਣ-ਅਧਿਕਾਰਤ ਤੌਰ ’ਤੇ ਆਪਣੀ ਪ੍ਰਾਪਰਟੀ ’ਚ ਕਾਰੋਬਾਰੀ ਉਸਾਰੀਆਂ ਬਣਾ ਲਈਆਂ ਗਈਆਂ ਹਨ, ਉਹ ਵੀ ਆਪਣੀ ਪ੍ਰਾਪਰਟੀਆਂ ਦੀ ਤਬਦੀਲੀ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜਨਿ੍ਹਾਂ ਨੂੰ ਸਰਕਾਰ ਵੱਲੋਂ ਸੀ.ਐਲ.ਯੂ. ਸਬੰਧੀ ਜਾਰੀ ਕੀਤੇ ਉਪਰੋਕਤ ਪੱਤਰਾਂ ਅਨੁਸਾਰ ਵਾਚਿਆ ਜਾਵੇਗਾ। ਜੇਕਰ ਕਿਸੇ ਬਣੀ ਉਸਾਰੀ ਦੇ ਮਾਲਕ/ਉਸਾਰੀਕਰਤਾ ਵੱਲੋਂ ਵੀ ਇਮਾਰਤ ਦਾ ਭੌਂ-ਮੰਤਵ ਤਬਦੀਲ ਕਰਵਾਉਣ ਲਈ 15 ਦਨਿਾਂ ਵਿੱਚ ਅਪਲਾਈ ਨਹੀਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਉਕਤ ਇਮਾਰਤ ਵਿਰੁੱਧ ਨਗਰ ਨਿਗਮ ਐਕਟ 1976 ਦੀਆਂ ਬਣਦੀਆਂ ਧਾਰਾਵਾਂ ਅਧੀਨ ਕਾਰਵਾਈ ਆਰੰਭੀ ਜਾਵੇਗੀ ਜਿਸ ਦੇ ਹਰਜੇ ਖਰਚੇ ਦੀ ਜਿੰਮੇਵਾਰੀ ਸਬੰਧਤ ਮਾਲਕ/ਉਸਾਰੀਕਰਤਾ ਦੀ ਹੋਵੇਗੀ।