ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਦਲਾਂ ਦਾ ਬੂਹਾ ਕੇਰਲਾ

07:12 AM Sep 01, 2024 IST
ਕੋਵਲਮ ਬੀਚ

ਗੁਰਚਰਨ ਸਿੰਘ ਨੂਰਪੁਰ


Advertisement

ਕੇਰਲਾ ਸਮੁੰਦਰੀ ਕਿਨਾਰਿਆਂ, ਬੰਦਰਗਾਹਾਂ, ਝੀਲਾਂ ਅਤੇ ਸੰਘਣੇ ਨਾਰੀਅਲ ਦੇ ਦਰੱਖਤਾਂ ਵਾਲਾ ਖ਼ੂਬਸੂਰਤ ਪ੍ਰਾਂਤ ਹੈ। ਦੁਨੀਆ ਭਰ ਤੋਂ ਸੈਲਾਨੀ ਕੇਰਲਾ ਆਉਂਦੇ ਹਨ। ਕਈ ਕਿਲੋਮੀਟਰਾਂ ਵਿੱਚ ਫੈਲੀਆਂ ਵਿਸ਼ਾਲ ਝੀਲਾਂ ਦੇ ਆਸਪਾਸ ਬਣੀਆਂ ਸੜਕਾਂ, ਰੇਲਵੇ ਲਾਈਨਾਂ ਤੇ ਜਨਜੀਵਨ ਸੈਲਾਨੀਆਂ ਨੂੰ ਪ੍ਰਭਾਵਿਤ ਕਰਦਾ ਹੈ। ਆਯੁਰਵੇਦ ਵਿੱਚ ਕੇਰਲਾ ਦਾ ਪੂਰੀ ਦੁਨੀਆ ਵਿੱਚ ਨਾਮ ਹੈ। ਇੱਥੇ ਹਰ ਸ਼ਹਿਰ ਕਸਬੇ ਵਿੱਚ ਆਯੁਰਵੇਦਿਕ ਇਲਾਜ ਪ੍ਰਣਾਲੀ ਕੇਂਦਰ ਬਣੇ ਹੋਏ ਹਨ ਜਿੱਥੇ ਦੁਨੀਆ ਭਰ ਤੋਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਲੋਕ ਆਉਂਦੇ ਹਨ। ਇਨ੍ਹਾਂ ਕੇਂਦਰਾਂ ਵਿੱਚ ਸਰੀਰ ਦੀ ਮਾਲਿਸ਼, ਪੰਚਕਰਮ, ਸਿਰੋਧਾਰਾ, ਨੱਤਿਆ ਆਦਿ ਨਾਲ ਲੋਕ ਇਲਾਜ ਲਈ ਆਉਂਦੇ ਹਨ। ਇਨ੍ਹਾਂ ਕੇਂਦਰਾਂ ਵਿੱਚ ਕੁਦਰਤੀ ਤਰੀਕਿਆਂ ਨਾਲ ਇਲਾਜ ਕੀਤਾ ਜਾਂਦਾ ਹੈ।

ਕੇਰਲਾ ਉਹ ਧਰਤੀ ਹੈ ਜਿੱਥੋਂ ਮੌਨਸੂਨੀ ਬੱਦਲਾਂ ਦਾ ਭਾਰਤ ਵਿੱਚ ਪ੍ਰਵੇਸ਼ ਹੁੰਦਾ ਹੈ। ਮਈ ਜੂਨ ਦੇ ਮਹੀਨਿਆਂ ਵਿੱਚ ਜਦੋਂ ਬਲਦੀਆਂ ਲੂੰਆਂ ਭਾਰਤ ਦੇ ਵੱਡੇ ਖੇਤਰ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲੈਂਦੀਆਂ ਹਨ ਤਾਂ ਆਸ ਕੀਤੀ ਜਾਂਦੀ ਹੈ ਕਿ ਕਦੋਂ ਮੌਨਸੂਨੀ ਪੌਣਾਂ ਕੇਰਲਾ ਦੇ ਤੱਟ ਤੇ ਦਸਤਕ ਦੇਣ ਅਤੇ ਪੂਰੇ ਭਾਰਤ ਵਿੱਚ ਜੀਵ ਜੰਤੂਆਂ, ਰੁੱਖਾਂ-ਬੂਟਿਆਂ ਤੇ ਫਸਲਾਂ ਨੂੰ ਗਰਮੀ ਤੋਂ ਰਾਹਤ ਮਿਲੇ।
ਕੇਰਲਾ ਦਾ ਪੌਣਪਾਣੀ ਦੇਸ਼ ਦੇ ਦੂਜੇ ਸੂਬਿਆਂ ਨਾਲੋਂ ਵੱਖਰਾ ਹੈ। ਇੱਥੇ ਅਪਰੈਲ ਮਹੀਨੇ ਵਿੱਚ ਸਾਉਣ-ਭਾਦੋਂ ਜਿਹੀ ਰੁੱਤ ਦਾ ਅਹਿਸਾਸ ਹੁੰਦਾ ਹੈ। ਅਪਰੈਲ ਵਿੱਚ ਹੀ ਇੱਥੇ ਬਿਰਛਾਂ ’ਤੇ ਕੋਇਲਾਂ ਦੀ ਸੁਰੀਲੀ ਕੂ ਕੂ ਸੁਣਾਈ ਦਿੰਦੀ ਹੈ। ਅਪਰੈਲ-ਮਈ ਦੇ ਮਹੀਨਿਆਂ ਦੌਰਾਨ ਉਤਰੀ ਭਾਰਤ ਦੇ ਮੈਦਾਨੀ ਅਤੇ ਬਹੁਤ ਸਾਰੇ ਪਹਾੜੀ ਇਲਾਕਿਆਂ ’ਚ ਹਰਿਆਵਲ ਘਟ ਜਾਂਦੀ ਹੈ ਪਰ ਕੇਰਲਾ ਵਿੱਚ ਬਰਕਰਾਰ ਰਹਿੰਦੀ ਹੈ। ਹਰ ਪਾਸੇ ਹਰੇ ਕਚੂਰ ਸੋਹਣੇ ਨਾਰੀਅਲ ਦੇ ਦਰੱਖਤ ਦਿਖਾਈ ਦਿੰਦੇ ਹਨ। ਸਾਡੇ ਇਧਰ ਰੁੱਖਾਂ ਦੀ ਘਾਟ ਹੈ ਅਤੇ ਬੂਟੇ ਲਾਉਣ ਵੱਲ ਬਹੁਤੀ ਤਵੱਜੋ ਨਹੀਂ ਦਿੰਦੇ ਪਰ ਕੇਰਲਾ ਵਿੱਚ ਖੇਤਾਂ ਤੇ ਸੜਕਾਂ ਦੇ ਕੰਢਿਆਂ ’ਤੇ ਹਰੇ ਕਚੂਰ ਦਰੱਖਤਾਂ ਦੀ ਭਰਮਾਰ ਹੈ। ਰੁੱਖਾਂ, ਬੂਟਿਆਂ ਅਤੇ ਗਮਲਿਆਂ ਨਾਲ ਭਰੇ ਘਰ ਬੜੇ ਖ਼ੂਬਸੂਰਤ ਲੱਗਦੇ ਹਨ। ਕੇਰਲਾ ਵਿੱਚ ਜੂਨ, ਜੁਲਾਈ ਤੇ ਅਗਸਤ ਵਿੱਚ ਲਗਾਤਾਰ ਬਾਰਸ਼ਾਂ ਹੁੰਦੀਆਂ ਹਨ। ਨਵੰਬਰ ਤੋਂ ਜਨਵਰੀ ਤੱਕ ਕੁਝ ਹੱਦ ਤੱਕ ਸਰਦੀ ਦਾ ਮੌਸਮ ਰਹਿੰਦਾ ਹੈ। ਫਰਵਰੀ ਤੋਂ ਮਈ ਤੱਕ ਗਰਮੀ ਦੇ ਮੌਸਮ ਦੌਰਾਨ ਦੁਪਿਹਰ ਨੂੰ ਮੌਸਮ ਵਿੱਚ ਭਾਦੋਂ ਦੇ ਮਹੀਨੇ ਜਿਹਾ ਕੁਝ ਹੁੰਮਸ ਹੁੰਦਾ ਹੈ ਪਰ ਤਾਂ ਵੀ ਰੁਕ ਰੁਕ ਕੇ ਵਗਦੀਆਂ ਠੰਢੀਆਂ ਹਵਾਵਾਂ ਗਰਮੀ ਦਾ ਅਹਿਸਾਸ ਨਹੀਂ ਹੋਣ ਦਿੰਦੀਆਂ।

Advertisement

ਤਿਰੂਵਨੰਤਪੁਰਮ ਸ਼ਹਿਰ ਦਾ ਦ੍ਰਿਸ਼।

ਕੇਰਲਾ ਸਮੁੰਦਰੀ ਕਿਨਾਰਿਆਂ, ਬੰਦਰਗਾਹਾਂ, ਝੀਲਾਂ ਅਤੇ ਸੰਘਣੇ ਨਾਰੀਅਲ ਦੇ ਦਰੱਖਤਾਂ ਵਾਲਾ ਖ਼ੂਬਸੂਰਤ ਪ੍ਰਾਂਤ ਹੈ। ਦੁਨੀਆ ਭਰ ਤੋਂ ਸੈਲਾਨੀ ਕੇਰਲਾ ਆਉਂਦੇ ਹਨ। ਕਈ ਕਿਲੋਮੀਟਰਾਂ ਵਿੱਚ ਫੈਲੀਆਂ ਵਿਸ਼ਾਲ ਝੀਲਾਂ ਦੇ ਆਸਪਾਸ ਬਣੀਆਂ ਸੜਕਾਂ, ਰੇਲਵੇ ਲਾਈਨਾਂ ਤੇ ਜਨਜੀਵਨ ਸੈਲਾਨੀਆਂ ਨੂੰ ਬੇਹੱਦ ਪ੍ਰਭਾਵਿਤ ਕਰਦਾ ਹੈ। ਕੇਰਲਾ ਦੇ ਬਹੁਤ ਸਾਰੇ ਇਲਾਕੇ ਜੋ ਦੂਰ ਦੁਰਾਡੇ ਟਾਪੂਆਂ ’ਤੇ ਵੱਸੇ ਹੋਏ ਹਨ, ਤੋਂ ਸ਼ਹਿਰਾਂ ਵੱਲ ਆਉਣ ਲਈ ਸਰਕਾਰੀ ਅਤੇ ਗੈਰ-ਸਰਕਾਰੀ ਸਮੁੰਦਰੀ ਬੇੜੇ ਹਨ। ਪਿੰਡਾਂ ਦੇ ਲੋਕ ਬੇੜਿਆਂ ਰਾਹੀਂ ਸਫਰ ਕਰਕੇ ਸ਼ਹਿਰ ਜ਼ਰੂਰੀ ਵਸਤਾਂ ਲੈਣ ਆਉਂਦੇ ਹਨ। ਕੇਰਲਾ ਦਾ ਇੱਕ ਬਹੁਤ ਖੂਬਸੂਰਤ ਸ਼ਹਿਰ ਹੈ ਐਲਪੁਜ਼ਾ। ਸਥਾਨਕ ਭਾਸ਼ਾ ਵਿੱਚ ਇਸ ਨੂੰ ਐਲਪੀ ਕਿਹਾ ਜਾਂਦਾ ਹੈ। ਇਸ ਸ਼ਹਿਰ ਦੀ ਖ਼ੂਬਸੂਰਤੀ ਵੇਖਿਆਂ ਹੀ ਬਣਦੀ ਹੈ। ਕਈ ਕਿਲੋਮੀਟਰਾਂ ਵਿੱਚ ਫੈਲੀ ਇੱਕ ਵਿਸ਼ਾਲ ਝੀਲ ਇਸ ਸ਼ਹਿਰ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਸ਼ਹਿਰ ਦੇ ਕੇਂਦਰੀ ਭਾਗ ਤੋਂ ਸਮੁੰਦਰੀ ਬੇੜੇ ਪਿੰਡਾਂ ਨੂੰ ਚਲਦੇ ਹਨ ਤੇ ਇਥੇ ਝੀਲ ਦੇ ਦੋਹੀਂ ਪਾਸੀਂ ਬਾਜ਼ਾਰ ਸਜੇ ਹੋਏ ਹਨ। ਸੋਹਣੀਆਂ ਸਜੀਆਂ ਬੇੜੀਆਂ ਨੂੰ ਕੁਝ ਘੰਟਿਆਂ ਲਈ ਕਿਰਾਏ ’ਤੇ ਕਰਕੇ ਯਾਤਰੀ ਕੇਰਲਾ ਦੇ ਪਿੰਡਾਂ ਦਾ ਜੀਵਨ ਦੇਖਣ ਜਾਂਦੇ ਹਨ। ਇਹ ਬੜਾ ਰੁਮਾਂਚਿਕ ਸਫਰ ਹੁੰਦਾ ਹੈ। ਇਸ ਸਫਰ ਦੌਰਾਨ ਆਲੇ-ਦੁਆਲੇ ਦੇ ਕੁਦਰਤੀ ਸੁਹੱਪਣ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਦੂਰ-ਦੁਰਾਡੇ ਪਿੰਡਾਂ ਵਿੱਚ ਕੇਰਲਾ ਦੇ ਲੋਕ ਕੰਮ ਕਰਦੇ ਨਜ਼ਰ ਆਉਂਦੇ ਹਨ। ਖਾਣਿਆਂ ਦੀਆਂ ਦੁਕਾਨਾਂ ਤੇ ਢਾਬਿਆਂ ’ਤੇ ਵੱਖ ਵੱਖ ਤਰ੍ਹਾਂ ਦੀ ਮੱਛੀ, ਚੌਲ ਅਤੇ ਨਾਰੀਅਲ ਦੇ ਜ਼ਿਆਦਾਤਰ ਪਕਵਾਨ ਹੁੰਦੇ ਹਨ। ਇੱਥੋਂ ਹੀ ਕੁਝ ਸਮੁੰਦਰੀ ਬੇੜੇ ਜਿਨ੍ਹਾਂ ਵਿੱਚ ਕਮਰੇ ਅਤੇ ਰੈਸਤਰਾਂ ਬਣੇ ਹੁੰਦੇ ਹਨ, ਯਾਤਰੀਆਂ ਨੂੰ ਲੈ ਕੇ ਦੂਰ ਤੱਕ ਸਮੁੰਦਰੀ ਪਾਣੀਆਂ ਵਿੱਚ ਜਾਂਦੇ ਹਨ। ਯਾਤਰੀ ਕਈ ਕਿਲੋਮੀਟਰ ਜਾ ਕੇ ਰਾਤ ਸਮੁੰਦਰੀ ਪਾਣੀਆਂ ਵਿੱਚ ਬਿਤਾਉਂਦੇ ਹਨ। ਇਨ੍ਹਾਂ ਵਿਸ਼ਾਲ ਬੇੜਿਆਂ ਵਿੱਚ ਬਿਜਲੀ ਲਈ ਜੈਨਰੇਟਰ, ਖਾਣ-ਪੀਣ ਅਤੇ ਸੌਣ ਦਾ ਬੜਾ ਵਧੀਆ ਪ੍ਰਬੰਧ ਹੁੰਦਾ ਹੈ। ਇਸ ਸਫਰ ਦੌਰਾਨ ਸਮੁੰਦਰੀ ਜੀਵਨ ਨੂੰ ਸਮਝਣ ਦੇ ਨਾਲ ਨਾਲ ਸ਼ਾਮ ਸਵੇਰੇ ਲਹਿੰਦੇ ਅਤੇ ਚੜ੍ਹਦੇ ਸੂਰਜ ਦੇ ਅਲੌਕਿਕ ਨਜ਼ਾਰੇ ਵੀ ਵੇਖੇ ਜਾ ਸਕਦੇ ਹਨ।
ਕੇਰਲਾ ਵਿੱਚ ਵੱਡੇ ਸਮੁੰਦਰੀ ਬੀਚ ਹਨ ਜਿੱਥੇ ਉਛਲਦੀਆਂ ਕੁੱਦਦੀਆਂ ਲਹਿਰਾਂ ਸੈਲਾਨੀਆਂ ਦਾ ਸਵਾਗਤ ਕਰਦੀਆਂ ਹਨ। ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਤੋਂ 15 ਕਿਲੋਮੀਟਰ ਦੂਰ ਭਾਰਤ ਦਾ ਮਸ਼ਹੂਰ ਕੋਵਲਮ ਬੀਚ ਹੈ ਜਿਥੇ ਹਰ ਰੁੱਤ ਸੈਲਾਨੀਆਂ ਦਾ ਆਉਣ ਜਾਣ ਬਣਿਆ ਰਹਿੰਦਾ ਹੈ। ਇਨ੍ਹਾਂ ਥਾਵਾਂ ’ਤੇ ਬੈਠ ਕੇ ਸੈਲਾਨੀ ਕੁਦਰਤੀ ਨਜ਼ਾਰੇ ਦੇਖਦੇ ਹਨ। ਸਮੁੰਦਰੀ ਪਾਣੀਆਂ ਦੀ ਛਣਕਦੀ ਆਵਾਜ਼ ਕੰਨਾਂ ਵਿੱਚ ਰਸ ਘੋਲਦੀ ਹੈ ਅਤੇ ਅੱਖਾਂ ਬਲਿਹਾਰੀ ਜਾਂਦੀਆਂ ਹਨ। ਦੂਰ ਕਿਤੇ ਮਛੇਰੇ ਆਪਣੀਆਂ ਬੇੜੀਆਂ ਰਾਹੀਆਂ ਆ ਜਾ ਰਹੇ ਹੁੰਦੇ ਹਨ। ਵੱਖ ਵੱਖ ਥਾਈਂ ਸਮੁੰਦਰੀ ਮੱਛੀ ਅਤੇ ਹੋਰ ਖਾਣਿਆਂ (ਸੀ ਫੂਡ) ਦੀਆਂ ਦੁਕਾਨਾਂ ਸਜਦੀਆਂ ਹਨ। ਸ਼ਾਮ ਦੇ ਸਮੇਂ ਬੀਚਾਂ ’ਤੇ ਰੌਣਕ ਹੋਰ ਵਧ ਜਾਂਦੀ ਹੈ ਕੁਝ ਮਿੰਟ ਸਮੁੰਦਰ ਦੇ ਕੰਢੇ ਤੁਰਦਿਆਂ ਬੁੱਲਾਂ ’ਤੇ ਜੀਭ ਫੇਰਨ ਨਾਲ ਲੂਣੇ ਸਵਾਦ ਦਾ ਅਨੁਭਵ ਹੁੰਦਾ ਹੈ। ਬੀਚਾਂ ਤੇ ਫਲ ਵੇਚਣ ਵਾਲੇ, ਮੱਛੀ ਦੇ ਪਕਵਾਨ ਬਣਾਉਣ ਵਾਲੇ ਅਤੇ ਸੈਲਾਨੀਆਂ ਨੂੰ ਲੁਭਾਉਣੀਆਂ ਵਸਤਾਂ ਵੇਚਣ ਵਾਲਿਆਂ ਦੀ ਚਹਿਲ-ਪਹਿਲ ਵਧ ਜਾਂਦੀ ਹੈ। ਕੇਰਲਾ ਦੇ ਲੋਕ ਵੀ ਬੀਚਾਂ ਤੇ ਪਰਿਵਾਰਾਂ ਸਮੇਤ ਆਉਂਦੇ ਹਨ ਤੇ ਖਾਣਿਆਂ ਦਾ ਲੁਤਫ਼ ਲੈਂਦੇ ਹਨ। ਇੱਥੇ ਬੀਅਰ ਅਤੇ ਵਾਈਨ ਦੇ ਵਿਰਲੇ ਵਾਂਝੇ ਬਾਰ ਹਨ ਜਿਨ੍ਹਾਂ ਵਿੱਚ ਸਥਾਨਕ ਲੋਕ ਬਹੁਤ ਘੱਟ ਜਾਂਦੇ ਹਨ।
ਕੇਰਲਾ ਵਿੱਚ ਭਾਰਤ ਦੇ ਕਿਸੇ ਵੀ ਸੂਬੇ ਨਾਲੋਂ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਵਧੇਰੇ ਹੈ। ਇੱਥੋਂ ਦੀਆਂ ਔਰਤਾਂ ਏਸ਼ੀਆ ਦੇ ਕਿਸੇ ਵੀ ਦੇਸ਼/ਖਿੱਤੇ ਨਾਲੋਂ ਔਸਤਨ ਵੱਧ ਪੜ੍ਹੀਆਂ ਲਿਖੀਆਂ ਹਨ। ਕੇਰਲਾ ਦੇ ਲੋਕ ਸਥਾਨਕ ਮਲਿਆਲਮ ਭਾਸ਼ਾ ਬੋਲਦੇ ਹਨ ਅਤੇ ਬਾਹਰੋਂ ਆਏ ਲੋਕਾਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ ਬਹੁਤ ਘੱਟ ਲੋਕ ਇੱਥੇ ਹਿੰਦੀ ਜਾਣਦੇ ਹਨ। ਪੜ੍ਹਾਈ ਪੂਰੀ ਕਰਨ ਬਾਅਦ ਵੀ ਲੋਕ ਕਿਤਾਬਾਂ ਨਾਲ ਜੁੜੇ ਰਹਿੰਦੇ ਹਨ। ਲਗਭਗ ਹਰ ਘਰ ਵਿੱਚ ਅਖਬਾਰ ਆਉਂਦਾ ਹੈ। ਬਾਜ਼ਾਰਾਂ ਵਿੱਚ ਕਿਤਾਬਾਂ ਦੀਆਂ ਦੁਕਾਨਾਂ ਆਮ ਨਜ਼ਰ ਪੈਂਦੀਆਂ ਹਨ। ਕਰਿਆਨਾ ਸਟੋਰਾਂ ਦੇ ਬਾਹਰ ਮੈਗਜ਼ੀਨ ਆਦਿ ਵੇਚਣ ਲਈ ਆਮ ਰੱਖੇ ਹੁੰਦੇ ਹਨ। ਹਰ ਗਲੀ ਮੁਹੱਲੇ ਵਿੱਚ ਲਾਇਬਰੇਰੀਆਂ ਹਨ। ਇੱਥੇ ਬੱਸਾਂ ਅਤੇ ਰੇਲ ਦੇ ਡੱਬਿਆਂ ਵਿੱਚ ਵੀ ਕਿਤਾਬਾਂ ਵੇਚਣ ਵਾਲੇ ਚੜ੍ਹ ਆਉਂਦੇ ਹਨ। ਕਈ ਵਿਸ਼ਵ ਪ੍ਰਸਿੱਧ ਕਿਤਾਬਾਂ ਤੁਹਾਡੇ ਅੱਗੇ ਕਰਦੇ ਹਨ। ਇਹ ਸਭ ਕੁਝ ਵੇਖ ਕੇ ਲਗਦਾ ਹੈ ਜਿਵੇਂ ਅਸੀਂ ਭਾਰਤ ਨਹੀਂ ਕਿਸੇ ਹੋਰ ਦੇਸ਼ ਵਿੱਚ ਵਿਚਰ ਰਹੇ ਹੋਈਏ। ਕੇਰਲਾ ਬਹੁਤ ਗੱਲਾਂ ਕਰਕੇ ਦੇਸ਼ ਦੇ ਦੂਜੇ ਖੇਤਰਾਂ ਨਾਲੋਂ ਵਿਲੱਖਣ ਹੈ। ਇੱਥੇ ਕਮਿਊਨਿਸਟ ਪਾਰਟੀ ਦਾ ਰਾਜ ਹੈ। ਸ਼ਾਸਨ ਪੱਖੋਂ ਬਹੁਗਿਣਤੀ ਲੋਕ ਕਮਿਊਨਿਸਟ ਸਰਕਾਰ ਨੂੰ ਚੰਗਾ ਮੰਨਦੇ ਹਨ। ਬਾਜ਼ਾਰਾਂ ਦੇ ਚੌਕਾਂ ਵਿੱਚ ਇਨਕਲਾਬੀ ਹਸਤੀਆਂ ਚੀ ਗੁਵੇਰਾ, ਫੀਦਲ ਕਾਸਤਰੋ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰਾਂ ਲੱਗੀਆਂ ਆਮ ਨਜ਼ਰੀ ਪੈਂਦੀਆਂ ਹਨ। ਸਾਡੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਸ਼ਹਿਰ ਤੋਂ ਕਈ ਕਿਲੋਮੀਟਰ ਬਾਹਰ ਝੀਲ ਦੇ ਕੰਢੇ ਵੱਡੇ ਇੱਕ ਪਿੰਡ ਵਿੱਚ ਵੱਡੇ ਬੋਰਡ ’ਤੇ ਚੀ ਗੁਵੇਰਾ ਦੀ ਵੱਡੀ ਤਸਵੀਰ ਦੂਰੋਂ ਨਜਰ ਆ ਰਹੀ ਸੀ। ਇੱਕ ਲਾਇਬਰੇਰੀ ਤੇ ਲੱਗੀ ਸ਼ਹੀਦ ਭਗਤ ਸਿੰਘ ਦੀ ਤਸਵੀਰ ਅੱਗੇ ਖੜ ਕੇ ਜਦੋਂ ਅਸੀਂ ਫੋਟੋ ਖਿੱਚਣ ਲੱਗੇ ਤਾਂ ਸਾਨੂੰ ਅਜਿਹਾ ਕਰਦਿਆਂ ਵੇਖ ਕੇ ਨੇੜੇ ਖੜੇ ਆਟੋ ਰਿਕਸ਼ਿਆਂ ਵਾਲੇ ਖੁਸ਼ ਹੋ ਗਏ ਸਾਡੇ ਕੋਲ ਆਏ ਅਤੇ ਭਗਤ ਸਿੰਘ ਬਾਰੇ ਗੱਲਬਾਤ ਕਰਨ ਲੱਗੇ।
ਮੱਛੀ, ਚਾਵਲ, ਇਡਲੀ, ਡੋਸਾ, ਬਰਿਆਨੀ, ਚਿਕਨ ਬਰਿਆਨੀ ਤੇ ਕੋਰਮਾ ਇੱਥੋਂ ਦੇ ਮੁੱਖ ਖਾਣੇ ਹਨ। ਲਗਪਗ ਹਰ ਤਰਾਂ ਦੇ ਖਣਿਆਂ ਵਿੱਚ ਨਾਰੀਅਲ ਦੀ ਵਰਤੋਂ ਹੁੰਦੀ ਹੈ। ਹਰ ਖਾਣੇ ਵਾਲੀ ਦੁਕਾਨ ’ਤੇ ਗਰਮ ਪਾਣੀ ਪੀਣ ਨੂੰ ਮਿਲਦਾ ਹੈ ਇਹ ਗੱਲ ਉਤਰੀ ਭਾਰਤੀ ਲੋਕਾਂ ਨੂੰ ਬੜਾ ਹੈਰਾਨ ਕਰਦੀ ਹੈ। ਪੁੱਛਣ ’ਤੇ ਪਤਾ ਚੱਲਿਆ ਕਿ ਕੇਰਲਾ ਦੇ ਲੋਕ ਖਾਣੇ ਨਾਲੇ ਗਰਮ ਪਾਣੀ ਨੂੰ ਤਰਜੀਹ ਦਿੰਦੇ ਹਨ। ਕੁਝ ਪਾਠਕਾਂ ਨੂੰ ਇਹ ਪੜ੍ਹ ਕੇ ਹੈਰਾਨੀ ਹੋਵੇਗੀ ਕਿ ਇੱਥੇ ਲਗਭਗ 95 ਫਸਿਦੀ ਖਾਣੇ ਦੀਆਂ ਦੁਕਾਨਾਂ ਤੇ ਬੀਫ਼ ਮਿਲ ਜਾਂਦਾ ਹੈ। ਕੇਰਲਾ ਵਿੱਚ ਹਿੰਦੂ, ਮੁਸਲਮਾਨ ਅਤੇ ਇਸਾਈ ਤਿੰਨ ਕੌਮਾਂ ਦੇ ਲੋਕ ਰਹਿੰਦੇ ਹਨ। ਹਰ ਧਰਮ ਦੇ ਬਹੁਗਿਣਤੀ ਲੋਕ ਬੀਫ਼ ਖਾਂਦੇ ਹਨ। ਇੱਥੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਹਨ। ਵੱਡੇ ਛੋਟੇ ਸ਼ਹਿਰਾਂ ਵਿੱਚ ਸਾਫ ਸਫਾਈ ਦੇ ਵਧੀਆ ਪ੍ਰਬੰਧ ਹਨ। ਬਾਜ਼ਾਰਾਂ ਵਿੱਚ ਕਿਤੇ ਵੀ ਕੂੜਾ ਕਰਕਟ ਖਿਲਰਿਆ ਤਾਂ ਕੀ ਪਿਆ ਵੀ ਨਜ਼ਰ ਨਹੀਂ ਆਉਂਦਾ। ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਪਤਾ ਚੱਲਿਆ ਕਿ ਇੱਥੇ ਭਾਰਤ ਦੇ ਦੂਜਿਆਂ ਸੂਬਿਆਂ ਦੇ ਮੁਕਾਬਲੇ ਰਿਸ਼ਵਤਖੋਰੀ ਬਹੁਤ ਘੱਟ ਹੈ। ਦਫਤਰਾਂ ਤੇ ਥਾਣਿਆਂ ਵਿੱਚ ਬਿਨਾਂ ਭੇਦਭਾਵ ਕੰਮ ਹੁੰਦੇ ਹਨ। ਇਹ ਵੀ ਵੇਖਿਆ ਕਿ ਪੁਲੀਸ ਜਨਤਕ ਕੰਮਾਂ ਵਿੱਚ ਲੋਕਾਂ ਦੀ ਮਦਦ ਕਰਦੀ ਹੈ। ਕਰੀਬ ਹਰ ਸ਼ਹਿਰ ਵਿੱਚ ਬੱਸ ਅੱਡੇ ਅਤੇ ਪੁਲੀਸ ਸ਼ਟੇਸ਼ਨ ’ਤੇ ਇੱਕ ਪੁਲੀਸ ਮੁਲਾਜ਼ਮ ਇੱਕ ਛੋਟੇ ਦਫ਼ਤਰ ਵਿੱਚ ਤੈਨਾਤ ਹੈ ਜੋ ਦੋ ਰੁਪਏ ਲੈ ਕੇ ਕਿਸੇ ਵੀ ਪਾਸੇ ਜਾਣ ਲਈ ਆਟੋ ਦੀ ਪਰਚੀ ਬਣਾ ਕੇ ਦਿੰਦਾ ਹੈ। ਅਜਿਹਾ ਸ਼ਾਇਦ ਇਸ ਲਈ ਹੈ ਕਿ ਸਭ ਆਟੋ ਵਾਲਿਆਂ ਨੂੰ ਬਰਾਬਰ ਕੰਮ ਮਿਲੇ ਅਤੇ ਦੂਜਾ ਉਹ ਅਨਜਾਣ ਸਵਾਰੀਆਂ ਤੋਂ ਵੱਧ ਪੈਸੇ ਵੀ ਵਸੂਲ ਨਹੀਂ ਕਰ ਸਕਦੇ ਕਿਉਂਕਿ ਨਿਸ਼ਚਤ ਥਾਂ ’ਤੇ ਪਹੁੰਚਣ ਦੀ ਫੀਸ ਪਰਚੀ ’ਤੇ ਲਿਖੀ ਹੁੰਦੀ ਹੈ। ਬਾਹਰੋਂ ਆਏ ਲੋਕਾਂ ਨੂੰ ਇਹ ਸਭ ਕੁਝ ਚੰਗਾ ਲਗਦਾ ਹੈ। ਕੇਰਲਾ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਅਲਪੁਜਾ ਸ਼ਹਿਰ ਦੇ ਰੇਲਵੇ ਸ਼ਟੇਸ਼ਨ ’ਤੇ ਇੱਕ ਸਥਾਨਕ ਆਗੂ ਪੰਜਾਹ ਕੁ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਿਹਾ ਸੀ।
ਪੁੱਛਣ ’ਤੇ ਪਤਾ ਚੱਲਿਆ ਕਿ ਇਹ ਪ੍ਰਦਰਸ਼ਨ ਰੇਲ ਦੇ ਨਿਰਧਾਰਤ ਸਮੇਂ ਤੋਂ ਲੇਟ ਆਉਣ ਕਰਕੇ ਕੀਤਾ ਜਾ ਰਿਹਾ ਹੈ। ਆਪਣੇ ਕੁਝ ਦਿਨਾਂ ਦੇ ਸਫਰ ਦੌਰਾਨ ਨਿੱਕੇ ਨਿੱਕੇ ਗਰੁੱਪਾਂ ਵਿੱਚ ਇਕੱਠੇ ਹੋ ਕੇ ਕਿਸੇ ਮਸਲੇ ਨੂੰ ਲੈ ਕੇ ਵਿਚਾਰ ਚਰਚਾ ਕਰਦੇ ਲੋਕ ਹਰ ਦਿਨ ਕਿਸੇ ਨਾ ਕਿਸੇ ਪਾਸੇ ਨਜ਼ਰੀਂ ਪੈ ਜਾਂਦੇ ਸਨ। ਇਨ੍ਹਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਵੀ ਬਰਾਬਰ ਹੁੰਦੀ। ਦੇਸ਼ ਦੇ ਬਹੁਤ ਸਾਰੇ ਖਿੱਤਿਆਂ ਵਿੱਚ ਆਮ ਮਸਲਿਆਂ ਨੂੰ ਉਦੋਂ ਤੱਕ ਨਹੀਂ ਗੌਲਿਆ ਜਾਂਦਾ ਜਦੋਂ ਤੱਕ ਇਹ ਗੰਭੀਰ ਨਹੀਂ ਬਣ ਜਾਂਦੇ ਪਰ ਕੇਰਲਾ ਵਿੱਚ ਇਸ ਤੋਂ ਉਲਟ ਕਿਸੇ ਗੱਡੀ ਦਾ ਲੇਟ ਹੋਣਾ ਵੀ ਇੱਕ ਵੱਡਾ ਮਸਲਾ ਹੈ। ਇਹ ਸਭ ਕੁਝ ਦੱਸਦਾ ਹੈ ਪੜ੍ਹੇ-ਲਿਖੇ ਹੋਣ ਕਰਕੇ ਕੇਰਲਾ ਦੇ ਲੋਕ ਆਪਣੇ ਹੱਕਾਂ ਪ੍ਰਤੀ ਬੇਹਦ ਸੁਚੇਤ ਹਨ।
ਆਯੁਰਵੇਦ ਵਿੱਚ ਕੇਰਲਾ ਦਾ ਪੂਰੀ ਦੁਨੀਆਂ ਵਿੱਚ ਨਾਮ ਹੈ। ਇੱਥੇ ਹਰ ਸ਼ਹਿਰ ਕਸਬੇ ਵਿੱਚ ਆਯੁਰਵੇਦਿਕ ਇਲਾਜ ਪ੍ਰਣਾਲੀ ਕੇਂਦਰ ਬਣੇ ਹੋਏ ਹਨ ਜਿੱਥੇ ਦੁਨੀਆ ਭਰ ਤੋਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਲੋਕ ਆਉਂਦੇ ਹਨ। ਇਨ੍ਹਾਂ ਕੇਂਦਰਾਂ ਵਿੱਚ, ਸਰੀਰ ਦੀ ਮਾਲਿਸ਼, ਪੰਚਕਰਮ, ਸਿਰੋਧਾਰਾ, ਨੱਤਿਆ ਆਦਿ ਨਾਲ ਲੋਕ ਇਲਾਜ ਲਈ ਆਉਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਕੇਂਦਰਾਂ ਵਿੱਚ ਕੁਦਰਤੀ ਤਰੀਕਿਆਂ ਨਾਲ ਇਲਾਜ ਕੀਤਾ ਜਾਂਦਾ ਹੈ। ਐਲੋਪੈਥਿਕ ਦਵਾਈਆਂ ਦੀਆਂ ਦੁਕਾਨਾਂ ਬਹੁਤ ਘੱਟ ਹਨ।
ਕੇਰਲਾ ਵਿੱਚ ਬਾਕੀ ਸੂਬਿਆਂ ਨਾਲੋਂ ਵੱਧ ਪੜ੍ਹੇ ਲਿਖੇ ਲੋਕ ਹਨ ਤੇ ਹਰ ਹਰਬਾ ਵਰਤ ਕੇ ਪੈਸਾ ਇਕੱਠਾ ਕਰਨ ਦੀ ਹੋੜ ਇੱਥੇ ਬਹੁਤ ਘੱਟ ਹੈ। ਦੁਪਿਹਰ ਨੂੰ ਹਰ ਦੁਕਾਨ ’ਤੇ ਦੋ ਘੰਟੇ ਦੀ ਛੁੱਟੀ ਹੁੰਦੀ ਹੈ। ਇਸ ਦੌਰਾਨ ਗਾਹਕਾਂ ਨਾਲ ਲੈਣ ਦੇਣ ਨਹੀਂ ਕੀਤਾ ਜਾਂਦਾ। ਲੋਕ ਕੁਦਰਤ ਨਾਲ ਨੇੜਿਓਂ ਜੁੜੇ ਹੋਏ ਹਨ। ਇਹ ਲੋਕ ਸਮੁੰਦਰ ਵਿੱਚ ਕੂੜਾ ਨਹੀਂ ਸੁੱਟਦੇ ਅਤੇ ਨਾ ਹੀ ਕਿਸੇ ਨੂੰ ਸੁੱਟਣ ਦਿੰਦੇ ਹਨ। ਕੁਦਰਤੀ ਸੁਹੱਪਣ, ਸਾਫ ਸਫਾਈ ਅਤੇ ਇੱਥੋਂ ਦੇ ਲੋਕਾਂ ਦੇ ਮਨਾਂ ਦੀ ਖੂਬਸੂਰਤੀ ਯਾਤਰੀਆਂ ਨੂੰ ਕੇਰਲਾ ਦੇਖਣ ਲਈ ਆਕਰਸ਼ਿਤ ਕਰਦੀ ਹੈ। ਜੇਕਰ ਕਸ਼ਮੀਰ ਨੂੰ ਅਸੀਂ ਦੇਸ਼ ਦੀ ਜੰਨਤ ਮੰਨਦੇ ਹਾਂ ਤਾਂ ਕੇਰਲਾ ਵੀ ਕਿਸੇ ਪੱਖੋਂ ਘੱਟ ਨਹੀਂ ਸਗੋਂ ਇਸ ਤੋਂ ਵੀ ਅਗਾਂਹ ਹੈ। ਕੇਰਲਾ ਵਿੱਚ ਜਾ ਕੇ ਜਿੱਥੇ ਕੁਦਰਤ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਹੈ ਉੱਥੇ ਕੇਰਲਾ ਤੋਂ ਅਜਿਹਾ ਬਹੁਤ ਕੁਝ ਸਿੱਖਣ ਲਈ ਵੀ ਮਿਲਦਾ ਹੈ ਜੋ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਨਹੀਂ ਹੈ।
ਸੰਪਰਕ: 98550-51099

Advertisement