For the best experience, open
https://m.punjabitribuneonline.com
on your mobile browser.
Advertisement

ਫੁੱਫੜ ਵਰਗੇ ਬੱਦਲ

06:27 AM Aug 10, 2024 IST
ਫੁੱਫੜ ਵਰਗੇ ਬੱਦਲ
Advertisement

ਗੁਰਮੇਲ ਸਿੰਘ ਸਿੱਧੂ

ਜੇਠ ਹਾੜ੍ਹ ਦੀ ਕਰੜੀ ਗਰਮੀ ਤੋਂ ਬਾਅਦ ਸਾਉਣ ਮਹੀਨੇ ਨੂੰ ਮੀਂਹਾਂ, ਬਹਾਰਾਂ ਅਤੇ ਠੰਢੇ ਮੌਸਮ ਦੀਆਂ ਉਮੀਦਾਂ ਦਾ ਮਹੀਨਾ ਮੰਨਿਆ ਜਾਂਦਾ ਹੈ। ਕਈ ਵਾਰ ਤਾਂ ਮੀਂਹ ਬਹੁਤ ਜਿ਼ਆਦਾ ਪੈ ਜਾਂਦੇ ਹਨ ਜਿਸ ਕਰ ਕੇ ਹੜ੍ਹਾਂ ਵਰਗੀ ਹਾਲਤ ਬਣ ਜਾਂਦੀ ਹੈ। ਕੁਝ ਸੂਬਿਆਂ ਵਿੱਚ ਅਜਿਹਾ ਹੋ ਵੀ ਚੁੱਕਿਆ ਹੈ ਪਰ ਖੇਤੀ ਪ੍ਰਧਾਨ ਸੂਬੇ ਮੀਂਹ ਦੀ ਉਡੀਕ ‘ਫੁੱਫੜ’ ਵਾਂਗ ਕਰ ਰਹੇ ਹਨ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਭਰਵੇਂ ਮੀਂਹ ਤੋਂ ਵਾਂਝੇ ਹਨ। ਇਸ ਖੇਤਰ ਦੀ ਪਿਆਸੀ ਜ਼ਮੀਨ ਪਾਣੀ ਨੂੰ ਤਰਸਦੀ ਹੈ। ਮੁੱਖ ਫ਼ਸਲਾਂ, ਸਬਜ਼ੀਆਂ, ਬਾਗ਼-ਬਗ਼ੀਚੇ, ਸ਼ਹਿਰੀ ਪਾਰਕ, ਹਰੇ-ਚਾਰੇ ਵਾਲੀਆਂ ਫ਼ਸਲਾਂ, ਸਮੁੱਚੀ ਬਨਸਪਤੀ ਮੀਂਹ ਤੋਂ ਬਿਨਾਂ ਖੇੜੇ ਵਿੱਚ ਨਹੀਂ ਆਉਂਦੀ। ਖੁਰਾਕੀ ਪਦਾਰਥਾਂ ਦੀ ਬਹੁਤਾਤ ਮੀਂਹਾਂ ਬਿਨਾਂ ਸੰਭਵ ਨਹੀਂ। ਸਮੇਂ ਸਿਰ ਮੀਂਹ ਪੈ ਜਾਣ ਤਾਂ ਅੰਨ ਤੇ ਧਨ ਦੇ ਭੰਡਾਰੇ ਭਰਪੂਰ ਹੋ ਜਾਂਦੇ ਹਨ। ਇਸ ਵਾਰ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਅਜੇ ਤੱਕ ਭਰਵਾਂ ਮੀਂਹ ਨਹੀਂ ਪਿਆ। ਕਿਸਾਨ ਆਪੋ-ਆਪਣੇ ਜਾਂ ਮੁਹੱਈਆ ਸਾਧਨਾਂ ਰਾਹੀਂ ਅਤੇ ਲੋੜੀਂ ਮੰਗੀ ਦੇ ਨਹਿਰੀ ਪਾਣੀ ਨਾਲ, ਸਰਫ਼ਾ ਕਰ ਕੇ ਫਸਲਾਂ ਸੰਭਾਲ ਰਿਹਾ ਹੈ। ਟਿਊਬਵੈੱਲਾਂ ਦਾ ਪਾਣੀ ਕਿੰਨਾ ਵੀ ਲੱਗ ਜਾਵੇ ਪਰ ਮੀਂਹ ਦੇ ਪਾਣੀ ਨਾਲ ਹੀ ਫ਼ਸਲ ਦੀ ਡੁੱਸ ਬਣਦੀ ਹੈ ਪਰ ਬੱਦਲਾਂ ਦੀ ਲਗਾਤਾਰ ਆਵਾਜਾਈ ਸਮੁੱਚੀ ਕਾਇਨਾਤ ਨੂੰ ਜਾਣੋਂ ਮਖੌਲ ਕਰ ਕੇ ਓਹਲੇ ਹੋ ਜਾਂਦੀ ਹੈ।
ਲੋਕ ਇੰਦਰ ਦੇਵਤੇ ਨੂੰ ਮਨਾਉਣ, ਭਰਮਾਉਣ ਲਈ ਸਦੀਆਂ ਤੋਂ ਪ੍ਰਚਲਤ ਕਈ ਤਰ੍ਹਾਂ ਦੀ ਪੂਜਾ ਵੀ ਕਰਦੇ ਹਨ। ਮਿੱਠੇ ਚੌਲਾਂ ਦਾ ਜੱਗ (ਭੰਡਾਰਾ), ਪਾਠ, ਠੰਢੀ ਮਿੱਠੀ ਛਬੀਲ, ਗੁੱਡੀ ਫੂਕਣੀ ਆਦਿ ਅਡੰਬਰ ਕੀਤੇ ਜਾਂਦੇ ਹਨ।
ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਚੁਟਕਲੇ ਬਣਾ ਕੇ ਛੱਡੇ ਜਾ ਰਹੇ ਹਨ। ਗਰਮੀ ਦੇ ਝੰਬੇ ਲੋਕ ਜਦੋਂ ਕਿਸੇ ਦੋਸਤ ਰਿਸ਼ਤੇਦਾਰ ਨੂੰ ਫੋਨ ਕਰਦੇ ਹਨ ਤਾਂ ਪਹਿਲਾਂ ਸਵਾਲ ਹੁੰਦਾ, “ਹੋਰ ਸੁਣਾਓ ਮੀਂਹ ਕਣੀ ਦਾ ਕਿਵੇਂ ਆ?” ਅੱਗਿਓਂ ਜਵਾਬ ਟੇਢਾ ਜਿਹਾ ਮਿਲਦਾ ਹੈ, “ਭਰਾਵਾ ਸਾਡੇ ਤਾਂ ਅੱਗ ਲੱਗੀ ਪਈ ਆ!” ਮਨਚਲੇ ਕਹਿਣਗੇ, “ਕਿਹੜਾ ਮੀਂਹ? ਮੀਂਹ ਦਾ ਹਾਲ ਤਾਂ ਸਾਡੇ ਫੁੱਫੜ ਵਰਗਾ ਹੋਇਆ ਪਿਆ, ਜਿਵੇਂ ਵਿਆਹ ਵਿੱਚ ਫੁੱਫੜ ਫਿਰਦਾ ਹੁੰਦਾ; ਕੰਮ ਕੋਈ ਨਹੀਂ ਹੁੰਦਾ, ਗੇੜੇ ਵਾਧੂ... ਏਸੇ ਤਰ੍ਹਾਂ ਬੱਦਲ ਗੇੜੇ ਦਿੰਦੇ ਫਿਰਦੇ ਨੇ ਪਰ ਮੀਂਹ ਕਣੀ ਨਹੀਂ ਪਾਉਂਦਾ।”
ਫੁੱਫੜ ਨੂੰ ਨਾ ਤਾਂ ਕੋਈ ਕੰਮ ਹੁੰਦਾ, ਨਾ ਹੀ ਉਹਦੇ ਰੁਤਬੇ ਅਨੁਸਾਰ ਉਹਨੂੰ ਕੋਈ ਕੰਮ ਕਿਹਾ ਜਾਂਦਾ ਪਰ ਵਿਆਹ ਦੀ ਰੌਣਕ ਵਿੱਚ ਫੁੱਫੜ ਕਦੇ ਮੰਜੇ ’ਤੇ, ਕਦੇ ਕੁਰਸੀ ’ਤੇ, ਕਦੇ ਕੜਾਹੀ ਕੋਲ, ਕਦੇ ਦਰਵਾਜ਼ੇ ਦੇ ਗੇੜੇ ਕੱਢੀ ਜਾਂਦਾ; ਕਦੇ ਬਾਥਰੂਮ ਜਾ ਕੇ ਹੱਥ ਧੋ ਕੇ ਫਿਰੀ ਜਾਂਦਾ। ਕਈ ਵਾਰ ਹਾਣ ਦੇ ਸਾਲੇ ਜਾਂ ਸਾਲੀਆਂ ਉਹਨੂੰ ਮਿੱਠਾ ਜਿਹਾ ਮਖੌਲ ਵੀ ਕਰ ਦਿੰਦੇ- “ਬਿੱਕਰ ਸੂੰਅ ਨੂੰ ਲਾਓ ਕਿਸੇ ਕੰਮ”। ਜਾਂ ਫਿਰ “ਫੁੱਫੜਾ, ਬਹਿ ਜਾ... ਪੈ ਜਾ ਕਿਤੇ, ਐਵੇਂ ਕੋਈ ਚਾਹ ਪਾਣੀ ਪਾ ਜੂਗਾ।”
ਜਦੋਂ ਫੁੱਫੜ ਨੂੰ ਕੋਈ ਫੁੱਫੜ ਕਹਿੰਦਾ ਤਾਂ ਭੂਆ ਦੂਰੋਂ ਟੇਢਾ ਜਿਹਾ ਝਾਕਦੀ, ਬਈ ਕਿਤੇ ਇਹ ਖਾਣ ਪੀਣ ਨੂੰ ਤਾਂ ਨਹੀਂ ਚਾਹੁੰਦਾ। ਫਿਰ ਉਹ ਆਪਣੇ ਢੰਗ ਨਾਲ ਵਧੀਆ ਜਿਹੀ ਚਾਹ ਬਣਾ ਕੇ ਕਹੇਗੀ, “ਇਥੇ ਬਹਿ ਜਾ, ਇਹਦੇ ਵਿੱਚ ਬਾਹਲਾ ਮਿੱਠਾ ਨਹੀਂ ਪਾਇਆ ਮੈਂ, ਤੇਰੇ ਪੀਣ ਵਾਲੀ ਆ।” ਫੁੱਫੜ ਸੱਚੀ-ਮੁੱਚੀ ਨਾ ਤਾਂ ਕਿਸੇ ਕੰਮ ਵਿੱਚ ਯੋਗਦਾਨ ਪਾ ਸਕਦਾ ਤੇ ਨਾ ਹੀ ਉਸ ਤੋਂ ਵਿਹਲੇ ਦਰਸ਼ਕ ਬਣ ਕੇ ਵਿਹਲਾ ਬੈਠਿਆ ਜਾਂਦਾ।
ਮੈਂ ਆਪ ਕਈਆਂ ਦਾ ਫੁੱਫੜ ਹਾਂ, ਵੈਸੇ ਫੁੱਫੜ ਦੀ ਹਾਲਤ ਸਮਾਂ ਪਾ ਕੇ ਪਹਿਲਾਂ ਵਾਲੀ ਨਹੀਂ ਰਹਿੰਦੀ... ਜੇ ਨਾਲ ਜੁਆਕਾਂ ਦੀ ਭੂਆ ਨਾ ਹੋਵੇ ਤਾਂ ਹਾਲਾਤ ਕੁਝ ਹੋਰ ਹੀ ਹੁੰਦੇ। ਉਸੇ ਘਰ ਵਿੱਚ 15-20 ਸਾਲ ਪਹਿਲਾਂ ਫੁੱਫੜ ‘ਜੀਜਾ ਜੀ’ ਹੁੰਦਾ ਸੀ ਜਿਸ ਨੂੰ ਅੱਜ ਕੱਲ੍ਹ ਲਾਡ ਵਜੋਂ ਜੀਜੂ ਕਹਿੰਦੇ। ਸਮਾਂ ਪਾ ਕੇ ਸਾਲੇ ਦੇ ਧੀ ਪੁੱਤ ਵੀ ਵੱਡੇ ਹੋ ਜਾਂਦੇ। ਉਨ੍ਹਾਂ ਦੇ ਵਿਆਹ ਵੀ ਨੇੜੇ ਲੱਗੇ ਹੁੰਦੇ। ਫੁੱਫੜ ਦੇ ਦੇਖਦੇ-ਦੇਖਦੇ ਸਾਲੇ ਦੀ ਕੁੜੀ ਦਾ ਵਿਆਹ ਹੋ ਜਾਂਦਾ ਤੇ ਪਹਿਲੇ ਜੀਜੇ ਦੀ ‘ਤਰੱਕੀ’ ਹੋ ਜਾਂਦੀ ਹੈ। ਪੁਰਾਣੇ ਜੀਜੇ ਦਾ ਫੁੱਫੜ ‘ਫੁੱਫੜਾ’ ਬਣ ਜਾਂਦਾ। ਹੁਣ ਨਵੇਂ ਜੀਜੇ ਨੂੰ ਜੀਜੂ ਜੀਜੂ ਕਹਿ ਕੇ ਨਿਵਾਜਿਆ ਜਾਂਦਾ, ਸੇਵਾ ਵੀ ਬੜੀ ਸਿ਼ੱਦਤ ਨਾਲ ਵਾਧੂ ਕੀਤੀ ਜਾਂਦੀ।... ਓਧਰ ਸਿਆਣੇ ਬੰਦਿਆਂ ’ਚ ਬੈਠਾ ‘ਬਿੱਕਰ ਸਿਉਂ’ ਬੈਠਕ ਵੱਲ ਟੀਰਾ ਜਿਹਾ ਝਾਕਦਾ ਹੁੰਦਾ ਕਿ ‘ਪੁੱਤ! ਇਸ ਬੈਠਕ ’ਚ ਕਦੇ ਮੈਂ ਵੀ ਆਏਂ ਤੇਰੇ ਵਾਂਗ ਚੌੜਾ ਹੋ ਕੇ ਬਹਿੰਦਾ ਸੀ।’
ਮੇਰੇ ਦੂਜੀ ਕਤਾਰ ਵਾਲੇ ਸਾਲੇ ਨੇ ਪੁੱਛਿਆ, “ਐਤਕੀਂ ਪਿੰਡ ਗਏ ਸੀ?” ਮੈਂ ਕਿਹਾ, “ਹਾਂ।” ਉਹ ਵਿਅੰਗ ਨਾਲ ਕਹਿੰਦਾ, “ਹੁਣ ਨਹਾਉਣ ਵੇਲੇ ਤਾਂ ਬਾਥਰੂਮ ਮੁਸ਼ਕਲ ਨਾਲ ਹੀ ਮਿਲਦਾ ਹੋਊ? ਹੁਣ ਤਾਂ ਫੁੱਫੜ ਬਾਹਰ ਵਿਹੜੇ ’ਚ ਪਟੜੇ ’ਤੇ ਨਹਾਉਣ ਲੱਗ ਗਿਆ ਹੋਣਾ ਜਾਂ ਅਜੇ ਬਾਥਰੂਮ ਮਿਲ ਜਾਂਦਾ?” ਜਦੋਂ ਬੰਦਾ ਪਟੜੇ ’ਤੇ ਨਹਾਉਣ ਲੱਗ ਜਾਵੇ ਤਾਂ ਸਮਝੋ ਉੱਥੇ ਜੀਜਾ ਨਵਾਂ ਆ ਗਿਆ। ਕਹਿੰਦੇ ਇੱਕ ਵਾਰੀ ਫੁੱਫੜ ਨੇ ਨਹਾਉਣ ਦੀ ਤਿਆਰੀ ਕੀਤੀ ਤਾਂ ਸਾਲੇ ਦਾ ਛੋਟਾ ਮੁੰਡਾ ਆਇਆ, ਤੌਲੀਆ ਫੜਾ ਕੇ ਕਹਿੰਦਾ, “ਫੁੱਫੜਾ, ਤੂੰ ਬਾਹਰ ਪਟੜੇ ’ਤੇ ਨਹਾ ਲੈ, ਬਾਥਰੂਮ ਵਿੱਚ ਤਾਂ ਜੀਜਾ ਜੀ ਨਹਾਉਂਦੇ ਨੇ।” ਕੀਤਾ ਵੀ ਕੀ ਜਾਵੇ! ਫੁੱਫੜ ਬਾਥਰੂਮ ਦੀ ਬਜਾਇ ਬਾਹਰ ਨਹਾ ਕੇ ਆਪਣਾ ਤੌਲੀਆ ਕੰਧ ’ਤੇ ਗੱਡੇ ਕਿੱਲ ਅਤੇ ਨਿੰਮ ਨਾਲ ਬੰਨ੍ਹੀਂ ਰੱਸੀ ਉੱਤੇ ਪਾ ਰਿਹਾ ਸੀ। ਉਧਰੋਂ ਨਵਾਂ ਜੀਜਾ ਵੀ ਬਾਥਰੂਮ ਵਿੱਚੋਂ ਚਿੱਟੀ-ਚਿੱਟੀ ਬਨੈਣ ਪਾ ਕੇ ਬਾਹਰ ਆਉਂਦਾ, ਫੁੱਫੜ ਵੱਲ ਤਰਸ ਦੀ ਨਿਗ੍ਹਾ ਨਾਲ ਦੇਖਦਾ। ਬੱਸ ਫਿਰ ਫੁੱਫੜ ਤੋਂ ਰਿਹਾ ਨਾ ਗਿਆ, ਕਹਿੰਦਾ, “ਕੋਈ ਨਾ ਪੁੱਤ! ਤੂੰ ਵੀ ਛੇਤੀ ਹੀ ਪਟੜੇ ’ਤੇ ਆ ਜਾਵੇਂਗਾ।”
ਅੱਜ ਇਸੇ ਤਰ੍ਹਾਂ ਮੀਂਹ ਦੇ ਬੱਦਲ ਫੁੱਫੜ ਵਾਂਗ ਆਪਣੀ ਕਦਰ ਘਟਾ ਰਹੇ ਹਨ। ਗੇੜਾ ਪੂਰਾ ਪਰ ਬੇਵੱਸ ਲੱਗਦੇ। ਕਹਿਰ ਦੀ ਗਰਮੀ ਵਿੱਚ ਤੀਆਂ ਦਾ ਤਿਉਹਾਰ ਮਨਾਉਂਦੀਆਂ ਧੀਆਂ ਵੀ ਇੰਦਰ ਦੇਵਤੇ ਨੂੰ ਕੋਸਦੀਆਂ ਰਹੀਆਂ:
ਇੰਦਰਾ ਵਰ੍ਹ ਜਾ ਵੇ, ਕਿਉਂ ਜਾਵੇਂ ਤਰਸਾਈ!
ਸੰਪਰਕ: 95921-82111

Advertisement

Advertisement
Author Image

joginder kumar

View all posts

Advertisement