ਵੱਡੀਆਂ ਤਕਨੀਕੀ ਕੰਪਨੀਆਂ ਨੂੰ ਨੱਥ
ਵੱਡੀਆਂ ਤਕਨੀਕੀ (ਬਿੱਗ ਟੈੱਕ) ਕੰਪਨੀਆਂ (ਮੈਟਾ, ਐਮਾਜ਼ੋਨ, ਮਾਈਕਰੋਸਾਫਟ, ਐਲਫਾਬੈੱਟ, ਐਪਲ ਜਾਂ ਮਾਮਾ) ਖ਼ਿਲਾਫ਼ ਲੜਾਈ ਕੋਈ ਨਵੀਂ ਗੱਲ ਨਹੀਂ ਹੈ ਪਰ ਇਹ ਲੜਾਈ ਹੁਣ ਫ਼ੈਸਲਾਕੁਨ ਮੋੜ ਉਤੇ ਅੱਪੜ ਗਈ ਹੈ। ਪਿਛਲੇ ਮਹੀਨੇ ਦੇ ਸ਼ੁਰੂ ਵਿਚ ਅਮਰੀਕਾ ਵਿਚ ਐਲਫਾਬੈੱਟ (ਗੂਗਲ) ਅਤੇ ਐਮਾਜ਼ੋਨ ਖ਼ਿਲਾਫ਼ ਬਹੁਤ ਅਹਿਮ ਕੇਸ ਅੱਗੇ ਵਧੇ ਜੋ 1998 ਵਿਚ ਮਾਈਕਰੋਸਾਫਟ ਖ਼ਿਲਾਫ਼ ਕੀਤੀ ਕਾਰਵਾਈ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਦੌਰਾਨ ਯੂਰੋਪ ਵਿਚ ਵੀ ਘੱਟੋ-ਘੱਟ ਤਿੰਨ ਮੌਕਿਆਂ ਉਤੇ ਪਹਿਲਾਂ ਹੀ ਟੈੱਕ ਕੰਪਨੀਆਂ ਖ਼ਿਲਾਫ਼ ਭਾਰੀ ਜੁਰਮਾਨੇ ਕੀਤੇ ਗਏ ਜਿਹੜੇ ਅਰਬਾਂ ਯੂਰੋ ਵਿਚ ਬਣਦੇ ਹਨ।
ਹੁਣ ਇਕ ਹੋਰ ‘ਇਨਕਲਾਬੀ’ ਕਾਨੂੰਨ ਪਾਸ ਕੀਤਾ ਗਿਆ ਹੈ ਅਤੇ ਬੀਤੇ ਹਫ਼ਤੇ ਇਕ ਹੋਰ ਅਜਿਹਾ ਕਾਨੂੰਨ ਸਾਹਮਣੇ ਲਿਆਂਦਾ ਗਿਆ ਜਿਸ ਨਾਲ ਗਾਹਕਾਂ ਨੂੰ ਇਹ ਫ਼ੈਸਲਾ ਕਰਨ ਦੀ ਖੁੱਲ੍ਹ ਮਿਲੇਗੀ ਕਿ ਉਹ ਕਿਹੜੀਆਂ ਐਪਸ ਚਾਹੁੰਦੇ ਹਨ ਅਤੇ ਉਹ ਪ੍ਰੀ-ਲੋਡਿਡ (ਪਹਿਲਾਂ ਤੋਂ ਲੋਡ) ਸਾਫਟਵੇਅਰ ਹਟਾ ਸਕਣਗੇ ਅਤੇ ਨਾਲ ਹੀ ਗੂਗਲ ਪੇਅ ਤੇ ਐਪਲ ਵਾਲੈਟ ਦਰਮਿਆਨ ਵਧੇਰੇ ਮੁਕਾਬਲੇਬਾਜ਼ੀ ਦੀ ਸਮਰੱਥਾ ਬਣਾਈ ਜਾ ਸਕੇਗੀ। ਇਜਾਰੇਦਾਰੀ ਦੀ ਤਾਕਤ ਦੀ ਦੁਰਵਰਤੋਂ ਅਤੇ ਨਿੱਜਤਾ ਉਤੇ ਹਮਲੇ ਵਰਗੇ ਮਾਮਲਿਆਂ ਵਿਚ ਕੀਤੇ ਜਾਣ ਵਾਲੇ ਜੁਰਮਾਨੇ ਕੰਪਨੀ ਦੇ ਕੁੱਲ ਕਾਰੋਬਾਰ ਦੇ 10 ਫ਼ੀਸਦੀ ਤੱਕ ਹੋ ਸਕਦੇ ਹਨ। ਅਜਿਹਾ ਹੀ ਇਕ ਕਾਨੂੰਨ ਪਿਛਲੇ ਮਹੀਨਿਆਂ ਦੌਰਾਨ ਬਰਤਾਨੀਆ ਵਿਚ ਪਾਸ ਕੀਤਾ ਗਿਆ ਹੈ।
ਅਮਰੀਕੀ ਕਾਂਗਰਸ ਵਿਚ ਨਵੇਂ ਕਾਨੂੰਨ ਨੂੰ ਅੰਸ਼ਕ ਤੌਰ ’ਤੇ ‘ਮਾਮਾ’ (MAMAA) ਵੱਲੋਂ ਕੀਤੀ ਜ਼ੋਰਦਾਰ ਲੌਬਇੰਗ ਕਾਰਨ ਰੋਕ ਲਿਆ ਗਿਆ ਪਰ ਨਿਆਂ ਵਿਭਾਗ ਤੇ ਸੰਘੀ ਵਪਾਰ ਕਮਿਸ਼ਨ (Federal Trade Commission) ਨੇ ਇਸ ਬਾਰੇ ਹਮਲਾਵਰਾਨਾ ਢੰਗ ਨਾਲ ਮੁਕੱਦਮੇ ਦਾਇਰ ਕੀਤੇ ਹਨ ਜਨਿ੍ਹਾਂ ਰਾਹੀਂ ਮੌਜੂਦਾ ਬੇਭਰੋਸਗੀ (ਇਜਾਰੇਦਾਰੀ) ਕਾਨੂੰਨ ਦੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਤਹਿਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਨੂੰਨ ਦਾ ਘੇਰਾ ਵਧਾ ਕੇ ਉਸ ਦੇ ਖ਼ਪਤਕਾਰਾਂ ਦੀ ਰਾਖੀ ਸਬੰਧੀ ਪ੍ਰਵਾਨਤ ਟੀਚੇ ਤੋਂ ਅਗਾਂਹ ਜਾਂਦਿਆਂ ਵਿਰੋਧੀ ਕਾਰੋਬਾਰਾਂ ਦੀ ਵੀ ਰਾਖੀ ਕਰਨ ਤੱਕ ਪੁੱਜਿਆ ਜਾਵੇ। ਇਸ ਦੌਰਾਨ ਭਾਰਤ ਵਿਚ ਮੁਕਾਬਲਾ ਕਮਿਸ਼ਨ ਨੇ ਗੂਗਲ ਨੂੰ ਦੋ ਮਾਮਲਿਆਂ ਵਿਚ ਕੁੱਲ 2280 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ, ਤੀਜਾ ਕੇਸ ਜ਼ੇਰੇ-ਗ਼ੌਰ ਹੈ।
ਇਹ ਇੰਟਰਨੈੱਟ ਨੂੰ ਨੇਮਬੰਦੀ-ਰਹਿਤ ਹੋਣ ਵਜੋਂ ਦੇਖਣ ਤੋਂ ਲੈ ਕੇ ਨਵੀਂ ਤਕਨਾਲੋਜੀ, ਦਿਲਚਸਪ ਕਾਢਾਂ ਅਤੇ ਅਨੋਖੇ ਕਾਰੋਬਾਰੀ ਮਾਡਲਾਂ ਨਾਲ ਡਿਜੀਟਲ ਦੌਰ ਵਿਚ ਖ਼ਪਤਕਾਰਾਂ ਦੀਆਂ ਲੋੜ ਸਿਰਜਣ ਤੇ ਪੂਰਾ ਕਰਨ ਵਾਲੇ ਉੱਦਮੀਆਂ ਦੇ ਇਥੋਂ ਤੱਕ ਪੁੱਜਣ ਦਾ ਬੜਾ ਲੰਮਾ ਸਫ਼ਰ ਰਿਹਾ ਹੈ। ਜਿਉਂ ਜਿਉਂ ਆਜ਼ਾਦ ਪ੍ਰਗਟਾਵਾ ਜ਼ਹਿਰੀਲਾ ਹੁੰਦਾ ਗਿਆ, ਸੋਸ਼ਲ ਮੀਡੀਆ ਮੰਚਾਂ ਨੇ ਕੌਮੀ ਸਿਆਸਤ ਨੂੰ ਪ੍ਰਭਾਵਿਤ ਕੀਤਾ ਅਤੇ ਨਾਲ ਹੀ ਬਿੱਗ ਟੈੱਕ ਕੰਪਨੀਆਂ ਦੀਆਂ ਨੀਤੀਆਂ ਉਤੇ ਚੀਨ ਦਾ ਪ੍ਰਭਾਵ ਰਣਨੀਤਕ ਸਰੋਕਾਰ ਬਣ ਗਿਆ, ਇਸ ਸੂਰਤ ਵਿਚ ਇਸ ਦਾ ਬਦਲਣਾ ਤੈਅ ਹੀ ਸੀ। ਵਿਸ਼ਾ-ਵਸਤੂ ਦੀ ਪੜਤਾਲ (ਭਾਵ ਕਿਸੇ ਵਰਤੋਂਕਾਰ ਵੱਲੋਂ ਕਿਸੇ ਆਨਲਾਈਨ ਮੰਚ ਉਤੇ ਪਾਈ ਸਮੱਗਰੀ ਦੀ ਨਿਰਖ-ਪਰਖ ਕਰਨਾ) ਨੇ ਸਿਆਸੀ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ ਅਤੇ ਇਹ ਜਨਤਕ ਨੀਤੀ ਬਣ ਗਈ ਹੈ। ਬਿੱਗ ਟੈੱਕ ਖ਼ਿਲਾਫ਼ ਲਗਦੇ ਦੋਸ਼ਾਂ ਵਿਚ ਨਿਜੀ ਡੇਟਾ ਦੀ ਵਰਤੋਂ (ਜਾਂ ਦੁਰਵਰਤੋਂ) ਰਾਹੀਂ ਨਿੱਜਤਾ ਦੀ ਉਲੰਘਣਾ ਅਤੇ ਨਾਲ ਹੀ ਸਰਚ ਸਵਾਲਾਂ ਦੇ ਜਵਾਬ ਵਿਚ ਹੋਰ ਸਮੱਗਰੀ ਦੇ ਮੁਕਾਬਲੇ ਅਦਾਇਗੀਸ਼ੁਦਾ ਸਮੱਗਰੀ ਨੂੰ ਉਭਾਰ ਕੇ ਪੇਸ਼ ਕਰਨ ਵਰਗੇ ਦੋਸ਼ ਸ਼ਾਮਲ ਹਨ। ਇਕ ਅਧਿਐਨ ਵਿਚ ਸਾਹਮਣੇ ਆਇਆ ਕਿ ਐਮਾਜ਼ੋਨ ਦੇ ਇਕ ਉਤਪਾਦ ਦੀ ਸਰਚ ਵਿਚ ਸਾਹਮਣੇ ਆਏ 20 ਨਤੀਜਿਆਂ ਵਿਚੋਂ 16 ਇਸ਼ਤਿਹਾਰਾਂ ਦੇ ਸਨ। ਇਸ ਤੋਂ ਇਲਾਵਾ ਟੈਕਸ ਚੋਰੀ ਦੇ ਵੀ ਦੋਸ਼ ਹਨ।
ਇਸ ਦੇ ਨਾਲ ਹੀ ਇਨ੍ਹਾਂ ਮੁੱਠੀ ਭਰ ਕੰਪਨੀਆਂ ਨੇ ਆਪਣੀ ਪਹੁੰਚ ਤੇ ਤਾਕਤ ਪੱਖੋਂ ਸਰਕਾਰਾਂ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਪੰਜ ਕੰਪਨੀਆਂ ਦੀ ਵਿੱਤੀ ਤਾਕਤ ਐੱਸ ਐਂਡ ਪੀ 500 ਤੋਂ ਵੱਧ ਸੀ, ਸ਼ੇਅਰ ਬਾਜ਼ਾਰ ਕੀਮਤ ਖਰਬਾਂ ਡਾਲਰਾਂ ਵਿਚ ਸੀ ਅਤੇ ਇਨ੍ਹਾਂ ਦੀ ਆਮਦਨ ਇੰਨੀ ਜ਼ਿਆਦਾ ਸੀ ਕਿ ਇਨ੍ਹਾਂ ਉਤੇ ਲਾਇਆ ਰਿਕਾਰਡ ਜੁਰਮਾਨਾ ਵੀ ਇਨ੍ਹਾਂ ਲਈ ਮਾਮੂਲੀ ਰਕਮ ਵਰਗਾ ਬਣਦਾ ਸੀ। ਮਾਮਾ ਦੇ ਮੁਨਾਫ਼ੇ ਜੋ ਐੱਸ ਐਂਡ ਪੀ 500 ਦੀ ਔਸਤ 10 ਫ਼ੀਸਦੀ ਤੋਂ ਦੁੱਗਣਾ ਹੈ, ਬਾਰੇ ਲਗਾਤਾਰ ਇਹ ਪ੍ਰਭਾਵ ਵਧ ਰਿਹਾ ਹੈ ਕਿ ਇਹ ਬਾਜ਼ਾਰ ਸ਼ਕਤੀ ਦੀ ਦੁਰਵਰਤੋਂ ਦੇ ਸਿੱਟੇ ਵਜੋਂ ਹੋ ਰਿਹਾ ਹੈ।
ਵਧੇਰੇ ਇਤਰਾਜ਼ ਵਾਲੀਆਂ ਕਾਰੋਬਾਰੀ ਪ੍ਰਥਾਵਾਂ ਵਿਚ ਮੋਬਾਈਲ ਫੋਨਾਂ ਵਿਚ ਅਗਾਊਂ ਤੌਰ ’ਤੇ ਗੂਗਲ ਸਾਫਟਵੇਅਰ ਭਰਨਾ (ਜਿਸ ਵਿਸ਼ੇਸ਼ ਅਧਿਕਾਰ ਲਈ ਐਪਲ ਨੂੰ ਅਰਬਾਂ ਡਾਲਰ ਅਦਾ ਕੀਤੇ ਜਾਂਦੇ ਹਨ), ਅਪਰੇਟਿੰਗ ਸਿਸਟਮਾਂ ਵਿਚ ਅੰਤਰ-ਸੰਚਾਲਨ ਨਾ-ਮਨਜ਼ੂਰ ਕਰਨਾ ਅਤੇ ਇਨ੍ਹਾਂ ਨੂੰ ‘ਸਖ਼ਤ ਸੁਰੱਖਿਆ ਵਾਲੇ ਟਿਕਾਣੇ’ ਬਣਾ ਦੇਣਾ, ਸੰਭਾਵੀ ਮੁਕਾਬਲੇਕਾਰਾਂ ਨੂੰ ਖ਼ਤਮ ਕਰ ਦੇਣਾ ਜਾਂ ਖ਼ਰੀਦ ਲੈਣਾ (ਮੈਟਾ ਵੱਲੋਂ ਇੰਸਟਾਗ੍ਰਾਮ ਤੇ ਵਟਸਐਪ ਖ਼ਰੀਦਣ ਵਾਂਗ) ਅਤੇ ਇਸ਼ਤਿਹਾਰਬਾਜ਼ੀ ਦਾ ਮਾਲੀਆ ਖ਼ਬਰਾਂ ਦੇ ਪ੍ਰਕਾਸ਼ਕਾਂ ਨਾਲ ਵੰਡਾਉਣ ਵੇਲੇ ਨਾਵਾਜਬ ਢੰਗ-ਤਰੀਕੇ ਅਪਣਾਉਣਾ ਆਦਿ ਸ਼ਾਮਲ ਹਨ। ਆਸਟਰੇਲੀਆ ਨੇ 2021 ਵਿਚ ਪ੍ਰਕਾਸ਼ਕਾਂ ਲਈ ਇਕਸਾਰ ਮੌਕੇ ਮੁਹੱਈਆ ਕਰਾਉਣ ਵਾਲਾ ਕਾਨੂੰਨ ਪਾਸ ਕੀਤਾ ਸੀ। ਇਕ ਟੈੱਕ ਕੰਪਨੀ ਨੇ ਇਸ ਦਾ ਜਵਾਬ ਆਸਟਰੇਲੀਆ ਨੂੰ ਆਪਣੇ ਕਾਰੋਬਾਰ ਤੋਂ ਲਾਂਭੇ ਕਰ ਕੇ ਦਿੱਤਾ ਪਰ ਬਾਅਦ ਵਿਚ ਸਮਝੌਤਾ ਕਰ ਲਿਆ। ਹਾਲਾਤ ਅਜੇ ਤੱਕ ਉਸ ਪੱਧਰ ਤੱਕ ਤਾਂ ਨਹੀਂ ਪੁੱਜੇ ਜਿਥੇ ਰੈਗੂਲੇਟਰ ਕੰਪਨੀਆਂ ਨੂੰ ਤੋੜਨਾ ਚਾਹੁੰਦੇ ਹੋਣ (ਜਵਿੇਂ 1984 ਵਿਚ ਏਟੀ ਐਂਡ ਟੀ ਨਾਲ ਕੀਤਾ ਗਿਆ ਸੀ) ਪਰ ਕਾਨੂੰਨਸਾਜ਼ਾਂ ਨੇ ਅਜਿਹੀਆਂ ਕਾਰਵਾਈਆਂ ਦਾ ਸੱਦਾ ਦਿੱਤਾ ਹੈ।
ਕੰਪਨੀਆਂ ਨੇ ਇਸ ਵਧਦੇ ਹਮਲੇ ਦਾ ਜਵਾਬ ਜ਼ੋਰਦਾਰ ਹਿਫ਼ਾਜ਼ਤ ਅਤੇ ਹਮਲਾਵਰਾਨਾ ਲੌਬਇੰਗ ਰਾਹੀਂ ਦਿੱਤਾ, ਨਾਲ ਹੀ ਇਨ੍ਹਾਂ ਫ਼ੈਸਲਿਆਂ ਦੇ ਜਵਾਬ ਵਜੋਂ ਵੱਖੋ-ਵੱਖ ਭੂਗੋਲਿਕ ਖ਼ਿੱਤਿਆਂ ਵਿਚ ਆਪਣੇ ਬਿਜ਼ਨਸ ਮਾਡਲ ਵਿਚ ਤਬਦੀਲੀਆਂ ਲਿਆਂਦੀਆਂ। ਮੈਟਾ ਨੇ ਅੱਲੜਾਂ ਨੂੰ ਉਨ੍ਹਾਂ ਦੀ ਐਪ ਸਰਗਰਮੀ ’ਤੇ ਆਧਾਰਿਤ ਇਸ਼ਤਿਹਾਰਬਾਜ਼ੀ ਦਾ ਨਿਸ਼ਾਨਾ ਬਣਾਉਣਾ ਬੰਦ ਕਰ ਦਿੱਤਾ, ਗੂਗਲ ਨੇ ਆਪਣੇ ਇਸ਼ਤਿਹਾਰਬਾਜ਼ੀ ਕਾਰੋਬਾਰ ਵੱਲੋਂ ਵਰਤੇ ਜਾਂਦੇ ਡੇਟਾ ਤੱਕ ਪਹੁੰਚ ਮੋਕਲੀ ਕੀਤੀ ਹੈ ਅਤੇ ਟਿਕਟੌਕ ਨੇ ਵਰਤੋਂਕਾਰਾਂ ਨੂੰ ਇਹ ਚੋਣ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਹੜੀ ਉਨ੍ਹਾਂ ਦੇ ਪੁਰਾਣੇ ਵਿਹਾਰ ਨਾਲ ਸਬੰਧਿਤ ਨਾ ਹੋਵੇ।
ਇਹ ਕਦਮ ਸ਼ਾਇਦ ਕਾਫ਼ੀ ਨਾ ਹੋਣ। ਐਮਾਜ਼ੋਨ ਨੂੰ ਤੀਜੀ ਧਿਰ ਦੇ ਵਿਕਰੇਤਾਵਾਂ ਨਾਲ ਹਿੱਤਾਂ ਦੇ ਟਕਰਾਅ ਕਾਰਨ ਆਪਣੇ ਮੰਚ ਤੋਂ ਆਪਣੇ ਉਤਪਾਦ ਵੇਚਣ ’ਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਐਪਲ ਵੀ ਆਪਣੇ ਐਪ ਸਟੋਰ ਤੱਕ ਪਹੁੰਚ ਦੇ ਨਿਯਮਾਂ ਵਿਚ ਤਬਦੀਲੀ ਕਰ ਸਕਦਾ ਹੈ। ਅਜਿਹਾ ਉਦੋਂ ਹੋਇਆ ਜਦੋਂ ਅਸਬੰਧਿਤ ਕਾਰਨਾਂ ਕਰ ਕੇ 2022 ਵਿਚ ਬਿੱਗ ਟੈੱਕ ਦੇ ਸ਼ੇਅਰਾਂ ਦੀਆਂ ਕੀਮਤਾਂ ’ਚ ਗਿਰਾਵਟ ਆਈ ਜਨਿ੍ਹਾਂ ਵਿਚ ਇਸ ਸਾਲ ਜ਼ਰੂਰ ਅੰਸ਼ਕ ਸੁਧਾਰ ਹੋਇਆ। ਇਥੋਂ ਤੱਕ ਕਿ ਚਾਰ ਮਾਮਾ ਕੰਪਨੀਆਂ ਨੂੰ ਵੱਡੇ ਪੱਧਰ ’ਤੇ ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ ਕਰਨਾ ਪਿਆ। ਬਿੱਗ ਟੈੱਕ ਦੀ ਲੜਾਈ ਇਕ ਤੋਂ ਵੱਧ ਮੋਰਚਿਆਂ ਉਤੇ ਹੈ।