ਪੁਲੀਸ ਮੁਕਾਬਲੇ ’ਚ ਜੱਗੂ ਭਗਵਾਨਪੁਰੀਆ ਦਾ ਨੇੜਲਾ ਸਾਥੀ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 3 ਸਤੰਬਰ
ਇਥੋਂ ਦੀ ਪੁਲੀਸ ਨਾਲ ਮੁਕਾਬਲੇ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨੇੜਲੇ ਸਾਥੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਰੀਬੀ ਸਾਥੀ ਜਸਕਰਨ ਗੁੱਜਰ ਉਰਫ਼ ਕੰਨੂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਰਾਮਪੁਰ ਬਿੱਲਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੰਨੂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਹ ਸ਼ਹਿਰ ’ਚ ਵੱਡੀ ਵਾਰਦਾਤ ਕਰਨ ਦੀ ਸਾਜ਼ਿਸ਼ਘੜ ਰਹੇ ਹਨ ਅਤੇ ਸ਼ਹਿਰ ਦੇ ਹੈਮਿਲਟਨ ਟਾਵਰ ਦੇ ਪਿਛਲੇ ਪਾਸੇ ਨਾਜਾਇਜ਼ ਹਥਿਆਰ ਛੁਪਾਏ ਹੋਏ ਹਨ, ਜਿਸ ਤੋਂ ਬਾਅਦ ਪੁਲੀਸ ਉਸ ਨੂੰ ਉਸਤ ਸਥਾਨ ’ਤੇ ਲੈ ਕੇ ਗਈ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਬਾਅਦ ਕੰਨੂ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ, ਜਿਸ ਮਗਰੋਂ ਪੁਲੀਸ ਪਾਰਟੀ ਨੇ ਜਵਾਬੀ ਕਾਰਵਾਈ ਕੀਤੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਜਸਕਰਨ ਗੁੱਜਰ ਉਰਫ਼ ਕੰਨੂ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਗੈਂਗਸਟਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਉਸ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਉਸ ਦੀ ਕਾਰ ਵਿੱਚੋਂ ਛੇ ਪਿਸਤੌਲ, 55 ਕਾਰਤੂਸ ਅਤੇ ਅੱਠ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਉਸ ਕੋਲੋਂ 32 ਬੋਰ ਦੇ 7 ਪਿਸਤੌਲ ਅਤੇ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਚ ਵੀ ਕੇਸ ਦਰਜ ਹੈ। ਇਸ ਗ੍ਰਿਫ਼ਤਾਰੀ ਨਾਲ ਇਸ ਗਰੋਹ ਦੇ ਕੁੱਲ 10 ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 16 ਹਥਿਆਰ ਬਰਾਮਦ ਕੀਤੇ ਗਏ ਹਨ।