‘ਘੜੀ’ ਚਿੰਨ੍ਹ: ਸੁਪਰੀਮ ਕੋਰਟ ਨੇ ਐੱਨਸੀਪੀ ਕੋਲੋਂ ਇਸ਼ਤਿਹਾਰਾਂ ਦੇ ਵੇਰਵੇ ਮੰਗੇ
ਨਵੀਂ ਦਿੱਲੀ, 3 ਅਪਰੈਲ
ਸੁਪਰੀਮ ਕੋਰਟ ਨੇ ਅੱਜ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੂੰ ਉਸ (ਅਦਾਲਤ) ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਾਰੀ ਕੀਤੇ ਗਏ ਅਖ਼ਬਾਰਾਂ ਦੇ ਇਸ਼ਤਿਹਾਰਾਂ ਦਾ ਬਿਓਰਾ ਦੇਣ ਨੂੰ ਕਿਹਾ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਇਸ ਧੜੇ ਨੂੰ ਇਸ ਸੂਚਨਾ (ਡਿਸਕਲੇਮਰ) ਦੇ ਨਾਲ ਪ੍ਰਚਾਰ ਕਰਨ ਦਾ ਨਿਰਦੇਸ਼ ਦਿੱਤਾ ਸੀ ਕਿ ‘ਘੜੀ’ ਚੋਣ ਚਿੰਨ੍ਹ ਜਾਰੀ ਕਰਨ ਦਾ ਮਾਮਲਾ ਅਦਾਲਤ ਵਿੱਚ ਵਿਚਾਰਅਧੀਨ ਹੈ।
ਜਸਟਿਸ ਸੂਰਿਆਕਾਂਤ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੇ ਬੈਂਚ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਜਾਰੀ ਇਸ਼ਤਿਹਾਰਾਂ ਦੇ ਵੇਰਵੇ ਦੇਣ ਲਈ ਕਿਹਾ। ਦਰਅਸਲ ਸ਼ਰਦ ਪਵਾਰ ਨੇ ਦੋਸ਼ ਲਗਾਇਆ ਸੀ ਕਿ ਅਜੀਤ ਪਵਾਰ ਗੁੱਟ ਅਦਾਲਤ ਦੇ 19 ਮਾਰਚ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ ਹੈ। ਇਸ ’ਤੇ ਬੈਂਚ ਨੈ ਕਿਹਾ, ‘‘ਰੋਹਤਗੀ, ਤੁਸੀਂ ਇਸ ਸਬੰਧ ਵਿੱਚ ਵੇਰਵੇ ਲਓ ਕਿ ਇਸ ਹੁਕਮ ਤੋਂ ਬਾਅਦ ਕਿੰਨੇ ਇਸ਼ਤਿਹਾਰ ਜਾਰੀ ਹੋਏ। ਸਾਨੂੰ ਇਸ ’ਤੇ ਫੈਸਲਾ ਕਰਨਾ ਪਵੇਗਾ ਕਿ ਕੀ ਉਹ (ਅਜੀਤ ਪਵਾਰ ਧੜਾ) ਇਸ ਤਰ੍ਹਾਂ ਦਾ ਵਰਤਾਰਾ ਕਰ ਰਹੇ ਹਨ। ਜਾਣਬੁੱਝ ਕੇ ਸਾਡੇ ਹੁਕਮਾਂ ਦਾ ਗ਼ਲਤ ਅਰਥ ਕੱਢਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ।’’
ਸ਼ਰਦ ਪਵਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ 19 ਮਾਰਚ ਨੂੰ ਇਸ ਅਦਾਲਤ ਨੇ ਇਕ ਹੁਕਮ ਪਾਸ ਕੀਤਾ ਸੀ ਜਿਸ ਵਿੱਚ ਉਨ੍ਹਾਂ (ਅਜੀਤ ਪਵਾਰ ਧੜੇ) ਨੂੰ ਅਖ਼ਬਾਰਾਂ ਵਿੱਚ ਇਹ ਇਸ਼ਤਿਹਾਰ ਜਾਰੀ ਕਰਨ ਨੂੰ ਕਿਹਾ ਗਿਆ ਸੀ ਕਿ ‘ਘੜੀ’ ਚੋਣ ਨਿਸ਼ਾਨ ਜਾਰੀ ਕਰਨ ਦਾ ਮੁੱਦਾ ਅਦਾਲਤ ਵਿੱਚ ਵਿਚਾਰਅਧੀਨ ਹੈ ਅਤੇ ਇਸ ਚਿੰਨ੍ਹ ਦਾ ਇਸਤੇਮਾਲ ਅਦਾਲਤ ਦੇ ਫੈਸਲੇ ਦੇ ਆਧਾਰ ’ਤੇ ਹੋਵੇਗਾ। -ਪੀਟੀਆਈ