For the best experience, open
https://m.punjabitribuneonline.com
on your mobile browser.
Advertisement

ਦੇਸ਼ ਭਰ ’ਚ 310 ਜ਼ਿਲ੍ਹਿਆਂ ਲਈ ਖ਼ਤਰਾ ਬਣੀ ਜਲਵਾਯੂ ਤਬਦੀਲੀ

07:37 AM Dec 07, 2023 IST
ਦੇਸ਼ ਭਰ ’ਚ 310 ਜ਼ਿਲ੍ਹਿਆਂ ਲਈ ਖ਼ਤਰਾ ਬਣੀ ਜਲਵਾਯੂ ਤਬਦੀਲੀ
Advertisement

ਨੀਰਜ ਮੋਹਨ
ਨਵੀਂ ਦਿੱਲੀ, 6 ਦਸੰਬਰ
ਇਕ ਵਿਆਪਕ ਮੁਲਾਂਕਣ ’ਚ ਪੂਰੇ ਦੇਸ਼ ਦੇ 310 ਅਜਿਹੇ ਜ਼ਿਲ੍ਹਿਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਲਈ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨੇ ‘ਸਭ ਤੋਂ ਵੱਧ ਖ਼ਤਰਾ’ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਵਿਚੋਂ 109 ਜ਼ਿਲ੍ਹੇ ‘ਬੇਹੱਦ ਜ਼ਿਆਦਾ’ ਖ਼ਤਰੇ ਵਾਲੇ ਵਰਗ ਵਿਚ ਹਨ, ਜਦਕਿ 201 ਹੋਰਾਂ ਲਈ ਵੀ ਜ਼ਿਆਦਾ ਜੋਖ਼ਮ ਪੈਦਾ ਹੋ ਗਿਆ ਹੈ। ਇਹ ਵਰਗੀਕਰਨ, ਜਲਵਾਯੂ ਤਬਦੀਲੀ ਦੇ ਸਮਿਆਂ ਵਿਚ ਖੇਤੀਬਾੜੀ ਕਰਨ ਬਾਰੇ ਕੇਂਦਰੀ ਖੋਜ ਉੱਦਮਾਂ ਤਹਿਤ ਕੀਤਾ ਗਿਆ ਹੈ। ਇਹ ਉੱਦਮ ਜਲਵਾਯੂ ਤਬਦੀਲੀ ਦੇ ਮੱਦੇਨਜ਼ਰ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਉਤੇ ਕੇਂਦਰਤ ਹੈ। ਲੋਕ ਸਭਾ ਵਿਚ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ 48 ਜ਼ਿਲ੍ਹੇ ਜ਼ਿਆਦਾ ਜੋਖ਼ਮ ਵਾਲੇ ਵਰਗ ਵਿਚ ਹਨ। ਇਨ੍ਹਾਂ ਵਿਚੋਂ 22 ਲਈ ‘ਬੇਹੱਦ ਜ਼ਿਆਦਾ ਖ਼ਤਰਾ’ ਤੇ 26 ਲਈ ‘ਜ਼ਿਆਦਾ’ ਜੋਖ਼ਮ ਪੈਦਾ ਹੋਣ ਬਾਰੇ ਕਿਹਾ ਗਿਆ ਹੈ। ਇਸ ਤੋਂ ਬਾਅਦ ਰਾਜਸਥਾਨ ਦੇ 27 ਜ਼ਿਲ੍ਹਿਆਂ ਵਿਚੋਂ 17 ‘ਬੇਹੱਦ ਵੱਧ’ ਤੇ 10 ‘ਜ਼ਿਆਦਾ’ ਖ਼ਤਰੇ ਵਾਲੇ ਵਰਗ ਵਿਚ ਹਨ। ਸੂਚੀ ਵਿਚ ਬਿਹਾਰ ਦੇ 10 ਜ਼ਿਲ੍ਹੇ ਸ਼ਾਮਲ ਹਨ। ਹਿਮਾਚਲ ਦੇ 12 ਵਿਚੋਂ 8 ਜ਼ਿਲ੍ਹਿਆਂ ਲਈ ਵੀ ਜਲਵਾਯੂ ਤਬਦੀਲੀ ਨੇ ਚੁਣੌਤੀਆਂ ਪੈਦਾ ਕੀਤੀਆਂ ਹਨ। ਤੋਮਰ ਨੇ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਕੌਂਸਲ ਨੇ 2014 ਤੋਂ ਹੀ ਜਲਵਾਯੂ ਤਬਦੀਲੀ ਵਿਚ ਹੰਢ ਸਕਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਕੁੱਲ 1971 ਕਿਸਮਾਂ ਹੁਣ ਤੱਕ ਪੈਦਾ ਕੀਤੀਆਂ ਜਾ ਚੁੱਕੀਆਂ ਹਨ। ਮੰਤਰੀ ਨੇ ਮੌਜੂਦਾ ਦੌਰ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ।

Advertisement

ਪੰਜਾਬ ਤੇ ਹਰਿਆਣਾ ਦੇ ਵੀ ਕਈ ਜ਼ਿਲ੍ਹੇ ਸ਼ਾਮਲ

ਪੰਜਾਬ ਤੇ ਹਰਿਆਣਾ ਵਰਗੇ ਰਵਾਇਤੀ ਅਨਾਜ ਉਤਪਾਦਕ ਰਾਜ ਵੀ ਜਲਵਾਯੂ ਤਬਦੀਲੀ ਦੇ ਖ਼ਤਰਿਆਂ ਤੋਂ ਬਚੇ ਹੋਏ ਨਹੀਂ ਹਨ। ਪੰਜਾਬ ਦੇ ਗੁਰਦਾਸਪੁਰ, ਜਲੰਧਰ, ਮੋਗਾ, ਫਰੀਦਕੋਟ ਤੇ ਬਠਿੰਡਾ ਜ਼ਿਲ੍ਹਿਆਂ ਨੂੰ ਵੀ ‘ਬੇਹੱਦ ਵੱਧ’ ਜੋਖ਼ਮ ਵਾਲੇ ਵਰਗ ਵਿਚ ਰੱਖਿਆ ਗਿਆ ਹੈ। ਜਦਕਿ ਮੁਕਤਸਰ ਤੇ ਮਾਨਸਾ ਦੇ ਨਾਲ ਕਣਕ-ਝੋਨਾ ਪੈਦਾ ਕਰਨ ਵਾਲੇ ਮੋਹਰੀ ਜ਼ਿਲ੍ਹੇ ਸੰਗਰੂਰ ਤੇ ਫਿਰੋਜ਼ਪੁਰ ਜਲਵਾਯੂ ਤਬਦੀਲੀ ਤੋਂ ‘ਜ਼ਿਆਦਾ ਖ਼ਤਰੇ’ ਵਾਲੇ ਵਰਗ ਵਿਚ ਪਾਏ ਗਏ ਹਨ। ਇਸੇ ਤਰ੍ਹਾਂ ਹਰਿਆਣਾ ਦੇ ਫਤਿਹਾਬਾਦ, ਭਿਵਾਨੀ ਤੇ ਮਹੇਂਦਰਗੜ੍ਹ ‘ਬੇਹੱਦ ਵੱਧ’ ਖ਼ਤਰੇ ਵਾਲੇ ਵਰਗ ਵਿਚ ਹਨ। ਜਦਕਿ ਕੈਥਲ, ਜੀਂਦ, ਸਿਰਸਾ, ਰੋਹਤਕ, ਝੱਜਰ, ਰਿਵਾੜੀ ਤੇ ਗੁੜਗਾਓਂ ਵੀ ‘ਜ਼ਿਆਦਾ’ ਜੋਖ਼ਮ ਵਾਲੀ ਸ਼੍ਰੇਣੀ ਵਿਚ ਹਨ।

Advertisement
Author Image

sukhwinder singh

View all posts

Advertisement
Advertisement
×