For the best experience, open
https://m.punjabitribuneonline.com
on your mobile browser.
Advertisement

ਜਲਵਾਯੂ ਪਰਿਵਰਤਨ ਤੇ ਭੋਜਨ ਸੁਰੱਖਿਆ ਗੰਭੀਰ ਚੁਣੌਤੀਆਂ: ਕਟਾਰੀਆ

07:08 AM Nov 13, 2024 IST
ਜਲਵਾਯੂ ਪਰਿਵਰਤਨ ਤੇ ਭੋਜਨ ਸੁਰੱਖਿਆ ਗੰਭੀਰ ਚੁਣੌਤੀਆਂ  ਕਟਾਰੀਆ
ਕਾਨਫਰੰਸ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਮਾਨ, ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ।
Advertisement

ਸਤਵਿੰਦਰ ਬਸਰਾ
ਲੁਧਿਆਣਾ, 12 ਨਵੰਬਰ
ਇੱਥੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ’ਚ ‘ਜਲਵਾਯੂ ਪਰਿਵਰਤਨ ਅਤੇ ਊਰਜਾ ਤਬਦੀਲੀ ਦੇ ਸੰਦਰਭ ਵਿੱਚ ਖੇਤੀ-ਭੋਜਨ ਪ੍ਰਣਾਲੀਆਂ ਨੂੰ ਬਦਲਣਾ’ ਵਿਸ਼ੇ ’ਤੇ ਚਾਰ ਰੋਜ਼ਾ ਕੌਮਾਂਤਰੀ ਕਾਨਫਰੰਸ ਅੱਜ ਸ਼ੁਰੂ ਹੋਈ। ਇੰਡੀਅਨ ਇਕੋਲੌਜੀਕਲ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਰੋਹ ਦੀ ਪ੍ਰਧਾਨਗੀ ’ਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਅਤੇ ਉਨ੍ਹਾਂ ਨਾਲ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਆਏ ਡਾ. ਜੌਹਨ ਐੱਚ. ਪਰਕਿਨਸ ਅਤੇ ਇੰਡੀਅਨ ਇਕੋਲੌਜੀਕਲ ਸੁਸਾਇਟੀ ਦੇ ਪ੍ਰਧਾਨ ਡਾ. ਅਸ਼ੋਕ ਧਵਨ ਵੀ ਮੰਚ ’ਤੇ ਸੁਸ਼ੋਭਿਤ ਰਹੇ। ਸ੍ਰੀ ਕਟਾਰੀਆ ਨੇ ਜਲਵਾਯੂ ਪਰਿਵਰਤਨ, ਭੋਜਨ ਸੁਰੱਖਿਆ ਤੇ ਖੇਤੀ ਨਿਰੰਤਰਤਾ ਨੂੰ ਇੱਕੀਵੀਂ ਸਦੀ ਦੀਆਂ ਗੰਭੀਰ ਚੁਣੌਤੀਆਂ ਮੰਨਦਿਆਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨਾਲ ਸਿਰਫ਼ ਸਾਡਾ ਦੇਸ਼ ਹੀ ਨਹੀਂ ਬਲਕਿ ਪੂਰਾ ਵਿਸ਼ਵ ਜੂਝ ਰਿਹਾ ਹੈ। ਉਨ੍ਹਾਂ ਕਿਹਾ, ‘ਕੁਦਰਤ ਨੇ ਸਾਨੂੰ ਅਸੀਮ ਨਿਆਮਤਾਂ ਦਿੱਤੀਆਂ ਹਨ ਪਰ ਅਸੀਂ ਇਨ੍ਹਾਂ ਨੂੰ ਸੰਭਾਲਣ ਦੀ ਥਾਂ ਆਪਣੇ ਕੁਦਰਤੀ ਸੋਮਿਆਂ ਦਾ ਘਾਣ ਕਰ ਰਹੇ ਹਾਂ। ਅੱਜ ਸਾਡੀ ਮਿੱਟੀ, ਪੌਣ-ਪਾਣੀ ਤੇ ਵਾਤਾਵਰਨ ਗੰਧਲਾ ਹੋ ਰਿਹਾ ਹੈ, ਜੋ ਸਮੁੱਚੀ ਮਾਨਵਤਾ ਲਈ ਖਤਰੇ ਦੀ ਘੰਟੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸਵੈ-ਵਿਸ਼ਲੇਸ਼ਣ ਕਰਨ ਦੀ ਲੋੜ ਹੈ।’ ਮੁੱਖ ਮੰਤਰੀ ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਸਮੁੱਚੇ ਦੇਸ਼ ਨੂੰ ਭੋਜਨ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ,‘ਚੌਲ ਸਾਡੀ ਖੁਰਾਕ ਨਾ ਹੋਣ ਦੇ ਬਾਵਜੂਦ ਅਸੀਂ ਇਸ ਨੂੰ ਦੇਸ਼ ਵਾਸੀਆਂ ਲਈ ਪੈਦਾ ਕਰ ਰਹੇ ਹਾਂ, ਪਰ ਇਸ ਦਾ ਖਮਿਆਜ਼ਾ ਸਾਨੂੰ ਲਗਾਤਾਰ ਪਾਣੀ ਦੇ ਪੱਧਰ ਦੀ ਗਿਰਾਵਟ ਵਜੋਂ ਭੁਗਤਣਾ ਪੈ ਰਿਹਾ ਹੈ।’ ਉਨ੍ਹਾਂ ਕਿਹਾ ਕਿ ਪੰਜਾਬ ਦੇ ਗੰਧਲੇ ਹੋ ਰਹੇ ਪਾਣੀਆਂ ਨੂੰ ਸੰਭਾਲਣ ਦੀ ਲੋੜ ਹੈ ਤਾਂ ਜੋ ਪੰਜਾਬ ਕੇਵਲ ਨਾਂ ਦਾ ਹੀ ਪੰਜ-ਆਬ ਨਾ ਰਹਿ ਜਾਵੇ। ’ਵਰਸਿਟੀ ਦੇ ਉਪ ਕੁਲਪਤੀ ਡਾ. ਗੋਸਲ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਇੱਕੀਵੀਂ ਸਦੀ ਦੀ ਗੰਭੀਰ ਚੁਣੌਤੀ ਹੈ, ਜਿਸ ਦਾ ਹੱਲ ਲੱਭਣ ਲਈ ਸਾਡੇ ਵਿਗਿਆਨੀ ਇਸ ਕਾਨਫਰੰਸ ਵਿੱਚ ਵਿਚਾਰ-ਵਟਾਂਦਰਾ ਕਰਨਗੇ।

Advertisement

Advertisement
Advertisement
Author Image

joginder kumar

View all posts

Advertisement