ਕਲਰਕਾਂ ਵੱਲੋਂ ਦੁਸ਼ਿਅੰਤ ਚੌਟਾਲਾ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 3 ਅਗਸਤ
ਪਿਛਲੇ ਇਕ ਮਹੀਨੇ ਤੋਂ ਮਿਨੀ ਸਕੱਤਰੇਤ ਦੇ ਬਾਹਰ ਤਨਖਾਹ ਦੀ ਮੰਗ ਨੂੰ ਲੈ ਕੇ ਧਰਨਾ ਤੇ ਭੁੱਖ ਹੜਤਾਲ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਕਲਰਕਾਂ ਨੇ ਅੱਜ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਸਾਹਮਣੇ ਖਾਲੀ ਭਾਂਡੇ ਖੜਕਾਏ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਕਲੈਰੀਕਲ ਸਟਾਫ 35400 ਤਨਖਾਹ ਦੀ ਮੰਗ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਹੜਤਾਲ ’ਤੇ ਚੱਲ ਰਿਹਾ ਹੈ। ਮਿਨੀ ਸਕੱਤਰੇਤ ’ਚ ਧਰਨਾ ਤੇ ਭੁੱਖ ਹੜਤਾਲ ਕਰ ਰਹੇ ਵਿਭਾਗਾਂ ਦੇ ਕਲੈਰੀਕਲ ਸਟਾਫ ਨੇ ਅੱਜ ਮਿਨੀ ਸਕੱਤਰੇਤ ਤੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਤੱਕ ਰੋਹ ਭਰਿਆ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਈ ਘੰਟੇ ਉਪ ਮੁੱਖ ਮੰਤਰੀ ਦੇ ਘਰ ਸਾਹਮਣੇ ਖਾਲੀ ਭਾਂਡੇ ਖੜਕਾਏ। ਇਸ ਮੌਕੇ ’ਤੇ ਬੁਲਾਰਿਆਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦਾ ਕਲੈਰੀਕਲ ਸਟਾਫ 35400 ਤਨਖਾਹ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਚਲ ਰਿਹਾ ਹੈ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਨੇ ਕਿਹਾ ਕਿ ਵਿਭਾਗਾਂ ਦੇ ਹੋਰ ਮੁਲਾਜ਼ਮਾਂ ਦੀ ਤਨਖਾਹ ਤਾਂ ਵਧਾਈ ਗਈ ਪਰ ਕਰਲਕਾਂ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਕਲਰਕਾਂ ਦੀ ਤਨਖਾਹ 35400 ਨਹੀਂ ਕੀਤੀ ਜਾਂਦੀ, ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ’ਤੇ ਕਲੇਰੀਕਲ ਸਟਾਫ ਦੀਆਂ ਮਹਿਲਾਵਾਂ ਸਮੇਤ ਵੱਡੀ ਗਿਣਤੀ ’ਚ ਕਰਮਚਾਰੀ ਮੌਜੂਦ ਸਨ।